ਹਰਪਾਲ ਸਿੰਘ ਪੰਨੂ
ਮੈਨੂੰ ਲਗਦਾ ਹੁੰਦਾ ਖੁਸ਼ਵੰਤ ਸਿੰਘ ਉਪਰ ਲਿਖਣ ਵਿਚ ਕੀ ਮੁਸ਼ਕਲ ਹੋ ਸਕਦੀ ਹੈ? ਜਿਹੋ ਜਿਹਾ ਬੇਤੁਕਾ ਬੰਦਾ, ਉਹੋ ਜਿਹੀ ਬੇਤੁਕੀ ਲਿਖਤ ਕੰਮ ਸਾਰ ਦਏਗੀ। ਉਸ ਨੇ ਦੁਨੀਆਂ ਦੇ ਜਿਉਂਦੇ-ਮੁਰਦੇ ਸਭ ਵਿਸ਼ਿਆਂ ਉਪਰ ਕਲਮ ਚਲਾਈ, ਧਰਮ, ਫਿਲਮਾਂ, ਸ਼ਾਇਰੀ, ਸਿੱਖ ਇਤਿਹਾਸ, ਨਾਵਲ, ਅਨੁਵਾਦ, ਜੀਵਨੀਆਂ, ਰਾਜਨੀਤੀ, ਵਹਿਮ-ਭਰਮ, ਯਾਨਿ ਕਿ ਸਮੇਂ ਦਾ ਦਰਿਆ ਜੋ ਕੁਝ ਉਸ ਦੇ ਦਿਲ ਵਿਚੋਂ ਦੀ ਰੁੜ੍ਹਾ ਕੇ ਲਿਆਉਂਦਾ, ਲਿਖ ਦਿੰਦਾ। ਆਪਣੇ ਸਮੇਂ ਦੀ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕੀ ਪ੍ਰਵਾਹ ਕਰਨੀ ਸੀ ਜਦੋਂ ਉਸ ਨੇ ਰੱਬ ਦੀ ਪ੍ਰਵਾਹ ਨਹੀਂ ਕੀਤੀ। ਪੁੱਛਿਆ ਗਿਆ, “ਤੁਸੀਂ ਏਨਾ ਕੁਝ ਕਿਵੇਂ ਲਿਖ ਲਿਆ?” ਹੱਸ ਪਿਆ, “ਹਰ ਸਵੇਰ ਚਾਰ ਵਜੇ ਮੇਰੀ ਨੀਂਦ ਖੁਲ੍ਹ ਜਾਂਦੀ ਹੈ। ਪਾਠ ਪੂਜਾ ਉਪਰ ਇਕ ਮਿੰਟ ਵੀ ਜ਼ਾਇਆ ਕਰਨ ਦੀ ਥਾਂ ਮੈਂ ਚਾਹ ਪੀ ਕੇ ਸਿੱਧਾ ਲਿਖਣ ਪੜ੍ਹਨ ਦੇ ਮੇਜ਼ ਅਗੇ ਜਾ ਬੈਠਦਾ ਹਾਂ। ਫੇਰ ਚੱਲ ਸੋ ਚੱਲ।”
ਇਤਿਹਾਸਕਾਰੀ, ਦਰਸ਼ਨ ਅਤੇ ਵਿਅੰਗ ਦੀ ਉਸ ਨੂੰ ਵਡੇ ਦਾਨਸ਼ਵਰ ਜਿੰਨੀ ਸਮਝ ਹੈ। ਜਾਣਬੁੱਝ ਕੇ ਆਪਣੀ ਅਤੇ ਜ਼ਮਾਨੇ ਦੀ ਖਿੱਲੀ ਉਡਾਉਂਦਾ। ਕਿਸੇ ਰਿਸ਼ਤੇ ਦੀ ਪ੍ਰਵਾਹ ਨਹੀਂ। ਧਨਾਢ ਪਿਉ ਸਰ ਸੋਭਾ ਸਿੰਘ ਦਾ ਪੁੱਤਰ ਇੰਗਲੈਂਡ ਪੜ੍ਹਨ ਗਿਆ, ਵਕਾਲਤ ਪਾਸ ਕੀਤੀ, ਲਾਹੌਰ ਪ੍ਰੈਕਟਿਸ ਵੀ ਕੀਤੀ। ਲਿਖਦਾ ਹੈ, “ਵਲਾਇਤ ਵਿਚ ਪਿਤਾ ਦਾ ਖ਼ਤ ਆਉਂਦਾ, ਸਖਤ ਮਿਹਨਤ ਕਰਨ ਦੀ ਹਦਾਇਤ ਲਿਖੀ ਹੁੰਦੀ, ਪੈਸੇ ਦਾ ਹਿਸਾਬ ਮੰਗਿਆ ਹੁੰਦਾ। ਮੈਂ ਕਈ ਕਈ ਦਿਨ ਖ਼ਤ ਬੰਦ ਪਿਆ ਰਹਿਣ ਦਿੰਦਾ। ਮਾਂ ਦੀ ਚਿੱਠੀ ਸੁਆਦਲੀ ਹੁੰਦੀ। ਗੁਆਂਢ ਦੀਆਂ ਚੁਗਲੀਆਂ ਲਿਖੀਆਂ ਹੁੰਦੀਆਂ। ਕਿਸ ਦੀ ਕੁੜੀ ਕਿਸ ਨਾਲ ਭੱਜ ਗਈ ਹੈ ਤੇ ਕਿਹੜੀ ਭੱਜਣ ਵਾਲੀ ਹੈ, ਬਿਰਤਾਂਤ ਹੁੰਦੇ। ਮੈਨੂੰ ਮਾਂ ਦੀ ਚਿੱਠੀ ਦੀ ਉਡੀਕ ਰਹਿੰਦੀ। ਪਿਤਾ ਸਾਹਮਣੇ ਉਹ ਸਹਿਮੀ ਸਹਿਮੀ ਰਹਿੰਦੀ। ਹਰ ਮਸਲੇ ‘ਤੇ ਅੰਤਮ ਫੈਸਲਾ ਪਿਉ ਕਰੇਗਾ। ਪਿਤਾ ਦਾ ਦੇਹਾਂਤ ਹੋ ਗਿਆ। ਕੁਝ ਦਿਨ ਉਦਾਸੀ ਰਹੀ ਪਰ ਜਲਦੀ ਹੀ ਸਾਰੇ ਜਣੇ ਮਾਤਮ ਵਿਚੋਂ ਬਾਹਰ ਨਿਕਲ ਆਏ। ਮਾਂ ਦੇ ਹੱਥ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਆ ਗਈਆਂ। ਨੂੰਹਾਂ ਧੀਆਂ ਸਭ ‘ਤੇ ਰੋਅਬ ਚਲਾਉਂਦੀ। ਕਦੀ ਕਦਾਈਂ ਸ਼ਾਮ ਪੈਣ ‘ਤੇ ਵਿਸਕੀ ਦਾ ਪੈਗ ਲਾ ਲੈਂਦੀ। ਦਿਨਾਂ ਵਿਚ ਚਿਹਰੇ ਉਪਰ ਲਾਲੀਆਂ ਝਗੜਨ ਲੱਗੀਆਂ। ਗਵਾਂਢਣਾਂ ਆਪਸ ਵਿਚ ਗੱਲਾਂ ਕਰਦੀਆਂ, “ਸਾਡੇ ਖਾਵੰਦ ਪਤਾ ਨ੍ਹੀਂ ਕਦੋਂ ਮਰਨਗੇ!”
ਪੱਚੀ ਸਾਲ ਪਹਿਲਾਂ ਸਿੱਖ ਸਟੱਡੀਜ਼ ਦੇ ਸੈਮੀਨਾਰ ਵਿਚ ਖਾਸ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਆਇਆ। ਪਹਿਲਾ ਵਾਕ, “ਕੋਈ ਚੰਗਾ ਸਿੱਖ ਮੁੱਖ ਮਹਿਮਾਨ ਵਜੋਂ ਨਹੀਂ ਲੱਭਾ ਤੁਹਾਨੂੰ? ਖੁਸ਼ਵੰਤ ਸਿੰਘ ਮੁੱਖ ਮਹਿਮਾਨ ਤੇ ਸਿੱਖ ਸਟੱਡੀਜ਼ ਦੇ ਸੈਮੀਨਾਰ ਦਾ ਪ੍ਰਧਾਨ ਭਗਤ ਸਿੰਘ ਵਾਈਸ ਚਾਂਸਲਰ! ਪੈ ਗਿਆ ਸਿੱਖੀ ਦਾ ਭੋਗ। ਦਿਨ ਛਿਪਣ ਸਾਰ ਤਾਂ ਅਸੀਂ ਦੋਵੇਂ ਗਲਾਸੀਆਂ ਲੱਭਣ ਲੱਗ ਜਾਨੇ ਆਂ।
ਦਸ ਸਾਲ ਪਹਿਲਾਂ ਮੈਂ ਨੈਸ਼ਨਲ ਸੈਮੀਨਾਰ ਕਰਨ ਦੀ ਵਿਉਂਤ ਬਣਾਈ। ਖੁਸ਼ਵੰਤ ਸਿੰਘ ਨੂੰ ਖਤ ਲਿਖਿਆ, ਹਫਤੇ ਕੁ ਬਾਦ ਫੋਨ ਕੀਤਾ, ਉਨ੍ਹਾਂ ਨੇ ਮਨਜ਼ੂਰੀ ਦੇ ਦਿਤੀ। ਅਸੀਂ ਖੁਸ਼ ਹੋਏ, ਕਾਰਡ ਛਪਵਾ ਲਏ। ਤਿੰਨ ਦਿਨ ਪਹਿਲਾਂ ਫੋਨ ਕੀਤਾ, “ਸਰਦਾਰ ਸਾਹਿਬ ਕਾਰ ਰਾਹੀਂ ਆਓਗੇ, ਟਰੇਨ ਰਾਹੀਂ ਕਿ ਜਹਾਜ਼ ਰਾਹੀਂ? ਅਸੀਂ ਤੁਹਾਨੂੰ ਲੈਣ ਆਵਾਂਗੇ।” ਉਤਰ ਮਿਲਿਆ, “ਪ੍ਰੋਗਰਾਮ ਕੈਂਸਲ। ਮੇਰੀ ਸਰਦਾਰਨੀ ਦੀ ਮੌਤ ਹੋ ਗਈ ਐ। ਅਫਸੋਸ ਕਰਨ ਵਾਲੇ ਲੋਕ ਆ ਆ ਕੇ ਬੋਰ ਕਰਦੇ ਹਨ। ਇਕ ਮਹੀਨੇ ਵਾਸਤੇ ਗੋਆ ਚੱਲਿਆਂ। ਉਥੇ ਬੀਚ ‘ਤੇ ਦਾਰੂ ਪੀਆਂਗਾ ਤੇ ਛੁੱਟੀਆਂ ਦਾ ਜ਼ਾਇਕਾ ਲਵਾਂਗਾ। ਐਤਕਾਂ ਕਿਸੇ ਹੋਰ ਨੂੰ ਸੱਦ ਲਵੋ।”
ਮੈਂ ਅੰਮ੍ਰਿਤਾ ਸ਼ੇਰਗਿਲ ਉਪਰ ਲਿਖਣ ਵਾਸਤੇ ਸ੍ਰੋਤ ਸਮੱਗਰੀ ਇੱਕਠੀ ਕਰਨੀ ਸ਼ੁਰੂ ਕੀਤੀ। ਕਾਫੀ ਕੁਝ ਮਿਲ ਗਿਆ। ਬਲਦੂਨ ਢੀਂਗਰਾ ਅਤੇ ਇਕਬਾਲ ਸਿੰਘ ਮੁਢਲੇ ਲੇਖਕ ਹਨ ਜਿਨ੍ਹਾਂ ਦੀ ਇਸ ਮਜੀਠੀਆ ਖਾਨਦਾਨ ਨਾਲ ਪਰਿਵਾਰਕ ਸਾਂਝ ਰਹੀ। ਮੈਨੂੰ ਖੁਸ਼ਵੰਤ ਸਿੰਘ ਪਾਸੋਂ ਬਹੁਤ ਕੁਝ ਮਿਲਣ ਦੀ ਆਸ ਸੀ ਜੋ ਪੂਰੀ ਨਹੀਂ ਹੋਈ। ਦੁਪਹਿਰ ਦੀ ਰੋਟੀ ਖਾਣ ਵਾਸਤੇ ਕੋਰਟ ਵਿਚੋਂ ਘਰ ਆਇਆ ਕਰਦਾ ਸੀ। ਇਕ ਦਿਨ ਦੇਖਿਆ, ਡ੍ਰਾਇੰਗ ਰੂਮ ਵਿਚਲੇ ਸੈਂਟਰ ਟੇਬਲ ਉਪਰ ਬੀਅਰ ਦੀ ਖਾਲੀ ਬੋਤਲ ਪਈ ਹੈ। ਨੌਕਰ ਨੂੰ ਪੁੱਛਿਆ, “ਕੌਣ ਆਇਆ ਸੀ?” ਨੌਕਰ ਨੇ ਹੌਲੀ ਜਿਹੀ ਦੱਸਿਆ, “ਇਕ ਮੇਮ ਸਾਹਿਬ ਆਈ ਹੈ, ਪੰਜਾਬੀ ਬੋਲਦੀ ਐ, ਆਪੇ ਫਰਿੱਜ ਖੋਲ੍ਹ ਕੇ ਬੋਤਲ ਕੱਢੀ ਤੇ ਗਟਾਗਟ ਪੀ ਗਈ। ਗੁਸਲਖਾਨੇ ਵਿਚ ਹੈ।” ਬਾਹਰ ਆਈ, ਸਜੀ ਫਬੀ ਰੁਅਬ-ਦਾਬ ਵਾਲੀ ਅੰਮ੍ਰਿਤਾ, ਲਿਸ਼ਕਾਰੇ ਮਾਰਦੀ ਸਾੜ੍ਹੀ ਵਿਚ। ਇਕ ਦੋ ਵਾਰ ਫੇਰ ਆਈ। ਖੁਸ਼ਵੰਤ ਸਿੰਘ ਦੀ ਸਰਦਾਰਨੀ ਨੂੰ ਉਸ ਦੀਆਂ ਹਰਕਤਾਂ ਸਹੀ ਨਹੀਂ ਲੱਗੀਆਂ, ਬਦਕਲਾਮੀ ਹੋਈ। ਅੰਮ੍ਰਿਤਾ ਨੇ ਕਿਹਾ, “ਤੂੰ ਮੇਰੇ ‘ਤੇ ਸ਼ੱਕ ਕਰਦੀ ਹੈਂ ਕਿ ਮੈਂ ਤੇਰੇ ਮਰਦ ਨਾਲ ਰੋਮਾਂਸ ਕਰਦੀ ਹਾਂ, ਇਹ ਮੇਰੇ ‘ਤੇ ਕਿਉਂਕਿ ਨਜਾਇਜ਼ ਦੋਸ਼ ਲਾਇਆ ਹੈ, ਇਸ ਕਰਕੇ ਹੁਣ ਮੈਂ ਤੇਰੇ ਖਾਵੰਦ ਨੂੰ ਨਠਾ ਕੇ ਲਿਜਾਵਾਂਗੀ।” ਖੁਸ਼ਵੰਤ ਸਿੰਘ ਲਿਖਦਾ ਹੈ, “ਕਈ ਸਾਲ ਮੈਂ ਇੰਤਜਾਰ ਕਰਦਾ ਰਿਹਾ ਕਿ ਉਹ ਮੈਨੂੰ ਨਠਾ ਲਿਜਾਏਗੀ, ਪਰ ਉਸ ਨੇ ਆਪਣਾ ਕਥਨ ਪੂਰਾ ਨਾ ਕੀਤਾ।” ਉਹ ਉਸ ਉਪਰ ਲਿਖ ਸਕਦਾ ਸੀ, ਲਿਖਣਾ ਚਾਹੁੰਦਾ ਸੀ ਪਰ ਅਜਿਹਾ ਕਰਨ ਨਾਲ ਪਰਿਵਾਰਕ ਮਾਹੌਲ ਖਰਾਬ ਹੋ ਜਾਣਾ ਸੀ।
ਕੁਝ ਲੋਕ ਆਖਦੇ ਹਨ, “ਉਸ ਦੀ ਬੀਵੀ ਬੜੀ ਸਖਤ ਸੀ। ਕੀ ਮਜਾਲ ਕੋਈ ਸਮਾਂ ਲਿਆਂ ਬਗੈਰ ਮਿਲਣ ਆ ਜਾਏ ਤੇ ਫਿਰ ਨਿਸ਼ਚਿਤ ਸਮੇਂ ਬਾਦ ਵੀ ਦੇਰ ਤੱਕ ਬੈਠਾ ਰਹੇ, ਜਾਣ ਵਾਸਤੇ ਕਹਿ ਦਿੰਦੀ।” ਮਾਸੂਮ ਲੋਕ! ਕੀ ਇਹ ਉਸ ਦੀ ਬੀਵੀ ਦਾ ਹੁਕਮ ਹੁੰਦਾ ਸੀ ਜਾਂ ਖੁਸ਼ਵੰਤ ਸਿੰਘ ਦੀ ਆਪਣੀ ਇੱਛਾ? ਬੀਵੀ ਤਾਂ ਸਾਧਨ ਮਾਤਰ ਸੀ। ਉਸ ਦੇ ਕੰਮ ਵਿਚ ਨਿਰੰਤਰ ਵਿਘਨ ਪੈਂਦਾ ਰਹਿੰਦਾ ਤਾਂ ਏਨਾ ਕਿਵੇਂ ਪੜ੍ਹ ਲਿਖ ਸਕਦਾ? ਦੋ ਸ਼ਖਸ ਅਜਿਹੇ ਦੇਖੇ ਜਿਨ੍ਹਾਂ ਕੋਲ ਧਨ ਅਤੇ ਹੋਰ ਸਾਧਨਾਂ ਦੀ ਕਮੀ ਨਹੀਂ ਸੀ ਪਰ ਉਹ ਸੰਜਮ ਵਿਚ ਰਹੇ, ਇਕ ਪ੍ਰੋਫੈਸਰ ਹਰਬੰਸ ਸਿੰਘ, ਜਿਨ੍ਹਾਂ ਨੇ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਤਿਆਰ ਕੀਤਾ, ਦੂਜਾ ਖੁਸ਼ਵੰਤ ਸਿੰਘ। ਆਪਣੇ ਅਧਿਆਪਕ ਪ੍ਰੋæ ਹਰਬੰਸ ਸਿੰਘ ਬਾਰੇ ਕਦੀ ਫਿਰ ਲਿਖਾਂਗਾ।
ਲੰਮਾ ਸਮਾਂ ਹਿੰਦੋਸਤਾਨ ਟਾਈਮਜ਼ ਅਤੇ ਇਲੱਸਟ੍ਰੇਟਡ ਵੀਕਲੀ ਦਾ ਸੰਪਾਦਨ ਕੀਤਾ, ਭਾਰਤ ਦਾ ਨੰਬਰ ਇਕ ਮੈਗਜ਼ੀਨ ਬਣਾ ਦਿਤਾ, ਫਿਰ ਆਪਣਾ ਮੈਗਜ਼ੀਨ ‘ਨਿਊ ਦਿੱਲੀ’ ਕੱਢਿਆ। ‘ਨਿਊ ਦਿੱਲੀ’ ਦੇ ਸੰਪਾਦਕੀ ਵਿਚ ਆਪਣੇ ਕੇਰਲਾ ਰਹਿੰਦੇ ਈਸਾਈ ਮਿੱਤਰ ਦੀ ਮੌਤ ਉਪਰੰਤ ਸ਼ਰਧਾਂਜਲੀ ਦੇ ਇਹ ਲਫਜ਼ ਲਿਖੇ, “ਉਹ ਏਨਾ ਚੰਗਾ, ਏਨਾ ਸਿਆਣਾ ਤੇ ਏਨਾ ਈਮਾਨਦਾਰ ਸੀ ਕਿ ਅਸੀਂ ਸਭ ਉਸ ਤੋਂ ਬੋਰ ਹੋ ਗਏ ਸਾਂ।”
ਬਲਵੰਤ ਗਾਰਗੀ ਦੀ ਮੌਤ ਪਿਛੋਂ ਖੁਸ਼ਵੰਤ ਸਿੰਘ ਨੇ ਉਸ ਦੀਆਂ ਕੁਝ ਯਾਦਾਂ ਲਿਖੀਆਂ, “ਇਕ ਦਿਨ ਮੇਰੇ ਕੋਲ ਗਾਰਗੀ ਦਾ ਫੋਨ ਆਇਆ, ਮੁੱਦਤ ਬਾਦ ਫੋਨ ਕਾਲ। ਕਹਿੰਦਾ, ‘ਮੈਂ ਪੰਜਾਬੀ ਵਿਚ ਲਿਖਦਾ ਲਿਖਦਾ ਮਸ਼ਹੂਰ ਹੋ ਗਿਆ ਤਾਂ ਤੂੰ ਸਲਾਹ ਦਿਤੀ ਸੀ ਕਿ ਹੁਣ ਅੰਗਰੇਜ਼ੀ ਵਿਚ ਵੀ ਲਿਖਾਂ। ਮੈਂ ਅੰਗਰੇਜ਼ੀ ਵਿਚ ਲਿਖਿਆ ਤਾਂ ਦੁਨੀਆਂ ਨੂੰ ਮੇਰਾ ਪਤਾ ਲੱਗਾ ਮੇਰੀ ਕਲਮ ਵਿਚ ਜਾਨ ਐ। ਇਹ ਫੋਨ ਮੈਂ ਤੇਰਾ ਸ਼ੁਕਰਾਨਾ ਕਰਨ ਵਾਸਤੇ ਕੀਤਾ ਹੈ।’ ਮੈਨੂੰ ਉਸ ਦੇ ਇਸ ਸ਼ੁਕਰਾਨੇ ਤੋਂ ਪਤਾ ਲੱਗ ਗਿਆ ਸੀ, ਗਾਰਗੀ ਵਿਛੜਨ ਵਾਲਾ ਹੈ ਹੁਣ।”
ਖੁਸ਼ਵੰਤ ਸਿੰਘ ਦਾ ਨਾਵਲ ‘ਟ੍ਰੇਨ ਟੁ ਪਾਕਿਸਤਾਨ’ ਅੰਗਰੇਜ਼ੀ ਦੀ ਲਿਖਤ ਲਗਦੀ ਹੀ ਨਹੀਂ, ਜਿਵੇਂ ਚੰਦਰਧਰ ਗੁਲੇਰੀ ਦੀ ‘ਉਸ ਨੇ ਕਹਾ ਥਾ’ ਹਿੰਦੀ ਵਿਚ ਲਿਖੀ ਹੋਣ ਦੇ ਬਾਵਜੂਦ ਪੰਜਾਬੀ ਕਹਾਣੀ ਲਗਦੀ ਹੈ ਕਿਉਂਕਿ ਦੋਹਾਂ ਦੇ ਪਾਤਰ ਪੰਜਾਬੀ ਹਨ, ਸੁਭਾਅ ਪੰਜਾਬੀ ਹੈ, ਮਾਹੌਲ ਪੰਜਾਬੀ ਹੈ।
ਟੀæਵੀæ ਉਪਰ ਉਸ ਦੀ ਇੰਟਰਵਿਊ ਆ ਰਹੀ ਸੀ। ਐਂਕਰ ਵਾਰ ਵਾਰ ਉਸ ਦੇ ਇਸ਼ਕਾਂ ਦੀ ਦਾਸਤਾਨ ਛੇੜਨੀ ਚਾਹ ਰਿਹਾ ਸੀ। ਖੁਸ਼ਵੰਤ ਸਿੰਘ ਟਾਲੀ ਜਾ ਰਿਹਾ ਸੀ, “ਭਰਾ ਮੈਂ ਗੱਪੀ ਹਾਂ। ਆਪਣੀ ਗੱਲ ਰਸਦਾਇਕ ਬਣਾਉਣ ਵਾਸਤੇ ਮਸਾਲੇ ਪਾ ਦਿੰਨਾਂ, ਹੋਰ ਕੁੱਝ ਨਹੀਂ। ਨਿੱਘੇ ਪਾਣੀ ਦੀ ਬੋਤਲ ਤੋਂ ਇਲਾਵਾ ਆਪਣੇ ਬਿਸਤਰੇ ਵਿਚ ਮੈਂ ਨਹੀਂ ਹੋਰ ਕੋਈ ਵੜਨ ਦਿੱਤਾ।” ਐਂਕਰ ਬਾਜ਼ ਨਾ ਆਇਆ ਤਾਂ ਖੁਸ਼ਵੰਤ ਸਿੰਘ ਹੱਸ ਪਿਆ, “ਛੱਡ ਭਰਾ, ਹੁਣ ਤਾਂ ਸ਼ਾਮ ਦੀ ਨਮਾਜ਼ ਦਾ ਵਕਤ ਹੋ ਚੱਲਿਐ, ਇਸ਼ਕਾਂ ਦੀਆਂ ਗੱਲਾਂ ਛੱਡ ਪਰੇ।” ਫਿਰ ਉਸ ਨੇ ਇਕ ਪ੍ਰਸਿੱਧ ਪੱਤਰਕਾਰ ਦਾ ਜ਼ਿਕਰ ਕਰਦਿਆਂ ਗਿਲਾ ਕੀਤਾ, “ਉਸ ਬਦਤਮੀਜ਼ ਨੇ ਉਨ੍ਹਾਂ ਸਾਰੀਆਂ ਕੁੜੀਆਂ ਦੇ ਬਿਰਤਾਂਤ ਆਪਣੀ ਕਿਤਾਬ ਵਿਚ ਛਾਪ ਦਿੱਤੇ ਹਨ ਜਿਨ੍ਹਾਂ ਨਾਲ ਇਸ਼ਕ ਕੀਤਾ। ਇਹ ਬੇਈਮਾਨੀ ਹੈ। ਹੁਣ ਮੇਰੇ ਵਰਗੇ ਪੱਤਰਕਾਰ ਉਪਰ ਵੀ ਸ਼ੱਕ ਕੀਤਾ ਜਾਏਗਾ ਕਿ ਮੈਂ ਅਜਿਹੀ ਕਰਤੂਤ ਨਾ ਕਰ ਦਿਆਂ। ਉਸ ਨੇ ਸਾਰਾ ਪੱਤਰਕਾਰ ਭਾਈਚਾਰਾ ਬਦਨਾਮ ਕਰ ਦਿੱਤਾ।”
ਕੈਨੇਡਾ ਵਾਸੀ ਹਰਦੇਵ ਸਿੰਘ ਆਰਟਿਸਟ ਉਸ ਦਾ ਦੋਸਤ ਹੈ। ਦਿੱਲੀ ਆ ਕੇ ਖੁਸ਼ਵੰਤ ਸਿੰਘ ਨੂੰ ਮਿਲਿਆ ਤੇ ਕਿਹਾ, “ਤੂੰ ਕਿਹਾ ਸੀ, ਸਿੱਖ ਅੱਧੀ ਸਦੀ ਵਿਚ ਖਤਮ ਹੋ ਜਾਣਗੇ, ਕਿਥੇ ਗਈ ਤੇਰੀ ਭਵਿਖਬਾਣੀ?” ਖੁਸ਼ਵੰਤ ਹੱਸ ਪਿਆ, ਕਿਹਾ, “ਦਿਖਾ ਤਾਂ ਕੋਈ ਸਿੱਖ। ਕਿਥੇ ਨੇ?”
ਫਰਵਰੀ 1984 ਵਿਚ ਸੰਤ ਜਰਨੈਲ ਸਿੰਘ ਨੂੰ ਮਿਲਣ ਅੰਮ੍ਰਿਤਸਰ ਆਇਆ। ਗੁਰੂ ਨਾਨਕ ਨਿਵਾਸ ਵਿਚ ਮਿਲੇ। ਖੁਸ਼ਗਵਾਰ ਮਾਹੌਲ ਵਿਚ ਗੱਲਾਂ ਹੋਈਆਂ। ਖੁਸ਼ਵੰਤ ਸਿੰਘ ਨੇ ਕਿਹਾ, ਤੁਸੀਂ ਕਿਹਾ ਸੀ ਜਿਹੜਾ ਸਿੱਖ ਸ਼ਰਾਬ ਪੀਂਦਾ ਹੋਵੇ ਫੜ ਕੇ ਮੇਰੇ ਕੋਲ ਲਿਆਓ, ਮੈਂ ਮਿੱਟੀ ਦੇ ਤੇਲ ਦਾ ਪੀਪਾ ਰੱਖਿਆ ਹੋਇਐ, ਅੱਗ ਲਾ ਕੇ ਸਾੜ ਦਿਆਂਗਾ। ਹਰ ਰੋਜ਼ ਵਿਸਕੀ ਪੀਣ ਵਾਲਾ ਸ਼ਖਸ ਤੁਹਾਡੇ ਕੋਲ ਖੁਦ ਪੁੱਜ ਗਿਐ। ਲਿਆਉ ਪੀਪਾ, ਕਰੋ ਮੇਰਾ ਇੰਤਜ਼ਾਮ। ਸੰਤ ਹੱਸ ਪਏ-ਭਰਾ ਜੀ ਚੰਗੀ ਗੱਲ ਤਾਂ ਨਹੀਂ ਨਾ ਸ਼ਰਾਬ ਪੀਣੀ। ਸਿੱਖ ਆਪਣੇ ਆਪ ਨੂੰ ਬਰਬਾਦ ਨਾ ਕਰ ਲੈਣ, ਇਸ ਲਈ ਅਜਿਹੀ ਗੱਲ ਕਰ ਦਿੰਦਾ ਹਾਂ। ਕਿੰਨਿਆਂ ਕੁ ਨੂੰ ਸਾੜ ਦਿੱਤਾ ਮੈਂ? ਕਿਥੇ ਐ ਮੇਰੇ ਕੋਲ ਮਿੱਟੀ ਦਾ ਤੇਲ? ਮੇਰੇ ਦਬਕੇ ਤੋਂ ਡਰਦੇ ਜੇ ਕੁਝ ਸਿੱਖ ਸ਼ਰਾਬ ਪੀਣੀ ਛੱਡ ਦੇਣ ਤਾਂ ਚੰਗਾ ਨਾ ਹੋਵੇ? ਖੂਬ ਹੱਸੇ।
ਦਰਬਾਰ ਸਾਹਿਬ ਉਪਰ ਫੌਜੀ ਹਮਲਾ ਹੋਇਆ ਤਾਂ ਉਸ ਨੇ ਪਾਰਲੀਮੈਂਟ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਪਦਮਸ਼੍ਰੀ ਦਾ ਖਿਤਾਬ ਵਾਪਸ ਕਰ ਦਿੱਤਾ। ਇੰਦਰਾ ਗਾਂਧੀ ਪਰਿਵਾਰ ਨਾਲ ਦਹਾਕਿਆਂ ਤੋਂ ਚਲੀ ਆ ਰਹੀ ਦੋਸਤੀ ਦਾ ਭੋਗ ਪਾਉਣ ਵਿਚ ਪਲ ਨਹੀਂ ਲਾਇਆ। ਉਦੋਂ ਬੇਸ਼ਕ ਗੰਡਾ ਸਿੰਘ, ਸਾਧੂ ਸਿੰਘ ਹਮਦਰਦ, ਖੁਸ਼ਦੇਵਾ ਸਿੰਘ, ਮਹਾਰਾਜਾ ਅਮਰਿੰਦਰ ਸਿੰਘ ਆਦਿਕ ਦਰਜਨਾਂ ਸਿੱਖਾਂ ਨੇ ਆਪਣੇ ਮਾਣ-ਸਨਮਾਨ ਰੋਸ ਵਜੋਂ ਵਾਪਸ ਕਰ ਦਿਤੇ ਸਨ ਪਰ ਇੰਦਰਾ ਗਾਂਧੀ ਨੂੰ ਸਭ ਤੋਂ ਵਧੀਕ ਗਿਲਾ ਖੁਸ਼ਵੰਤ ਸਿੰਘ ਉਪਰ ਹੋਇਆ, ਕਿਉਂਕਿ ਉਹ ਅੰਤਰਰਾਸ਼ਟਰੀ ਪੱਧਰ ਦੀ ਸ਼ਖਸੀਅਤ ਬਣ ਚੁਕਾ ਸੀ। ਅੰਮ੍ਰਿਤਾ ਪ੍ਰੀਤਮ ਅਤੇ ਖੁਸ਼ਵੰਤ ਸਿੰਘ ਨੂੰ ਇੰਦਰਾ ਗਾਂਧੀ ਨੇ ਰਾਜ ਸਭਾ ਵਿਚ ਸਤਿਕਾਰਤ ਮੈਂਬਰਾਂ ਵਜੋਂ ਨਾਮਜ਼ਦ ਕੀਤਾ ਸੀ। ਅੰਮ੍ਰਿਤਾ ਪ੍ਰੀਤਮ ਉਤੇ ਦਰਬਾਰ ਸਾਹਿਬ ਉਪਰ ਹਮਲੇ ਦਾ ਜਾਂ ਭਾਰਤ ਦੇ ਵੱਖ ਵੱਖ ਹਿਸਿਆਂ ਵਿਚ ਸਿੱਖਾਂ ਦੇ ਕਤਲੇਆਮ ਦਾ ਕੋਈ ਅਸਰ ਨਹੀਂ ਹੋਇਆ। ਅੱਜ ਆਖਾਂ ਵਾਰਸਸ਼ਾਹ ਨੂੰæææ ਲਿਖਣ ਵਾਲੀ ਕਵਿਤਰੀ ਨੇ ਆਪਣੀ ਰਾਜ ਸਭਾ ਦੀ ਅਵਧੀ ਸ਼ਾਨ ਨਾਲ ਪੂਰੀ ਕੀਤੀ।
ਖੁਸ਼ਵੰਤ ਸਿੰਘ ਨੇ ਵੱਡੇ ਖੱਬੀਖਾਨਾਂ, ਨਾਢੂਖਾਨਾਂ ਦੀ ਰੱਜ ਕੇ ਖੱਲ ਉਤਾਰੀ, ਖਿੱਲੀ ਉਡਾਈ। ਕਿਸੇ ਦੀ ਹਿੰਮਤ ਨਹੀਂ ਪਈ, ਉਸ ਉਪਰ ਹਲਕੀ ਟਿੱਪਣੀ ਕਰਦਾ। ਉਸ ਨੂੰ ਆਪਣੇ ਆਪ ਦਾ ਮਜ਼ਾਕ ਉਡਾਉਣ ਵਿਚ ਜ਼ਾਇਕਾ ਆਉਂਦਾ। ਆਪਣੇ ਖਿਲਾਫ ਮਨਘੜਤ ਘਟਨਾਵਾਂ ਜੋੜ ਕੇ ਲਿਖ ਦਿੰਦਾ। ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ਼ææ ਵਾਲੀ ਗੱਲ। ਸ਼ਰਾਬ ਅਤੇ ਔਰਤਾਂ ਵਿਚ ਉਸ ਨੇ ਏਨੀ ਦਿਲਚਸਪੀ ਨਹੀਂ ਲਈ ਜਿੰਨਾ ਕੁਝ ਲਿਖ ਮਾਰਿਆ, ਫਿਰ ਇਸ ਗੱਲੋਂ ਦੁਖੀ ਹੁੰਦਾ ਹੈ ਕਿ ਉਸ ਨੂੰ ਗੰਭੀਰ ਲੇਖਕ ਕਿਉਂ ਨਹੀਂ ਮੰਨਿਆ ਗਿਆ, ਲੋਕ ਮਸਖਰਾ ਮੰਨਦੇ ਹਨ। ਇਹ ਖੁਸ਼ਵੰਤ ਸਿੰਘ ਦੀ ਗਲਤਫਹਿਮੀ ਹੈ। ਉਸ ਨੂੰ ਜਹਾਨ ਆਧੁਨਿਕ ਅੰਗਰੇਜ਼ੀ ਅੱਖਰਾਂ ਦਾ ਪਿਤਾਮਾ ਮੰਨ ਚੁੱਕਾ ਹੈ। ਸੰਸਾਰ ਦੇ ਅੰਗਰੇਜ਼ੀ ਸਾਹਿਤ ਉਪਰ ਉਹ ਸਹਿਜ ਸੁਭਾਅ ਇਉਂ ਟਿੱਪਣੀ ਦੇ ਸਕਦਾ ਹੈ ਜਿਵੇਂ ਉਸਤਾਦ ਬੜੇ ਗੁਲਾਮ ਅਲੀ ਖਾਨ ਮਾਹੀਆ ਸੁਣਾ ਦੇਣ।
ਹੈਦਰਾਬਾਦ ਦਾ ਨਾਮਵਰ ਉਰਦੂ ਲੇਖਕ ਮੁਜਤਬਾ ਹੁਸੈਨ ਦਿੱਲੀ ਆ ਕੇ ਉਦੋਂ ਮਿਲਿਆ ਜਦੋਂ ਖੁਸ਼ਵੰਤ ਸਿੰਘ ਇਕਬਾਲ ਦਾ ਸ਼ਿਕਵਾ ਅੰਗਰੇਜ਼ੀ ਵਿਚ ਅਨੁਵਾਦ ਕਰ ਰਿਹਾ ਸੀ। ਖੁਸ਼ਵੰਤ ਸਿੰਘ ਨੇ ਕਿਹਾ, “ਦਿਲੀ ਵਿਚ ਰਹਿ ਰਿਹਾ ਹੈਂ ਫਿਰ ਮਿਲਦਾ ਕਿਉਂ ਨਹੀਂ?” ਜਵਾਬਿ-ਸ਼ਿਕਵਾ ਦੀ ਤਰਜ਼ ‘ਤੇ ਹੁਸੈਨ ਨੇ ਉਤਰ ਦਿਤਾ-ਤੁਹਾਡੇ ਰੁਝੇਵੇਂ ਏਨੇ ਹਨ ਕਿ ਵਿਘਨ ਪਾਉਣ ਨੂੰ ਦਿਲ ਨਹੀਂ ਕਰਦਾ। ਖੁਸ਼ਵੰਤ ਸਿੰਘ ਨੇ ਕਿਹਾ-ਜਦੋਂ ਆਏਂਗਾ ਤਹਿ ਲਾ ਕੇ ਰੁਝੇਵੇਂ ਅਲਮਾਰੀ ਵਿਚ ਰੱਖ ਦਿਆਂਗਾ। ਹੁਸੈਨ ਮਿਲਣ ਚਲਾ ਗਿਆ। ਖੁਸ਼ਵੰਤ ਸਿੰਘ ਨੇ ਪੁੱਛਿਆ-ਫਿਤਨਾ ਲਫਜ਼ ਦਾ ਕੀ ਅਨੁਵਾਦ ਕਰਾਂ? ਜੋਬਨ ਵਾਸਤੇ, ਅੰਗੜਾਈ ਵਾਸਤੇ ਅੰਗਰੇਜ਼ੀ ਦਾ ਕਿਹੜਾ ਲਫਜ਼ ਹੈ ਭਲਾ? ਹੁਸੈਨ ਹੱਸ ਪਿਆ- ਹਜ਼ੂਰ ਮੈਨੂੰ ਤਾਂ ਉਰਦੂ ਸਹੀ ਤਰ੍ਹਾਂ ਨਹੀਂ ਆਉਂਦੀ, ਅੰਗਰੇਜ਼ੀ ਦਾ ਕੀ ਕਰਾਂ? ਇਕ ਦੁਨੀਆਂ ਚੁੱਕ ਕੇ ਦੂਜੀ ਦੁਨੀਆਂ ਵਿਚ ਲਿਜਾਣ ਦਾ ਨਾਮ ਤਰਜਮਾ ਹੈ। ਹੁਸੈਨ ਨੂੰ ਇਕਬਾਲ ਦੇ ਕੁਝ ਸ਼ਿਅਰ ਸੁਣਾ ਕੇ ਕਿਹਾ-ਦੇਖਿਆ ਜਲਵਾ? ਰੌਂਗਟੇ ਖੜ੍ਹੇ ਹੋ ਜਾਂਦੇ ਨੇ ਇਕਬਾਲ ਦੀ ਸ਼ਾਇਰੀ ਪੜ੍ਹ ਕੇ। ਮੈਂ ਸਿੱਖ ਹਾਂ, ਮੇਰੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ, ਤਾਂ ਮੁਸਲਮਾਨ ‘ਤੇ ਕੀ ਅਸਰ ਹੁੰਦਾ ਹੋਏਗਾ? ਇਹ ਕਹਿੰਦਿਆਂ ਉਸ ਨੇ ਹੁਸੈਨ ਦੇ ਰੌਂਗਟਿਆਂ ‘ਤੇ ਨਜ਼ਰ ਮਾਰੀ। ਹੁਸੈਨ ਲਿਖਦਾ ਹੈ, “ਮੈਂ ਬੜਾ ਸ਼ਰਮਿੰਦਾ ਹੋਇਆ ਕਿਉਂਕਿ ਮੇਰੇ ਰੌਂਗਟੇ ਖੜ੍ਹੇ ਨਹੀਂ ਹੋ ਸਕੇ।”
ਸ਼ਿਕਵਾ ਅਤੇ ਜਵਾਬਿ-ਸ਼ਿਕਵਾ ਦਾ ਅੰਗਰੇਜ਼ੀ ਅਨੁਵਾਦ ਛਪਿਆ ਤਾਂ ਖੁਸ਼ਵੰਤ ਦਾ ਸੁਫਨਾ ਸਾਕਾਰ ਹੋਇਆ। ਪਾਕਿਸਤਾਨ ਦੇ ਭਾਰਤ ਵਿਚਲੇ ਸਫੀਰ ਨੇ ਘੁੰਡ ਚੁਕਾਈ ਰਸਮ ਨਿਭਾਉਂਦਿਆਂ ਕਿਹਾ, “ਇਸ ਲਿਖਤ ਦਾ ਤਰਜਮਾ ਆਰæਜੀæ ਆਰਬਰੀ ਅਤੇ ਫਿਰ ਇਲਤਾਫ ਹੁਸੈਨ ਨੇ ਕੀਤਾ ਪਰ ਖੁਸ਼ਵੰਤ ਸਿੰਘ ਦੇ ਤਰਜਮੇ ਦੀ ਸ਼ਾਨ ਵੱਖਰੀ ਹੈ। ਜੋ ਅਨੁਭਵ ਉਰਦੂ ਵਿਚ ਪੜ੍ਹਦਿਆਂ ਹਾਸਲ ਹੁੰਦਾ ਹੈ, ਉਹੀ ਅੰਗਰੇਜ਼ੀ ਵਿਚ ਹੈ।
ਮਸ਼ਹੂਰ ਉਰਦੂ ਸ਼ਾਇਰ ਬਲਰਾਜ ਕੋਮਲ ਨੇ ਕਿਹਾ, “ਉਹ ਸਾਂਚੇ ਟੁਟ ਚੁਕੇ ਹਨ ਜਿਨ੍ਹਾਂ ਵਿਚ ਖੁਸ਼ਵੰਤ ਸਿੰਘ ਵਰਗੀਆਂ ਸ਼ਖਸੀਅਤਾਂ ਢਲੀਆਂ।”
Leave a Reply