ਜੇਠ: ਜਿਸੁ ਅਗੈ ਸਭਿ ਨਿਵੰਨਿ

ਪੰਜਾਬ ਵਿਚ ਜੇਠ-ਹਾੜ ਦੀ ਗਰਮੀ ਬੰਦੇ ਦਾ ਜਿਉਣਾ ਦੁੱਭਰ ਕਰ ਦਿੰਦੀ ਹੈ ਪਰ ਇਸ ਦਾ ਦੂਜਾ ਪੱਖ ਇਹ ਹੈ ਕਿ ਇਹ ਵੀ ਕੁਦਰਤ ਦੀ ਇਕ ਨਿਆਮਤ ਹੈ। ਇਸ ਗਰਮੀ ਨਾਲ ਬਹੁਤ ਸਾਰੀਆਂ ਅਲਾਮਤਾਂ ਖਤਮ ਹੋ ਜਾਂਦੀਆਂ ਹਨ। ਉਂਜ ਕੁਦਰਤ ਨੇ ਇਸ ਗਰਮੀ ਦੇ ਮੁਕਾਬਲੇ ਲਈ ਬਹੁਤ ਕੁਝ ਬਖਸ਼ਿਆ ਹੈ। ਜੋ ਕੁਝ ਬੰਦੇ ਨੇ ਬਣਾਇਆ ਹੈ, ਉਹ ਕੁਦਰਤ ਦੀਆਂ ਬਖਸ਼ੀਆਂ ਨਿਆਮਤਾਂ ਦੇ ਮੁਕਾਬਲੇ ਕੁਝ ਵੀ ਨਹੀਂ। ਇਸੇ ਸਭ ਕੁਝ ਦਾ ਵਿਖਿਆਨ ਇਸ ਲੇਖ ਵਿਚ ਲੇਖਕ ਨੇ ਕੀਤਾ ਹੈ।

-ਸੰਪਾਦਕ

ਆਸਾ ਸਿੰਘ ਘੁਮਾਣ
ਫੋਨ: 91-98152-53245

ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਅਨੁਸਾਰ ਜੇਠ ਦੇ ਦੋ ਅਰਥ ਹਨ: ਇਕ ਹੈ, ਯਮਰਾਜ (‘ਜੇਠ ਦੇ ਨਾਮ ਡਰਿਉ’) ਅਤੇ ਦੂਜਾ ‘ਜੇਸਟ’ ਸ਼ਬਦ ਤੋਂ ਬਣਿਆ ਹੈ, ਜਿਸ ਤੋਂ ਭਾਵ ਹੈ, ਵੱਡਾ ਬਜ਼ੁਰਗ, ਕਰਤਾਰ, ਵਾਹਿਗੁਰੂ। ਸੋ ਜੇਠ ਦਾ ਮਹੀਨਾ ਵੱਡਾ ਵੀ ਹੁੰਦਾ ਹੈ ਅਤੇ ਰੱਬ ਵੀ ਯਾਦ ਕਰਾ ਦਿੰਦਾ ਹੈ। ਗੁਰੂ ਅਰਜਨ ਦੇਵ ਲਿਖਦੇ ਹਨ:
ਹਰਿ ਜੇਠ ਜੁੜੰਦਾ ਲੋੜੀਐ
ਜਿਸੁ ਅਗੈ ਸਭਿ ਨਿਵੰਨਿ॥
ਹਰਿ ਸਜਣ ਦਾਵਣਿ ਲਗਿਆ
ਕਿਸੈ ਨ ਦੇਈ ਬੰਨਿ॥
ਜੇਠ ਹਾੜ੍ਹ ਦੀ ਗਰਮੀ ਵਾਕਿਆ ਹੀ ਸਭ ਨੂੰ ਨਿਵਾ ਦੇਣ ਵਾਲੀ ਹੁੰਦੀ ਹੈ। ਜੇਠ ਦੀ ਸੰਗਰਾਂਦ ਤੱਕ ਦਿਨ ਪੂਰੇ ਭਖਣ ਲੱਗਦੇ ਹਨ ਅਤੇ ਰਾਤਾਂ ਵੀ ਪੂਰੀਆਂ ਗਰਮ ਹੋ ਜਾਂਦੀਆਂ ਹਨ। ਪੰਜਾਬ ਵਿਚ ਜੇਠ ਦੇ ਅਖੀਰਲੇ ਦਿਨਾਂ ਵਿਚ ਤਾਪਮਾਨ 44-45 ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ। ਦੁਪਹਿਰ ਵੇਲੇ ਬਾਹਰ ਨਿਕਲਣਾ ਡਾਢਾ ਮੁਹਾਲ ਹੋ ਜਾਂਦਾ ਹੈ। ਦਿਨ ਲੰਬੇ ਹੋ ਜਾਂਦੇ ਹਨ, ਦੁਪਹਿਰਾ ਹੋਰ ਵੀ ਲੰਬੇਰਾ ਲੱਗਦਾ ਹੈ, ਮੁੱਕਣ ਵਿਚ ਹੀ ਨਹੀਂ ਆਉਂਦਾ। ਸ਼ਾਮ ਜਿਹੀ ਨੂੰ ਜਾ ਕੇ ਸੂਰਜ ਦਾ ਪ੍ਰਤਾਪ ਢਲਦਾ ਹੈ।
ਇਹ ਗਰਮੀ ਬਾਹਰ ਦੀਆਂ ਸਰਗਰਮੀਆਂ ਨੂੰ ਕਾਫੀ ਹੱਦ ਤੱਕ ਘਟਾ ਦਿੰਦੀ ਹੈ। ਵੱਧ ਤਾਪਮਾਨ ਹਨੇਰੀਆਂ ਲਿਆਉਂਦਾ ਹੈ। ਹਨੇਰੀ ਆਉਣ ਨਾਲ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਮਿਲਦੀ ਹੈ, ਉਂਜ ਇਸ ਤੋਂ ਕੁਝ ਮਿੰਟ ਪਹਿਲਾਂ ਮਾਹੌਲ ਡਰਾਉਣਾ ਅਤੇ ਅਣਸੁਖਾਵਾਂ ਬਣ ਜਾਂਦਾ ਹੈ। ਆਲੇ-ਦੁਆਲੇ ਹਨੇਰਾ ਜਿਹਾ ਪਸਰ ਜਾਂਦਾ ਹੈ ਜਿਵੇਂ ਸੂਰਜ ਗ੍ਰਹਿਣ ਲੱਗਾ ਹੋਵੇ। ਇਹ ਹਨੇਰੀਆਂ ਘਰਾਂ ਵਿਚ ਘੱਟੇ-ਮਿੱਟੀ ਦੇ ‘ਤੋਹਫੇ’ ਸੁੱਟ ਕੇ ਜਾਂਦੀਆਂ ਹਨ ਅਤੇ ਵਿਚਾਰੀਆਂ ਸੁਆਣੀਆਂ ਨੂੰ ਵਖਤ ਪਾ ਜਾਂਦੀਆਂ ਹਨ। ਜਿੰਨੇ ਮਰਜ਼ੀ ਬੂਹੇ ਬਾਰੀਆਂ ਬੰਦ ਕਰ ਲਓ, ਬਾਰੀਕ ਘੱਟਾ ਧੁਰ ਅੰਦਰ ਤੱਕ ਪਹੁੰਚ ਜਾਂਦਾ ਹੈ ਅਤੇ ਇਕ ਇਕ ਚੀਜ਼ ‘ਤੇ ਪਸਰ ਜਾਂਦਾ ਹੈ। ਇਕ ਇਕ ਚੀਜ਼ ਪੂੰਝਣੀ ਪੈਂਦੀ ਹੈ।
ਪਹਿਲੀਆਂ ਵਿਚ ਪੰਜਾਬਣਾਂ ਲਈ ਜੇਠ ਦਾ ਮਹੀਨਾ ਖਾਸਾ ਮੁਸੀਬਤਾਂ ਭਰਿਆ ਹੁੰਦਾ ਸੀ। ਅਜਿਹੀ ਗਰਮੀ ਵਿਚ ਚੁੱਲ੍ਹੇ ਅੱਗ ਬਾਲਣੀ ਅਤੇ ਦਾਲ-ਸਬਜ਼ੀ ਵਗੈਰਾ ਬਣਾਉਣੀ ਡਾਢਾ ਔਖਾ ਕਾਰਜ ਹੁੰਦਾ ਹੈ। ਇਸ ਪੱਖੋਂ ਪੰਜਾਬੀ ਮਰਦਾਂ ਨੂੰ ਮੌਜਾਂ ਸਨ। ਬਹੁਤੇ ਪੰਜਾਬੀ ਘੱਟੋ-ਘੱਟ ਘਰ ਵਿਚ ਤਾਂ ਕੱਛੇ-ਬੁਨੈਣ ਵਿਚ ਹੀ ਤੁਰੇ ਫਿਰਦੇ। ਗਰਮੀ ਤੋਂ ਰਾਹਤ ਲਈ ਟੂਟੀ ਥੱਲੇ, ਬੰਬੀ ਅੱਗੇ, ਚੁਬੱਚੇ ਵਿਚ, ਲਾਗੇ ਵਗਦੀ ਨਦੀ-ਨਹਿਰ ਵਿਚ ਨਹਾਇਆ-ਧੋਇਆ ਜਾ ਸਕਦਾ ਹੈ, ਪਰ ਵਿਚਾਰੀਆਂ ਪੰਜਾਬਣਾਂ ਵੱਟਾਂ ਵਾਲੀਆਂ ਸਲਵਾਰਾਂ ਅਤੇ ਲੰਬੀਆਂ ਕਮੀਜਾਂ ਪਾਈ ਪਸੀਨੋ-ਪਸੀਨੀ ਹੋਈ ਫਿਰਦੀਆਂ ਹਨ। ਸ਼ੁਕਰ ਹੈ, ਵਿਗਿਆਨ ਦਾ ਅਤੇ ਆਧੁਨਿਕ ਵਿਕਾਸ ਦਾ ਕਿ ਅੱਜ ਦੇ ਜ਼ਮਾਨੇ ਵਿਚ ਪਿੰਡਾਂ ਵਿਚ ਵੀ ਫਰਿਜ ਆ ਗਏ ਹਨ, ਘਰਾਂ ਵਿਚ ਮੋਟਰਾਂ ਲੱਗ ਗਈਆਂ ਹਨ ਅਤੇ ਬਾਥਰੂਮ ਬਣ ਗਏ ਹਨ, ਨਹੀਂ ਤਾਂ ਪਿੰਡਾਂ ਵਿਚ ਵਿਚਾਰੀਆਂ ਔਰਤਾਂ ਕਈ ਵਾਰੀ ਤਾਂ ਗਰਮੀ ਤੋਂ ਬਚਣ ਲਈ ਕਪੜਿਆਂ ਸਮੇਤ ਹੀ ਪਾਣੀ ਦੀਆਂ ਦੋ ਬਾਲਟੀਆਂ ਉਤੇ ਸੁੱਟ ਲੈਂਦੀਆਂ ਜਾਂ ਨਲਕੇ ਲਾਗੇ ਮੰਜੀ ਖੜ੍ਹੀ ਕਰ ਕੇ ਕਾਹਲੀ ਕਾਹਲੀ ਵਿਚ ਪਾਣੀ ਦੇ ਦੋ-ਚਾਰ ਮੱਗੇ ਉਤੇ ਪਾ ਲੈਂਦੀਆਂ ਜਾਂ ਫਿਰ ਖੁੱਲ੍ਹ ਕੇ ਨਹਾਉਣ ਲਈ ਰਾਤ ਦੇ ਹਨੇਰੇ ਨੂੰ ਉਡੀਕਦੀਆਂ ਰਹਿੰਦੀਆਂ।
ਪੰਜਾਬ ਦੇ ਅਨੇਕਾਂ ਕਵੀਆਂ ਨੇ ਜੇਠ ਦੇ ਮਹੀਨੇ ਨੂੰ ਤੰਦੂਰ, ਅੱਗ, ਲਾਟਾਂ, ਆਤਸ਼ ਆਦਿ ਨਾਲ ਤਸ਼ਬੀਹ ਦਿੱਤੀ ਹੈ। ਬੁੱਲ੍ਹੇ ਸ਼ਾਹ ਲਿਖਦਾ ਹੈ:
ਜੇਠ ਜੈਸੀ ਮੁਝ ਅਗਨ ਹੈ
ਜਬ ਕੇ ਬਿਛਰੇ ਮੀਤ।
ਭਾਈ ਵੀਰ ਸਿੰਘ ਵੀ ਜੇਠ ਮਹੀਨੇ ਦਾ ਜ਼ਿਕਰ ਕਰਦਿਆਂ ਇਸ ਦੇ ਤਲਖ ਸੁਭਾਅ ਦੀ ਤਸਵੀਰ ਖਿੱਚਦੇ ਹਨ:
ਚੜ੍ਹ ਪਿਆ ਜੇਠ ਵੇ ਕੰਤਾ
ਤਪੀਆਂ ਭੋਂਆਂ ਤੇ ‘ਵਾਵਾਂ।
ਪੰਜਾਬੀ ਲੋਕ ਗੀਤਾਂ ਦੀ ਨਾਇਕਾ ਵੀ ਧੁੱਪਾਂ ਨੂੰ ਡਾਢੀਆਂ ਬਲਾਵਾਂ ਨਾਲ ਤੁਲਨਾਉਂਦੀ ਹੈ:
ਜੇਠ ਘੋੜਾ ਹੇਠ
ਧੁੱਪਾਂ ਪੈਣ ਬਲਾਈਂ।
ਵੇ ਲਾਲ ਦਮਾਂ ਦਿਆ ਲੋਭੀਆ
ਪਰਦੇਸ ਨਾ ਜਾਈਂ।
ਮੈਂ ਕੱਤਾਂਗੀ ਨਿੱਕੜਾ ਤੂੰ ਬੈਠਾ ਖਾਈਂ।
ਮਹਾਂਪੁਰਖਾਂ ਅਨੁਸਾਰ ਹਰ ਮੌਸਮ, ਰੁੱਤ ਤੇ ਦਿਨ ਉਸ ਪਰਮਾਤਮਾ ਦੇ ਭਾਣੇ ਵਿਚ ਹਨ, ਮਨੁੱਖ ਨੂੰ ਕੁਦਰਤ ਦੇ ਭਾਣੇ ਵਿਚ ਰਹਿੰਦਿਆਂ ਅਗਾਊਂ ਯਤਨ ਜੁਟਲਾਉਂਦੇ ਰਹਿਣਾ ਚਾਹੀਦਾ ਹੈ। ਜੇ ਮਨੁੱਖ ਉਸ ਪਰਮਾਤਮਾ ਦੇ ਭਾਣੇ ਨੂੰ ਜਾਣ ਲਵੇ ਤਾਂ ਹਰ ਮਹੀਨਾ ਹੀ ਭਲਾ ਹੈ। ਗੁਰੂ ਨਾਨਕ ਦੇਵ ਇਸ ਗਰਮ ਮਹੀਨੇ ਨੂੰ ਵੀ ਭਲਾ ਹੀ ਕਹਿੰਦੇ ਹਨ:
ਮਾਹੁ ਜੇਠੁ ਭਲਾ
ਪ੍ਰੀਤਮੁ ਕਿਉ ਬਿਸਰੈ॥
ਥਲ ਤਾਪਹਿ ਸਰ ਭਾਰ
ਸਾ ਧਨ ਬਿਨਉ ਕਰੈ॥
ਧਨ ਬਿਨਉ ਕਰੇਂਦੀ ਗੁਣ ਸਾਰੇਂਦੀ
ਗੁਣ ਸਾਰੀ ਪ੍ਰਭ ਭਾਵਾ॥
ਸਾਚੈ ਮਹਲਿ ਰਹੈ ਬੈਰਾਗੀ
ਆਵਨ ਦੇਹਿ ਤ ਆਵਾ॥
ਨਿਮਾਣੀ ਨਿਤਾਣੀ ਹਰਿ ਬਿਨ
ਕਿਉ ਪਾਵੈ ਸੁਖ ਮਹਿਲੀ॥
ਨਾਨਕ ਜੇਠਿ ਜਾਣੈ ਤਿਸੁ ਜੈਸੀ
ਕਰਮਿ ਮਿਲੈ ਗੁਣ ਗਹਿਲੀ॥
ਇਸ ਮਹੀਨੇ ਵਿਚ ਮਹਾਂ-ਮਿਲਾਪ ਦੀ ਗੱਲ ਘੱਟ ਹੈ, ਕਿਉਂਕਿ ਇਹ ਮਹੀਨਾ ਤਪਸ਼ ਦਾ ਹੈ। ਤਪਸ਼ ਦੇ ਇਸ ਮਹੀਨੇ ਵਿਚ ਮਹਿਲਾਂ ਵਿਚ ਸੌ ਸੁੱਖ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ, ਪਰ ਮਹਿਲ ਕਰਮਾਂ ਨਾਲ ਹੀ ਨਸੀਬ ਹੁੰਦੇ ਹਨ। ਉਂਜ ਇਹ ਵੀ ਸੱਚ ਹੈ ਕਿ ਸੁੱਖ ਮਹਿਲਾਂ ਵਿਚ ਵੀ ਤਾਂ ਹੀ ਮਾਣੇ ਜਾ ਸਕਦੇ ਹਨ, ਜੇ ਨਾਰ ਆਪਣੇ ਮਾਲਕ ਦੀਆਂ ਨਿਗਾਹਾਂ ਵਿਚ ਗੁਣਵੰਤੀ ਹੋਵੇ। ਅਜਿਹੀ ਅਵਸਥਾ ਵਿਚ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਜੇ ਗੁਣ ਨਾ ਹੋਣ ਤਾਂ ਵੀ ਜੀਵਨ ਵਿਅਰਥ ਅਤੇ ਜੇ ਗੁਣਾਂ ਦਾ ਗੁਮਾਨ ਹੋ ਜਾਵੇ ਤਾਂ ਵੀ ਜੀਵਨ ਬੇਅਰਥ। ਜੇਠ ਦਾ ਮਹੀਨਾ ਸੁਖਾਵੇਂ ਮਾਹੌਲ ਵਾਲਾ ਮਹੀਨਾ ਨਹੀਂ। ਮੌਸਮ ਵਿਚ ਸੌ ਨੁਕਸ ਕੱਢੇ ਜਾ ਸਕਦੇ ਹਨ, ਪਰ ਅਸਲੀਅਤ ਤਾਂ ਇਹ ਹੈ ਕਿ ਇਹ ਮਹੀਨਾ ਸਾਡਾ ਸਬਰ-ਸੰਤੋਖ ਪਰਖਦਾ ਹੈ।
ਕੁਦਰਤ ਦੇ ਅਨੇਕਾਂ ਸਾਕਾਰਾਤਮਕ ਪੱਖ ਇਸ ਮਹੀਨੇ ਵਿਚ ਵੀ ਨਜ਼ਰ ਆਉਂਦੇ ਹਨ। ਕੁਦਰਤ ਗਰਮੀ ਤੋਂ ਬਚਾਅ ਦੇ ਕਈ ਤਰੀਕੇ ਆਪਣੀ ਬੁੱਕਲ ਵਿਚ ਲੈ ਕੇ ਆਉਂਦੀ ਹੈ। ਜਿਥੇ ਕੁਦਰਤ ਰੁੱਖ-ਬੂਟਿਆਂ ਨੂੰ ਗਰਮ ਮੌਸਮ ਲਈ ਅਗਾਊਂ ਤਿਆਰ ਕਰਨ ਦਾ ਸੋਚਦੀ ਹੈ, ਉਥੇ ਗਰਮੀ ਦੇ ਫਲ ਵੀ ਅਜਿਹੇ ਮਿਲਦੇ ਹਨ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਖਰਬੂਜ਼ਾ, ਤਰਬੂਜ਼, ਅੰਬ, ਲੀਚੀ ਆਦਿ ਸਭ ਪਾਣੀ ਨਾਲ ਭਰਪੂਰ ਫਲ ਹਨ। ਤਰ, ਖੀਰਾ, ਟਮਾਟਰ ਆਦਿ ਵੀ ਪਾਣੀ ਨਾਲ ਤਰੋ-ਤਰ ਹੁੰਦੇ ਹਨ। ਧਨੀ ਰਾਮ ਚਾਤ੍ਰਿਕ ਜੇਠ ਦੇ ਮਹੀਨੇ ਵਿਚ ਮਿਲਦੀਆਂ ਖੇਤੀ ਸੌਗਾਤਾਂ ਬਾਰੇ ਕਿਆ ਖੂਬ ਲਿਖਦਾ ਹੈ:
ਖੀਰੇ, ਖਰਬੂਜੇ, ਹਦਵਾਣੇ
ਖੂਹੀਂ ਪੱਕਦੀ ਤਰ ਤਰਕਾਰੀ।
ਆੜੂ ਸਖਤ, ਫਾਲਸੇ ਖੱਟੇ
ਜਾਮਨ ਕੱਚੇ, ਅੰਬ ਅਚਾਰੀ।
ਪੰਜਾਬ ਵਿਚ ਜੇਠ ਦੇ ਮਹੀਨੇ ਵਿਚ ਫਸਲ ਸਾਂਭ ਲੈਣ ਪਿਛੋਂ ਕਾਫੀ ਵਿਹਲ ਹੁੰਦੀ ਹੈ। ਅਗਲੀ ਫਸਲ ਦੀ ਤਿਆਰੀ ਲਈ ਪਾਣੀ ਦੀ ਚੋਖੀ ਲੋੜ ਹੁੰਦੀ ਹੈ, ਇਸ ਲਈ ਬਰਸਾਤ ਦੀ ਉਡੀਕ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਇਨ੍ਹੀਂ ਦਿਨੀਂ ਸੱਥਾਂ ਅਤੇ ਬਾਗਾਂ ਵਿਚ ਰੌਣਕਾਂ ਵਧ ਜਾਂਦੀਆਂ ਸਨ। ਬਾਗ ਦੀ ਵੱਖਰੀ ਹੀ ਬਹਾਰ ਹੁੰਦੀ ਸੀ। ਇਥੇ ਦੁਪਹਿਰ ਵੇਲੇ ਬਚਪਨ, ਜੁਆਨੀ ਤੇ ਬੁਢਾਪਾ ਆਪੋ-ਆਪਣੇ ਰੰਗਾਂ ਵਿਚ ਨਜ਼ਰ ਆਉਂਦੇ। ਨਿਆਣੇ ਆਪਣੀਆਂ ਖੇਡਾਂ ਖੇਡਦੇ, ਨੱਚਦੇ-ਟੱਪਦੇ, ਰੁੱਖਾਂ ‘ਤੇ ਚੜ੍ਹਦੇ-ਲਹਿੰਦੇ। ਜੁਆਨ ਤਾਸ਼, ਸ਼ਤਰੰਜ, ਬਾਰਾਂ ਟਾਹਣੀ ਵਗੈਰਾ ਖੇਡਣ ਵਿਚ ਮਸਤ ਹੋ ਜਾਂਦੇ। ਬਜ਼ੁਰਗ ਬੈਠੇ ਊਂਘੀ ਜਾਂਦੇ ਜਾਂ ਜੁਆਨੀ ਵੇਲੇ ਦੀਆਂ ਕਹਾਣੀਆਂ ਸੁਣੀ-ਸੁਣਾਈ ਜਾਂਦੇ। ਜੇ ਬਾਗ ਪਿੰਡ ਦੇ ਨਜ਼ਦੀਕ ਹੁੰਦਾ ਤਾਂ ਕੁੜੀਆਂ-ਚਿੜੀਆਂ-ਬੁੜ੍ਹੀਆਂ ਦਾ ਵੱਖਰਾ ਸੰਸਾਰ ਬੱਝ ਜਾਂਦਾ। ਵਿਚੇ ਗਾਣੇ-ਵਜਾਣੇ, ਵਿਚੇ ਗਿੱਧੇ ਤੇ ਵਿਚੇ ਮਸਖਰੀਆਂ।
ਪੁਰਾਤਨ ਪੰਜਾਬ ਵਿਚ ਇਨ੍ਹੀਂ ਦਿਨੀਂ ਗਰਮੀ ਦਾ ਮੁਕਾਬਲਾ ਕਰਨ ਲਈ ਕੁਦਰਤ ਦੀਆਂ ਬਖਸ਼ੀਆਂ ਕਈ ਚੀਜ਼ਾਂ-ਵਸਤਾਂ ਖਾਣ-ਪੀਣ ਨੂੰ ਉਪਲਬਧ ਹੁੰਦੀਆਂ ਸਨ। ਪੀਣ ਲਈ ਸਭ ਤੋਂ ਵਧੀਆ ਚੀਜ਼ ਸੀ-ਲੱਸੀ, ਦੁਨੀਆਂ ਦਾ ਕੋਈ ਕੋਕਾ-ਕੋਲਾ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਜੇ ਆਪਣੇ ਘਰ ਲਵੇਰਾ ਨਾ ਹੁੰਦਾ ਤਾਂ ਇਹ ਆਂਢ-ਗੁਆਂਢ ਤੋਂ ਲੈ ਲੈਂਦੇ। ਸਰਦੀਆਂ ਵਿਚ ਕੱਢਿਆ ਗੁੜ, ਸ਼ੱਕਰ ਅਤੇ ਕੱਕੋਂ ਇਨ੍ਹੀਂ ਦਿਨੀਂ ਸ਼ਰਬਤ ਬਣਾਉਣ ਦੇ ਕੰਮ ਆਉਂਦੇ। ਜੌਂਆਂ ਦੇ ਸੱਤੂ ਸ਼ਰਬਤ ਵਿਚ ਘੋਲ ਕੇ ਪੀਣ ਨਾਲ ਅੰਦਰ ਠੰਢਾ ਸੀਤ ਹੋ ਜਾਂਦਾ। ਰਾਤ ਨੂੰ ਤਾਜ਼ੇ ਚੋਏ ਦੁੱਧ ਵਿਚ ਥੋੜ੍ਹਾ ਪਾਣੀ ਪਾ ਕੇ ਬਣਾਈ ਕੱਚੀ ਲੱਸੀ ਜਿਨ੍ਹਾਂ ਨੂੰ ਪਚ ਜਾਵੇ, ਬੜੀ ਗੁਣਕਾਰੀ ਸਾਬਤ ਹੁੰਦੀ। ਪਿੰਡ ਦੀ ਦੁਕਾਨ ਤੋਂ ਮਿਲਦੇ ਬੱਤੇ ਵਿਚ ਦੁੱਧ ਰਲਾ ਕੇ ਪੀਣ ਦਾ ਵੀ ਆਪਣਾ ਹੀ ਲੁਤਫ ਹੁੰਦਾ ਸੀ। ਆਪਣੇ ਜਾਂ ਮੁੱਲ ਦੇ ਨਿੰਬੂਆਂ ਦੀ ਸ਼ਿਕੰਜਵੀ ਵੀ ਗਰਮੀ ਦਾ ਤੋਹਫਾ ਹੀ ਹੈ।
ਕੁਦਰਤ ਤੋਂ ਬਲਿਹਾਰੇ ਜਾਣਾ ਬਣਦਾ ਹੈ ਕਿ ਗਰਮੀ ਦੀ ਇਸ ਰੁੱਤੇ ਵੀ ਕੁਝ ਰੁੱਖਾਂ-ਬੂਟਿਆਂ ਉਤੇ ਫੁੱਲ ਖਿੜਨ ਦੀ ਹਿੰਮਤ ਕਰੀ ਜਾਂਦੇ ਹਨ। ਅਮਲਤਾਸ ਦੇ ਪੀਲੇ ਫੁੱਲ ਧੁੱਪ ਵਿਚ ਵੀ ਖੂਬ ਖਿੜੇ ਰਹਿੰਦੇ ਹਨ। ਗੁਲਮੋਹਰ ਅਤੇ ਅਨਾਰ ਦੇ ਬੂਟਿਆਂ ‘ਤੇ ਲਾਲ ਸੂਹੇ ਫੁੱਲ ਮੁਸੀਬਤ ਵਿਚ ਖਿੜੇ ਰਹਿਣ ਦਾ ਸੁਨੇਹਾ ਦਿੰਦੇ ਹਨ। ਕਿਆਰੀਆਂ ਵਿਚ ਲੱਗੇ ਫੋਟੋਲੀਕਾ ਅਤੇ ਜੀਨੀਆ ਦੇ ਫੁੱਲ ਤਾਂ ਧੁੱਪ ਦੇ ਆੜੀ ਹੁੰਦੇ ਹਨ। ਜੇਠ ਦੇ ਦਿਨਾਂ ਵਿਚ ਸੂਰਜਮੁਖੀ ਦੀ ਫਸਲ ਭਰ ਜੋਬਨ ‘ਤੇ ਹੁੰਦੀ ਹੈ, ਇਸ ਦੇ ਵੱਡੇ ਵੱਡੇ ਫੁੱਲ ਕਣਕ ਦੇ ਵੱਢਾਂ ਦੀ ਪਿੱਠ-ਭੂਮੀ ਵਿਚ ਕਮਾਲ ਦਾ ਨਜ਼ਾਰਾ ਪੇਸ਼ ਕਰਦੇ ਹਨ।
ਜੇਠ ਮਹੀਨੇ ਪੰਜਾਬ ਵਿਚ ਕੁਦਰਤ ਪੀਲੇ ਅਤੇ ਹਰੇ ਰੰਗ ਦਾ ਵਧੀਆ ਸੁਮੇਲ ਪੇਸ਼ ਕਰਦੀ ਹੈ। ਖੇਤਾਂ ਵਿਚ ਹਰੀਆਂ ਵੇਲਾਂ ਅਤੇ ਪੌਦਿਆਂ ਉਤੇ ਪੀਲੇ ਫੁੱਲ ਖਿੜ ਪੈਂਦੇ ਹਨ। ਇਸ ਮਹੀਨੇ ਪੀਲੇ ਰੰਗ ਦਾ ਮਤਲਬ ਹੈ, ਪੱਕੇ ਹੋਣਾ। ਬਾਜ਼ਾਰ ਵਿਚ ਵਿਕਦੇ ਕੇਲੇ, ਪਪੀਤੇ, ਅੰਬ, ਸੇਬ ਆਦਿ ਪੀਲੀ ਭਾਅ ਮਾਰਦੇ ਹਨ। ਖਰਬੂਜ਼ੇ ਵੀ ਪੀਲੇ ਰੰਗ ਦੇ ਹੀ ਵਧੀਆ ਗਿਣੇ ਜਾਂਦੇ ਹਨ।
ਪੰਜਾਬੀ ਸਾਹਿਤ ਵਿਚ ਭਾਵੇਂ ਕਿੰਨੇ ਹੀ ਬਾਰਹ-ਮਾਂਹ ਉਪਲਬਧ ਹਨ, ਜਿਨ੍ਹਾਂ ਵਿਚ ਹਰ ਮਹੀਨੇ ਦਾ ਕੁਝ ਨਾ ਕੁਝ ਵੇਰਵਾ ਮਿਲਦਾ ਹੈ, ਪਰ ਇਨ੍ਹਾਂ ਵਿਚੋਂ ਬਹੁਤਿਆਂ ਵਿਚ ਕੁਦਰਤ ਚਿਤਰਨ ਆਪਣੇ ਆਪ ਵਿਚ ਕੇਂਦਰ-ਬਿੰਦੂ ਨਹੀਂ। ਜ਼ਿਆਦਾ ਮਹੱਤਵ ਵਿਯੋਗ-ਭਾਵ ਜਾਂ ਇਸਤਰੀ ਸ਼ਿੰਗਾਰ ਨੂੰ ਦਿੱਤਾ ਗਿਆ ਹੈ। ਆਸ਼ਕ-ਮਾਸ਼ੂਕ ਦੇ ਹਾਵ-ਭਾਵ ਦੇ ਅਨੁਕੂਲ ਵਾਤਾਵਰਣ ਦਾ ਚਿੱਤਰ ਖਿਚਿਆ ਜਾਂਦਾ ਹੈ। ਵਸਲ ਮੌਕੇ ਕੁਦਰਤ ਸੁਹਾਵਣੀ ਹੋ ਜਾਂਦੀ ਹੈ ਅਤੇ ਵਿਛੋੜੇ ਵਿਚ ਹਰ ਰੁੱਤ ਹੀ ਦੁਖੀ ਕਰਦੀ ਹੈ। ਹਿੰਦੁਸਤਾਨੀ ਸਾਹਿਤ ਵਿਚ ਕਾਲੀਦਾਸ ਨੂੰ ਕੁਦਰਤ ਚਿਤਰਨ ਦਾ ਨਿਪੁੰਨ ਸਾਹਿਤਕਾਰ ਸਮਝਿਆ ਜਾਂਦਾ ਹੈ, ਪਰ ਕਾਲੀਦਾਸ ਵੀ ਝਟ ਹੀ ਔਰਤ ਚਿਤਰਨ ਵੱਲ ਆ ਜਾਂਦਾ ਹੈ। ਉਂਜ ਗਰਮ ਰੁੱਤ ਦਾ ਵਰਣਨ ਕਰਦਿਆਂ ਕਾਲੀਦਾਸ ਜੰਗਲ ਦੇ ਦ੍ਰਿਸ਼ ਦਾ ਬਹੁਤ ਖੂਬ ਵਰਣਨ ਕਰਦਾ ਹੈ:
“ਤੇਜ਼ ਧੁੱਪਾਂ ਕਰ ਕੇ, ਸੜੇ-ਸੁੱਕੇ ਟੋਭਿਆਂ ਕਾਰਨ, ਤਿਹਾਏ ਮ੍ਰਿਗ ਨਿਰਮਲ ਅਸਮਾਨ ਨੂੰ ਤੱਕ ਕੇ ਪਾਣੀ ਦੇ ਭੁਲੇਖੇ ਵੱਸ ਦੂਸਰੇ ਜੰਗਲ ਨੂੰ ਦੌੜੇ ਜਾ ਰਹੇ ਹਨ। ਸੂਰਜੀ ਕਿਰਨਾਂ ਨਾਲ ਤਪ ਰਹੀ ਧੂੜੀ ਵਾਲੇ ਰਾਹ ਵਿਚੋਂ ਰੀਂਗਦਾ ਹੋਇਆ ਸੱਪ ਸਿਰ ਸੁੱਟ ਕੇ ਮੋਰ ਦੇ ਖੰਭਾਂ ਹੇਠ ਹੀ ਆ ਟਿਕਿਆ ਹੈ। ਬਲਹੀਣ ਅਤੇ ਸਾਹਸਹੀਣ ਤਿਹਾਇਆ ਸ਼ੇਰ, ਜਿਸ ਦੀ ਗਰਮੀ ਨਾਲ ਜੀਭ ਨਿਕਲੀ ਹੋਈ ਹੈ, ਸਿਰ ਦੇ ਵਾਲ ਕੰਬ ਰਹੇ ਹਨ, ਨਜ਼ਦੀਕ ਬੈਠੇ ਹਾਥੀਆਂ ਨੂੰ ਕੁਝ ਨਹੀਂ ਕਹਿ ਰਿਹਾ, ਜੰਗਲ ਵਿਚ ਗਰਮੀ ਮਾਰੇ ਤਿਹਾਏ ਬੌਂਦਲੇ ਹਾਥੀ ਸੁੱਕੇ ਸੰਘਾਂ ਵਿਚ ਜਲ ਬੂੰਦਾਂ ਪਾ ਰਹੇ ਹਨ ਤੇ ਸ਼ੇਰਾਂ ਤੋਂ ਜ਼ਰਾ ਭੈ ਨਹੀਂ ਖਾ ਰਹੇ। ਬਨਸਪਤੀ ਦਾ ਵੀ ਅਜਿਹੇ ਮੌਸਮ ਵਿਚ ਬੁਰਾ ਹਾਲ ਹੈ, ਤੇਜ਼ ਦਾਵਾਨਲ ਨਾਲ ਸੜੇ ਫੂਕੇ ਘਾਹ-ਫੂਸ, ਹਨੇਰੀਆਂ, ਝੱਖੜਾਂ ਦੀ ਤੇਜ਼ੀ ਨਾਲ ਉਡਾਏ ਜਾ ਰਹੇ ਸੁੱਕੇ ਪੱਤੇ ਅਤੇ ਧੁੱਪਾਂ ਦੇ ਸਾੜੇ ਪਾਣੀ ਵਿਹੂਣੇ ਜੰਗਲੀ ਇਲਾਕੇ ਡਰਾਉਣੇ ਲੱਗਦੇ ਹਨ। ਸੁੱਕੇ ਪੱਤਿਆਂ ਵਾਲੇ ਬ੍ਰਿਛਾਂ ਉਤੇ ਪੰਛੀ ਮੂੰਹ ਅੱਡੀ ਬੈਠੇ ਹਨ। ਜੰਗਲ ਵਿਚ ਸੁੱਕੇ ਬਾਂਸਾਂ ਦੇ ਰੁੱਖ ਤੜ ਤੜ ਕਰ ਕੇ ਸੜ ਰਹੇ ਹਨ। ਬ੍ਰਿਛਾਂ ਦੇ ਪੱਤੇ ਝੁਲਸ ਕੇ ਥੱਲੇ ਡਿੱਗ ਰਹੇ ਹਨ। ਤਲਾਅ ਵਿਚ ਕੌਲ ਖਿੜੇ ਹੋਏ ਹਨ, ਗੁਲਾਬ ਦੀ ਖੁਸ਼ਬੋ ਆ ਰਹੀ ਹੈ, ਨਹਾਉਣਾ ਚੰਗਾ ਚੰਗਾ ਲੱਗਦਾ ਹੈ।”
ਵਾਕਿਆ ਹੀ ਇਹ ਰੁੱਤ ਨਹਾਉਣ ਦੀ ਹੁੰਦੀ ਹੈ। ਲੋਕੀਂ ਦਿਹਾੜੀ ਵਿਚ ਦੋ ਦੋ, ਤਿੰਨ ਤਿੰਨ ਵਾਰ ਨਹਾਉਂਦੇ ਹਨ। ਪਿੰਡਾਂ ਵਿਚ ਚਲਦੀਆਂ ਮੋਟਰਾਂ ਅਤੇ ਬੰਬੀਆਂ ਦੇ ਖੁੱਲ੍ਹੇ-ਡੁੱਲ੍ਹੇ ਪਾਣੀ ਥੱਲੇ ਵਾਰ ਵਾਰ ਨਹਾਉਣਾ ਚੰਗਾ ਲੱਗਦਾ ਹੈ। ਜਿਥੇ ਕਿਤੇ ਸਰੋਵਰ ਹੋਵੇ, ਤਲਾਬ ਹੋਵੇ ਜਾਂ ਨਹਿਰ ਵਗਦੀ ਹੋਵੇ, ਨੌਜੁਆਨ ਦੁਪਹਿਰੇ ਅਕਸਰ ਪਾਣੀ ਵਿਚ ਛਾਲਾਂ ਮਾਰਦੇ ਨਜ਼ਰ ਆਉਂਦੇ ਹਨ। ਸ਼ਹਿਰਾਂ ਵਿਚ ਲੋਕੀਂ ਕਿੰਨੀ ਕਿੰਨੀ ਦੇਰ ਸ਼ਾਵਰਾਂ ਥੱਲੇ ਬੈਠੇ ਰਹਿੰਦੇ ਹਨ।
ਜਿਥੇ ਸਰਦੀਆਂ ਦੀ ਰੁਤ ਨੇੜੇ ਨੇੜੇ ਆਉਣ ਦੀ ਹੈ, ਉਥੇ ਜੇਠ-ਹਾੜ੍ਹ ਦੀ ਰੁੱਤ ਦੂਰ ਰਹਿਣ ਦੀ ਹੈ। ਸਰੀਰਾਂ ਦੀ ਛੋਹ ਗਰਮੀ ਹੋਰ ਵਧਾਉਂਦੀ ਅਤੇ ਪਸੀਨੇ ਵਗਾਉਂਦੀ ਹੈ। ਉਂਜ ਇਸ ਤਰ੍ਹਾਂ ਦਾ ਮੌਸਮ ਵੀ ਮਨੁੱਖ ਅੰਦਰ ਕਈ ਗੁਣ ਪੈਦਾ ਕਰਨ ਦੇ ਅਨੁਕੂਲ ਹੈ। ਕੁਦਰਤ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਉਸ ਦੇ ਹਰ ਪੱਖ ਨੂੰ ਸਹਿਜ ਨਾਲ ਹੰਢਾਇਆ ਜਾਵੇ। ਉਸ ਰੁੱਤ ਨੂੰ ਆਪਣੇ ਅਨੁਕੂਲ ਅਤੇ ਆਪਣੇ ਆਪ ਨੂੰ ਉਸ ਦੇ ਅਨੁਕੂਲ ਬਣਾਉਣ ਦੇ ਹੀਲੇ-ਵਸੀਲੇ ਕੀਤੇ ਜਾਣ। ਦੁਨੀਆਂ ਦੇ ਠੰਢੇ ਮੁਲਕਾਂ ਨੇ ਅਤਿ ਵਿਰੋਧੀ ਹਾਲਾਤ ਦਾ ਮੁਕਾਬਲਾ ਕਰਨ ਲਈ ਨਿੱਘ ਮੁਹੱਈਆ ਕਰਨ ਦੇ ਕਾਰਗਰ ਸਾਧਨ ਲੱਭ ਲਏ ਹਨ, ਇਸੇ ਤਰ੍ਹਾਂ ਗਰਮ ਮੁਲਕਾਂ ਨੇ ਅਤਿ ਗਰਮੀ ਦਾ ਮੁਕਾਬਲਾ ਕਰਨ ਲਈ ਬਿਜਲੀ ਨਾਲ ਚੱਲਣ ਵਾਲੇ ਕਈ ਉਪਕਰਣ ਬਣਾ ਲਏ ਹਨ ਜਿਨ੍ਹਾਂ ਨਾਲ ਗਰਮੀ ਦਾ ਮੁਕਾਬਲਾ ਕਰਨਾ ਸੌਖਾ ਹੋ ਗਿਆ ਹੈ। ਖੇਤੀਬਾੜੀ ਦੇ ਕੰਮਾਂ ਵਿਚ ਭਾਵੇਂ ਅਜੇ ਵੀ ਕੁਦਰਤੀ ਗਰਮੀ ਅਤੇ ਲੂਅ ਵਗੈਰਾ ਦਾ ਮੁਕਾਬਲਾ ਕਰਨਾ ਔਖਾ ਹੈ, ਪਰ ਖੇਤੀ ਮਸ਼ੀਨਰੀ ਨੇ ਬਹੁਤ ਕਠਿਨ ਕੰਮਾਂ ਨੂੰ ਹੁਣ ਸੁਖਾਲਾ ਬਣਾ ਦਿੱਤਾ ਹੈ।
ਇਹ ਮੰਨਣਾ ਪਵੇਗਾ ਕਿ ਕਈ ਸਹੂਲਤਾਂ ਦੇ ਬਾਵਜੂਦ ਪੰਜਾਬ ਵਿਚ ਗਰਮੀ ਦੇ ਮਹੀਨੇ ਕੱਟਣੇ ਕਾਫੀ ਮੁਸ਼ਕਿਲ ਹੁੰਦੇ ਹਨ। ਗਰਮੀ ਵਧਣ ਨਾਲ ਬਿਜਲੀ ਦੇ ਕੱਟ ਲੰਬੇ ਹੋ ਜਾਂਦੇ ਹਨ। ਜਿਨ੍ਹਾਂ ਕੋਲ ਅੱਜ ਦੇ ਯੁੱਗ ਵਿਚ ਏ. ਸੀ. ਦੀਆਂ ਸਹੂਲਤਾਂ ਹਨ, ਉਨ੍ਹਾਂ ਲਈ ਹੋਰ ਵੀ ਵੱਡੀ ਮੁਸੀਬਤ ਬਣ ਜਾਂਦੀ ਹੈ, ਕਿਉਂਕਿ ਇਨ੍ਹਾਂ ਸਹੂਲਤਾਂ ਦੀ ਆਦਤ ਹੋਰ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ। ਇਸੇ ਕਰ ਕੇ ਜੈਨਰੇਟਰਾਂ ਤੇ ਇਨਵਰਟਰਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ। ਪੁਰਾਣੇ ਦਿਨਾਂ ਵਿਚ ਇਨ੍ਹੀਂ ਦਿਨੀਂ ਅੰਦਰ ਰਹਿ ਕੇ ਗਰਮੀ ਕੱਟਣ ਦੀ ਨਸੀਹਤ ਦਿੱਤੀ ਜਾਂਦੀ ਸੀ, ਕਿਉਂਕਿ ਬਾਹਰ ਗਰਮ ਹਵਾਵਾਂ ਵਗ ਰਹੀ ਹੁੰਦੀਆਂ ਹਨ, ਪਹਿਲੇ ਜ਼ਮਾਨੇ ਵਿਚ ਕੋਠੇ ਕੱਚੇ ਹੁੰਦੇ ਸਨ ਤੇ ਉਹ ਅੱਜ ਦੇ ਮਕਾਨਾਂ ਦੇ ਮੁਕਾਬਲੇ ਘਟ ਤਪਦੇ ਸਨ:
ਜੇਠ-ਹਾੜ੍ਹ ਕੁੱਖੀਂ
ਸਾਉਣ-ਭਾਦੋਂ ਰੁੱਖੀਂ।
ਕੁਦਰਤ ਅਤੇ ਮਨੁੱਖ ਵਿਚ ਜੁਗਾਂ ਜੁਗਾਤਰਾਂ ਤੋਂ ਟਕਰਾਅ ਚਲਦਾ ਆਇਆ ਹੈ। ਕੁਦਰਤ ਵੱਲੋਂ ਬਖਸ਼ੇ ਦਿਮਾਗ ਸਦਕਾ ਮਨੁੱਖ ਨੇ ਆਪਣੀ ਸਹੂਲਤ ਲਈ ਬਹੁਤ ਸਾਰੇ ਸਾਧਨਾਂ ਦਾ ਜੁਗਾੜ ਬਣਾ ਲਿਆ ਹੈ, ਭਾਵੇਂ ਮਨੁੱਖ ‘ਤੇ ਬਹੁਤ ਵੱਡਾ ਦੋਸ਼ ਇਹ ਵੀ ਲੱਗਦਾ ਹੈ ਕਿ ਉਸ ਨੇ ਕੁਦਰਤ ਨਾਲ ਇਸ ਕਦਰ ਛੇੜ-ਛਾੜ ਕੀਤੀ ਹੈ ਕਿ ਕਈ ਕਿਸਮ ਦੇ ਸੰਤੁਲਨ ਗੁਆ ਦਿੱਤੇ ਹਨ। ਇਸ ਬਾਰੇ ਉਘੇ ਸ਼ਾਇਰ ਅਲਾਮਾ ਇਕਬਾਲ ਦੀ ਕਵਿਤਾ ਬੜੀ ਪਿਆਰੀ ਹੈ, ਜਿਸ ਵਿਚ ਖੁਦਾ ਅਤੇ ਇਨਸਾਨ ਦਾ ਆਪਸੀ ਸੰਵਾਦ ਰਚਾਇਆ ਗਿਆ ਹੈ। ਇਨਸਾਨ ਖੁਦਾ ਨੂੰ ਮੁਖਾਤਬ ਹੋ ਕੇ ਕਹਿੰਦਾ ਹੈ:
ਤੂਨੇ ਐ ਮੇਰੇ ਮਾਲਕ, ਰਾਤ ਬਨਾਈ,
ਮੈਨੇ ਦੀਏ ਜਲਾਏ।
ਤੂਨੇ ਮਿੱਟੀ ਉਤਪੰਨ ਕੀ,
ਮੈਨੇ ਉਸ ਸੇ ਪਿਆਲੇ ਬਨਾਏ।
ਤੂਨੇ ਧਰਤੀ ਕੋ ਵਨ, ਪਰਬਤ
ਔਰ ਮਾਰੂਸਥਲ ਪ੍ਰਦਾਨ ਕੀਏ
ਮੈਨੇ ਉਨ ਮੇਂ ਰੰਗੀਨ ਫੂਲ ਖਿਲਾਏ,
ਹੰਸਤੀ ਹੂਈ ਵਾਟਕਾਏਂ ਸਜਾਈ।
ਮੈਂ ਵਿਸ਼ ਸੇ ਤਿਰਆਕ ਬਨਾਤਾ ਹੂੰ
ਔਰ ਪੱਥਰ ਸੇ ਆਈਨਾ
ਐ ਮਾਲਿਕ! ਸਚ ਸਚ ਬਤਾ!
ਤੂ ਬੜਾ ਹੈ ਯਾ ਮੈਂ?
ਪਰ ਇਹ ਮੰਨਣਾ ਪਵੇਗਾ ਕਿ ਇਕਬਾਲ ਵੀ ਕਾਦਰ ਨੂੰ ਹੀ ‘ਮਾਲਕ’ ਮੰਨਦਾ ਹੈ। ਅਲਾਮਾ ਇਕਬਾਲ ਦੀ ਰਚਨਾ ਇਸ ਗੱਲ ਵੱਲ ਵੀ ਸੰਕੇਤ ਕਰਦੀ ਹੈ ਕਿ ਇਸ ਸ੍ਰਿਸ਼ਟੀ ਵਿਚ ਸਭ ਕੁਝ ਸਾਡੇ ਅਨੁਕੂਲ ਨਹੀਂ ਹੈ। ਕੁਦਰਤ ਬਹੁਤ ਵਿਸ਼ਾਲ ਅਤੇ ਰਹੱਸਮਈ ਹੈ, ਪਰ ਮਨੁੱਖ ਨੂੰ ਹੋਰ ਚੰਗੇਰਾ ਅਤੇ ਸੁਖਾਲਾ ਜੀਵਨ ਬਤੀਤ ਕਰਨ ਲਈ ਕੁਦਰਤ ਦੇ ਕਰੋਪੀ ਪੱਖ ਨਾਲ ਸਦੀਆਂ ਤੋਂ ਟਾਕਰਾ ਰਿਹਾ ਹੈ ਅਤੇ ਇਹੀ ਮਨੁੱਖੀ ਵਿਕਾਸ ਦੀ ਮਾਣਮੱਤੀ ਕਹਾਣੀ ਹੈ।