ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੀ ਸਰਬ-ਸੰਸਾਰੀ ਅਹਿਮੀਅਤ

ਗੁਰਬਚਨ ਸਿੰਘ
ਫੋਨ: 91-98156-98451
ਪੰਜਾਬ ਅਤੇ ਪੰਜਾਬੀ ਬੋਲਦੇ ਲੋਕਾਂ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਗੁਰੂ ਗੰ੍ਰਥ ਸਾਹਿਬ ਦੀ ਸੰਪਾਦਨਾ ਪੰਜਾਬ ਵਿਚ ਹੋਈ ਅਤੇ ਇਹ ਗੁਰਮੁਖੀ ਲਿਪੀ ਵਿਚ ਲਿਖਿਆ ਗਿਆ। ਦੁਨੀਆਂ ਭਰ ਦੇ ਅਨੇਕ ਗਿਆਨਵਾਨ ਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਰਬਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਦੀ ਫਿਲਾਸਫੀ ਦੀ ਸਰਬ-ਸੰਸਾਰੀ ਮਹਾਨਤਾ ਨੂੰ ਪ੍ਰਵਾਨ ਕੀਤਾ ਹੈ। ਬਦਕਿਸਮਤੀ ਕਿ ਪੰਜਾਬ ਵਿਚ ਰਹਿੰਦੇ ਕੁਝ ਲੋਕਾਂ ਨੇ ਅਜੇ ਵੀ ਆਪਣੇ ਮਨ ਵਿਚ ਇਹ ਭਰਮ ਪਾਲ ਰਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦੇ ਗੁਰੂ ਹਨ। ਜਦੋਂ ਵੀ ਕਿਤੇ ਧਰਮਾਂ ਬਾਰੇ ਬਹਿਸ ਹੁੰਦੀ ਹੈ, ਤਾਂ ਉਹ ਫੌਰੀ ਇਸ ਦਾ ਨਾਤਾ ਸਿੱਖ ਧਰਮ ਨਾਲ ਜੋੜ ਦਿੰਦੇ ਹਨ। ਯਕੀਨਨ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦੇ ਗੁਰੂ ਨਹੀਂ ਹਨ।

ਗੁਰੂ ਗ੍ਰੰਥ ਸਾਹਿਬ ਸਮੁੱਚੀ ਲੋਕਾਈ ਦੇ ਗੁਰੂ ਹਨ। ਵੈਦਿਕ ਫਿਲਾਸਫੀ ਸਮੇਤ ਆਪਣੇ ਤੋਂ ਪਹਿਲੇ ਸਾਰੇ ਧਰਮਾਂ ਵਿਚ ਪ੍ਰਗਟ ਹੁੰਦੇ ਆਤਮਕ ਗਿਆਨ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਨਵਿਆਇਆ ਗਿਆ ਹੈ। ਆਪਣੇ ਆਤਮਕ ਗਿਆਨ ਦੀ ਕਸਵੱਟੀ ਉਤੇ ਲਾ ਕੇ ਪਰਖਣ ਤੋਂ ਬਾਅਦ ਉਨ੍ਹਾਂ ਵਿਚ ਪ੍ਰਗਟ ਹੁੰਦੇ ਕੁਦਰਤੀ ਨੇਮ ਪ੍ਰਵਾਨ ਕੀਤੇ ਗਏ ਹਨ ਅਤੇ ਸਮਾਜੀ ਨੇਮਾਂ ਦੀ ਪੁਸ਼ਟੀ ਕੀਤੀ ਗਈ ਹੈ, ਜਦਕਿ ਬਾਕੀ ਦੇ ਸਾਰੇ ਭਰਮਜਾਲ ਅਤੇ ਕਰਮਕਾਂਡ ਦਾ ਪੂਰੀ ਦ੍ਰਿੜ੍ਹਤਾ ਨਾਲ ਖੰਡਨ ਕੀਤਾ ਗਿਆ ਹੈ।
ਹਰ ਸਿੱਖ ਦਾ ਮੁਢਲਾ ਫਰਜ਼ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰੇ। ਇਸ ਸਤਿਕਾਰ ਨੂੰ ਸਿਰਫ ਮੱਥਾ ਟੇਕਣ ਤਕ ਸੀਮਤ ਨਾ ਰੱਖੇ, ਸਗੋਂ ਇਸ ਵਿਚ ਪ੍ਰਗਟ ਹੋਏ ਆਤਮਕ ਗਿਆਨ ਨੂੰ ਆਪਣੇ ਜੀਵਨ ਦੇ ਹਰ ਪਹਿਲੂ ਵਿਚ ਅਪਨਾਏ। ਇਸ ਗਿਆਨ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅੰਗ ਬਣਾਏ। ਪਰ ਇਸ ਆਤਮਕ ਗਿਆਨ ਨੂੰ ਸਿਰਫ ਸਿੱਖਾਂ ਤਕ ਸੀਮਤ ਰੱਖਣਾ ਇਕ ਵਡਾ ਗੁਨਾਹ ਹੈ।
ਗੁਰੂ ਗ੍ਰੰਥ ਸਾਹਿਬ ਵਿਚਲੇ ਆਤਮਕ ਸੱਚ ਦੀ ਪੁਸ਼ਟੀ ਗੁਰੂ ਅਰਜਨ ਦੇਵ ਨੇ ਆਪਣੀ ਸ਼ਹੀਦੀ ਦੇ ਕੇ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੋਈ ਵੀ ਧਾਰਨਾ ਉਨ੍ਹਾਂ ਵਰਗੇ ਪਾਰਖੂ ਸੰਪਾਦਕ ਦੀ ਨਜ਼ਰ ਵਿਚ ਚੜ੍ਹੇ ਬਿਨਾ ਪ੍ਰਵਾਨ ਨਹੀਂ ਹੋਈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਸਾਹਿਬਾਨ ਦੀ ਬਾਣੀ ਬਾਹਰ ਵੀ ਮਿਲਦੀ ਹੈ, ਪਰ ਗੁਰੂ ਅਰਜਨ ਦੇਵ ਨੇ ਉਨ੍ਹਾਂ ਦੀ ਸਿਰਫ ਓਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ, ਜੋ ਉਨ੍ਹਾਂ ਦੀ ਕਸਵੱਟੀ ਉਤੇ ਪੂਰੀ ਉਤਰੀ। ਉਨ੍ਹਾਂ ਨੇ ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਹੈ, ਜਿਨ੍ਹਾਂ ਭੱਟਾਂ ਬਾਰੇ ਕੁਝ ਸਿੱਖ ਵਿਦਵਾਨਾਂ ਦੇ ਮਨਾਂ ਵਿਚ ਅਜੇ ਤਕ ਵੀ ਮਰਾਸੀਆਂ ਵਾਲਾ ਸੰਕਲਪ ਬਣਿਆ ਹੋਇਆ ਹੈ ਅਤੇ ਜਿਨ੍ਹਾਂ ਦੀ ਬਾਣੀ ਉਤੇ ਅਜੇ ਵੀ ਕੁਝ ਸਿੱਖ ਵਿਦਵਾਨ ਕਿੰਤੂ-ਪ੍ਰੰਤੂ ਕਰਦੇ ਹਨ। ਪਰ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਵਿਚ ਭਾਈ ਗੁਰਦਾਸ ਦੀ ਲਿਖਤ/ਰਚਨਾ ਦਰਜ ਨਹੀਂ ਕੀਤੀ, ਜਦਕਿ ਭਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਅਤੇ ਬੜੇ ਵਿਦਵਾਨ ਪੁਰਖ ਸਨ। ਸਪਸ਼ਟ ਹੈ ਕਿ ਭਾਈ ਗੁਰਦਾਸ ਦੀ ਬਾਣੀ ਗੁਰੂ ਅਰਜਨ ਦੇਵ ਜੀ ਦੀ ਕਸਵੱਟੀ ਉਤੇ ਪੂਰੀ ਨਹੀਂ ਉਤਰੀ।
ਯਕੀਨਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਮੁੱਚੀ ਮਨੁੱਖ ਜਾਤੀ ਦੇ ਅਨੁਭਵੀ (ਆਤਮਕ) ਗਿਆਨ ਦਾ ਖਜਾਨਾ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਕੋਲ ਮੌਜੂਦ ਹੈ। ਪਰ ਅਜੋਕੇ ਪ੍ਰਸੰਗ ਵਿਚ ਇਸ ਦਾ ਲਾਹਾ ਲੈਣ ਲਈ ਇਸ ਨੂੰ ਦੁਨੀਆਂ ਭਰ ਦੇ ਸਾਰੇ ਧਰਮਾਂ ਦੇ ਲੋਕਾਂ ਨਾਲ ਸਾਂਝਾ ਕਰਨ ਦੀ ਲੋੜ ਹੈ। ਸਾਰੇ ਧਰਮਾਂ ਦੇ ਲੋਕਾਂ ਨਾਲ ਸਾਂਝ ਪਾਉਣ ਦਾ ਢੰਗ, ਇਸ ਵਿਚ ਦਰਜ ਆਤਮਕ ਗਿਆਨ ਨੂੰ ਵੰਡਣਾ ਹੈ। ਇਸ ਨੂੰ ਸਾਰੇ ਧਰਮਾਂ ਦੇ ਲੋਕਾਂ ਨਾਲ ਸਾਂਝਾ ਕਰਨਾ ਹੈ, ਉਨ੍ਹਾਂ ਨਾਲ ਸੰਵਾਦ ਰਚਾਉਣਾ ਹੈ। ਇਹ ਸੰਵਾਦ ਰਚਾਉਣ ਦੀ ਜਾਚ ਵੀ ਗੁਰੂ ਗ੍ਰੰਥ ਸਾਹਿਬ ਵਿਚ ਬਾਕਾਇਦਾ ਦੱਸੀ ਗਈ ਹੈ। ਕਿਸੇ ਧਰਮ ਵਿਚਲੇ ਕਰਮਕਾਂਡ ਨੂੰ ਪੂਰੀ ਦ੍ਰਿੜ੍ਹਤਾ ਨਾਲ ਨਕਾਰਦਿਆਂ ਅਤੇ ਉਸ ਵਿਚਲੇ ਕਿਸੇ ਮਨ-ਕਲਪਿਤ ‘ਰਬ’ ਬਾਰੇ ਬੁਣੇ ਸਾਰੇ ਭਰਮਜਾਲ ਤੇ ਭੇਖ ਦਾ ਪੂਰੀ ਦ੍ਰਿੜਤਾ ਨਾਲ ਖੰਡਨ ਕਰਦਿਆਂ ਵੀ ਉਸ ਦੇ ਬਾਨੀ ਪ੍ਰਤੀ ਕੋਈ ਮੰਦੀ ਸ਼ਬਦਾਵਲੀ ਨਹੀਂ ਵਰਤਣੀ। ਉਨ੍ਹਾਂ ਰਹਿਬਰਾਂ ਦੇ ਗੁਣਾਂ ਨੂੰ ਆਪਣੇ ਵਿਚ ਆਤਮਸਾਤ ਕਰਦਿਆਂ ਉਨ੍ਹਾਂ ਪ੍ਰਤੀ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਾ ਹੈ।
ਗੁਰਮਤਿ ਨੇ ਆਪਣੇ ਤੋਂ ਪਹਿਲੇ ਧਰਮਾਂ ਦੇ ਬਹੁਤ ਸਾਰੇ ਸੰਕਲਪਾਂ ਨੂੰ ਨਵੇਂ ਭਾਵਅਰਥ ਦਿੱਤੇ ਹਨ। ਉਨ੍ਹਾਂ ਭਾਵਅਰਥਾਂ ਨੂੰ ਅਜੋਕੇ ਮੁਹਾਵਰੇ ਵਿਚ ਸਪਸ਼ਟ ਕਰਨ ਦੀ ਲੋੜ ਹੈ। ਗੁਰਮਤਿ ਦਾ ਸਾਰਾ ਗਿਆਨ ਸਮੁੱਚੀ ਮਨੁੱਖ ਜਾਤੀ ਦੀ ਪ੍ਰਗਟ ਹੋਈ ਸਵੈਚੇਤਨਾ ਭਾਵ ਸਮਾਜੀ ਚੇਤਨਾ ਹੈ। ਇਹ ਅਟੱਲ ਕੁਦਰਤੀ ਅਤੇ ਸਮਾਜੀ ਨੇਮਾਂ ਦਾ ਗਿਆਨ ਹੈ, ਜਿਸ ਨੂੰ ਆਪਣੀ ਜ਼ਿੰਦਗੀ ਵਿਚ ਅਪਨਾ ਕੇ ਹੀ ਇਸ ਧਰਤੀ ਉਤੇ ਸੁਖੀ ਤੇ ਸਹਿਜ ਜੀਵਨ ਜੀਵਿਆ ਜਾ ਸਕਦਾ ਹੈ। ਇਸ ਗਿਆਨ ਨੂੰ ਅਣਗੌਲਿਆ ਕਰਨ ਦਾ ਭਾਵ ਪਸੂਆਂ ਦੀ ਪੱਧਰ ਉਤੇ ਜ਼ਿੰਦਗੀ ਜਿਉਣਾ ਹੈ। ਜਿਵੇਂ ਕਿਸੇ ਡਾਕਟਰ ਵਲੋਂ ਦੱਸੇ ਗਏ ਪ੍ਰਹੇਜ਼ ਨੂੰ ਆਪਣੀ ਸਿਹਤ ਦੀ ਕੀਮਤ ਉਤੇ ਅਣਗੌਲਿਆ ਕਰਨਾ ਅਤੇ ਆਪਣੀ ਤੰਦਰੁਸਤੀ ਨੂੰ ਦਾਅ ਉਤੇ ਲਾ ਦੇਣਾ ਹੈ। ਇਹ ਜਾਣਕਾਰੀ ਹਰ ਮਨੁੱਖ ਦੀ ਆਪਣੀ ਚੇਤਨਾ ਤੇ ਉਸ ਦੇ ਆਪਣੇ ਅਨੁਭਵੀ ਮਨ ਦੇ ਸੰਸਾਰ ਦਾ ਅੰਗ ਬਣਨੀ ਚਾਹੀਦੀ ਹੈ। ਇਹ ਗਿਆਨ ਹੀ ਮਨੁੱਖ ਦੀ ਸਮਾਜੀ ਚੇਤਨਾ ਨੂੰ ਵਿਕਸਿਤ ਕਰਦਾ ਹੈ ਅਤੇ ਉਸ ਨੂੰ ਅਨੰਦ ਭਰਪੂਰ ਸਹਿਜ ਜ਼ਿੰਦਗੀ ਜਿਉਣ ਦੀ ਜੁਗਤ ਦਸਦਾ ਹੈ।
ਅਜੋਕੇ ਸਿਆਸੀ ਪ੍ਰਸੰਗ ਵਿਚ ਗੁਰਮਤਿ ਗਿਆਨ ਦੀ ਕੀਮਤ ਹੋਰ ਵੀ ਵਧੇਰੇ ਹੈ। ਗੁਰਮਤਿ ਕਿਤੇ ਵੀ ਸਮੁੱਚੇ ਗਿਆਨ ਉਤੇ ਆਪਣੀ ਇਜਾਰੇਦਾਰੀ ਦਾ ਦਾਅਵਾ ਨਹੀਂ ਕਰਦੀ। ਬੇਸ਼ੱਕ ਗੁਰਮਤਿ ਨੇ ਸਾਨੂੰ ਸੱਚ ਦੀ ਖੋਜ ਕਰਨ ਦਾ ਇਕ ਢੰਗ ਜਰੂਰ ਦਸਿਆ ਹੈ। ਗੁਰਮਤਿ ਦੀ ਧਾਰਨਾ ਹੈ,
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)
ਰਬੀ ਹਸਤੀ ਨੂੰ ਜੋਦੜੀ ਕੀਤੀ ਗਈ ਹੈ ਕਿ ਹੇ ਅਕਾਲ ਪੁਰਖ! ਸਾਰਾ ਸੰਸਾਰ ਹਉਮੈ ਅਤੇ ਤ੍ਰਿਸ਼ਨਾ ਦੀ ਅਗਨੀ ਵਿਚ ਸੜ ਰਿਹਾ ਹੈ, ਜਿਵੇਂ ਕਿਵੇਂ ਅਤੇ ਕਿਸੇ ਵੀ ਢੰਗ ਨਾਲ ਇਸ ਸੰਸਾਰ ਨੂੰ ਬਚਾਅ ਲੈ!
ਯਕੀਨਨ ਮਨੁੱਖ ਜਾਤੀ ਨੂੰ ਚੰਬੜੀਆਂ ਭਿਆਨਕ ਅਲਾਮਤਾਂ ਅਤੇ ਖਤਰਨਾਕ ਜੰਗਾਂ ਦੀ ਤਬਾਹੀ ਤੋਂ ਛੁਟਕਾਰਾ ਪਾਉਣ ਦਾ ਇਕ ਰਾਹ ਗੁਰਮਤਿ ਵੀ ਦਸਦੀ ਹੈ। ਗੁਰਮਤਿ ਦਾ ਨਿਸ਼ਾਨਾ ਇਕ ਇਹੋ ਜਿਹੇ ਰਾਜ ਦੀ ਸਥਾਪਨਾ ਕਰਨਾ ਹੈ, ਜਿਥੇ ਹਰ ਮਾਈ-ਭਾਈ ਬਿਨਾ ਕਿਸੇ ਭਿੰਨ-ਭੇਦ ਦੇ, ਬਿਨਾ ਕਿਸੇ ਜਾਤੀ ਊਚ-ਨੀਚ ਦੇ, ਇਸ ਬੇਅੰਤ-ਅਸੀਮ ਕੁਦਰਤ ਨਾਲ ਇਕਸੁਰਤਾ ਵਿਚ ਰਹਿਣ ਦੇ ਯਤਨ ਕਰਦਿਆਂ ਅਤੇ ਇਸ ਦੇ ਗੁਣ ਗਾਉਂਦਿਆਂ ਜਾਣੇ ਹੋਏ ਕੁਦਰਤੀ ਨੇਮਾਂ (ਹੁਕਮੁ) ਵਿਚ ਰਹਿ ਕੇ ਸਵੈਸੰਜਮੀ (ਸਦਾਚਾਰੀ) ਜ਼ਿੰਦਗੀ ਜੀਵੇ ਅਤੇ ਹੱਥੀਂ ਕਿਰਤ ਕਰਦਿਆਂ ਸਮੂਹ ਭਾਈਚਾਰੇ ਨਾਲ ਰਲ-ਮਿਲ ਕੇ ਵੰਡ ਛਕਣ ਦੇ ਨੇਮ ਅਨੁਸਾਰ ਆਪਣੀਆਂ ਤਰਕਸੰਗਤ ਮਨੁੱਖੀ ਲੋੜਾਂ ਦੀ ਪੂਰਤੀ ਕਰੇ। ਸਰਬਸਾਂਝੀਵਾਲਤਾ ਦੀ ਭਾਵਨਾ ਨੂੰ ਲਗਾਤਾਰ ਫੈਲਾਉਣਾ ਅਤੇ ਸਰਬਤ ਦੇ ਭਲੇ ਦੇ ਸਮਾਜ ਦੀ ਸਿਰਜਣਾ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਾ, ਇਹੀ ਸਿੱਖ ਇਨਕਲਾਬ ਦੀ ਨਿਰੰਤਰਤਾ ਹੈ। ‘ਹਲੇਮੀ ਰਾਜ’ ਅਤੇ ‘ਬੇਗਮਪੁਰਾ’ ਸਮਾਜ ਵੱਲ ਜਾਂਦਾ ਇਹੀ ਰਾਹ ਹੈ। ਗੁਰਮਤਿ ਅਨੁਸਾਰ ਇਹੀ ਖਾਲਸਾ ਰਾਜ ਦਾ ਸੰਕਲਪ ਹੈ।
ਅਜੋਕੇ ਪ੍ਰਸੰਗ ਵਿਚ ‘ਰਾਜ ਕਰੇਗਾ ਖਾਲਸਾ’ ਦੇ ਅਧੂਰੇ ਬੋਲ ਦੁਹਰਾਉਣ ਦੀ ਥਾਂ ਇਸ ਦੇ ਪੂਰਨ ਸੱਚ ‘ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ’ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਇਸ ਤੁਕ ਵਿਚ ਆਕੀ ਦਾ ਭਾਵਅਰਥ ਰਾਜ ਤੋਂ ਆਕੀ ਹੋਣਾ ਨਹੀਂ, ਸਗੋਂ ਹੁਕਮੁ ਭਾਵ ਕੁਦਰਤੀ ਨੇਮਾਂ ਤੋਂ ਆਕੀ ਹੋਣਾ ਹੈ। ਇਸ ਪ੍ਰਸੰਗ ਵਿਚ ਪੰਜਾਬ ਅੰਦਰ ਖਾਲਸਾ ਰਾਜ ਦੀ ਕਾਇਮੀ ਦਾ ਮੰਤਵ, ਪੰਜਾਬ ਦੇ ਸਮੁੱਚੇ ਕੁਦਰਤੀ ਵਸੀਲਿਆਂ ਨੂੰ ਸਮੂਹਿਕ ਤੌਰ ‘ਤੇ ਇਸ ਤਰ੍ਹਾਂ ਵਿਉਂਤਣਾ ਹੈ ਕਿ ਕੁਦਰਤ ਨਾਲ ਇਕਸੁਰ ਜੀਵਨ ਬਸਰ ਕਰਦਿਆਂ ਪੰਜਾਬ ਦੇ ਸਾਰੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਹੋ ਸਕੇ।
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇਦੁੰ ਤਪੈ ਭੇਖਾਰੀ॥
ਮਾਨੈ ਹੁਕਮ ਸੋਹੈ ਦਰ ਸਾਚੈ ਆਕੀ ਮਰਹਿ ਅਫਾਰੀ॥ (ਪੰਨਾ 991)
ਭਾਵ ਸਿਰਜਣਹਾਰ ਉਸ ਕਰਤਾ ਦੇ ਦਰਬਾਰ ਵਿਚ ਬ੍ਰਹਮਾ, ਵਿਸ਼ਨੂੰ, ਸ਼ਿਵਜੀ ਤੇ ਇੰਦਰ ਸਮੇਤ ਸਾਰੇ ਰਿਖੀ, ਮੁਨੀ, ਤਪੀ ਭਿਖਾਰੀ ਹਨ। ਉਸ ਦੇ ਦਰਬਾਰ ਵਿਚ ਸਿਰਫ ਓਹੀ ਸ਼ੋਭਦੇ ਹਨ, ਜੋ ਉਸ ਦੇ ਹੁਕਮੁ (ਦਸਤੂਰ) ਨੂੰ ਮੰਨਦੇ ਹਨ। ਉਸ ਦੇ ਹੁਕਮੁ ਤੋਂ ਆਕੀ ਭਾਵ ਬਾਗੀ ਆਪਣੇ ਅਫਰੇਵੇਂ (ਹਉਮੈ) ਨਾਲ ਹੀ ਮਰ ਜਾਂਦੇ ਹਨ।