ਸਮਾਜਿਕ ਏਕਤਾ ਅਤੇ ‘ਇਕ ਪਿੰਡ ਇਕ ਗੁਰਦੁਆਰਾ ਮੁਹਿੰਮ’

ਤਲਵਿੰਦਰ ਸਿੰਘ ਬੁੱਟਰ
ਫੋਨ: 91-98780-70008
ਦੇਰ ਨਾਲ ਹੀ ਸਹੀ, ਆਖ਼ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਮਾਜ ਅੰਦਰ ਵੰਡੀਆਂ ਦਾ ਕਾਰਨ ਬਣ ਰਹੇ ਪਿੰਡਾਂ, ਨਗਰਾਂ ਵਿਚ ਜਾਤਾਂ ਅਤੇ ਧੜੇਬੰਦੀਆਂ ‘ਤੇ ਆਧਾਰਤ ਗੁਰਦੁਆਰਿਆਂ ਦੇ ਰੁਝਾਨ ਨੂੰ ਰੋਕਣ ਲਈ ਗੰਭੀਰਤਾ ਦਿਖਾਉਣ ਲੱਗੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪਹਿਲਕਦਮੀ ਸਦਕਾ ਅੰਤ੍ਰਿੰਗ ਕਮੇਟੀ ਵਲੋਂ ਫਤਹਿਗੜ੍ਹ ਸਾਹਿਬ ਵਿਖੇ ਮਤਾ ਪਾਸ ਕਰ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਪਸੀ ਮੇਲ-ਮਿਲਾਪ ਅਤੇ ਮਿਲਵਰਤਨ ਵਧਾਉਣ, ਜਾਤਾਂ-ਪਾਤਾਂ ਅਤੇ ਬਿਰਾਦਰੀਆਂ ਦੀ ਵਿਥ ਖ਼ਤਮ ਕਰਨ, ਗੁਰਦੁਆਰਿਆਂ ਨੂੰ ਸਾਰਥਕ ਰੂਪ ਵਿਚ ਗੁਰੂ ਸਾਹਿਬਾਨ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਦੇ ਪ੍ਰਤੀਕ ਬਣਾਉਣ ਅਤੇ ਪੰਥਕ ਏਕਤਾ ਲਈ ‘ਇਕ ਪਿੰਡ, ਇਕ ਗੁਰਦੁਆਰਾ ਲਹਿਰ’ ਆਰੰਭ ਕਰਨ ਦਾ ਫੈਸਲਾ ਕੀਤਾ ਗਿਆ।

ਇਸ ਤਹਿਤ ਸ਼੍ਰੋਮਣੀ ਕਮੇਟੀ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਚਾਇਤਾਂ ਨੂੰ ਸਨਮਾਨਿਤ ਕਰੇਗੀ ਜੋ ਆਪਣੇ ਪਿੰਡਾਂ ਵਿਚ ਇਕ ਗੁਰਦੁਆਰਾ ਰੱਖਣ ਦਾ ਫੈਸਲਾ ਕਰਨਗੀਆਂ। ਇਸ ਫੈਸਲੇ ਤਹਿਤ ਸ਼੍ਰੋਮਣੀ ਕਮੇਟੀ ਨੇ ਇਕ ਤੋਂ ਵੱਧ ਗੁਰਦੁਆਰਿਆਂ ਤੋਂ ਇਕ ਗੁਰਦੁਆਰਾ ਕਰਨ ਵਾਲੇ ਪਿੰਡਾਂ ਵਿਚ ਬਾਕੀ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਪਿੰਡ ਦੇ ਲੋਕਾਂ ਲਈ ਲਾਇਬ੍ਰੇਰੀਆਂ, ਡਿਸਪੈਂਸਰੀਆਂ, ਖੇਡ ਕਲੱਬਾਂ ਜਾਂ ਗੁਰਬਾਣੀ, ਕੀਰਤਨ ਸਿਖਲਾਈ ਕੇਂਦਰਾਂ ਵਰਗੇ ਸਦ-ਕਾਰਜਾਂ ਲਈ ਵਰਤਣ ਦਾ ਸੁਝਾਅ ਵੀ ਦਿੱਤਾ ਹੈ ਜੋ ਸਮਾਜ ਦੀ ਭਲਾਈ ਲਈ ਗੁਰਮਤਿ ਦੇ ਸਰਬ ਸਾਂਝੀਵਾਲਤਾ ਵਾਲੇ ਪਸੰਗ ਵਿਚ ਬਿਹਤਰ ਸੰਕਲਪ ਹੈ। ਲਹਿਰ ਦੀ ਆਰੰਭਤਾ ਜਗਰਾਉਂ ਜ਼ਿਲ੍ਹੇ ਦੇ 15 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਚੱਕਰ ਤੋਂ ਹੋਈ, ਜਿਥੇ ਇਕੋ ਗੁਰਦੁਆਰੇ ਵਿਚ ਜਾਤ-ਪਾਤ ਅਤੇ ਧੜੇਬਾਜ਼ੀ ਤੋਂ ਉਪਰ ਉਠ ਕੇ ਸਾਰੀਆਂ ਸੰਗਤਾਂ ਇਕਜੁਟ ਹੋ ਕੇ ਨਤਮਸਤਕ ਹੁੰਦੀਆਂ ਹਨ। ਇਸ ਤੋਂ ਬਾਅਦ ਮਾਲਵੇ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਧੂੜਕੋਟ ਦੀਆਂ ਸੰਗਤਾਂ ਨੇ ਵੀ ਪਿੰਡ ਵਿਚ ਦੋ ਤੋਂ ਇਕ ਗੁਰਦੁਆਰਾ ਕਰਨ ਦਾ ਫੈਸਲਾ ਕੀਤਾ ਹੈ।
ਗੁਰਦੁਆਰਾ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਬਹੁਮੁਖੀ ਕੇਂਦਰੀ ਸੰਸਥਾ ਹੈ। ਗੁਰਦੁਆਰਾ ਸਿੱਖ ਧਰਮ, ਪੰਥ ਅਤੇ ਸਮਾਜ ਦਾ ਕੇਵਲ ਧਰਮ ਸਥਾਨ ਹੀ ਨਹੀਂ, ਸਗੋਂ ਇਹ ਸਮੁਚੇ ਸਿੱਖੀ ਜੀਵਨ ਅਤੇ ਸਮਾਜਿਕ-ਮਨੁੱਖੀ ਸਰੋਕਾਰਾਂ ਦਾ ਕੇਂਦਰੀ ਧੁਰਾ ਹੈ। ਗੁਰਦੁਆਰਾ ਸੰਸਥਾ ਦਾ ਮੂਲ ਮਕਸਦ ਧਰਮ ਦੇ ਨਾਲ ਨਾਲ ਬਹੁਪੱਖੀ ਸਮਾਜ ਭਲਾਈ ਦੇ ਕਾਰਜ ਕਰਦਿਆਂ ਸਿੱਖੀ ਦੇ ਸੁਨੇਹੇ ਨੂੰ ਸਿੱਖ ਪੰਥ ਤੇ ਸਮਾਜ ਦੇ ਚਾਰੇ ਪਾਸੇ ਤੱਕ ਪਹੁੰਚਾਉਣਾ ਹੈ। ਗੁਰਦੁਆਰਾ ਸੰਸਥਾ ਦੇ ਸੰਕਲਪ, ਬਹੁਮੁਖੀ ਉਦੇਸ਼ਾਂ ਅਤੇ ਕਾਰਜਾਂ ਨੂੰ ਸਮਝਣ ਲਈ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਦਿੱਤੀ ਪਰਿਭਾਸ਼ਾ ਇਉਂ ਹੈ: ‘ਗੁਰਦੁਆਰਾ ਉਹ ਪਵਿਤਰ ਸਥਾਨ ਹੈ, ਜਿਥੇ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇ। ਗੁਰਦੁਆਰੇ ਵਿਦਿਆਰਥੀਆਂ ਲਈ ਸਕੂਲ, ਆਤਮ-ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫਾਖ਼ਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤ ਦੀ ਪੱਤ ਰੱਖਣ ਲਈ ਲੋਹਮਈ ਦੁਰਗਾ ਤੇ ਮੁਸਾਫਰਾਂ ਲਈ ਵਿਸ਼ਰਾਮ ਘਰ ਹੁੰਦੇ ਹਨ।’
ਗੁਰੂ ਸਾਹਿਬਾਨ ਦੀ ਸਿਧਾਂਤਕ ਵਿਚਾਰਧਾਰਾ ਦਾ ਮਰਿਯਾਦਾਬੱਧ ਪ੍ਰਚਾਰ ਭਾਵੇਂ ਗੁਰਦੁਆਰਾ ਸੰਸਥਾ ਦਾ ਮੁੱਖ ਕਾਰਜ ਹੈ, ਪਰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਸਿੱਟੇ ਹਾਸਲ ਕਰਨ ਲਈ ਜਗਿਆਸੂਆਂ ਲਈ ਗਿਆਨ ਦੀ ਪਾਠਸ਼ਾਲਾ, ਯਾਤਰੂਆਂ ਲਈ ਰਿਹਾਇਸ਼, ਭੁੱਖਿਆਂ ਲਈ ਲੰਗਰ, ਲੋੜਵੰਦ ਬਿਮਾਰਾਂ ਲਈ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਉਣਾ ਇਸ ਦੇ ਲਾਜ਼ਮੀ ਸੰਸਥਾਗਤ ਉਦੇਸ਼ ਹਨ। ਇਨ੍ਹਾਂ ਵਿਚੋਂ ਕਿਸੇ ਵੀ ਇਕ ਕੜੀ ਦਾ ਕਮਜ਼ੋਰ ਹੋ ਜਾਣਾ, ਗੁਰਦੁਆਰਾ ਸੰਸਥਾ ਨੂੰ ਸੰਕਲਪਹੀਣ ਕਰ ਸਕਦਾ ਹੈ। ਗੁਰਦੁਆਰਾ ਸੰਸਥਾ ਦੀ ਪੁਰਾਤਨ ਸਮਿਆਂ ਵਿਚ ਸਾਡੇ ਮੁਢਲੇ ਸਮਾਜਿਕ ਅਤੇ ਮਨੁੱਖੀ ਜੀਵਨ ਦੇ ਵਿਕਾਸ ਵਿਚ ਵੱਡੀ ਦੇਣ ਰਹੀ ਹੈ। ਗੁਰਦੁਆਰੇ ਵਿਚੋਂ ਗੁਰੂ ਦੀ ਮੱਤ (ਧਾਰਮਿਕ ਤੇ ਨੈਤਿਕ ਗੁਣ) ਧਾਰਨ ਕਰ ਕੇ ਗੁਰਸਿੱਖ ਅਗਾਂਹ ਆਦਰਸ਼ਕ ਸਮਾਜ ਦੀ ਸਿਰਜਣਾ ਕਰਦੇ ਰਹੇ ਹਨ।
ਗੁਰਦੁਆਰਾ ਸਾਹਿਬਾਨ ਦਾ ਮੁਢਲੇ ਤੌਰ ‘ਤੇ ਮਾਂ-ਬੋਲੀ ਦੇ ਪ੍ਰਚਾਰ-ਪ੍ਰਸਾਰ ਵਿਚ ਵੀ ਵੱਡਾ ਯੋਗਦਾਨ ਰਿਹਾ ਹੈ। ਪੁਰਾਣੇ ਸਮਿਆਂ ਵਿਚ ਬਹੁਤ ਸਾਰੇ ਅਨਪੜ੍ਹ ਲੋਕ, ਜੋ ਕਦੇ ਸਕੂਲ ਵੀ ਨਹੀਂ ਗਏ, ਉਹ ਚੰਗੀ ਤਰ੍ਹਾਂ ਗੁਰਮੁਖੀ ਲਿਖਣੀ-ਪੜ੍ਹਨੀ ਗੁਰਦੁਆਰਿਆਂ ਵਿਚੋਂ ਹੀ ਸਿੱਖਦੇ ਸਨ। ਪਿੰਡਾਂ ਦੇ ਗੁਰਦੁਆਰੇ ਭਾਈਚਾਰੇ, ਏਕਤਾ ਅਤੇ ਸਦਭਾਵਨਾ ਦਾ ਵੀ ਮੁੱਖ ਕੇਂਦਰ ਹੁੰਦੇ ਸਨ। ਪਿੰਡਾਂ ਦੇ ਸਾਂਝੇ ਫੈਸਲੇ ਗੁਰਦੁਆਰਿਆਂ ਵਿਚ ਬੈਠ ਕੇ ਲਏ ਜਾਂਦੇ ਸਨ। ਭਾਈ-ਗ੍ਰੰਥੀ ਸਾਂਝੀਵਾਲਤਾ ਦੇ ਜ਼ਾਮਨ ਹੁੰਦੇ ਸਨ।
ਪਿੰਡਾਂ, ਨਗਰਾਂ ਵਿਚ ਇਕ ਤੋਂ ਵੱਧ ਗੁਰਦੁਆਰਿਆਂ ਦੀ ਉਸਾਰੀ ਦਾ ਮੁੱਖ ਕਾਰਨ ਭਾਵੇਂ ਸਾਡੀ ਸਮਾਜਿਕ ਬਣਤਰ ਵਿਚ ਡੂੰਘਾ ਧਸਿਆ ਜਾਤ-ਪਾਤ ਦਾ ਵਰਤਾਰਾ ਹੈ, ਪਰ ਇਸ ਦੇ ਨਾਲ ਨਾਲ ਸਿਆਸੀ ਅਹੁਦਿਆਂ ਅਤੇ ਚੌਧਰਾਂ ਦੀ ਭੁੱਖ ਵੀ ਇਸ ਦਾ ਵੱਡਾ ਕਾਰਨ ਬਣੀ।
ਗੁਰੂ ਸਾਹਿਬਾਨ ਨੇ ਤਾਂ ਜਾਤ-ਪਾਤ ਦਾ ਭਰਪੂਰ ਖੰਡਨ ਕਰਦਿਆਂ ਸਾਰੀ ਮਨੁੱਖਤਾ ਨੂੰ ਇਕ ਕਰ ਕੇ ਜਾਣਿਆ ਸੀ। ਗੁਰੂ ਸਾਹਿਬਾਨ ਨੇ ‘ਰੱਬੀ ਏਕਤਾ’ ਦਾ ਸੰਦੇਸ਼ ਦਿੱਤਾ ਅਤੇ ਇਹੀ ਸੰਦੇਸ਼ ਗੁਰਦੁਆਰਿਆਂ ਵਿਚੋਂ ਸਾਡੇ ਸਰਬਰਾਹ ਸੁਣਾਉਂਦੇ ਆਏ ਹਨ। ਗੁਰਮਤਿ ਅਨੁਸਾਰ ਰੱਬ ‘ਇਕ’ ਹੈ ਅਤੇ ਸਾਰੀ ਕਾਇਨਾਤ ਉਸੇ ‘ਕਰਤਾ ਪੁਰਖ’ ਦੀ ਸਿਰਜੀ ਹੋਈ ਹੈ। ਚਾਰੇ ਵਰਣਾਂ, ਜਾਤਾਂ ਤੇ ਖੇਤਰਾਂ ਦੇ ਲੋਕਾਂ ਵਿਚ ਇਕ ਅਕਾਲ ਪੁਰਖ ਦੀ ਹੀ ਜੋਤ ਜਗ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ ਤੋਂ ਇਲਾਵਾ ਵੱਖ ਵੱਖ ਜਾਤਾਂ, ਧਰਮਾਂ ਤੇ ਖਿੱਤਿਆਂ ਨਾਲ ਸਬੰਧਤ 15 ਭਗਤਾਂ, 11 ਭੱਟਾਂ, ਸੂਫੀ ਸੰਤਾਂ ਅਤੇ ਗੁਰੂ ਘਰ ਦੇ ਤਿੰਨ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਕਰ ਕੇ ਸਰਬ ਸਾਂਝੀਵਾਲਤਾ ਦਾ ਨਾਯਾਬ ਉਪਦੇਸ਼ ਦਿੱਤਾ ਗਿਆ ਹੈ ਪਰ ਸਮੇਂ ਦੇ ਨਾਲ ਵਰਣ ਵੰਡ ਸੋਚ ਦੇ ਪ੍ਰਭਾਵ ਅਤੇ ਸਮਾਜਿਕ ਪਧਰ ‘ਤੇ ਧਸੀ ਜਾਤ-ਪਾਤ ਕਾਰਨ ਸਿੱਖ ਸਮਾਜ ਅਤੇ ਚੌਧਰ ਦੀ ਲਾਲਸਾ ਕਾਰਨ ਸਿੱਖ ਲੀਡਰਸ਼ਿਪ ਨੇ ਗੁਰਦੁਆਰੇ ਤਾਂ ਕੀ, ਪਿੰਡਾਂ ਵਿਚ ਹੁਣ ਸ਼ਮਸ਼ਾਨਘਾਟ ਤੱਕ ਜਾਤਾਂ ਦੇ ਆਧਾਰ ‘ਤੇ ਵੰਡ ਲਏ ਹਨ। ਚੌਧਰਾਂ ਖ਼ਾਤਰ ਹੁਣ ਵਿਦੇਸ਼ਾਂ ਵਿਚ ਵੀ ਜਾਤ-ਪਾਤਾਂ, ਸੰਪਰਦਾਵਾਂ ਅਤੇ ਇਲਾਕਿਆਂ ਦੇ ਆਧਾਰ ‘ਤੇ ਕਿਰਾਏ ਦੀਆਂ ਇਮਾਰਤਾਂ ਵਿਚ ਸੰਸਥਾਵਾਂ, ਸੁਸਾਇਟੀਆਂ ਬਣਾ ਕੇ ਨਿੱਜੀ ਗੁਰਦੁਆਰੇ ਉਸਾਰਨ ਦਾ ਰੁਝਾਨ ਤੇਜ਼ ਹੋ ਰਿਹਾ ਹੈ।
ਕਾਫੀ ਅਰਸਾ ਪਹਿਲਾਂ ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਕ ਪਿੰਡ ਵਿਚ ਇਕੋ ਗੁਰਦੁਆਰਾ ਹੋਣ ਸਬੰਧੀ ਆਦੇਸ਼ ਜਾਰੀ ਹੋਇਆ ਸੀ, ਪਰ ਇਸ ਨੂੰ ਅਮਲ ਵਿਚ ਲਿਆਉਣ ਲਈ ਸ਼੍ਰੋਮਣੀ ਕਮੇਟੀ ਲੰਬਾ ਸਮਾਂ ਅਵੇਸਲੀ ਬਣੀ ਰਹੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਅਵੇਸਲੇਪਨ ਨੂੰ ਦੂਰ ਕਰਨ ਲਈ ਮੁਬਾਰਕਬਾਦ ਦੇ ਹੱਕਦਾਰ ਹਨ।
ਸ਼੍ਰੋਮਣੀ ਕਮੇਟੀ ਦੀ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਦੀ ਅਜੋਕੇ ਪ੍ਰਸੰਗ ਵਿਚ ਵੱਡੀ ਮਹੱਤਤਾ ਹੈ। ਜਿਨ੍ਹਾਂ ਪਿੰਡਾਂ ਵਿਚ ਇਕ ਤੋਂ ਵੱਧ ਗੁਰਦੁਆਰੇ ਹਨ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਸਤਿਕਾਰ ਅਤੇ ਮਾਣ-ਮਰਿਯਾਦਾ ਦੀ ਪਾਲਣਾ ਵੀ ਬਿਹਤਰ ਤਰੀਕੇ ਨਾਲ ਨਹੀਂ ਹੁੰਦੀ। ਬਹੁਤੇ ਪਿੰਡਾਂ ਵਿਚ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ, ਨਿਤਨੇਮ ਜਾਂ ਸ਼ਾਮ ਨੂੰ ਸੁੱਖ-ਆਸਨ ਵੇਲੇ ਗੁਰਦੁਆਰਿਆਂ ਅੰਦਰ ਭਾਈ ਜੀ ਤੋਂ ਇਲਾਵਾ ਕੋਈ ਨਹੀਂ ਹੁੰਦਾ। ਬਹੁਤੇ ਥਾਈਂ ਗਿਆਨਵਾਨ, ਯੋਗਤਾ ਪ੍ਰਾਪਤ, ਸੂਝਵਾਨ ਤੇ ਕਾਬਲ ਗ੍ਰੰਥੀ, ਪ੍ਰਚਾਰਕ ਅਤੇ ਸੇਵਾਦਾਰਾਂ ਦੀ ਵੀ ਅਣਹੋਂਦ ਹੈ। ਇਕ ਪਿੰਡ ਵਿਚ ਇਕੋ ਗੁਰਦੁਆਰਾ ਹੋਣ ਨਾਲ ਪਿੰਡ ਦੇ ਲੋਕ ਗ੍ਰੰਥੀ, ਕਥਾ ਵਾਚਕ ਅਤੇ ਸੇਵਾਦਾਰ ਕਾਬਲ, ਗਿਆਨੀ, ਸੁਲਝੇ ਅਤੇ ਵਧੇਰੇ ਸਿਖਿਅਤ ਰੱਖ ਸਕਣਗੇ। ਉਨ੍ਹਾਂ ਨੂੰ ਚੰਗੇ ਸੇਵਾ ਫਲ ਦਿੱਤੇ ਜਾ ਸਕਣਗੇ, ਤਾਂ ਜੋ ਸਾਡੇ ਗ੍ਰੰਥੀ, ਪ੍ਰਚਾਰਕ ਅਤੇ ਸੇਵਾਦਾਰ ਧਰਮ ਪ੍ਰਚਾਰ ਦੇ ਨਾਲ ਨਾਲ ਨਿਸ਼ਚਿੰਤ ਹੋ ਕੇ ਆਪਣੇ ਪਰਿਵਾਰਾਂ ਦੀ ਸਹੀ ਪਰਵਰਿਸ਼ ਕਰ ਸਕਣ।
ਪਿਛਲੇ ਸਮਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਇਕ ਵੱਡਾ ਕਾਰਨ ਪਿੰਡਾਂ ਦੇ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਵਿਚ ਪ੍ਰਬੰਧਕੀ ਅਵੇਸਲਾਪਨ ਵੀ ਸਾਹਮਣੇ ਆਇਆ ਸੀ। ਕਈ ਥਾਵਾਂ ‘ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦੀਆਂ ਘਟਨਾਵਾਂ ਵਾਪਰੀਆਂ। ਜੇ ਇਕ ਪਿੰਡ ਵਿਚ ਇਕ ਗੁਰਦੁਆਰਾ ਹੋਵੇਗਾ ਤਾਂ ਪਿੰਡ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਯਾਦਾਬੱਧ ਸੇਵਾ ਸੰਭਾਲ ਬਿਹਤਰੀਨ ਢੰਗ ਨਾਲ ਨਿਭਾਉਣ ਲਈ ਵਧੇਰੇ ਯਤਨਸ਼ੀਲ ਹੋ ਸਕਣਗੇ। ਗੁਰਦੁਆਰਾ ਸੰਸਥਾ ਆਪਣੇ ਮੂਲ ਸੰਕਲਪ ਵੱਲ ਸੇਧਿਤ ਹੋਵੇਗੀ ਅਤੇ ਸਿੱਖੀ ਦੇ ਬਹੁਪੱਖੀ ਪ੍ਰਚਾਰ-ਪ੍ਰਸਾਰ ਦਾ ਸਹੀ ਰੂਪ ਵਿਚ ਕੇਂਦਰ ਬਣੇਗੀ। ਗੁਰਦੁਆਰਿਆਂ ਦੇ ਚੜ੍ਹਾਵੇ ਨੂੰ ‘ਗ਼ਰੀਬ ਦਾ ਮੂੰਹ’ ਆਖਿਆ ਗਿਆ ਹੈ। ਪਿੰਡ ਵਿਚ ਇਕੋ ਗੁਰਦੁਆਰਾ ਹੋਣ ਕਾਰਨ ਚੜਾਵਾ ਇਕੋ ਥਾਂ ਇਕੱਠਾ ਹੋਵੇਗਾ ਅਤੇ ਦਸਵੰਧ ਰੂਪ ਵਿਚ ਇਸ ਚੜ੍ਹਾਵੇ ਦੀ ਗ਼ਰੀਬਾਂ, ਲੋੜਵੰਦਾਂ ਦੀ ਸਹਾਇਤਾ, ਸਿੱਖਿਆ, ਸਿਹਤ ਤੇ ਧਰਮ-ਗਿਆਨ ਦੇ ਪ੍ਰਸਾਰ ਅਤੇ ਹੋਰ ਸਮਾਜਿਕ ਸਰੋਕਾਰਾਂ ਲਈ ਸਦਵਰਤੋਂ ਹੋ ਸਕੇਗੀ। ਅਜਿਹੀ ਲਹਿਰ ਜਿਥੇ ਸਿੱਖ ਸਮਾਜ ਅੰਦਰ ਜਾਤ-ਪਾਤ ਦੀਆਂ ਵੰਡੀਆਂ ਨੂੰ ਖ਼ਤਮ ਕਰ ਕੇ ਗੁਰੂ ਸਾਹਿਬਾਨ ਦੇ ‘ਸਰਬ-ਸਾਂਝੀਵਾਲਤਾ’ ਅਤੇ ‘ਰੱਬੀ ਏਕਤਾ’ ਵਾਲੇ ਫਲਸਫੇ ਦੇ ਪ੍ਰਚਾਰ ਨੂੰ ਮੁਖਾਤਿਬ ਹੋ ਸਕਦੀ ਹੈ, ਉਥੇ ਸਮਾਜਿਕ ਏਕਤਾ ਵਿਚ ਵੀ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ। ਇਸ ਸਬੰਧੀ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਵੀ ਅੱਗੇ ਆ ਕੇ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।