ਗੁਲਜ਼ਾਰ ਸਿੰਘ ਸੰਧੂ
ਹਾਲ ਹੀ ਵਿਚ ਭਾਰਤ ਦੀ ਸੁਪਰੀਮ ਕੋਰਟ ਵਲੋਂ ਇੱਛਾ ਮ੍ਰਿਤੂ ਦੇ ਇਤਿਹਾਸਕ ਫੈਸਲੇ ਨੂੰ ਲੈ ਕੇ ਸਾਡੇ ਪਰਿਵਾਰ ਵਿਚ ਇਸ ਫੈਸਲੇ ਦੇ ਹਾਂ ਪੱਖੀ ਤੇ ਨਾਂਹ ਪੱਖੀ ਗੁਣਾਂ ਉਤੇ ਚਰਚਾ ਹੋਣੀ ਨਿਸ਼ਚਿਤ ਸੀ। ਕਾਰਨ ਇਹ ਕਿ ਮੇਰੀ ਪਤਨੀ ਸੁਰਜੀਤ ਮੈਡੀਕਲ ਡਾਕਟਰ ਹੈ ਤੇ ਇਸ ਵੇਲੇ ਉਸ ਦੇ ਭਤੀਜੇ-ਭਤੀਜੀਆਂ ਤੇ ਉਨ੍ਹਾਂ ਦੇ ਧੀਆਂ ਪੁੱਤਰਾਂ ਵਿਚ ਕੁਲ 13 ਡਾਕਟਰ ਹਨ। ਚੰਡੀਗੜ੍ਹ, ਅੰਮ੍ਰਿਤਸਰ, ਬਿਆਸ, ਫਰੀਦਕੋਟ ਤੇ ਰਾਂਚੀ ਵਿਚ ਹੀ ਨਹੀਂ,
ਨਿਊ ਔਰਲੀਅਨਜ਼, ਕੈਲੀਫੋਰਨੀਆ ਤੇ ਸਾਉਦੀ ਅਰਬ ਸਣੇ ਹੋਰ ਦੇਸ਼ਾਂ ਵਿਚ ਵੀ। ਸੁਰਜੀਤ ਸਭ ਤੋਂ ਵਡੇਰੀ ਉਮਰ ਦੀ ਹੋਣ ਕਾਰਨ ਉਹਦੇ ਕੋਲ ਹਰ ਤਰ੍ਹਾਂ ਦੀ ਟਿੱਪਣੀ ਪਹੁੰਚਦੀ ਰਹਿੰਦੀ ਹੈ। ਸਰਬਉਚ ਅਦਾਲਤ ਨੇ ਇੱਛਾ ਮੌਤ ‘ਤੇ ਆਪਣਾ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਸਨਮਾਨ ਨਾਲ ਮਰਨਾ ਹਰ ਇਨਸਾਨ ਦਾ ਹੱਕ ਹੈ। ਮਰ ਰਹੇ ਵਿਅਕਤੀ ਵੱਲੋਂ ਇੱਛਾ ਮੌਤ ਲਈ ਲਿਖੀ ਗਈ ਵਸੀਅਤ (ਲਿਵਿੰਗ ਵਿਲ) ਨੂੰ ਮਾਨਤਾ ਦੇਣ ਦੀ ਮੰਗ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਨੇ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਕੁਝ ਦਿਸ਼ਾ-ਨਿਰਦੇਸ਼ਾਂ ਨਾਲ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਇਸ ਇਛਾ ਜ਼ਰੀਏ ਵਿਅਕਤੀ ਇਹ ਕਹਿ ਸਕਦਾ ਹੈ ਕਿ ਜਦੋਂ ਉਹ ਅਜਿਹੀ ਹਾਲਤ ਵਿਚ ਪਹੁੰਚ ਜਾਂਦਾ ਹੈ, ਜਿਸ ਵਿਚ ਉਸ ਨੂੰ ਠੀਕ ਹੋਣ ਦੀ ਆਸ ਨਹੀਂ ਹੁੰਦੀ, ਤਾਂ ਉਸ ਨੂੰ ਜ਼ਬਰਦਸਤੀ ਲਾਈਫ ਸੁਪੋਰਟ ‘ਤੇ ਨਾ ਰੱਖਿਆ ਜਾਵੇ। ਇਥੇ ਐਕਟਿਵ ਯੂਥਨੇਸ਼ੀਆ, ਜਿਸ ਵਿਚ ਲਾਇਲਾਜ ਮਰੀਜ਼ ਨੂੰ ਟੀਕੇ ਨਾਲ ਮਾਰਿਆ ਜਾਂਦਾ ਹੈ, ਦੀ ਥਾਂ ਪੈਸਿਵ ਯੂਥਨੇਸ਼ੀਆ ਦੀ ਗੱਲ ਕੀਤੀ ਗਈ ਹੈ, ਜਿਸ ਵਿਚ ਕੌਮਾ (ਬੇਹੋਸ਼ੀ) ਦੀ ਹਾਲਤ ਵਿਚ ਲਾਇਲਾਜ ਮਰੀਜ ਨੂੰ ਵੈਂਟੀਲੇਟਰ ਸਿਸਟਮ ਤੋਂ ਕੱਢ ਕੇ ਮਰਨ ਦਿੱਤਾ ਜਾਂਦਾ ਹੈ। ਅਜਿਹਾ ਡਾਕਟਰ ਕਰ ਸਕਦਾ ਹੈ। ਇਸ ਵੇਲੇ ਕਿਸੇ ਵੀ ਕਾਨੂੰਨ ਦੇ ਨਾ ਹੋਣ ਕਰਕੇ ਮਰੀਜ ਨੂੰ ਜ਼ਬਰਦਸਤੀ ਲਾਈਫ ਸੁਪੋਰਟ ਸਿਸਟਮ ‘ਤੇ ਰੱਖਿਆ ਜਾਂਦਾ ਹੈ। ਵਿਚਾਰ-ਵਟਾਂਦਰੇ ਵਿਚ ਇਹ ਗੱਲ ਵੀ ਹੋਈ ਕਿ ਜੋ ਲੋਕ ਵਡੇਰੀ, ਭਾਵ 75 ਸਾਲ ਤੋਂ ਉਤੇ ਦੀ ਉਮਰ ‘ਚ ਇੱਛਾ ਮੌਤ ਚਾਹੁੰਦੇ ਹਨ ਅਤੇ ਇਸ ਦੀ ਲਿਸਟ ਡਾਕਟਰਾਂ ਅਤੇ ਪੁਲਿਸ ਕੋਲ ਮੌਜੂਦ ਹੈ, ਉਨ੍ਹਾਂ ਨੂੰ ਵੀ ਆਪਣੀ ਮੌਤ ਆਪ ਚੁਣਨ ਦਾ ਹੱਕ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਹ ਫੈਸਲਾ ਇਕ ਐਨ. ਜੀ. ਓ. ‘ਕਾਮਨ ਕਾਜ਼’ ਵਲੋਂ ਦਾਇਰ ਕੀਤੀ ਇਕ ਪਟੀਸ਼ਨ ‘ਤੇ ਦਿਤਾ ਹੈ। ਜਿਸ ਤਰ੍ਹਾਂ ਸੰਵਿਧਾਨ ਦੀ ਧਾਰਾ 21 ਤਹਿਤ ਨਾਗਰਿਕਾਂ ਨੂੰ ਜਿਉਣ ਦਾ ਹੱਕ ਦਿੱਤਾ ਗਿਆ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਮਰਨ ਦਾ ਹੱਕ ਦਿੱਤੇ ਜਾਣ ਵਿਚ ਸਨਮਾਨ ਨਾਲ ਬਿਨਾ ਦਰਦ ਦੇ ਮਰਨ ਦਾ ਹੱਕ ਵੀ ਜੋੜ ਦਿੱਤਾ ਗਿਆ ਹੈ। ਹੁਣ ਕੋਈ ਵੀ ਮਰੀਜ ਇੱਛਾ ਮੌਤ ਵਸੀਅਤ ਅਧੀਨ ਅਗਾਊਂ ਬਿਆਨ ਰਾਹੀਂ ਇਹ ਹਦਾਇਤ ਦੇ ਸਕਦਾ ਹੈ ਕਿ ਉਸ ਦੀ ਜ਼ਿੰਦਗੀ ਨੂੰ ਵੈਂਟੀਲੇਟਰ ਜਾਂ ਲਾਈਫ ਸੁਪੋਰਟ ਸਿਸਟਮ ਰਾਹੀਂ ਲੰਮਾ ਨਾ ਖਿੱਚਿਆ ਜਾਵੇ। ਸੁਪਰੀਮ ਕੋਰਟ ਦਾ ਇਹ ਫੈਸਲਾ 42 ਸਾਲ ਤੱਕ ਕੌਮਾ ‘ਚ ਰਹੀ ਅਰੁਣਾ ਸ਼ਾਨਬਾਗ ਦੀ ਮੌਤ ਤੋਂ ਕਰੀਬ 3 ਸਾਲ ਬਾਅਦ ਆਇਆ ਹੈ। ਨਵੰਬਰ 1973 ਵਿਚ ਅਰੁਣਾ ਸ਼ਾਨਬਾਗ ਨਾਲ ਮੁੰਬਈ ਦੇ ਕੇ. ਈ. ਐਮ. ਹਸਪਤਾਲ ‘ਚ ਇਕ ਵਾਰਡ ਬੁਆਏ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਸੀ। ਉਸ ਵਲੋਂ ਅਰੁਣਾ ਦੇ ਗਲੇ ‘ਚ ਜ਼ੰਜੀਰ ਪਾਉਣ ਕਾਰਨ ਉਹ ਕੌਮਾ ‘ਚ ਚਲੀ ਗਈ ਸੀ। ਕੌਮਾ ‘ਚ ਪਹੁੰਚ ਕੇ ਮਰੀਜ ਇਸ ਹਾਲਤ ‘ਚ ਨਹੀਂ ਹੁੰਦਾ ਕਿ ਆਪਣੀ ਇੱਛਾ ਪ੍ਰਗਟਾ ਸਕੇ।
ਬਹੁਤ ਘਟ ਲੋਕਾਂ ਨੂੰ ਪਤਾ ਹੋਵੇਗਾ ਕਿ ਡਾ. ਐਮ. ਐਸ਼ ਰੰਧਾਵਾ ਦੀ ਜਰਮਨ ਨੂੰਹ ਇਕ ਮੋਟਰ ਸਾਈਕਲ ਦੀ ਫੇਟ ਲੱਗਣ ਨਾਲ ਏਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਕਿ ਡੇਢ ਸਾਲ ਕੌਮਾ ਵਿਚ ਰਹੀ। ਉਸ ਦਾ ਦੁਖਦਾਈ ਅੰਤ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਹੋਇਆ ਕਿਉਂਕਿ ਉਸ ਦੇ ਬੱਚੇ ਤੇ ਡਾਕਟਰ ਫੈਸਲਾ ਨਹੀਂ ਸਨ ਲੈ ਸਕਦੇ। ਹੁਣ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਨਾਲ ਅਜਿਹੀ ਮੁਸ਼ਕਿਲ ਨਹੀਂ ਆਉਣ ਲੱਗੀ।
ਸੁਖਬੀਰ ਬਾਦਲ ਦੀ ਮਾਇਆ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਗੱਦੀ ਛੱਡੇ ਤਾਂ ਉਹ ਪੰਜਾਬ ਦਾ ਖਜਾਨਾ ਦੋ ਮਹੀਨੇ ਵਿਚ ਭਰਾ ਦੇਣਗੇ ਜਾਂ ਭਰ ਦੇਣਗੇ। ਪੁੱਛਣ ਵਾਲੇ ਪੁਛਦੇ ਹਨ ਕਿ ਬਾਦਲ ਨੂੰ ਕਿਵੇਂ ਪਤਾ ਕਿ ਉਹ ਮਾਇਆ ਕਿੱਥੇ ਪਈ ਹੈ ਜਾਂ ਦੋ ਮਹੀਨੇ ਵਿਚ ਕਿੰਨੀ ਦੂਰ ਤੋਂ ਆਉਣੀ ਹੈ? ਪੁਛਣ ਵਾਲੇ ਇਹ ਨਹੀਂ ਜਾਣਦੇ ਕਿ ਪੱਤਰਕਾਰਾਂ ਕੋਲ ਸਭ ਗੱਲਾਂ ਦੇ ਉਤਰ ਨਹੀਂ ਹੁੰਦੇ।
ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਦੁੱਖ: ਬੀਤੇ ਹਫਤੇ ਕਿਸਾਨ ਭਵਨ, ਚੰਡੀਗੜ੍ਹ ਵਿਚ ‘ਪਿੰਡ ਬਚਾਓ, ਪੰਜਾਬ ਬਚਾਓ’ ਨਾਂ ਦੀ ਸੰਸਥਾ ਨੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਮਸਲੇ ‘ਤੇ ਚਰਚਾ ਕੀਤੀ। ਇਸ ਵਿਚ ਉਨ੍ਹਾਂ ਪਰਿਵਾਰਾਂ ਦੇ ਦੁਖੜੇ ਸੁਣੇ ਗਏ ਜਿਨ੍ਹਾਂ ਦੇ ਮੈਂਬਰਾਂ ਨੇ ਆਤਮ ਹੱਤਿਆ ਕੀਤੀ ਸੀ। ਇੱਕ ਮਾਈ ਨੇ ਆਪਣੇ ਪੁੱਤਰ ਦੇ ਦੁਖ ਭੁਲਾ ਕੇ ਆਪਣੇ ਪੋਤਰੇ ਦਾ ਵਾਸਤਾ ਪਾ ਕੇ ਕਿਹਾ, ਜੇ ਉਨ੍ਹਾਂ ਦਾ ਰਹਿੰਦਾ ਕਰਜ਼ਾ ਮੁਆਫ ਹੋ ਜਾਵੇ ਤਾਂ ਪੋਤਰਾ ਆਪਣੀ ਪੜ੍ਹਾਈ ਜਾਰੀ ਰੱਖ ਸਕਦਾ ਹੈ। ਪੋਤਰਾ ਇਸ ਵੇਲੇ ਫੀਸ ਖੁਣੋ ਸਕੂਲ ਜਾਣ ਤੋਂ ਅਸਮਰੱਥ ਹੈ। ਉਸ ਨੇ ਪੋਤਰੇ ਵਲੋਂ ਪ੍ਰਾਪਤ ਚੰਗੇ ਨੰਬਰਾਂ ਦੇ ਵੇਰਵੇ ਵੀ ਦਿੱਤੇ ਜੋ ਉਹ ਆਪਣੇ ਪਿਤਾ ਦੇ ਜਿਉਂਦੇ ਜੀਅ ਲੈਂਦਾ ਰਿਹਾ ਸੀ।
ਕੁਝ ਮੈਂਬਰਾਂ ਨੇ ਮ੍ਰਿਤਕਾਂ ਦੇ ਪੋਸਟ ਮਾਰਟਮ ਨਾ ਕਰਾਉਣ ਜਾਂ ਆਤਮ ਹੱਤਿਆ ਦੀ ਪੁਲਿਸ ਰਿਪੋਰਟ ਨਾ ਕਰਾਉਣ ਕਾਰਨ ਹੋ ਰਹੀ ਖਜਲ ਖੁਆਰੀ ਦਾ ਜ਼ਿਕਰ ਵੀ ਕੀਤਾ ਜਿਸ ਉਤੇ ਲੋੜੀਂਦੀ ਨਜ਼ਰਸਾਨੀ ਕਰਨ ਦਾ ਵਚਨ ਦਿੱਤਾ ਗਿਆ। ਭਾਵੇਂ ਪੀੜਤ ਪਰਿਵਾਰਾਂ ਦੇ ਦੁੱਖ ਦਾ ਪੂਰਾ ਹੱਲ ਤਾਂ ਨਹੀਂ ਲਭਿਆ ਪਰ ਇਸ ਚਰਚਾ ਨੇ ਹਾਜ਼ਰ ਲੋਕਾਂ ਨੂੰ ਥੋੜ੍ਹਾ ਬਹੁਤ ਧਰਵਾਸ ਜ਼ਰੂਰ ਦਿੱਤਾ ਹੈ। ਪੀੜਤ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ, ਪਰ ਕਿਸਾਨ-ਮਜ਼ਦੂਰਾਂ ਨੂੰ ਕਰਜਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ ਅਤੇ ਕਰਜੇ ਦੀ ਰਕਮ ਉਸ ਕੰਮ ਲਈ ਹੀ ਵਰਤਣੀ ਚਾਹੀਦੀ ਹੈ ਜਿਸ ਵਾਸਤੇ ਲਈ ਜਾਂਦੀ ਹੈ। ਮਸਲਾ ਗੰਭੀਰ ਹੈ ਤੇ ਗੌਰ ਮੰਗਦਾ ਹੈ।
ਅੰਤਿਕਾ: (ਜ਼ਿੰਦਗੀ ਤੇ ਮੌਤ ਦੀਆਂ ਗੱਲਾਂ)
ਦੋ ਪੈਰ ਘਟ ਤੁਰਨਾ,
ਤੁਰਨਾ ਮੜਕ ਦੇ ਨਾਲ।
ਦੋ ਦਿਨ ਘਟ ਜੀਣਾ,
ਜੀਣਾ ਮੜਕ ਦੇ ਨਾਲ। (ਲੋਕ ਟੱਪੇ)
—
ਮਰ ਕੇ ਵੀ ਉਹ ਫੇਰ ਜ਼ਿੰਦਾ ਹੋ ਗਿਆ
ਮੌਤ ਕੋਲੋਂ ਜੋ ਕਦੇ ਡਰਿਆ ਨਹੀਂ। (ਪ੍ਰੀਤਮ ਸਿੰਘ ਰਾਹੀ)
—
ਅਹਿਦ-ਏ-ਜਵਾਨੀ ਰੋ ਰੋ
ਕਾਟਾ ਪੀਰੀ ਮੇਂ ਲੀ ਆਂਖੇਂ ਮੂੰਦ,
ਯਾਨਿ ਰਾਤ ਬਹੁਤ ਥੇ ਜਾਗੇ
ਸੁਬ੍ਹਾ ਹੂਈ ਆਰਾਮ ਕੀਆ। (ਮੀਰ ਤਕੀ ਮੀਰ)