ਪਰਦੀਪ ਸੈਨ ਹੋਜੇ
ਸਭਿਅਕ ਦੇਸ਼ਾਂ ਵਿਚ ਆਮ ਤੌਰ ‘ਤੇ ਚੰਗੇ ਨਾਮੀ ਪਰਿਵਾਰਾਂ ਦੀ ਔਲਾਦ ਵੀ ਵਧੀਆ ਹੁੰਦੀ ਹੈ। ਉਨ੍ਹਾਂ ਦੇ ਬੱਚਿਆਂ ਦਾ ਪਾਲਣ-ਪੋਸਣ ਵੀ ਚੰਗੇ ਢੰਗ ਨਾਲ ਹੁੰਦਾ ਹੈ। ਉਹ ਉਚ ਦਰਜੇ ਦੇ ਸਕੂਲਾਂ-ਕਾਲਜਾਂ ਵਿਚ ਸਿਖਿਆ ਪ੍ਰਾਪਤ ਕਰਦੇ ਹਨ। ਮਾਪੇ, ਉਨ੍ਹਾਂ ਦੀ ਸੋਚ ਨੂੰ ਤਰਾਸ਼ ਕੇ ਚੰਗੇ ਤੇ ਸਫਲ ਰਸਤੇ ਵੱਲ ਨੂੰ ਤੋਰਦੇ ਹਨ। ਇਹ ਲੋਕ ਅਮੀਰ ਕਾਰੋਬਾਰੀ ਹੁੰਦੇ ਹਨ ਜਾਂ ਉਚ ਪੱਧਰ ਦੇ ਸਿਆਸੀ ਨੇਤਾ।
ਅਮਰੀਕਾ ਦੇ ਮਸ਼ਹੂਰ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਦੀ ਧੀ ਪੈਟੀ ਡੇਵਿਸ ਵੀ ਹਮੇਸ਼ਾ ਚਰਚਾ ਵਿਚ ਰਹੀ ਹੈ ਪਰ ਵਜ੍ਹਾ ਕੁਝ ਹੋਰ ਸੀ। ਇਹ ਗੱਲ ਤਾਂ ਉਸ ਦੇ ਨਾਂ ਤੋਂ ਪਤਾ ਲੱਗਦੀ ਹੈ ਕਿ ਉਹ ਪੈਟੀ ਰੀਗਨ ਦੀ ਥਾਂ ਪੈਟੀ ਡੇਵਿਸ ਲਿਖਦੀ ਹੈ। ਉਹ ਆਪਣੀ ਅਲੱਗ ਆਜ਼ਾਦ ਪਛਾਣ ਬਣਾਉਣਾ ਚਾਹੁੰਦੀ ਸੀ। ਆਪਣੇ ਪਿਓ ਰੀਗਨ ਦੇ ਨਾਂ ਦਾ ਸਹਾਰਾ ਨਹੀਂ ਲੈਣਾ ਚਾਹੁੰਦੀ ਸੀ। ਡੇਵਿਸ, ਉਸ ਦੀ ਮਾਂ ਨੈਂਸੀ ਰੀਗਨ ਦਾ ਵਿਚਕਾਰਲਾ ਨਾਂ ਸੀ।
ਪੈਟੀ ਬਚਪਨ ਤੋਂ ਹੀ ਬਾਗੀ ਸੁਰ ਵਾਲੀ ਕੁੜੀ ਸੀ। ਆਪਣੀ ਮਾਂ ਨਾਲ ਝਗੜਾ, ਡਰੱਗ ਲੈਣਾ, ਪਿਓ ਦੇ ਵਿਚਾਰਾਂ ਦਾ ਵਿਰੋਧ ਕਰਨਾ ਅਤੇ ਸੋਲਾਂ ਸਾਲ ਦੀ ਉਮਰ ਵਿਚ ਹੀ ਰੋਮਾਂਸ ਵਾਲੇ ਚੱਕਰਾਂ ਵਿਚ ਪੈਣਾ, ਇਹ ਸਭ ਕੁਝ ਪੈਟੀ ਨੇ ਸ਼ੱਰ੍ਹੇਆਮ ਕੀਤਾ। ਉਸ ਦਾ ਪਿਓ ਰੀਗਨ ਅੱਠ ਸਾਲ ਅਮਰੀਕਾ ਦਾ ਪ੍ਰੈਜ਼ੀਡੈਂਟ ਰਿਹਾ ਪਰ ਪੈਟੀ ਸਿਰਫ ਚਾਰ-ਪੰਜ ਵਾਰ ਵ੍ਹਾਈਟ ਹਾਊਸ ਗਈ। ਆਪਣੀ ਕਿਤਾਬ ‘ਠਹe ੱਅੇ ੀ ੰee ੀਟ’ ਵਿਚ ਉਸ ਨੇ ਆਪਣੇ ਬਾਰੇ ਅਤੇ ਰੀਗਨ ਪਰਿਵਾਰ ਬਾਰੇ ਖੁੱਲ੍ਹ ਕੇ ਲਿਖਿਆ ਹੈ।
ਪੈਟੀ ਦਾ ਜਨਮ 21 ਅਕਤੂਬਰ 1952 ਨੂੰ ਲਾਸ ਏਂਜਲਸ ਵਿਚ ਰੋਨਾਲਡ ਅਤੇ ਨੈਂਸੀ ਰੀਗਨ ਦੇ ਘਰ ਹੋਇਆ। ਉਸ ਦਾ ਬਚਪਨ ਦਾ ਨਾਂ ਪੈਟਰੀਸ਼ੀਆ ਐਨ. ਰੀਗਨ ਸੀ। ਉਸ ਦੀ ਮਾਂ ਅਨੁਸਾਰ ਪੈਟੀ ਸਮੇਂ ਤੋਂ ਪਹਿਲਾਂ ਪੈਦਾ ਹੋਈ ਸੀ। ਪਰ ਪੈਟੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਸ਼ਾਦੀ ਤੋਂ ਪਹਿਲਾਂ ਗਰਭਵਤੀ ਹੋ ਗਈ ਸੀ, ਜੋ ਇਕ ਕ੍ਰਿਸ਼ਚੀਅਨ ਪਰਿਵਾਰ ਲਈ ਸ਼ਰਮ ਵਾਲੀ ਗੱਲ ਸੀ। ਇਸ ਗੱਲ ਨੂੰ ਲੁਕਾਉਣ ਲਈ ਉਸ ਝੂਠ ਬੋਲਿਆ। ਨੈਂਸੀ ਰੀਗਨ ਆਪਣੀ ਪਹਿਲੀ ਔਲਾਦ ਨੂੰ ਮੁੰਡੇ ਦੇ ਰੂਪ ਵਿਚ ਵੇਖਣਾ ਚਾਹੁੰਦੀ ਸੀ, ਇਸ ਕਰਕੇ ਉਹ ਪੈਟੀ ਦੇ ਜਨਮ ਤੋਂ ਖੁਸ਼ ਨਹੀਂ ਸੀ। ਬਾਅਦ ਵਿਚ ਉਸ ਦੇ ਭਰਾ ਰੌਨ ਨੇ ਜਨਮ ਲਿਆ ਪਰ ਪੈਟੀ ਕਦੀ ਵੀ ਆਪਣੀ ਮਾਂ ਦੀ ਪਸੰਦ ਨਾ ਬਣ ਸਕੀ। ਬਚਪਨ ਤੋਂ ਹੀ ਨਿੱਕੀ-ਨਿੱਕੀ ਗੱਲ ਤੋਂ ਆਪਣੀ ਮਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ। ਕਈ ਵਾਰ ਸੜਕ ਉਪਰ ਕਾਰ ਖੜ੍ਹੀ ਕਰਕੇ ਪੈਟੀ ਨੂੰ ਕੁਟਿਆ ਵੀ ਗਿਆ।
ਨੈਂਸੀ ਅਤੇ ਰੀਗਨ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ, ਪੈਟੀ ਦੇ ਦੱਸਣ ‘ਤੇ ਵੀ ਉਸ ਦੇ ਪਿਓ ਨੇ ਉਸ ਦਾ ਯਕੀਨ ਨਾ ਕੀਤਾ। ਉਸ ਦੀ ਮਾਂ ਪੈਟੀ ਦੇ ਭਰਾ ਨੂੰ ਵੀ ਉਸ ਤੋਂ ਦੂਰ ਰੱਖਦੀ ਸੀ। ਪੈਟੀ ਅਨੁਸਾਰ ਘਰ ਵਿਚ ਕੰਮ ਕਰਦੇ ਨੌਕਰਾਂ ਨਾਲ ਵੀ ਉਸ ਦੀ ਮਾਂ ਦਾ ਵਿਹਾਰ ਚੰਗਾ ਨਹੀਂ ਸੀ, ਇਸ ਕਰਕੇ ਨੌਕਰ ਛੇਤੀ ਕੰਮ ਛੱਡ ਜਾਂਦੇ ਸਨ।
ਕਿਸੇ ਸਮੇਂ ਨੈਂਸੀ ਅਤੇ ਰੀਗਨ ਹਾਲੀਵੁੱਡ ਵਿਚ ਕੰਮ ਕਰਦੇ ਸਨ। ਪੈਟੀ ਦੇ ਬਚਪਨ ਸਮੇਂ ਰੀਗਨ ਜਨਰਲ ਇਲੈਕਟ੍ਰਿਕ ਨਾਂ ਦੀ ਕੰਪਨੀ ਵਿਚ ਕੰਮ ਕਰਦਾ ਸੀ। ਘਰ ਦੀ ਹਾਲਤ ਠੀਕ ਹੀ ਸੀ ਪਰ ਰਾਜਨੀਤੀ ਦੀ ਚਰਚਾ ਹਮੇਸ਼ਾ ਹੁੰਦੀ ਸੀ। ਰੀਗਨ ਰਿਪਬਲਿਕਨ ਪਾਰਟੀ ਦਾ ਚੋਟੀ ਦਾ ਲੀਡਰ ਸੀ। ਜਦ ਨਿਕਸਨ ਪ੍ਰੈਜ਼ੀਡੈਂਟ ਦੀ ਚੋਣ ਕੈਨੇਡੀ ਨੂੰ ਹਾਰ ਗਿਆ ਤਾਂ ਰੀਗਨ ਨੂੰ ਬਹੁਤ ਦੁੱਖ ਹੋਇਆ। ਉਹ ਕੈਨੇਡੀ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਸੀ ਕਰਦਾ ਤੇ ਮਾਰਟਨ ਲੂਥਰ ਕਿੰਗ ਦਾ ਵੀ ਆਪਣੇ ਮਨੋ ਵਿਰੋਧ ਕਰਦਾ ਸੀ। ਕਮਿਊਨਿਸਟਾਂ ਨੂੰ ਤਾਂ ਉਹ ਦੁਸ਼ਮਣ ਸਮਝਦਾ ਸੀ।
ਪਰ ਪੈਟੀ ਦੇ ਵਿਚਾਰ ਆਪਣੇ ਪਿਓ ਤੋਂ ਬਿਲਕੁਲ ਉਲਟ ਸਨ। ਉਸ ਨੂੰ ਪ੍ਰੈਜ਼ੀਡੈਂਟ ਕੈਨੇਡੀ ਅਤੇ ਡਾਕਟਰ ਕਿੰਗ ਦੀ ਮੌਤ ਦਾ ਬਹੁਤ ਦੁੱਖ ਹੋਇਆ। ਫਿਰ ਜਦੋਂ ਗੋਲਡਵਾਟਰ ਪ੍ਰੈਜ਼ੀਡੈਂਟ ਦੀ ਚੋਣ ਲਈ ਉਮੀਦਵਾਰ ਬਣਿਆ ਤਾਂ ਰੀਗਨ ਉਸ ਦਾ ਸਪੋਕਸਮੈਨ ਬਣਿਆ। ਗੋਲਡਵਾਟਰ ਤਾਂ ਹਾਰ ਗਿਆ ਪਰ ਰੀਗਨ ਮਸ਼ਹੂਰ ਹੋ ਗਿਆ। ਉਹ ਕੈਲੀਫੋਰਨੀਆ ਦਾ ਗਵਰਨਰ ਚੁਣਿਆ ਗਿਆ।
ਹੁਣ ਰੀਗਨ ਵਧੇਰੇ ਸਮਾਂ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਗੁਜਾਰਦਾ ਅਤੇ ਕਦੀ ਲਾਸ ਏਂਜਲਸ ਵੀ ਚਲਾ ਜਾਂਦਾ। ਫਿਰ ਅੱਠਵੀਂ ਕਲਾਸ ਵਿਚ ਪੈਟੀ ਐਰੀਜ਼ੋਨਾ ਪੜ੍ਹਨ ਚਲੀ ਗਈ। ਹੈਲ ਹੋਸਟਲ ਵਿਚ ਰਹਿੰਦਿਆਂ ਉਹ ਡਰੱਗ ਲੈਣ ਲੱਗੀ। ਇਹ ਸਕੂਲ ਸਿਰਫ ਕੁੜੀਆਂ ਲਈ ਸੀ ਪਰ ਪੈਟੀ ਸੋਲਾਂ ਸਾਲ ਦੀ ਉਮਰੇ ਰਸੋਈ ਵਿਚ ਕੰਮ ਕਰਦੇ ਇੱਕ ਮੁੰਡੇ ਨੂੰ ਇਸ਼ਕ ਕਰਨ ਲੱਗੀ। ਉਸ ਨੇ ਅਠਾਰਾਂ ਸਾਲ ਦੀ ਉਮਰ ਵਿਚ ਆਪਣੇ ਇੰਗਲਿਸ਼ ਟੀਚਰ ਅਤੇ ਟੈਨਿਸ ਕੋਚ ਨਾਲ ਰੋਮਾਂਸ ਕੀਤਾ। ਇਹ ਸਾਰਾ ਕੁਝ ਉਹ ਆਪਣੀ ਮਾਂ ਨੂੰ ਦੱਸਦੀ ਅਤੇ ਉਸ ਨੂੰ ਪ੍ਰੇਸ਼ਾਨ ਕਰਦੀ।
ਸਕੂਲ ਖਤਮ ਕਰਕੇ ਪੈਟੀ ਨਾਰਥ ਵੈਸਟਰਨ ਯੂਨੀਵਰਸਿਟੀ, ਸ਼ਿਕਾਗੋ ਚਲੀ ਗਈ। ਉਥੇ ਵੀ ਉਹ ਡਰੱਗ ਲੈਂਦੀ ਰਹੀ। ਪੈਟੀ ਦਾ ਸੁਪਨਾ ਲੇਖਕ ਅਤੇ ਐਕਟਰੈਸ ਬਣਨ ਦਾ ਸੀ, ਇਸ ਲਈ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਚਲੀ ਗਈ। ਪਹਿਲਾਂ ਉਹ ਹੋਸਟਲ ਵਿਚ ਰਹੀ, ਫਿਰ ਆਪਣੇ ਮਾਂ-ਪਿਓ ਦੇ ਲਾਸ ਏਂਜਲਸ ਵਾਲੇ ਘਰ ਵਿਚ ਰਹਿਣ ਲੱਗੀ। ਉਸ ਦਾ ਭਰਾ ਹੋਸਟਲ ਚਲਾ ਗਿਆ ਸੀ ਅਤੇ ਮਾਂ ਸੈਕਰਾਮੈਂਟੋ ਆਪਣੇ ਪਤੀ ਕੋਲ ਰਹਿੰਦੀ ਸੀ। ਇੱਕ ਦਿਨ ਉਸ ਦੀ ਮਾਂ ਉਸ ਕੋਲ ਆਈ ਹੋਈ ਸੀ। ਦੋਹਾਂ ਦਾ ਝਗੜਾ ਹੋ ਗਿਆ। ਇਹ ਝਗੜਾ ਹੱਥੋਪਾਈ ਤਕ ਚਲਾ ਗਿਆ ਅਤੇ ਪੈਟੀ ਨੂੰ ਘਰ ਛੱਡਣਾ ਪਿਆ। ਆਪਣੇ ਖਰਚ-ਪਾਣੀ ਲਈ ਉਸ ਨੂੰ ਰੈਸਟੋਰੈਂਟ ਵਿਚ ਕੰਮ ਕਰਨਾ ਪਿਆ। ਜਦੋਂ ਫਿਰ ਵੀ ਗੁਜ਼ਾਰਾ ਨਾ ਹੋਇਆ ਤਾਂ ਉਸ ਨੇ ਡਰੱਗ ਵੇਚਣੀ ਸ਼ੁਰੂ ਕਰ ਦਿੱਤੀ।
ਇਨ੍ਹੀਂ ਦਿਨੀਂ ਪੈਟੀ ਦੀ ਮੁਲਾਕਾਤ ਮਸ਼ਹੂਰ ਬੈਂਡ ਈਗਲ ਦੇ ਬਰਨੀ ਲਿਓਡਨ ਨਾਲ ਹੋਈ। ਪੈਟੀ ਉਸ ਨੂੰ ਚਾਹੁਣ ਲੱਗੀ ਅਤੇ ਉਸ ਦੇ ਨਾਲ ਹੀ ਰਹਿਣ ਲੱਗੀ। ਪੈਟੀ ਨੇ ਆਪਣੇ ਪਿਓ ਨੂੰ ਬਰਨੀ ਨਾਲ ਮਿਲਣ ਲਈ ਪੁਛਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ। ਪੈਟੀ ਨੇ ਪੜ੍ਹਾਈ ਛੱਡ ਦਿੱਤੀ ਅਤੇ ਬਰਨੀ ਦੇ ਗਰੁਪ ਨਾਲ ਯੂਰਪ ਚਲੀ ਗਈ। ਉਦੋਂ ਹੀ ਪੈਟੀ ਨੇ ਆਪਣਾ ਨਾਂ ਰੀਗਨ ਤੋਂ ਬਦਲ ਕੇ ਡੇਵਿਸ ਰੱਖ ਲਿਆ। ਉਸ ਨੇ ਕਦੀ ਵੀ ਮਾਂ ਨਾ ਬਣਨ ਦਾ ਫੈਸਲਾ ਕੀਤਾ ਅਤੇ ਸਰਜਰੀ ਕਰਵਾ ਲਈ। ਆਪਣੇ ਮਰਦਾਂ ਨਾਲ ਸਬੰਧਾਂ ਬਾਰੇ ਪੈਟੀ ਈਮਾਨਦਾਰ ਨਹੀਂ ਸੀ। ਇਸ ਲਈ ਉਸ ਦਾ ਰਿਸ਼ਤਾ ਆਪਣੇ ਪ੍ਰੇਮੀ ਬਰਨੀ ਨਾਲੋਂ ਟੁੱਟ ਗਿਆ। ਹੁਣ ਫਿਰ ਉਹ ਕਿਰਾਏ ਦੇ ਘਰ ਵਿਚ ਰਹਿਣ ਲੱਗੀ। ਗੁਜ਼ਾਰੇ ਲਈ ਉਸ ਨੇ ਘਰ ਵਿਚ ਭੰਗ ਬੀਜ ਕੇ ਵੇਚਣੀ ਸ਼ੁਰੂ ਕੀਤੀ।
1980 ਵਿਚ ਰੀਗਨ ਅਮਰੀਕਾ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਪਰ ਪੈਟੀ ਨੂੰ ਨਿਰਾਸ਼ਾ ਹੋਈ। ਉਹ ਉਸ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਸੀ। ਉਸ ਲਈ ਇੱਕ ਹੋਰ ਨਵੀਂ ਮੁਸੀਬਤ ਖੜ੍ਹੀ ਹੋ ਗਈ। ਪ੍ਰੈਜ਼ੀਡੈਂਟ ਦੀ ਧੀ ਹੋਣ ਕਰਕੇ ਹਰ ਸਮੇਂ ਸੀਕਰੇਟ ਸਰਵਿਸ ਵਾਲੇ ਉਸ ਦੇ ਨਾਲ ਰਹਿਣ ਲੱਗੇ। ਨਸ਼ਾ ਕਰਨ ਵਾਲੀ ਅਤੇ ਆਜ਼ਾਦ ਰਹਿਣ ਵਾਲੀ ਪੈਟੀ ਲਈ ਇਹ ਇਕ ਸਜ਼ਾ ਵਾਂਗ ਸੀ। ਉਹ ਕਈ ਵਾਰ ਉਨ੍ਹਾਂ ਨੂੰ ਧੋਖਾ ਦੇ ਕੇ ਨਿਕਲ ਜਾਂਦੀ ਪਰ ਉਸ ਦੀ ਸ਼ਿਕਾਇਤ ਵ੍ਹਾਈਟ ਹਾਊਸ ਪਹੁੰਚ ਜਾਂਦੀ।
ਇੱਕ ਵਾਰ ਉਹ ਆਪਣੇ ਕਿਸੇ ਪ੍ਰੇਮੀ ਨੂੰ ਨਿਊ ਯਾਰਕ ਦੇ ਹੋਟਲ ਵਿਚ ਮਿਲਣ ਗਈ ਤਾਂ ਸੀਕਰੇਟ ਸਰਵਿਸ ਵਾਲੇ ਵਿਚਾਰੇ ਸਾਰੀ ਰਾਤ ਬਰਫ ‘ਚ ਖੜ੍ਹੇ ਰਹੇ। ਕਈ ਪ੍ਰੈਸ ਵਾਲੇ ਉਸ ਨਾਲ ਇੰਟਰਵਿਊ ਕਰਨਾ ਚਾਹੁੰਦੇ ਪਰ ਉਸ ਦੀ ਮਾਂ ਹਮੇਸ਼ਾ ਕਹਿੰਦੀ ਕਿ ਪਰਿਵਾਰ ਦੀ ਕੋਈ ਮਾੜੀ ਗੱਲ ਨਾ ਕਰੀਂ।
ਰੀਗਨ ਪ੍ਰੈਜ਼ੀਡੈਂਟ ਤਾਂ ਬਣ ਗਿਆ ਪਰ ਆਪਣੀ ਧੀ ਦੀ ਸੋਚ ਅਤੇ ਵਿਚਾਰਾਂ ਨੂੰ ਨਾ ਬਦਲ ਸਕਿਆ। ਪੈਟੀ ਪ੍ਰੈਸ ਵਿਚ ਉਸ ਦੀਆਂ ਨੀਤੀਆਂ ਦਾ ਵਿਰੋਧ ਕਰਦੀ। ਆਪਣੇ ਪਿਓ ਦੇ ਖਿਲਾਫ ਐਂਟੀ ਨਿਊਕਲਰ ਰੈਲੀਆਂ ਦੀ ਸਟੇਜ ‘ਤੇ ਬੋਲਦੀ। ਇਹ ਇੱਕ ਬਾਗੀ ਧੀ ਦੀ ਸੁਰ ਸੀ। 1983 ਵਿਚ ਪੈਟੀ ਨੇ ਪੌਲ ਗਰੀਸੇ ਨਾਂ ਦੇ ਯੋਗਾ ਟੀਚਰ ਨਾਲ ਵਿਆਹ ਕਰ ਲਿਆ ਪਰ 1990 ਵਿਚ ਤਲਾਕ ਹੋ ਗਿਆ।
ਪੈਟੀ ਦੀ ਆਰਥਕ ਹਾਲਤ ਸਦਾ ਮਾੜੀ ਰਹੀ। ਇੱਕ ਵਾਰ ਉਸ ਨੇ ਆਪਣੇ ਪਿਓ ਤੋਂ 5,000 ਡਾਲਰ ਉਧਾਰ ਮੰਗੇ ਤਾਂ ਉਸ ਨੂੰ ਵਕੀਲ ਕੋਲ ਐਗਰੀਮੈਂਟ ਕਰਨਾ ਪਿਆ ਕਿ ਉਹ ਹਰ ਮਹੀਨੇ ਪੱਚੀ ਡਾਲਰ ਦਾ ਚੈਕ ਵ੍ਹਾਈਟ ਹਾਊਸ ਵਿਚ ਆਪਣੇ ਪਿਓ ਨੂੰ ਭੇਜਿਆ ਕਰੇਗੀ। ਪੈਟੀ ਨੇ ਦੋ ਨਾਵਲ ‘ਹੋਮ ਫਰੰਟ’ ਅਤੇ ‘ਡੈਡ ਫਾਲ’ ਲਿਖੇ। 1994 ਵਿਚ ਮੈਗਜ਼ੀਨ ‘ਪਲੇਅ ਬੁਆਏ’ ਦੇ ਕਵਰ ‘ਤੇ ਉਸ ਦੀ ਫੋਟੋ ਛਪੀ। ਆਪਣੇ ਮਾਂ-ਪਿਓ ਦੀ ਮੌਤ ਤੋਂ ਬਾਅਦ ਉਹ ਲਾਸ ਏਂਜਲਸ ਵਿਚ ਰਹਿੰਦੀ ਹੈ ਅਤੇ ਕਈ ਨਾਮੀਂ ਅਖਬਾਰਾਂ ਲਈ ਲਿਖਦੀ ਹੈ।