ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ-ਸਰਦਾਰ ਭਗਤ ਸਿੰਘ

ਪ੍ਰੋ. ਅਰਚਨਾ*
23 ਮਾਰਚ 1931 ਨੂੰ ਮਹਾਨ ਇਨਕਲਾਬੀ ਨੌਜੁਆਨ ਸ਼ਹੀਦੇ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ-ਰਾਜਗੁਰੂ (ਸ਼ਿਵਰਾਮ ਰਾਜਗੁਰੂ, ਉਮਰ 22 ਸਾਲ, ਰਾਜਪੂਤ ਨਗਰ, ਪੁਣੇ, ਮਹਾਰਾਸ਼ਟਰ, ਜਨਮ 24 ਅਗਸਤ 1908) ਤੇ ਸੁਖਦੇਵ (ਸੁਖਦੇਵ ਥਾਪਰ, ਜਨਮ 15 ਮਈ 1907, ਉਮਰ 23 ਸਾਲ, ਲੁਧਿਆਣਾ) ਨੂੰ ਇਕੱਠਿਆਂ ਫਾਂਸੀ ਦਿੱਤੀ ਗਈ। ਬਰਤਾਨਵੀ ਅਖਬਾਰਾਂ ਦੀਆਂ ਰਿਪੋਰਟਾਂ ਅਨੁਸਾਰ ਜਦੋਂ ਇਨ੍ਹਾਂ ਨੂੰ ਜੇਲ੍ਹ ਵਿਚੋਂ ਫਾਂਸੀ ਲਈ ਲਿਜਾਇਆ ਗਿਆ ਤਾਂ ਇਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ।

ਕਿਹਾ ਜਾਂਦਾ ਹੈ ਕਿ ਜਦੋਂ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਖਬਰ ਦਿੱਤੀ ਕਿ ਉਨ੍ਹਾਂ ਦੀ ਫਾਂਸੀ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ ਰੁਕੋ! ਇੱਕ ਕ੍ਰਾਂਤੀਕਾਰੀ ਦੂਜੇ ਨੂੰ ਮਿਲ ਰਿਹਾ ਹੈ, ਤੇ ਫਿਰ ਇੱਕ ਮਿੰਟ ਦੇ ਬਾਅਦ ਕਿਤਾਬ ਵਗਾਹ ਕੇ ਛੱਤ ਵੱਲ ਮਾਰੀ ਤੇ ਗੁਣਗੁਣਾਉਣ ਲੱਗੇ:
ਦਿਲੋਂ ਨਿਕਲੇਗੀ ਨਹੀਂ ਮਰ ਕੇ ਵੀ
ਵਤਨ ਕੀ ਉਲਫਤ,
ਮੇਰੀ ਮਿੱਟੀ ਤੋਂ ਵੀ
ਖੁਸਬੂ-ਏ-ਵਤਨ ਆਏਗੀ।
ਫਾਂਸੀ ਤੋਂ ਫੌਰੀ ਬਾਅਦ ਪੰਜਾਬ ਵਿਚ ਕਰਫਿਊ ਵਾਲਾ ਮਾਹੌਲ ਹੋ ਗਿਆ। ਇੱਕ ਬੜੀ ਘਿਨੌਣੀ ਹਰਕਤ ਕੀਤੀ ਗਈ ਕਿ ਇਨ੍ਹਾਂ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਟੁਕੜਿਆਂ ਵਿਚ ਕਰਕੇ ਬੋਰੀਆਂ ਵਿਚ ਭਰ ਕੇ ਲਾਹੌਰ ਤੋਂ ਫਿਰੋਜ਼ਪੁਰ ਵੱਲ ਲੈ ਗਏ, ਜਿੱਥੇ ਮਿੱਟੀ ਦਾ ਤੇਲ ਪਾ ਕੇ ਜਲਾਇਆ ਜਾਣ ਲੱਗਾ। ਪਿੰਡ ਵਾਲੇ ਕੋਲ ਆਏ, ਉਨ੍ਹਾਂ ਨੇ ਇਹ ਅੱਗ ਵੇਖੀ ਤਾਂ ਅੰਗਰੇਜ਼ ਉਨ੍ਹਾਂ ਦੀਆਂ ਲਾਸ਼ਾਂ ਤੇ ਅੱਧ ਜਲੇ ਟੁਕੜੇ ਸਤਲੁਜ ਨਦੀ ਵਿਚ ਸੁੱਟ ਕੇ ਭੱਜ ਗਏ। ਇਲਾਕੇ ਦੇ ਲੋਕਾਂ ਨੇ ਇਨ੍ਹਾਂ ਲਾਸ਼ਾਂ ਨੂੰ ਇਕੱਠਿਆਂ ਕੀਤਾ ਤੇ ਤਰੀਕੇ ਨਾਲ ਸੰਸਕਾਰ ਕੀਤਾ। ਭਗਤ ਸਿੰਘ ਤੇ ਉਸ ਦੇ ਸਾਥੀ ਹਮੇਸ਼ਾ ਲਈ ਅਮਰ ਹੋ ਗਏ।
ਪੰਜਾਬ ਦੇ ਲੋਕ ਅੰਗਰੇਜ਼ਾਂ ਦੇ ਨਾਲ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਵੀ ਉਨ੍ਹਾਂ ਦੀ ਮੌਤ ਦਾ ਜਿੰਮੇਵਾਰ ਸਮਝਣ ਲੱਗ ਪਏ। ਇਸੇ ਕਾਰਨ ਜਦੋਂ ਗਾਂਧੀ ਕਰਾਚੀ ਸੈਸ਼ਨ ਵਿਚ ਹਿੱਸਾ ਲੈਣ ਜਾ ਰਹੇ ਸਨ ਤਾਂ ਲੋਕਾਂ ਨੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ। ਇਹ ਬਰਤਾਨਵੀ ਅਖਬਾਰਾਂ ਦੀਆਂ ਰਿਪੋਰਟਾਂ ਹਨ।
ਪੰਜਾਬ ਵਿਚ ਚੱਲ ਰਹੀ ਅੰਗਰੇਜ਼ਾਂ ਖਿਲਾਫ ਲੜਾਈ ਨੂੰ ਇਸ ਘਟਨਾ ਨੇ ਬਹੁਤ ਵੱਡਾ ਮੋੜ ਦਿੱਤਾ। ਭਗਤ ਸਿੰਘ ਦੇ ਵੱਡੇ ਵਡੇਰੇ ਪਿੰਡ ਨਾਰਲੀ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਮੁਗਲ ਕਾਲ ਦੌਰਾਨ ਇਨ੍ਹਾਂ ਵਿਚੋਂ ਕੁਝ ਜਲੰਧਰ ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਆ ਗਏ। ਭਗਤ ਸਿੰਘ ਦੇ ਦਾਦਾ ਸ਼ ਅਰਜਨ ਸਿੰਘ ਨੇ 1898 ਵਿਚ ਨਵੀਂ ਨਹਿਰੀ ਆਬਾਦੀ ਲਾਇਲਪੁਰ ਦੇ ਪਿੰਡ ਚੱਕ ਬੰਗਾ ਵਿਚ ਅੰਗਰੇਜ਼ੀ ਹਕੂਮਤ ਦੀ 25 ਏਕੜ ਜਮੀਨ ਅਲਾਟ ਕਰਨ ਦੀ ਪੇਸ਼ਕਸ ਸਵੀਕਾਰ ਕਰ ਲਈ, ਜਦਕਿ ਭਗਤ ਸਿੰਘ ਦੇ ਪਿਤਾ ਸ਼ ਕਿਸ਼ਨ ਸਿੰਘ ਨੇ 1917 ਵਿਚ ਲਾਹੌਰ ਦੇ ਬਾਹਰ-ਵਾਰ ਪਿੰਡ ਖਵਾਸਰੀਆਂ ਵਿਚ ਜਮੀਨ ਹਾਸਲ ਕਰ ਲਈ।
ਸ਼ਹੀਦ ਭਗਤ ਸਿੰਘ ਦੇ ਅਦਾਲਤੀ ਰਿਕਾਰਡ ਵਿਚ ਉਨ੍ਹਾਂ ਦੇ ਪਿੰਡ ਵਾਲੇ ਮਕਾਨ ਦੀ ਤਲਾਸ਼ੀ ਦਾ ਗਵਾਹ (ਸਰਕਾਰੀ ਗਵਾਹ ਨੰਬਰ 401) ਵੀ ਪਿੰਡ ਚਮਰੂਪੁਰ ਦਾ ਦਿਲ ਮੁਹੰਮਦ ਲੰਬੜਦਾਰ ਸੀ। ਸ਼ਹੀਦ ਦੇ ਮਾਤਾ ਸ੍ਰੀਮਤੀ ਵਿੱਦਿਆਵਤੀ ਨੇ ਉਨ੍ਹਾਂ ਦੀ ਇਹ ਗੱਲ ਇੱਕ ਇੰਟਰਵਿਊ ਵਿਚ ਕੀਤੀ ਹੈ, “ਬੇਬੇ ਜੀ ਮੇਰੀ ਫਾਂਸੀ ਪਿੱਛੋਂ ਤੁਸੀਂ ਬੰਬੇ ਚਲੇ ਜਾਇਓ, ਤੁਹਾਨੂੰ ਏਥੇ ਕਿਸੇ ਨੇ ਵਸਣ ਨਹੀਂ ਦੇਣਾ।” ਪਿੱਛੋਂ ਇਹ ਜਮੀਨ ਸ਼ ਕਿਸ਼ਨ ਸਿੰਘ ਨੇ 1947 ਵੇਲੇ ਦੇ ਬਦਲਦੇ ਹਾਲਾਤ ਵਿਚ ਕਿਸੇ ਮੁਸਲਮਾਨ ਨੂੰ ਵੇਚ ਦਿੱਤੀ। ਭਗਤ ਸਿੰਘ ਬਾਰੇ ਸਾਰੇ ਸਰਕਾਰੀ ਦਸਤਾਵੇਜ਼ਾਂ ਵਿਚ ਉਹਦਾ ਪਿੰਡ ਖੁਆਸਰੀਆਂ, ਲਾਹੌਰ ਹੀ ਦਰਜ ਹੈ।
ਦੇਸ਼ ਦੀ ਆਜ਼ਾਦੀ ਲਈ ਮੁਹਿੰਮ: ਭਗਤ ਸਿੰਘ ਹਿੰਦੁਸਤਾਨ ਸੋਸਲਿਸ਼ਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਬਣ ਗਿਆ ਤੇ ਇੱਕ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਏ ਜਾਣ ਕਾਰਨ ਲਾਹੌਰ ਵਿਚਲਾ ਘਰ ਛੱਡ ਦਿੱਤਾ। ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਵੀ ਖਤਮ ਹੋ ਗਈ। ਉਹ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਿਆ। 1927 ਵਿਚ ਕਕੋਰੀ ਰੇਲ ਗੱਡੀ ਡਾਕੇ ਦੇ ਮਾਮਲੇ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਲਾਹੌਰ ਦੇ ਦੁਸ਼ਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦੇ ਦੋਸ਼ ਵਿਚ ਵੀ ਗ੍ਰਿਫਤਾਰ ਕੀਤਾ ਪਰ ਬਾਅਦ ਵਿਚ ਸੱਠ ਹਜ਼ਾਰ ਰੁਪਏ ਦੀ ਭਾਰੀ ਜ਼ਮਾਨਤ ਲੈਣ ਉਪਰੰਤ ਰਿਹਾ ਕਰ ਦਿੱਤਾ। ਉਸ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਉਦੇਸ਼ ਸੇਵਾ, ਤਿਆਗ ਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨੇ ਸੀ।
ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। ਰਾਜਗੁਰੂ ਨਾਲ ਮਿਲ ਕੇ ਲਾਹੌਰ ਵਿਚ ਸਹਾਇਕ ਪੁਲਿਸ ਮੁਖੀ ਅੰਗਰੇਜ਼ ਅਧਿਕਾਰੀ ਜੀ. ਪੀ. ਸਾਂਡਰਸ ਨੂੰ 17 ਦਸੰਬਰ 1928 ਨੂੰ ਲਾਹੌਰ ਪੁਲਿਸ ਦੇ ਮੁੱਖ ਦਫਤਰ ਵਿਚੋਂ ਬਾਹਰ ਨਿਕਲਣ ਸਮੇਂ ਕਤਲ ਕਰ ਦਿੱਤਾ। ਇਸ ਕਾਰਵਾਈ ਵਿਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਮਦਦ ਕੀਤੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਨਾਲ ਮਿਲ ਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਹਾਲ ਵਿਚ 8 ਅਪਰੈਲ 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਤੇ ਪਰਚੇ ਸੁੱਟੇ। ਇੱਥੇ ਹੀ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
1907 ਵਿਚ ਲੋਕਾਂ ਵਿਚ ਸਿਆਸੀ ਜਾਗਰੂਕਤਾ ਆ ਰਹੀ ਸੀ ਤੇ ਇਸ ਦੇ ਨਾਲ ਹੀ ਨਹਿਰੀ ਕਾਲੋਨੀਆਂ ਬਾਰੇ ਕਾਨੂੰਨ ਪਾਸ ਹੋਣ ਕਰਕੇ ਅੰਗਰੇਜ਼ੀ ਸਰਕਾਰ ਖਿਲਾਫ ਆਮ ਲੋਕਾਂ ਦਾ ਗੁੱਸਾ ਵਧ ਰਿਹਾ ਸੀ। ਲਾਲਾ ਲਾਜਪਤ ਰਾਏ ਨੇ ਵੀ 22 ਮਾਰਚ ਤੇ 6 ਅਪਰੈਲ 1907 ਨੂੰ ਬੜੀਆਂ ਭੜਕਾਊ ਤਕਰੀਰਾਂ ਕੀਤੀਆਂ ਸਨ। ਲੋਕਾਂ ਨੂੰ ਪਾਣੀ ਦੇ ਬਿੱਲ ਨਾ ਦੇਣ ਵਾਸਤੇ ਕਿਹਾ ਸੀ। ਅਜੀਤ ਸਿੰਘ ਨੇ ਲਾਹੌਰ ਦੇ ਬਰੈਡਲਾ ਹਾਲ ਵਿਚ ਸਰਕਾਰ ਵਿਰੁਧ ਇੱਕ ਰੋਹ ਭਰੀ ਤਕਰੀਰ ਕੀਤੀ ਸੀ। ਇਹ ਸਾਰਾ ਕੁਝ ਪੰਜਾਬ ਦੇ ਗਵਰਨਰ ਨੇ ਅੰਗਰੇਜ਼ ਵਾਇਸਰਾਏ ਅਤੇ ਲੰਡਨ ਵਿਚ ਇੰਡੀਆ ਆਫਿਸ ਨੂੰ ਲਿਖ ਭੇਜਿਆ ਸੀ। ਸਰਕਾਰ ਇਸ ਰੋਸ ਪ੍ਰਦਰਸ਼ਨ ਤੋਂ ਬੜੀ ਫਿਕਰਮੰਦ ਸੀ। ਅੰਗਰੇਜ਼ਾਂ ਨੇ ਫੈਸਲਾ ਕੀਤਾ ਕਿ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਜਾਵੇ। ਲਾਜਪਤ ਰਾਏ ਨੂੰ 9 ਮਈ ਤੇ ਅਜੀਤ ਸਿੰਘ ਨੂੰ 3 ਜੂਨ 1907 ਨੂੰ ਗ੍ਰਿਫਤਾਰ ਕਰਕੇ ਮਾਂਡਲੇ, ਬਰਮਾ ਭੇਜ ਦਿੱਤਾ ਗਿਆ।
ਭਗਤ ਸਿੰਘ ਦਾ ਇਨਕਲਾਬ ਨਾਲ ਸਬੰਧ: ਪੰਜਾਬ ਵਿਚ ਜਦੋਂ ਜੱਲਿਆਂ ਵਾਲੇ ਬਾਗ ਦਾ ਵਾਕਿਆ ਹੋਇਆ ਤਾਂ ਭਗਤ ਸਿੰਘ ਸਿਰਫ ਬਾਰਾਂ ਸਾਲ ਦਾ ਸੀ। ਖਬਰ ਮਿਲਦੇ ਹੀ ਉਹ ਆਪਣੇ ਸਕੂਲ ਤੋਂ ਪੈਦਲ ਚੱਲ ਕੇ ਜੱਲਿਆਂ ਵਾਲੇ ਬਾਗ ਪਹੁੰਚ ਗਿਆ। ਬਰਤਾਨਵੀ ਅਖਬਾਰਾਂ ਲਿਖਦੀਆਂ ਹਨ ਕਿ ਭਗਤ ਸਿੰਘ ਕਿਤਾਬਾਂ ਪੜ੍ਹਦਿਆਂ ਇਹ ਸੋਚਦਾ ਸੀ ਕਿ ਇਹ ਰਸਤਾ ਠੀਕ ਹੈ ਜਾਂ ਨਹੀਂ! ਮਹਾਤਮਾ ਗਾਂਧੀ ਦਾ ਨਾਮਿਲਵਰਤਣ ਅੰਦੋਲਨ ਛਿੜਨ ਤੋਂ ਬਾਅਦ ਉਸ ਨੇ ਗਾਂਧੀ ਦੇ ਅਹਿੰਸਕ ਤਰੀਕਿਆਂ ਨੂੰ ਛੱਡ ਕੇ ਹਿੰਸਕ ਅੰਦੋਲਨ ਦਾ ਰਸਤਾ ਚੁਣ ਲਿਆ।
ਇਸ ਇਨਕਲਾਬ ਨੇ ਦੇਸ਼ ਦੀ ਆਜ਼ਾਦੀ ਲਈ ਹਿੰਸਾ ਨੂੰ ਅਪਨਾਉਣਾ ਅਣਉਚਿਤ ਨਹੀਂ ਸਮਝਿਆ। ਭਗਤ ਸਿੰਘ ਨੇ ਗਦਰ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵ ਲੈ ਕੇ ਹਥਿਆਰਬੰਦ ਘੋਲ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੰਕਲਪ ਲੈ ਲਿਆ। ਉਨ੍ਹਾਂ ਦੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿਚ ਚੰਦਰ ਸੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਤੇ ਭਗਵਤੀ ਚਰਨ ਵੋਹਰਾ ਸਨ।
ਬ੍ਰਿਟਿਸ਼ ਲਾਇਬਰੇਰੀ ਲੰਡਨ ਵਿਚ ਕੁਝ ਅਜਿਹੇ ਦਸਤਾਵੇਜ਼ ਪਏ ਹਨ, ਜਿਨ੍ਹਾਂ ਵਿਚ ਭਗਤ ਸਿੰਘ ਦੇ ਕੁਝ ਅਜਿਹੇ ਅਖਬਾਰੀ ਬਿਆਨ ਹਨ, ਜੋ ਕਦੀ ਵੀ ਮੀਡੀਏ ਦਾ ਹਿੱਸਾ ਨਹੀਂ ਬਣੇ। ਇੱਕ ਯੂਰਪੀਅਨ ਅਖਬਾਰ ਦੀ ਰਾਏ ਹੈ, “ਕੀ ਭਗਤ ਸਿੰਘ ਨੇ ਫਾਂਸੀ ਤੋਂ ਪਹਿਲਾਂ ਆਪਣੇ ਸਾਥੀ ਸ਼ਿਵ ਵਰਮਾ ਨੂੰ ਇਹ ਸ਼ਬਦ ਕਹੇ ਸਨ: ਜਦੋਂ ਮੈਂ ਇਨਕਲਾਬ ਦੇ ਰਾਹ ‘ਤੇ ਕਦਮ ਵਧਾਇਆ, ਮੈਂ ਸੋਚਿਆ ਜੇ ਮੈਂ ਆਪਣੀ ਜਾਨ ਵਾਰ ਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਦੇਸ਼ ਦੇ ਕੋਨੇ ਕੋਨੇ ਵਿਚ ਫੈਲਾ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ ਹੈ। ਅੱਜ ਜਦੋਂ ਮੈਂ ਫਾਂਸੀ ਦੀ ਸਜ਼ਾ ਲਈ ਜੇਲ੍ਹ ਕੋਠੀ ਦੀਆਂ ਸਲਾਖਾਂ ਪਿੱਛੇ ਹਾਂ, ਮੈਂ ਆਪਣੇ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜਵੀਂ ਆਵਾਜ਼ ਵਿਚ ਨਾਅਰੇ ਸੁਣ ਸਕਦਾ ਹਾਂ। ਇੱਕ ਨਿੱਕੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਧ ਕੀ ਕੀਮਤ ਪੈ ਸਕਦੀ ਹੈ।”
ਭਗਤ ਸਿੰਘ ਨੂੰ ਉਰਦੂ ਤੇ ਪੰਜਾਬੀ ਤੋਂ ਇਲਾਵਾ ਹਿੰਦੀ, ਅੰਗਰੇਜ਼ੀ, ਬੰਗਲਾ ਤੇ ਸਿੰਧੀ ਵੀ ਆਉਂਦੀ ਸੀ। ਉਸ ਦਾ ਵਿਸ਼ਵਾਸ ਸੀ ਕਿ ਉਹਦੀ ਅਤੇ ਉਹਦੇ ਸਾਥੀਆਂ ਦੀ ਸ਼ਹਾਦਤ ਨਾਲ ਇੰਡੀਆ ਦੀ ਜਨਤਾ ਹੋਰ ਬੇਚੈਨ ਹੋ ਜਾਵੇਗੀ ਅਤੇ ਅਜਿਹਾ ਉਨ੍ਹਾਂ ਦੇ ਜ਼ਿੰਦਾ ਰਹਿਣ ਨਾਲ ਸ਼ਾਇਦ ਹੀ ਹੋ ਸਕੇ। ਸਜ਼ਾ ਸੁਣਾਏ ਜਾਣ ਪਿਛੋਂ ਮੁਆਫੀਨਾਮਾ ਲਿਖਣ ਤੋਂ ਨਾਂਹ ਕਰਦਿਆਂ ਇਸ ਦੇ ਵਿਰੋਧ ਵਿਚ ਅੰਗਰੇਜ਼ੀ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਿਸ ਵਿਚ ਭਗਤ ਸਿੰਘ ਨੇ ਫਾਂਸੀ ਦੀ ਥਾਂ ਉਨ੍ਹਾਂ ਨੂੰ ਗੋਲੀ ਨਾਲ ਉਡਾਉਣ ਦੀ ਗੱਲ ਕਹੀ ਹੈ। ਫਾਂਸੀ ਤੋਂ ਵੀਹ ਦਿਨ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਲਿਖੇ ਪੱਤਰ ਵਿਚ ਲਿਖਿਆ ਸੀ:
ਉਸੇ ਯੇਹ ਫਿਕਰ ਹੈ ਹਰਦਮ
ਤਰਜੇ ਜਫਾ ਕਿਆ ਹੈ
ਹਮੇਂ ਯੇਹ ਸ਼ੌਕ ਹੈ
ਦੇਖੇਂ ਸਿਤਮ ਕੀ ਇੰਤਹਾ ਕਿਆ ਹੈ।
ਦਹਿਰ (ਦੁਨੀਆਂ) ਸੇ ਕਿਉਂ ਖਫਾ ਰਹੇ
ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ।
ਸਾਰਾ ਜਹਾਂ ਅਦੂ (ਦੁਸ਼ਮਣ) ਸਹੀ
ਆਓ ਮੁਕਾਬਲਾ ਕਰੇਂ।
ਭਗਤ ਸਿੰਘ ਦੀ ਸੂਰਮਗਤੀ ਦਾ ਅਨੁਮਾਨ ਇਨ੍ਹਾਂ ਲਾਈਨਾਂ ਤੋਂ ਲਾਇਆ ਜਾ ਸਕਦਾ ਹੈ। ਭਗਤ ਸਿੰਘ ਦੀ ਮੌਤ ਦੀ ਖਬਰ ਨਿਊ ਯਾਰਕ ਦੇ ਅਖਬਾਰ ‘ਡੇਲੀ ਵਰਕਰ’ ਅਤੇ ਲਾਹੌਰ ਤੋਂ ਛਪਦੇ ਅੰਗਰੇਜ਼ੀ ਅਖਬਾਰ ‘ਟ੍ਰਿਬਿਊਨ’ ਨੇ ਛਾਪੀ। ਮਾਰਕਸਵਾਦੀ ਪੱਤਰਾਂ ਵਿਚ ਭਗਤ ਸਿੰਘ ਬਾਰੇ ਬਹੁਤ ਲੇਖ ਛਪੇ ਪਰ ਉਨ੍ਹਾਂ ਨੂੰ ਵੀ ਬੈਨ ਕਰ ਦਿੱਤਾ ਗਿਆ।
ਮਹਾਤਮਾ ਗਾਂਧੀ ਤੇ ਭਗਤ ਸਿੰਘ ਦੀ ਫਾਂਸੀ: ਭਗਤ ਸਿੰਘ ਦੀ ਫਾਂਸੀ ਸਬੰਧੀ ਅੱਜ ਤੱਕ ਇਤਿਹਾਸਕਾਰ ਤੇ ਚਿੰਤਕ ਇਹ ਕਹਿ ਰਹੇ ਹਨ ਕਿ ਭਗਤ ਸਿੰਘ ਦੀ ਫਾਂਸੀ ਬਾਰੇ ਮਹਾਤਮਾ ਗਾਂਧੀ ਦੀ ਭੂਮਿਕਾ ‘ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਹਨ। ਇੱਕ ਸਿਧਾਂਤ ਜੋ ‘ਲੰਡਨ ਟਾਈਮਜ਼’ ਤੇ ਵਿਸ਼ਵ ਦੀਆਂ ਹੋਰ ਅਖਬਾਰਾਂ ਵਿਚ ਛਪਿਆ, ਉਹ ਸੀ, ਮਹਾਤਮਾ ਗਾਂਧੀ ਭਗਤ ਸਿੰਘ ਦੀ ਫਾਂਸੀ ਨੂੰ ਰੋਕ ਸਕਦਾ ਸੀ, ਲੇਕਿਨ ਅਜਿਹਾ ਕਰਨ ਤੋਂ ਪ੍ਰਹੇਜ਼ ਕੀਤਾ ਗਿਆ। ਗਾਂਧੀ ਦੇ ਸਮਰਥਕਾਂ ਦੀ ਦਲੀਲ ਹੈ ਕਿ ਮਹਾਤਮਾ ਗਾਂਧੀ ਇਸ ਪੁਜੀਸ਼ਨ ਵਿਚ ਨਹੀਂ ਸਨ ਕਿ ਬ੍ਰਿਟਿਸ਼ ਹਕੂਮਤ ਨੂੰ ਫਾਂਸੀ ਤੋਂ ਰੋਕ ਸਕਦੇ ਸਗੋਂ ਉਹ ਦਾਅਵਾ ਕਰਦੇ ਸਨ ਕਿ ਉਨ੍ਹਾਂ ਨੇ ਭਗਤ ਸਿੰਘ ਦੇ ਜੀਵਨ ਨੂੰ ਬਚਾਉਣ ਲਈ ਪੂਰੀ ਵਾਹ ਲਾਈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਆਜ਼ਾਦੀ ਅੰਦੋਲਨ ਵਿਚ ਭਗਤ ਸਿੰਘ ਦੀ ਭੂਮਿਕਾ ਨੇਤਾ ਵਜੋਂ ਗਾਂਧੀ ਜੀ ਦੀ ਭੂਮਿਕਾ ਲਈ ਕੋਈ ਖਤਰਾ ਨਹੀਂ ਸੀ। ਇਸ ਲਈ ਕੋਈ ਕਾਰਨ ਨਹੀਂ ਸੀ ਕਿ ਉਹ ਭਗਤ ਸਿੰਘ ਦੀ ਮੌਤ ਚਾਹੁੰਦੇ।
ਕੁਝ ਲੋਕਾਂ ਦਾ ਖਿਆਲ ਹੈ ਕਿ ਭਗਤ ਸਿੰਘ ਨੂੰ ਫਾਂਸੀ ਲਾਉਣਾ ਅੰਗਰੇਜ਼ ਨੀਤੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਚਾਲਾਂ ਵਿਚੋਂ ਇੱਕ ਸੀ, ਉਨ੍ਹਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਦਿੱਤੇ। ਭਗਤ ਸਿੰਘ ਵਰਗੇ ਜ਼ਹੀਨ ਆਗੂ ਨੂੰ ਖਤਮ ਕਰ ਦਿੱਤਾ ਤੇ ਨਾਲ ਹੀ ਮਹਾਤਮਾ ਗਾਂਧੀ ਨੂੰ ਸ਼ੱਕੀ ਬਣਾ ਦਿੱਤਾ। ਆਮ ਲੋਕਾਂ ਦਾ ਗੁੰਮਰਾਹ ਹੋਣਾ ਤਾਂ ਸੌਖਾ ਹੀ ਸੀ। ਆਗੂਆਂ ਦਾ ਇੱਕ ਵੱਡਾ ਹਿੱਸਾ ਅੱਜ ਤੱਕ ਗੁੰਮਰਾਹ ਹੁੰਦਾ ਆ ਰਿਹਾ ਹੈ। ਜਦੋਂ ਕੋਈ ਨੁਕਤਾ ਸੱਚਾ ਜਾਂ ਝੂਠਾ ਲੋਕ ਮਨਾਂ ਵਿਚ ਘਰ ਕਰ ਜਾਵੇ ਤਾਂ ਇਤਿਹਾਸ ਦੇ ਤੱਤਾਂ ਦਾ ਕੋਈ ਵਾਹ ਨਹੀਂ ਹੁੰਦਾ। ਭਾਰਤ ਤੇ ਪਾਕਿਸਤਾਨ ਦੀ ਜਨਤਾ ਉਨ੍ਹਾਂ ਨੂੰ ਆਜ਼ਾਦੀ ਦੇ ਪ੍ਰਵਾਨੇ ਦੇ ਰੂਪ ਵਿਚ ਵੇਖਦੀ ਹੈ, ਜਿਸ ਨੇ ਆਪਣੀ ਜੁਆਨੀ ਸਹਿਤ ਸਾਰੀ ਜ਼ਿੰਦਗਾਨੀ ਦੇਸ਼ ਲਈ ਅਰਪਣ ਕਰ ਦਿੱਤੀ।
ਹਿੰਦੁਸਤਾਨ ਦੇ ਰਾਸ਼ਟਰੀ ਪ੍ਰਾਜੈਕਟ ਦੇ ਲਾਗੂ ਹੋਣ ਵਿਚ ਵੱਡੇ ਖੱਪਿਆਂ ਨੇ ਭਗਤ ਸਿੰਘ ਦੇ ਬਿੰਬ ਨੂੰ ਉਤਰੇਵੇਂ ਦੀ ਪੁੱਠ ਨਾਲ ਮੁੜ ਸਾਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਚ ਲਾਮਿਸਾਲ ਉਤਸ਼ਾਹ ਨਾਲ ਉਹਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ ਤੇ ਉਹਦੀਆਂ ਲਿਖਤਾਂ ਅੱਜ ਵੀ ਨੌਜਵਾਨ ਬੜੀ ਸੰਜੀਦਗੀ ਨਾਲ ਪੜ੍ਹਦੇ ਹਨ। ਭਗਤ ਸਿੰਘ ਦੀ ਜੇਲ੍ਹ ਨੋਟ ਬੁੱਕ ਸਭ ਤੋਂ ਵੱਧ ਮਨਪਸੰਦ ਲੇਖਕਾਂ ਦੀ ਪਸੰਦ ਰਹੀ ਹੈ। ਇਸੇ ਕਿਤਾਬ ਵਿਚ ਜੈਕ ਲੰਦਨ ਤੋਂ ਲੈ ਕੇ ਉਮਰ ਖਿਆਮ ਤੱਕ-ਸਭ ਉਸ ਦੇ ਦਾਇਰੇ ਵਿਚ ਆਉਂਦੇ ਹਨ। ਭਗਤ ਸਿੰਘ ਨੇ ਅੰਗਰੇਜ਼ੀ ਹਕੂਮਤ ਸਮੇਂ ਦੋ ਸਾਲ ਜੇਲ੍ਹ ਵਿਚ ਗੁਜਾਰੇ ਤੇ ਆਪਣੀ ਰਿਹਾਈ ਲਈ ਭੋਰਾ ਵੀ ਜੋਰ ਨਾ ਲਾਇਆ। ਆਖਰੀ ਸਾਹ ਤੱਕ ਆਪਣੇ ਵਿਚਾਰਾਂ ‘ਤੇ ਪਹਿਰਾ ਦਿੱਤਾ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਖੂਨ ਵਹਾਉਣ ਦਾ ਪ੍ਰਣ ਲੈ ਲਿਆ। ਜੇਲ੍ਹ ‘ਚ ਬੈਠ ਕੇ ਭਗਤ ਸਿੰਘ ਨੇ ਬੜੇ ਖਤ ਲਿਖੇ ਜੋ ਅੱਜ ਉਸ ਦੇ ਵਿਚਾਰਾਂ ਦਾ ਦਰਪਣ ਹਨ।
ਭਾਰਤੀ ਪੂੰਜੀਪਤੀਆਂ ਨੂੰ ਉਸ ਨੇ ਆਪਣਾ ਵੈਰੀ ਦੱਸਿਆ। ਮੈਂ ਨਾਸਤਿਕ ਕਿਉਂ ਹਾਂ, 64 ਦਿਨ ਜੇਲ੍ਹ ਵਿਚ ਭੁੱਖ ਹੜਤਾਲ ਕੀਤੀ। 5 ਜੁਲਾਈ 1929 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸੀਅਤ ਨਾਲ ਪ੍ਰੈਸ ਨੂੰ ਇੱਕ ਬਿਆਨ ਦਿੱਤਾ, “ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ ਹੈ। ਪਿਛਲੇ ਵੀਹ ਜਾਂ ਜਿਆਦਾ ਦਿਨਾਂ ਤੋਂ ਖਾਣੇ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਕਿਸੇ ਸਵਾਰਥ ਲਈ ਨਹੀਂ ਸਗੋਂ ਸਿਆਸੀ ਕੈਦੀਆਂ ਦੀ ਹਾਲਤ ਸੁਧਾਰਨ ਲਈ ਇਹ ਕਦਮ ਉਨ੍ਹਾਂ ਨੇ ਚੁੱਕੇ ਹਨ।
ਆਖਰ ਉਹ ਵਕਤ ਆ ਗਿਆ, ਜਦੋਂ ਸਾਂਡਰਸ ਦੇ ਕਤਲ ਤੇ ਅਸੈਂਬਲੀ ਵਿਚ ਬੰਬ ਧਮਾਕੇ ਦੇ ਕੇਸ ਚੱਲੇ। 7 ਅਕਤੂਬਰ 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ੍ਹ ਵਿਚ ਪਹੁੰਚਾਇਆ ਗਿਆ ਜਿਸ ਵਿਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਅਤੇ ਕਮਲ ਨਾਥ ਤਿਵਾੜੀ, ਵਿਜੇ ਕੁਮਾਰ ਸਿਨਹਾ, ਜੈ ਦੇਵ ਕਪੂਰ, ਸ਼ਿਵ ਵਰਮਾ, ਗੈਯਾ ਪ੍ਰਸ਼ਾਦ, ਕਿਸ਼ੋਰੀ ਲਾਲ ਤੇ ਮਹਾਂਵੀਰ ਨੂੰ ਉਮਰ ਕੈਦ, ਕੁੰਦਨ ਲਾਲ ਨੂੰ ਸੱਤ ਸਾਲ ਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਸੁਣਾਈ ਗਈ। ਬਕੁਟੇਸ਼ਵਰ ਦੱਤ ਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਭਗਤ ਸਿੰਘ ਦੀ ਲਾਸਾਨੀ ਸ਼ਹੀਦੀ ਨੂੰ ਦੇਸ਼ ਵਾਸੀ ਯਾਦ ਕਰਦੇ ਰਹਿਣਗੇ।

*ਐਸੋਸੀਏਟ ਪ੍ਰੋਫੈਸਰ (ਇਤਿਹਾਸ)
ਐਲ਼ ਬੀ. ਐਸ਼ ਕਾਲਜ, ਬਰਨਾਲਾ।