ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਅਤੇ ਨਿਰਦੇਸ਼ਕ ਸਿਮਰਜੀਤ ਸਿੰਘ

ਸੁਰਜੀਤ ਜੱਸਲ
ਫੋਨ: 91-98146-07737
ਸਿਮਰਜੀਤ ਸਿੰਘ ਪੰਜਾਬੀ ਸਿਨੇਮਾ ਦਾ ਇੱਕ ਨਾਮੀ ਨਿਰਦੇਸ਼ਕ ਹੈ। ‘ਅੰਗਰੇਜ਼’, ‘ਨਿੱਕਾ ਜ਼ੈਲਦਾਰ’, ‘ਚੱਕ ਜਵਾਨਾ’, ‘ਨਿੱਕਾ ਜ਼ੈਲਦਾਰ-2’ ਵਰਗੀਆਂ ਚਰਚਿਤ ਫਿਲਮਾਂ ਦੇਣ ਵਾਲਾ ਇਹ ਨਿਰਦੇਸ਼ਕ 6 ਅਪਰੈਲ ਨੂੰ ਦੇਸ਼ ਭਗਤੀ ਦੇ ਜ਼ਜਬੇ ਵਾਲੀ ਪੰਜਾਬੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਲੈ ਕੇ ਆ ਰਿਹਾ ਹੈ।

ਆਮ ਫਿਲਮਾਂ ਤੋਂ ਵੱਖਰੀਆਂ ਫਿਲਮਾਂ ਬਣਾਉਣ ਵਾਲੇ ਸਿਮਰਜੀਤ ਵਿਚ ਨਿੱਤ-ਨਵੇਂ ਤਜਰਬੇ ਕਰਨ ਦਾ ਜੇਰਾ ਹੈ। ਮਾਲਵੇ ਦੇ ਇੱਕ ਛੋਟੇ ਜਿਹੇ ਪਿੰਡ ਧੂੜਕੋਟ ਰਣਸੀਂਹ (ਨੇੜੇ ਨਿਹਾਲ ਸਿੰਘ ਵਾਲਾ-ਮੋਗਾ) ‘ਚ ਜੰਮਿਆ-ਪਲਿਆ ਸਿਮਰਜੀਤ ਪਿਛਲੇ ਕਈ ਸਾਲਾਂ ਤੋਂ ਫਿਲਮੀ ਦੁਨੀਆਂ ਨਾਲ ਜੁੜਿਆ ਹੋਇਆ ਹੈ। ਸੰਘਰਸ਼ ਦੇ ਦਿਨੀਂ ਉਸ ਨੇ ਬਾਲੀਵੁੱਡ ਦੇ ਕਈ ਨਾਮੀ ਨਿਰਦੇਸ਼ਕਾਂ-ਅਨੀਸ਼ ਬਜ਼ਮੀ, ਅਨਿਲ ਦੇਵਗਣ, ਰੋਹਿਤ ਸ਼ੈਟੀ ਅਤੇ ਸਵਰਗੀ ਮਨੋਜ ਪੁੰਜ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ।
ਕਲਾਤਮਕ ਸੋਚ ਅਤੇ ਤੀਖਣ ਬੁੱਧੀ ਵਾਲਾ ਸਿਮਰਜੀਤ ਆਪਣੇ ਕੰਮ ਪ੍ਰਤੀ ਬਹੁਤ ਸੰਜੀਦਾ ਹੈ। ਉਸ ਨੂੰ ਮਾਣ ਹੈ ਕਿ ਉਹ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਜ਼ਰੀਏ ਆਪਣੇ ਜਿਲ੍ਹੇ ਦੇ ਨਾਇਕ ਦੀ ਸ਼ਹਾਦਤ ਨੂੰ ਫਿਲਮੀ ਪਰਦੇ ‘ਤੇ ਪੇਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਸੂਬੇਦਾਰ ਜੋਗਿੰਦਰ ਸਿੰਘ ਮੋਗਾ ਜਿਲ੍ਹੇ ਦੇ ਪਿੰਡ ਮਾਹਲਾ ਕਲਾਂ ਦਾ ਜੰਮਪਲ ਸੀ ਜਿਸ ਨੇ 1962 ਦੀ ਚੀਨ ਜੰਗ ਵਿਚ ਸ਼ਹਾਦਤ ਦਾ ਜਾਮ ਪੀਤਾ।
ਪੇਸ਼ ਹਨ, ਸਿਮਰਜੀਤ ਨਾਲ ਗੱਲਬਾਤ ਦੇ ਕੁਝ ਅੰਸ਼:
ਮਨੋਰੰਜਕ ਫਿਲਮਾਂ ਤੋਂ ਬਾਅਦ ਅਚਾਨਕ ਦੇਸ਼ ਭਗਤੀ ਸਿਨੇਮਾ ਵੱਲ ਕਿਵੇਂ?
-ਸਿਨੇਮਾ ਸਿਰਫ ਮਨੋਰੰਜਨ ਹੀ ਨਹੀਂ ਕਰਦਾ ਬਲਕਿ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਵੀ ਜੋੜਦਾ ਹੈ। ਮੇਰੀ ਕੋਸ਼ਿਸ਼ ਰਹੀ ਹੈ ਕਿ ਫਿਲਮ ਰਾਹੀਂ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਕੋਈ ਚੰਗਾ ਮੈਸੇਜ ਵੀ ਦੇਵਾਂ। ਸੂਬੇਦਾਰ ਜੋਗਿੰਦਰ ਸਿੰਘ ਬਾਰੇ ਫਿਲਮ ਬਣਾਉਣ ਦਾ ਮਕਸਦ ਲੋਕਾਂ ਨੂੰ ਇਸ ਸ਼ਹੀਦ ਦੀ ਜ਼ਿੰਦਗੀ ਬਾਰੇ ਦੱਸਣਾ ਹੈ। ਸਰਕਾਰਾਂ ਅਜਿਹੇ ਯੋਧਿਆਂ ਦੇ ਚੌਰਾਹਿਆਂ ‘ਚ ਬੁੱਤ ਤਾਂ ਲਾ ਦਿੰਦੀਆਂ ਹਨ ਪਰ ਇਤਿਹਾਸ ਬਾਰੇ ਨਹੀਂ ਦੱਸਦੀਆਂ। ਇਹ ਫਿਲਮ ਮੈਂ ਮੋਗਾ ਸ਼ਹਿਰ ‘ਚ ਲੱਗੇ ਇਸ ਸ਼ਹੀਦ ਦੇ ਬੁੱਤ ਤੋਂ ਪ੍ਰਭਾਵਿਤ ਹੋ ਕੇ ਬਣਾਉਣ ਦਾ ਫੈਸਲਾ ਕੀਤਾ ਸੀ।
ਇਤਿਹਾਸਕ ਜਾਂ ਜ਼ਿੰਦਗੀ ਆਧਾਰਤ ਵਿਸ਼ਿਆਂ ‘ਤੇ ਕੰਮ ਕਰਨਾ ਕਿਵੇਂ ਲੱਗਦਾ ਹੈ?
-ਆਮ ਫਿਲਮਾਂ ਦੀ ਥਾਂ ਅਜਿਹੇ ਵਿਸ਼ਿਆਂ ‘ਤੇ ਕੰਮ ਕਰਨਾ ਬਹੁਤ ਚੁਣੌਤੀ ਭਰਿਆ ਹੁੰਦਾ ਹੈ। ਇਤਿਹਾਸਕ ਵਿਸ਼ਿਆਂ ‘ਤੇ ਬਣਨ ਵਾਲੀ ਫਿਲਮ ਦੀ ਹਰ ਗੱਲ ਨੂੰ ਬਹੁਤ ਬਾਰੀਕੀ ਨਾਲ ਵੇਖਣਾ ਪੈਂਦਾ ਹੈ। ਸੱਚਾਈ ਦੀ ਤਹਿ ਤੱਕ ਜਾਣ ਲਈ ਡੂੰਘੀ ਖੋਜ ਕਰਨੀ ਪੈਂਦੀ ਹੈ। ਫਿਲਮ ਦੇ ਪੇਪਰ ਵਰਕ ਤੋਂ ਲੈ ਕੇ ਫਿਲਮਾਂਕਣ, ਐਡੀਟਿੰਗ, ਫਿਰ ਪ੍ਰਚਾਰ ਤੱਕ ਹਰ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ। ਅਜਿਹੀਆਂ ਫਿਲਮਾਂ ਦਾ ਬਜਟ ਵੀ ਆਮ ਫਿਲਮਾਂ ਦੇ ਮੁਕਾਬਲੇ ਵੱਧ ਹੁੰਦਾ ਹੈ। ਨਿਰਮਾਤਾ ਅਜਿਹੀ ਫਿਲਮ ‘ਤੇ ਪੈਸਾ ਲਾਉਣਾ ਵੱਡਾ ਰਿਸਕ ਸਮਝਦੇ ਹਨ। ਫਿਲਮ ਦੇ ਨਿਰਮਾਣ ਨੂੰ ਲੈ ਕੇ ਸੂਬੇਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਵਲੋਂ ਹਰ ਪੱਖੋਂ ਸਹਿਯੋਗ ਮਿਲਿਆ ਹੈ।
ਕੀ ਇਹ ਫਿਲਮ ਸਿਰਫ ਸ਼ਹਾਦਤ ਦੀ ਗੱਲ ਹੀ ਕਰੇਗੀ ਜਾਂ ਮਨੋਰੰਜਨ ਵੀ?
-ਮੋਗਾ ਜਿਲ੍ਹੇ ਦੇ ਪਿੰਡ ਮਾਹਲਾ ਕਲਾਂ ਦੇ ਜੰਮਪਲ ਪਰਮਵੀਰ ਚੱਕਰ ਵਿਜੇਤਾ (ਸ਼ਹੀਦੀ ਉਪਰੰਤ) ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਬਣੀ ਇਹ ਫਿਲਮ ਉਸ ਦੀ ਸ਼ਹਾਦਤ ਦੇ ਨਾਲ ਨਾਲ ਉਸ ਦੀਆਂ ਪਰਿਵਾਰਕ ਪ੍ਰਸਥਿਤੀਆਂ ਨੂੰ ਵੀ ਪਰਦੇ ‘ਤੇ ਪੇਸ਼ ਕਰਦੀ ਹੈ। ਸੂਬੇਦਾਰ ਜੋਗਿੰਦਰ ਸਿੰਘ ਇੱਕ ਉਹ ਯੋਧਾ ਸੀ, ਜਿਸ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਸਿੱਖ ਰੈਜੀਮੈਂਟ ਦੇ ਸਿਰਫ 25 ਜਵਾਨਾਂ ਨਾਲ ਮਿਲ ਕੇ ਬਰਮਾ ਵਿਚ ਚੀਨ ਦੇ ਕਰੀਬ ਇੱਕ ਹਜ਼ਾਰ ਫੌਜੀਆਂ ਦਾ ਡਟ ਕੇ ਮੁਕਾਬਲਾ ਕੀਤਾ। ਇਹ ਜਵਾਨ ਮਰਦੇ ਦਮ ਤੱਕ ਦੇਸ਼ ਦੀ ਧਰਤੀ ਲਈ ਲੜਦੇ ਰਹੇ। ਇਹ ਫਿਲਮ ਉਸ ਮਹਾਨ ਦੇਸ਼ ਭਗਤ ਦੀ ਜ਼ਿੰਦਗੀ ‘ਤੇ ਆਧਾਰਤ ਹੈ, ਜਿਸ ਕਰਕੇ ਦਰਸ਼ਕਾਂ ਨੂੰ ਦੇਸ਼ ਭਗਤੀ ਦੇ ਜਜ਼ਬੇ ਤੇ ਭਾਵੁਕਤਾ ਨਾਲ ਜੋੜੇਗੀ। ਉਂਜ ਫਿਲਮ ਵਿਚ ਰੁਮਾਂਸ ਅਤੇ ਵਧੀਆ ਗੀਤ-ਸੰਗੀਤ ਦਾ ਮਨੋਰੰਜਨ ਵੀ ਹੋਵੇਗਾ। ਪਹਿਲੀਆਂ ਕੁਝ ਫਿਲਮਾਂ ਵਾਂਗ ਇਹ ਪੁਰਾਤਨ ਸੱਭਿਆਚਾਰ ਨਾਲ ਵੀ ਜੋੜੇਗੀ। ਫਿਲਮ ‘ਅੰਗਰੇਜ਼’ ਵਾਲੀ ਮਾੜੋ (ਅਦਿੱਤੀ ਸ਼ਰਮਾ) ਨੂੰ ਦਰਸ਼ਕ ਇਸ ਫਿਲਮ ‘ਚ ਗਿੱਪੀ ਗਰੇਵਾਲ ਨਾਲ ਵੇਖਣਗੇ।
ਇਸ ਫਿਲਮ ਵਿਚ ਕਈ ਨਵੇਂ ਤੇ ਪੁਰਾਣੇ ਨਾਮੀ ਕਲਾਕਾਰਾਂ ਤੋਂ ਕੰਮ ਲੈਣ ਦਾ ਕੋਈ ਖਾਸ ਕਾਰਨ?
-ਫਿਲਮ ਦੀ ਕਹਾਣੀ ਮੁਤਾਬਕ ਅਜਿਹੇ ਬਹੁਤ ਕਿਰਦਾਰ ਸਨ ਜੋ ਇਨ੍ਹਾਂ ਕਲਾਕਾਰਾਂ ਦੇ ਹਿੱਸੇ ਆਏ। ਗਿੱਪੀ ਗਰੇਵਾਲ ਨੇ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਅਦਿੱਤੀ ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁੱਗੂ ਗਿੱਲ, ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਹਰੀਸ਼ ਵਰਮਾ, ਬਨਿੰਦਰ ਬਨੀ, ਰਾਜਵੀਰ ਜਵੰਧਾ, ਕੁਲਵਿੰਦਰ ਬਿੱਲਾ, ਜੌਰਡਨ ਸੰਧੂ ਸਮੇਤ ਅਨੇਕਾਂ ਰੰਗ-ਮੰਚ ਕਲਾਕਾਰਾਂ ਨੇ ਕੰਮ ਕੀਤਾ ਹੈ। ਫਿਲਮ ਦਾ ਬਹੁਤਾ ਹਿੱਸਾ ਜੰਗ ਦੇ ਮੈਦਾਨ ਦਾ ਹੈ, ਜਿਸ ਵਿਚ ਭਾਰਤੀ ਅਤੇ ਚੀਨੀ ਸੈਨਿਕਾਂ ਨੂੰ ਪੇਸ਼ ਕਰਨਾ ਜਰੂਰੀ ਸੀ। ਫਿਲਮ ਦੀ ਕੁਝ ਸ਼ੂਟਿੰਗ ਰਾਜਸਥਾਨ ਦੇ ਪੰਜਾਬੀ ਇਲਾਕਿਆਂ ਵਿਚ ਕੀਤੀ ਗਈ ਹੈ ਜਦਕਿ ਬਾਕੀ ਲੇਹ ਲੱਦਾਖ ਦੀਆਂ ਬਰਫੀਲੀਆਂ ਪਹਾੜੀਆਂ ਵਿਚ। ਭਾਰਤ-ਚੀਨ ਜੰਗ ਦੇ ਦ੍ਰਿਸ਼ ਲਗਭਗ 14,000 ਫੁੱਟ ਦੀਆਂ ਉਚੀਆਂ ਪਹਾੜੀਆਂ ‘ਤੇ ਬਹੁਤ ਹੀ ਜ਼ੋਖਮ ਨਾਲ ਫਿਲਮਾਏ ਗਏ ਹਨ।
ਫਿਲਮ ਬਾਰੇ ਤੁਹਾਡਾ ਕੀ ਨਜ਼ਰੀਆ ਹੈ?
-ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ। ਨਿੱਕੇ ਹੁੰਦਿਆਂ ਜਦ ਵੀ ਮੈਂ ਮੋਗੇ ਜਾਣਾ ਤਾਂ ਸੂਬੇਦਾਰ ਜੋਗਿੰਦਰ ਸਿੰਘ ਦੇ ਮੁੱਖ ਚੌਂਕ ‘ਚ ਲੱਗੇ ਬੁੱਤ ਕੋਲੋਂ ਲੰਘਦਿਆਂ ਅਨੇਕਾਂ ਖਿਆਲ ਮੇਰੇ ਜ਼ਿਹਨ ‘ਚ ਆਉਂਦੇ। ਇਸ ਸ਼ਹੀਦ ਬਾਰੇ ਜਾਣਨ ਦੀ ਇੱਛਾ ਪੈਦਾ ਹੁੰਦੀ। ਇਸ ਸ਼ਹੀਦ ਦੀ ਜ਼ਿੰਦਗੀ ‘ਤੇ ਫਿਲਮ ਬਣਾਉਣ ਦਾ ਖਿਆਲ ਬਹੁਤ ਪੁਰਾਣਾ ਸੀ ਜੋ ਹੁਣ ਪੂਰਾ ਕਰ ਰਿਹਾ ਹਾਂ। ਮੇਰੇ ਲਈ ਇਹ ਫਿਲਮ ਬਹੁਤ ਅਹਿਮ ਹੈ। ਅਜਿਹੀਆਂ ਫਿਲਮਾਂ ਦਾ ਨਿਰਮਾਣ ਕਰਨਾ, ਇਤਿਹਾਸਕ ਦਸਤਾਵੇਜ਼ ਸਾਂਭਣ ਦੇ ਬਰਾਬਰ ਹੁੰਦਾ ਹੈ ਜੋ ਨਵੀਂ ਪੀੜ੍ਹੀ ਨੂੰ ਜ਼ਿੰਦਗੀ ਦੇ ਅਸਲ ਨਾਇਕਾਂ ਬਾਰੇ ਜਾਣਕਾਰੀ ਦਿੰਦੀਆਂ ਹਨ।