ਡਾæ ਅਮਨਦੀਪ ਸਿੰਘ ਟੱਲੇਵਾਲੀਆ
ਫੋਨ: 91-98146-99446
8 ਮਾਰਚ ਦਾ ਦਿਨ ਪੂਰੇ ਵਿਸ਼ਵ ਵਿਚ ‘ਮਹਿਲਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਸਮਾਜ ਵਿਚ ਚੰਗੇ ਕੰਮ ਕਰਨ ਬਦਲੇ ਬਹੁਤ ਸਾਰੀਆਂ ਔਰਤਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ। ਪੜ੍ਹੀਆਂ-ਲਿਖੀਆਂ ਔਰਤਾਂ ਇਸ ਦਿਨ ਆਪਣੀ ‘ਭੜਾਸ’ ਕੱਢ ਲੈਂਦੀਆਂ ਹਨ ਕਿ ਮਰਦ ਪ੍ਰਧਾਨ ਸਮਾਜ ਵਿਚ ਇਕੋ ਦਿਨ ਹੀ ਔਰਤ ਨੂੰ ਆਪਣੀ ਆਜ਼ਾਦੀ ਦਾ ਖ਼ਿਆਲ ਆਉਂਦਾ ਹੈ। ਔਰਤ ਅਤੇ ਮਰਦ ਇਕੋ ਗੱਡੀ ਦੇ ਦੋ ਪਹੀਏ ਹਨ। ਜੀਵਨ ਦੇ ਇਸ ਪੰਧ ਵਿਚੋਂ ਕਿਸੇ ਇੱਕ ਨੂੰ ਮਨਫੀ ਕਰ ਦੇਈਏ ਤਾਂ ਇਹ ਗੱਡੀ ਰੁਕ ਜਾਂਦੀ ਹੈ।
ਬੇਸ਼ੱਕ ਮਹਿਲਾ ਦਿਵਸ ਮਨਾਉਣ ਦਾ ਕਾਰਨ ਤਾਂ ਇਹ ਸੀ ਕਿ ਮਰਦ ਦੇ ਬਰਾਬਰ ਔਰਤ ਨੂੰ ਨੌਕਰੀਆਂ ਦਿੱਤੀਆਂ ਜਾਣ, ਵੋਟ ਪਾਉਣ ਦਾ ਹੱਕ ਦਿੱਤਾ ਜਾਵੇ ਅਤੇ ਉਸ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇ। ਜੇਕਰ ਇਕੱਲੇ ਭਾਰਤ ਦੀ ਹੀ ਗੱਲ ਕਰੀਏ ਤਾਂ ਸਰਸਰੀ ਨਜ਼ਰੇ ਦੇਖਿਆਂ ਔਰਤ ਹਰ ਖੇਤਰ ਵਿਚ ਮਰਦ ਦੇ ਬਰਾਬਰ ਹੈ ਤੇ ਕਈ ਖੇਤਰਾਂ ਵਿਚ ਮਰਦਾਂ ਨੂੰ ਵੀ ਪਿੱਛੇ ਛੱਡ ਗਈ ਹੈ। ਪਰ ਗੌਰ ਨਾਲ ਦੇਖੀਏ ਤਾਂ ਉਂਗਲਾਂ ‘ਤੇ ਗਿਣਨ ਜੋਗੀਆਂ ਔਰਤਾਂ ਨੂੰ ਛੱਡ ਕੇ ਬਾਕੀ ਸਭ ਨੂੰ ਆਪਣੀ ਆਜ਼ਾਦੀ ਦੀ ਰਤਾ ਪ੍ਰਵਾਹ ਨਹੀਂ। ਹਰ ਵਾਰ ਉਹੀ ਨਾਂ ਦੁਹਰਾਏ ਜਾਂਦੇ ਹਨ ਕਿਰਨ ਬੇਦੀ, ਪੀæਟੀæ ਊਸ਼ਾ, ਕਲਪਨਾ ਚਾਵਲਾ, ਸੋਨੀਆ ਗਾਂਧੀ ਜਾਂ ਇੱਕ-ਦੋ ਹੋਰ। ਕੀ ਇਨ੍ਹਾਂ ਔਰਤਾਂ ਤੋਂ ਇਲਾਵਾ ਹੋਰ ਔਰਤ ਜਾਤੀ ਨੇ ਆਪਣੇ ਆਪ ਨੂੰ ਉਚਾ ਚੁੱਕਣ ਦਾ ਤਹੱਈਆ ਨਹੀਂ ਕੀਤਾ। ਇਕ ਪਾਸੇ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ। ਦੂਸਰੇ ਪਾਸੇ ‘ਔਰਤ ਜਾਤ’ ਆਪਣੀ ਹੋਂਦ ਨੂੰ ਬਚਾਉਣ ਦਾ ਕੋਈ ਠੋਸ ਉਪਰਾਲਾ ਨਹੀਂ ਕਰ ਰਹੀ। ਕੁੱਖ ਵਿਚ ਹੋ ਰਹੇ ਧੀਆਂ ਦੇ ਕਤਲ ਦੀ ਜਿੰਮੇਵਾਰ ਬਹੁਤੀ ਵਾਰ ਖੁਦ ਹੈ, ਇੱਕ ਸੱਸ ਦੇ ਰੂਪ ਵਿਚ ਜਾਂ ਮਾਂ ਦੇ ਰੂਪ ਵਿਚ ਹੋਵੇ।
ਔਰਤ ਆਪਣੀ ਆਜ਼ਾਦੀ ਦੀ ਗੱਲ ਤਾਂ ਕਰਦੀ ਹੈ ਪਰ ਆਪਣੀ ਆਜ਼ਾਦੀ ਸਿਰਫ਼ ਚੰਗਾ ਪਹਿਨਣ ਜਾਂ ਘੁੰਮਣ ਫਿਰਨ ਨੂੰ ਸਮਝ ਰੱਖਿਆ ਹੈ। ਜੇ ਕਿਸੇ ਕੁੜੀ, ਬੁੜੀ ਉਪਰ ਪਰਿਵਾਰ ਦਾ ਕੋਈ ਦਬਾਅ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ‘ਆਜ਼ਾਦ’ ਹੈ। ਔਰਤ ਨੇ ਆਪਣੀ ਆਜ਼ਾਦੀ ਦੇ ਅਰਥ ਬਦਲ ਲਏ ਹਨ। ਉਹ ਸੋਹਣਾ ਦਿਸਣ ਲਈ ਛੋਟੇ ਛੋਟੇ ਕੱਪੜੇ ਪਾਉਣ ਲੱਗ ਪਈ, ਗੋਡਿਆਂ ਤੋਂ ਥੱਲੇ ਨੰਗੀਆਂ ਲੱਤਾਂ, ਨੰਗਾ ਢਿੱਡ, ਖੁੱਲ੍ਹੇ ਗਲੇ, ਸਲੀਵਲੈਸ ਸ਼ਰਟਾਂ-ਟੀ ਸ਼ਰਟਾਂ ਜਾਂ ਸੂਟ ਪਾ ਕੇ, ਔਰਤ ਕਿਸ ਪੱਖੋਂ ਆਜ਼ਾਦ ਹੋਇਆ ਸਮਝਦੀ ਹੈ? ਜਿੱਥੋਂ ਤੱਕ ਘੁੰਡ ਦਾ ਸਵਾਲ ਹੈ, ਉਹ ਤਾਂ ਮੰਨਿਆ ਕਿ ਗੁਲਾਮੀ ਦੀ ਨਿਸ਼ਾਨੀ ਹੈ ਪਰ ਸਿਰ ਤੋਂ ਚੁੰਨੀ ਲਾਹੁਣੀ ਵੀ ਆਜ਼ਾਦੀ ਦਾ ਪ੍ਰਤੀਕ ਨਹੀਂ। ਅਸਲ ਵਿਚ ਔਰਤ ਵਿਚ ਵੱਧ ਰਹੀ ਫੈਸ਼ਨਪ੍ਰਸਤੀ, ਟੈਲੀਵਿਜ਼ਨ ਉਪਰ ਆਉਂਦੇ ਨਾਟਕ ਜਾਂ ਫਿਲਮਾਂ ਇਸ ਦੀ ਮਾਨਸਿਕਤਾ ਨੂੰ ਵਿਗਾੜ ਰਹੇ ਹਨ। ਬੇਸ਼ੱਕ ਸੱਭੇ ਔਰਤਾਂ ਅਜਿਹੀਆਂ ਨਹੀਂ ਪਰ ਬਹੁਗਿਣਤੀ ਇਸ ਤਰ੍ਹਾਂ ਦੀ ਹੋ ਰਹੀ ਹੈ। ਅਗਰ ਔਰਤ ਆਪਣੇ ਆਪ ਨੂੰ ਆਜ਼ਾਦ ਸਮਝਦੀ ਹੈ, ਆਪਣੇ ਪੈਰਾਂ ਸਿਰ ਖੜੇ ਹੋਣਾ ਚਾਹੁੰਦੀ ਹੈ, ਮਰਦ ਪ੍ਰਧਾਨ ਸਮਾਜ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੀ ‘ਸ਼ਰਮ’ ਨੂੰ ਸੰਭਾਲ ਕੇ ਰੱਖਣਾ ਪਵੇਗਾ। ‘ਫੈਸ਼ਨ ਦੀ ਆਜ਼ਾਦੀ’ ਔਰਤ ਨੂੰ ਕਦੇ ਵੀ ਆਜ਼ਾਦ ਫਿਜ਼ਾ ਵਿਚ ਸਾਹ ਨਹੀਂ ਲੈਣ ਦੇਵੇਗੀ, ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲੋਂ ਟੁੱਟ ਕੇ ਗ੍ਰਹਿਣ ਕੀਤੀ ਅਖੌਤੀ ਆਜ਼ਾਦੀ ਨੂੰ ਆਜ਼ਾਦੀ ਹਰਗਿਜ਼ ਨਹੀਂ ਕਿਹਾ ਜਾ ਸਕਦਾ।
ਜੇਕਰ ਛੋਟੇ ਪੱਧਰ ਤੋਂ ਗੱਲ ਸ਼ੁਰੂ ਕਰਨੀ ਹੋਵੇ ਤਾਂ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕਰ ਲੈਂਦੇ ਹਾਂ। ਪਿੰਡ ਦੀ ਸਰਪੰਚ ਔਰਤ ਬਣਦੀ ਹੈ ਤਾਂ ਉਸ ਦਾ ਸਾਰਾ ਕਰਤਾ ਧਰਤਾ ਉਸ ਦਾ ਪਤੀ ਹੁੰਦਾ ਹੈ। ਬੱਸ ਮੋਹਰ ਸਿਰਫ਼ ਔਰਤ ਸਰਪੰਚ ਦੀ ਹੁੰਦੀ ਹੈ। ਕਿੰਨੀਆਂ ਕੁ ਔਰਤਾਂ ਹਨ ਜਿਨ੍ਹਾਂ ਨੇ ਆਪਣੇ ਪਿੰਡ ਦੀਆਂ ਸਮੱਸਿਆਵਾਂ ਕਿਸੇ ਅਫ਼ਸਰ ਦੀ ਕਚਹਿਰੀ ਵਿਚ ਪੇਸ਼ ਕੀਤੀਆਂ ਹਨ। ਇਸ ਤੋਂ ਅੱਗੇ ਵਿਧਾਨ ਸਭਾ, ਲੋਕ ਸਭਾ ਵਿਚ ਵੀ ਔਰਤਾਂ ਲਈ ਰਾਖਵੇਂਕਰਨ ਦੀ ਤਜਵੀਜ਼ ਰੱਖੀ ਗਈ ਹੈ। ਪਰ ਕਿੰਨੀਆਂ ਕੁ ਔਰਤਾਂ ਹਨ ਜੋ ਵਿਧਾਨ ਸਭਾ ਜਾਂ ਲੋਕ ਸਭਾ ਵਿਚ ਜਿੱਤ ਕੇ ਆਪਣੇ ਹਿਤਾਂ ਲਈ ਲੜਦੀਆਂ ਹਨ। ਔਰਤ ਨੇ ਆਪਣੇ ਆਪ ਨੂੰ ਹਮੇਸ਼ਾ ਨਿਮਾਣੀ, ਨਿਤਾਣੀ ਜਾਂ ਵਿਚਾਰੀ ਬਣ ਕੇ ਹੀ ਪੇਸ਼ ਕੀਤਾ ਹੈ। ਜਿਸ ਤਰ੍ਹਾਂ ਅਸੀਂ ਰੋਜ਼ਾਨਾ ਜੀਵਨ ਵਿਚ ਵੇਖਦੇ ਹਾਂ ਕਿ ਕਿਸੇ ਬੱਸ ਵਿਚ ਜੇ ਬਹੁਤੀ ਭੀੜ ਹੋਵੇ ਤਾਂ ਕਈ ਔਰਤਾਂ ਆਪਣੇ ਔਰਤ ਹੋਣ ਦਾ ਵਾਸਤਾ ਪਾ ਕੇ ਆਦਮੀਆਂ ਕੋਲੋਂ ਸੀਟ ਲੈ ਕੇ ਬੈਠਣ ਦਾ ਯਤਨ ਕਰਦੀਆਂ ਹਨ ਜਿਸ ਨੂੰ ਕਿ ਮੈਂ ਔਰਤ ਦਾ ਕਮਜ਼ੋਰ ਪੱਖ ਹੀ ਗਿਣ ਸਕਦਾ ਹਾਂ। ਇਸੇ ਤਰ੍ਹਾਂ ਕਿਸੇ ਵੀ ਦਫ਼ਤਰ ਵਿਚ ਚਲੇ ਜਾਵੋਂ, ਉਥੇ ਔਰਤਾਂ, ਮਰਦਾਂ ਅੱਗੇ ਆਪਣੇ ਔਰਤ ਹੋਣ ਦਾ ਵਾਸਤਾ ਪਾ ਕੇ ਇਹੋ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਹਨ। ਵੀਰ ਜੀ ਜਾਂ ਭਾਅ ਜੀ, ਤੁਸੀਂ ਤਾਂ ਬੰਦੇ ਹੋ, ਮੈਂ ਕੱਲੀ ਕਹਿਰੀ ਜਨਾਨੀ ਪਹਿਲਾਂ ਮੈਨੂੰ ਗੈਸ ਲੈ ਲੈਣ ਦਿਓ, ਜਾਂ ਬਿਲ ਭਰ ਲੈਣ ਦਿਓ, ਇਹ ਵੀ ਔਰਤ ਦੀ ਕਮਜ਼ੋਰੀ ਹੈ।
ਸਮੁੱਚੇ ਘਟਨਾਕ੍ਰਮ ਤੋਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਔਰਤ ਪਹਿਲਾਂ ਨਾਲੋਂ ਵਿਦਿਅਕ ਖੇਤਰ ਵਿਚ ਮੋਹਰੀ ਬਣ ਕੇ ਨਿਤਰੀ ਹੈ ਪਰ ਇਸ ਦੀ ‘ਕਮਜ਼ੋਰੀ’ ਅਜੇ ਵੀ ਬਰਕਰਾਰ ਹੈ। ਔਰਤ ਕਦੋਂ ਆਜ਼ਾਦ ਹੋਵੇਗੀ? ਇਹ ਕਹਿਣਾ ਅਜੇ ਮੁਸ਼ਕਿਲ ਹੈ।
Leave a Reply