ਚਾਰ ਸਾਲ ਪਹਿਲਾਂ ਹੀ 39 ਭਾਰਤੀਆਂ ਦੀ ਕਰ ਦਿੱਤੀ ਸੀ ਹੱਤਿਆ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਇਰਾਕ ਵਿਚ ਦਹਿਸ਼ਤੀ ਸੰਗਠਨ ਆਈæਐਸ਼ (ਇਸਲਾਮਿਕ ਸਟੇਟ) ਵੱਲੋਂ ਬੰਦੀ ਬਣਾਏ 39 ਭਾਰਤੀ ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਨ, ਦੀ ਹੱਤਿਆ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਇਹ ਪੁਸ਼ਟੀ ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਕੀਤੀ। ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਇਰਾਕ ਦੇ ਸ਼ਹਿਰ ਮੋਸੂਲ ਨੇੜਲੇ ਪਿੰਡ ਬਾਦੋਸ਼ ਵਿਚੋਂ ਮਿਲੀਆਂ ਹਨ, ਜਿਨ੍ਹਾਂ ਦੀ ਸ਼ਨਾਖਤ ਡੀæਐਨæਏæ ਟੈਸਟਾਂ ਰਾਹੀਂ ਕੀਤੀ ਗਈ ਹੈ।
ਇਸ ਖੁਲਾਸੇ ਪਿੱਛੋਂ ਵਿਰੋਧੀ ਧਿਰਾਂ ਅਤੇ ਮ੍ਰਿਤਕਾਂ ਦੇ ਵਾਰਸਾਂ ਨੇ ਨਰੇਂਦਰ ਮੋਦੀ ਸਰਕਾਰ ਉਤੇ ਸਵਾਲ ਚੁੱਕੇ ਹਨ। ਸਵਾਲ ਕੀਤਾ ਗਿਆ ਹੈ ਕਿ ਵਿਦੇਸ਼ ਮੰਤਰੀ ਨੇ ਹੁਣ ਤੱਕ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਧੋਖੇ ਵਿਚ ਕਿਉਂ ਰੱਖਿਆ? ਸਰਕਾਰ ਦੀ ਇਸ ਗੱਲੋਂ ਵੀ ਆਲੋਚਨਾ ਹੋ ਰਹੀ ਹੈ ਕਿ ਜੇ ਚਾਰ ਸਾਲ ਪਹਿਲਾਂ ਬੰਦੀ ਬਣਾਉਣ ਦੀ ਘਟਨਾ ਵਾਪਰਦਿਆਂ ਹੀ ਰਿਹਾਈ ਲਈ ਸੰਜੀਦਾ ਯਤਨ ਹੁੰਦੇ ਤਾਂ ਬੰਦੀਆਂ ਨੂੰ ਬਚਾਇਆ ਜਾ ਸਕਦਾ ਸੀ। ਮ੍ਰਿਤਕਾਂ ਵਿਚੋਂ 27 ਜਣੇ ਪੰਜਾਬ ਨਾਲ ਅਤੇ ਬਾਕੀ ਹਿਮਾਚਲ, ਬਿਹਾਰ ਤੇ ਪੱਛਮੀ ਬੰਗਾਲ ਨਾਲ ਸਬੰਧਤ ਸਨ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਇਹੋ ਆਖਦੀ ਆ ਰਹੀ ਸੀ ਕਿ ਇਰਾਕ ਵਿਚਲੇ ਇਹ ਸਾਰੇ ਭਾਰਤੀ ਜ਼ਿੰਦਾ ਹਨ। ਮ੍ਰਿਤਕਾਂ ਦੇ ਪਰਿਵਾਰ ਦਿੱਲੀ ਵਿਚ ਤਕਰੀਬਨ 10 ਵਾਰ ਵਿਦੇਸ਼ ਮੰਤਰੀ ਨੂੰ ਮਿਲ ਚੁੱਕੇ ਹਨ ਤੇ ਹਰ ਵਾਰ ਉਨ੍ਹਾਂ ਨੂੰ ਇਹੀ ਕਿਹਾ ਗਿਆ ਕਿ ਸਰਕਾਰ ਕੋਲ ਪੁਖਤਾ ਜਾਣਕਾਰੀ ਹੈ ਕਿ ਸਾਰੇ ਨੌਜਵਾਨ ਜ਼ਿੰਦਾ ਹਨ। ਸਰਕਾਰ ਨੇ ਪਿਛਲੇ ਸਾਲ ਇਹ ਦਾਅਵਾ ਵੀ ਕੀਤਾ ਸੀ ਕਿ ਇਹ ਸਾਰੇ ਨੌਜਵਾਨ ਮੋਸੂਲ ਦੀ ਜੇਲ੍ਹ ਵਿਚ ਬੰਦ ਹਨ। ਪਿਛਲੇ ਵਰ੍ਹੇ ਜਦੋਂ ਇਰਾਕ ਦੇ ਪ੍ਰਧਾਨ ਮੰਤਰੀ ਭਾਰਤ ਦੌਰੇ ਉਤੇ ਆਏ ਸਨ ਤਾਂ ਉਨ੍ਹਾਂ ਸੁਸ਼ਮਾ ਸਵਰਾਜ ਦੇ ਦਾਅਵੇ ਦੀ ਇਹ ਕਹਿ ਕਿ ਫੂਕ ਕੱਢ ਦਿੱਤੀ ਸੀ ਕਿ ਇਰਾਕ ਸਰਕਾਰ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਬਾਅਦ ਪਤਾ ਲੱਗਾ ਕਿ ਜਿਸ ਜੇਲ੍ਹ ਵਿਚ ਪੰਜਾਬੀਆਂ ਦੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਨੂੰ ਤਾਂ ਸੁਰੱਖਿਆ ਬਲਾਂ ਨੇ ਇਸ ਸ਼ਹਿਰ ‘ਤੇ ਕਬਜ਼ੇ ਵੇਲੇ ਉਡਾ ਦਿੱਤਾ ਸੀ। ਇਸ ਤੋਂ ਬਾਅਦ ਵੀ ਭਾਰਤ ਸਰਕਾਰ ਪੀੜਤ ਪਰਿਵਾਰਾਂ ਅੱਗੇ ਇਹੀ ਦਾਅਵਾ ਕਰਦੀ ਆਈ ਹੈ ਕਿ ‘ਸਭ ਠੀਕ’ ਹੈ।
ਇਹ ਵੀ ਦੱਸਣਯੋਗ ਹੈ ਕਿ ਅਗਵਾ ਕੀਤੇ ਕੁੱਲ 40 ਭਾਰਤੀਆਂ ਵਿਚੋਂ ਇਕ ਗੁਰਦਾਸਪੁਰ ਨਾਲ ਸਬੰਧਤ ਹਰਜੀਤ ਮਸੀਹ ਮੌਕੇ ‘ਤੇ ਖੁਦ ਨੂੰ ਬੰਗਲਾਦੇਸ਼ੀ ਮੁਸਲਮਾਨ ਦੱਸ ਕੇ ਜਾਨ ਬਚਾਉਣ ਵਿਚ ਸਫਲ ਰਿਹਾ ਸੀ। ਉਹ ਲਗਾਤਾਰ ਇਨ੍ਹਾਂ ਭਾਰਤੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਕਤਲ ਕਰਨ ਦੀ ਗੱਲ ਆਖਦਾ ਆ ਰਿਹਾ ਪਰ ਵਿਦੇਸ਼ ਮੰਤਰੀ ਨੇ ਉਸ ਦੇ ਪੈਰ ਨਾਲ ਲੱਗਣ ਦਿੱਤੇ। ਉਲਟਾ ਉਸ ਨੂੰ ਕਈ ਕੇਸਾਂ ਵਿਚ ਫਸਾ ਕੇ ਤੰਗ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਨੂੰ ਜੂਨ 2014 ਵਿਚ ਮੋਸੂਲ ਵਿਚੋਂ ਅਗਵਾ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਅਗਵਾ ਕਰਨ ਪਿੱਛੋਂ ਹੱਤਿਆ ਕਰ ਕੇ ਬਾਦੋਸ਼ ‘ਚ ਸਮੂਹਿਕ ਕਬਰਗਾਹ ਵਿਚ ਦਫ਼ਨਾ ਦਿੱਤਾ ਗਿਆ ਸੀ।
ਦੱਸ ਦਈਏ ਕਿ ਅਰਬ ਮੁਲਕਾਂ ਵਿਚ ਰੋਜ਼ੀ ਰੋਟੀ ਦੀ ਭਾਲ ਲਈ ਗਏ ਨੌਜਵਾਨਾਂ ਦੀ ਅਜਿਹੀ ਹੋਣੀ ਕੋਈ ਨਵੀਂ ਗੱਲ ਨਹੀਂ। ਨੌਂ ਅਰਬ ਮੁਲਕਾਂ ਵਿਚੋਂ ਲੰਘੇ ਤਿੰਨ ਵਰ੍ਹਿਆਂ ਦੌਰਾਨ 10,400 ਭਾਰਤੀਆਂ ਦੇ ਤਾਬੂਤ ਪੁੱਜੇ ਹਨ। ਵੇਰਵਿਆਂ ਅਨੁਸਾਰ ਦੁਨੀਆਂ ਦੇ 108 ਮੁਲਕਾਂ ਵਿਚੋਂ ਜਨਵਰੀ 2015 ਤੋਂ ਹੁਣ ਤੱਕ 11,184 ਮ੍ਰਿਤਕ ਦੇਹਾਂ ਭਾਰਤ ਦੇ ਹਵਾਈ ਅੱਡਿਆਂ ਉਤੇ ਪੁੱਜੀਆਂ ਹਨ। ਲੰਘੇ ਚਾਰ ਵਰ੍ਹਿਆਂ ਵਿਚ ਸਾਊਦੀ ਅਰਬ ਵਿਚ 12 ਹਜ਼ਾਰ ਭਾਰਤੀਆਂ ਦੀ ਮੌਤ ਹੋਈ ਹੈ, ਜਦੋਂ ਕਿ ਯੂæਏæਈæ ਵਿਚ ਚਾਰ ਵਰ੍ਹਿਆਂ ਵਿਚ 6100 ਭਾਰਤੀਆਂ ਨੂੰ ਜਾਨ ਗੁਆਉਣੀ ਪਈ ਹੈ। ਅਰਬ ਮੁਲਕ ਵਿਚ ਮੌਤ ਹੱਥੋਂ ਹਾਰਨ ਵਾਲਿਆਂ ਵਿਚ ਕਾਫੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਹੈ।