ਕੇਜਰੀਵਾਲ ਦੀ ਮੁਆਫੀ ਨੇ ਮਚਾਈ ਹਲਚਲ

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਨਸ਼ਾ ਤਸਕਰੀ ਦੇ ਦੋਸ਼ਾਂ ਬਾਰੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ ਨਾਲ ‘ਆਪ’ ਦੀ ਪੰਜਾਬ ਇਕਾਈ ਵਿਚ ਵੱਡੇ ਪੱਧਰ ‘ਤੇ ਬਗਾਵਤ ਸ਼ੁਰੂ ਹੋ ਗਈ ਹੈ। ਪੰਜਾਬ ਇਕਾਈ ਮਜੀਠੀਆ ਵੱਲੋਂ ਕੀਤੇ ਮਾਣਹਾਨੀ ਦੇ ਕੇਸ ਨੂੰ ਮੁੱਖ ਰੱਖ ਕੇ ਉਨ੍ਹਾਂ ਤੋਂ ਲਿਖਤੀ ਮੁਆਫੀ ਮੰਗਣ ਨੂੰ ਇਸ ਅਕਾਲੀ ਆਗੂ ਅੱਗੇ ਗੋਡੇ ਟੇਕਣ ਦੇ ਤੁਲ ਮੰਨ ਰਹੀ ਹੈ। ਹਾਲਾਂ ਕਿ ਪਾਰਟੀ ਦੇ ਕੌਮੀ ਤਰਜਮਾਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਆਪਣਾ ਧਿਆਨ ਬੇਲੋੜੀਆਂ ਅਦਾਲਤੀ ਪੇਸ਼ੀਆਂ ਵਿਚ ਨਹੀਂ ਭਟਕਾਉਣਾ ਚਾਹੁੰਦੇ, ਇਸ ਲਈ ਉਨ੍ਹਾਂ ਇਹ ਕਦਮ ਚੁੱਕਿਆ ਹੈ।

ਇਸੇ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਨੇ ਰੋਸ ਵਜੋਂ ਪੰਜਾਬ ਇਕਾਈ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ‘ਆਪ’ ਦੇ ਵਿਧਾਨਕ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਪੰਜਾਬ ਇਕਾਈ ਦੇ ਸਹਿ ਕਨਵੀਨਰ ਅਮਨ ਅਰੋੜਾ ਤੇ ਵਿਧਾਇਕ ਕੰਵਰ ਸੰਧੂ ਦੇ ਤੇਵਰ ਨੇ ਵੀ ਤਿੱਖੇ ਸੁਰ ਅਪਨਾਏ ਹੋਏ ਹਨ। ਕੇਜਰੀਵਾਲ ਦੀ ਸਭ ਤੋਂ ਵੱਧ ਅਲੋਚਨਾ ਇਸ ਪੱਖੋਂ ਹੋ ਰਹੀ ਹੈ ਕਿ ਉਨ੍ਹਾਂ ਨੇ ਇਹ ਅਹਿਮ ਫੈਸਲਾ ਕਰਨ ਲਈ ਪੰਜਾਬ ਦੇ ਕਿਸੇ ਆਗੂ ਨਾਲ ਗੱਲ ਕਰਨੀ ਵੀ ਮੁਨਾਸਬ ਨਾ ਸਮਝੀ। ਪੰਜਾਬ ਦੇ ਆਗੂ ਇਸ ਗੱਲੋਂ ਵੀ ਨਾਰਾਜ਼ ਹਨ ਕਿ ਕੇਜਰੀਵਾਲ ਦਾ ਇਹ ਕਦਮ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਵੱਡੀ ਢਾਹ ਲਾ ਸਕਦਾ ਹੈ, ਕਿਉਂਕਿ ਅੱਜ ਵੀ ਸੂਬੇ ਦੇ ਲੋਕਾਂ ਵਿਚ ਅਕਾਲੀਆਂ, ਖਾਸ ਕਰ ਕੇ ਮਜੀਠੀਆ ਪ੍ਰਤੀ ਰੋਸ ਹੈ।
ਯਾਦ ਰਹੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਨੇ ਚੋਣ ਦੌਰਿਆਂ ਦੌਰਾਨ ਬਿਆਨ ਦਿੱਤੇ ਸਨ ਕਿ ਪੰਜਾਬ ਵਿਚ ਨਸ਼ਾ ਮਾਫੀਆ ਨੂੰ ਮਜੀਠੀਆ ਦੀ ਸਰਪ੍ਰਸਤੀ ਹਾਸਲ ਹੈ। ਅਜਿਹੇ ਹੀ ਦੋਸ਼ ਦਿੱਲੀ ਤੋਂ ਆਏ ‘ਆਪ’ ਦੇ ਨੇਤਾ ਅਸ਼ੀਸ਼ ਖੇਤਾਨ ਅਤੇ ਉਸ ਸਮੇਂ ਪਾਰਟੀ ਵੱਲੋਂ ਪੰਜਾਬ ਦੇ ਬਣਾਏ ਗਏ ਮੁਖੀ ਸੰਜੇ ਸਿੰਘ ਨੇ ਵੀ ਲਗਾਏ ਸਨ। ਮਜੀਠੀਆ ਵੱਲੋਂ ਇਨ੍ਹਾਂ ਤਿੰਨਾਂ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਹੁਣ ਕੇਜਰੀਵਾਲ ਅਤੇ ਅਸ਼ੀਸ਼ ਖੇਤਾਨ ਵੱਲੋਂ ਲਿਖਤੀ ਮੁਆਫੀ ਮੰਗਣ ਕਰ ਕੇ ਮਜੀਠੀਆ ਨੇ ਜਿਥੇ ਉਹ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਹੈ, ਉਥੇ ਇਹ ਵੀ ਕਿਹਾ ਹੈ ਕਿ ਸਚਾਈ ਦੀ ਜਿੱਤ ਹੋਈ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੇ ਨਸ਼ਿਆਂ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ ਸੀ ਤੇ ਸਰਕਾਰ ਬਣਦਿਆਂ ਹੀ ਮਜੀਠੀਆ ਨੂੰ ਕਾਲਰ ਤੋਂ ਫੜ ਕੇ ਜੇਲ੍ਹ ਡੱਕਣ ਦਾ ਦਾਅਵਾ ਕੀਤਾ ਸੀ। ਇਸ ਮੁੱਦੇ ‘ਤੇ ਮਿਲੇ ਹੁੰਗਾਰੇ ਪਿੱਛੋਂ ਕਾਂਗਰਸ ਨੇ ਵੀ ਸੱਤਾ ਹੱਥ ਆਉਣ ‘ਤੇ ਮਜੀਠੀਆ ਨੂੰ ਘੇਰਨ ਦਾ ਵਾਅਦਾ ਕਰ ਦਿੱਤਾ ਸੀ।
ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਇਕਾਈ ਦੇ ਆਗੂ ਇਕਜੁਟ ਹੋ ਕੇ ਕੇਜਰੀਵਾਲ ਦੁਆਲੇ ਹੋਏ ਹਨ। ਪੰਜਾਬ ਦੇ 20 ਵਿਚੋਂ ਅੱਧੇ ਵਿਧਾਇਕ ਸ਼ਰੇਆਮ ਕੇਜਰੀਵਾਲ ਦੇ ਇਸ ਫੈਸਲੇ ਖਿਲਾਫ ਡਟੇ ਹੋਏ ਹਨ। ਸੀਨੀਅਰ ਆਗੂਆਂ ਵੱਲੋਂ ਜਿਥੇ ਪੰਜਾਬ ਇਕਾਈ ਦੀ ਖ਼ੁਦਮੁਖ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਕੁਝ ਆਗੂ ਵੱਖਰੀ ਪਾਰਟੀ ਬਣਾਉਣ ਦੇ ਹੱਕ ਵਿਚ ਆ ਨਿੱਤਰੇ ਹਨ। ਇਸ ਬਗਾਵਤ ਨੂੰ ਠੱਲ੍ਹਣ ਲਈ ਦਿੱਲੀ ਲੀਡਰਸ਼ਿੱਪ ਵੱਲੋਂ ਪੰਜਾਬ ਦੇ ਵਿਧਾਇਕਾਂ ਨਾਲ ਧੜਾਧੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
_____________________
ਅਕਾਲੀਆਂ ਨੇ ਬਣਾਇਆ ਸੀ ਦਬਾਅ
ਮੁਹਾਲੀ: ਇਹ ਚਰਚਾ ਹੁਣ ਖੁੱਲ੍ਹ ਕੇ ਸ਼ੁਰੂ ਹੋ ਗਈ ਹੈ ਕਿ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਲਈ ਅਕਾਲੀਆਂ ਨੇ ਕੇਜਰੀਵਾਲ ਉਤੇ ਦਬਾਅ ਬਣਾਇਆ ਸੀ। ਮੁਆਫੀਨਾਮੇ ਤੋਂ ਪਹਿਲਾਂ ਅਕਾਲੀ ਆਗੂਆਂ ਨੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨਾਲ ਦੋ-ਤਿੰਨ ਮੀਟਿੰਗਾਂ ਕੀਤੀਆਂ ਸਨ। ਅਕਾਲੀ ਆਗੂਆਂ ਨੇ ਅਰਵਿੰਦ ਕੇਜਰੀਵਾਲ ਨੂੰ ਡਰਾਇਆ ਕਿ ਅਦਾਲਤੀ ਮਾਣਹਾਨੀ ਕੇਸ ਵਿਚ ਉਨ੍ਹਾਂ (ਕੇਜਰੀਵਾਲ) ਨੂੰ ਸਜ਼ਾ ਹੋਣੀ ਲਗਭਗ ਤੈਅ ਹੈ। ਜੇ ਉਹ ਸਜ਼ਾ ਤੋਂ ਬਚਣਾ ਚਾਹੁੰਦੇ ਹਨ ਤਾਂ ਮਜੀਠੀਆ ਤੋਂ ਮੁਆਫੀ ਮੰਗਣੀ ਪਵੇਗੀ।
_______________________
ਮੁਆਫੀਆਂ ਦਾ ਸਿਲਸਲਾ ਜਾਰੀ
ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਪੁੱਤਰ ਅਮਿਤ ਸਿੱਬਲ ਤੋਂ ਵੀ ਮੁਆਫੀ ਮੰਗੀ ਹੈ ਜਿਨ੍ਹਾਂ 2013 ਵਿਚ ਆਪ ਆਗੂਆਂ ਖਿਲਾਫ਼ ਮਾਣਹਾਨੀ ਕੇਸ ਦਾਇਰ ਕੀਤਾ ਸੀ। ਆਮ ਆਦਮੀ ਪਾਰਟੀ ਨੇ ਇਕ ਸੂਚੀ ਜਾਰੀ ਕਰ ਕੇ ‘ਭਾਰਤ ਦੇ ਸਭ ਤੋਂ ਵੱਧ ਭ੍ਰਿਸ਼ਟ ਆਗੂਆਂ’ ਦੇ ਨਾਂ ਨਸ਼ਰ ਕੀਤੇ ਸਨ ਜਿਨ੍ਹਾਂ ਵਿਚ ਸ੍ਰੀ ਗਡਕਰੀ ਦਾ ਨਾਂ ਵੀ ਸ਼ਾਮਲ ਸੀ।