ਨਸ਼ਾ ਤਸਕਰੀ: ਮਜੀਠੀਆ ਖਿਲਾਫ ਪੁਖਤਾ ਸਬੂਤਾਂ ਦਾ ਦਾਅਵਾ

ਚੰਡੀਗੜ੍ਹ: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਭਾਵੇਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਮੁਆਫੀ ਮੰਗਵਾ ਕੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਐਵੇਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਿਛਲੀ ਸਰਕਾਰ ਵੇਲੇ ਮੰਤਰੀ ਹੁੰਦਿਆਂ ਉਸ ਦੀ ਨਸ਼ਾ ਤਸਕਰੀ ਵਿਚ ਸ਼ਮੂਲੀਅਤ ਦੇ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਮਜੀਠੀਏ ਵੱਲੋਂ ਨਸ਼ਾ ਤਸਕਰੀ ਵਿਚ ਉਸ ਖਿਲਾਫ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਵੀ ਧਮਕਾਇਆ ਜਾ ਰਿਹਾ ਹੈ।

ਮਜੀਠੀਆ ਤੋਂ ਪੁੱਛਗਿੱਛ ਕਰਨ ਵਾਲੇ ਈæਡੀæ ਅਧਿਕਾਰੀ ਨਿਰੰਜਨ ਸਿੰਘ ਮੁੱਖ ਨਿਸ਼ਾਨੇ ਉਤੇ ਹਨ।
ਇਸ ਕੇਸ ਦੇ ਵਕੀਲ ਅਨੁਪਮ ਗੁਪਤਾ ਨੇ ਹਾਈ ਕੋਰਟ ਅੱਗੇ ਇਹ ਮੁੱਦਾ ਚੁੱਕਿਆ ਹੈ। ਅਦਾਲਤ ਨੂੰ ਦੱਸਿਆ ਗਿਆ ਹੈ ਕਿ ਨਿਰੰਜਨ ਸਿੰਘ ਨੂੰ ਮੁਅੱਤਲ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਦਿੱਲੀ ਵਿਚਲੇ ਈæਡੀæ ਦੇ ਸੀਨੀਅਰ ਅਫਸਰ ਨਿਰੰਜਨ ਸਿੰਘ ਨੂੰ ਡਰਾ-ਧਮਕਾ ਰਹੇ ਹਨ। ਚੇਤੇ ਰਹੇ ਕਿ ਨਿਰੰਜਨ ਸਿੰਘ ਨੇ ਮਜੀਠੀਆ ਖਿਲਾਫ ਜਾਂਚ ਕੀਤੀ ਸੀ। ਪਹਿਲਾਂ ਵੀ ਈæਡੀæ ਅਫਸਰ ਨਿਰੰਜਨ ਸਿੰਘ ਨੂੰ ਇਸ ਕੇਸ ਵਿਚੋਂ ਹਟਾ ਕੇ ਤਬਾਦਲਾ ਕਰ ਦਿੱਤਾ ਗਿਆ ਸੀ। ਹਾਈ ਕੋਰਟ ਦੇ ਦਖਲ ਕਰ ਕੇ ਨਿਰੰਜਨ ਸਿੰਘ ਦਾ ਤਬਾਦਲਾ ਰੁਕ ਗਿਆ ਸੀ।
ਇਹੀ ਨਹੀਂ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ (ਐਸ਼ਟੀæਐਫ਼) ਦੀ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਮਜੀਠੀਆ ਦੀ ਨਸ਼ਾ ਤਸਕਰੀ ਵਿਚ ਸ਼ਮੂਲੀਅਤ ਬਾਰੇ ਕਾਫੀ ਸਬੂਤ ਹਨ। ਪੰਜਾਬ ਹਰਿਆਣਾ ਹਾਈ ਕੋਰਟ ਵਿਚ ਐਸ਼ਟੀæਐਫ਼ ਵੱਲੋਂ ਸੌਂਪੀ 24 ਪੰਨਿਆਂ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਵਿਚ ਨਾਮਜ਼ਦ ਜਗਜੀਤ ਸਿੰਘ ਚਾਹਲ ਅਤੇ ਮਨਿੰਦਰ ਸਿੰਘ ਬਿੱਟੂ ਆਦਿ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਨੂੰ ਤੱਥਾਂ ‘ਤੇ ਆਧਾਰਤ ਬਿਆਨ ਦਿੱਤੇ ਹਨ। ਜਗਜੀਤ ਸਿੰਘ ਚਾਹਲ ਨੇ ਬਿਕਰਮ ਸਿੰਘ ਮਜੀਠੀਆ ਨੂੰ 35 ਲੱਖ ਰੁਪਏ ਦੇਣ ਦਾ ਬਿਆਨ ਦਿੱਤਾ ਸੀ।
ਨਵਜੋਤ ਸਿੰਘ ਸਿੱਧੂ ਨੇ ਕੈਨੇਡਾ ਰਹਿੰਦੇ ਸੱਤਾ, ਲਾਡੀ ਅਤੇ ਪਿੰਦਾ ਨਾਲ ਮਜੀਠੀਆ ਦੇ ਨੇੜਲੇ ਸਬੰਧਾਂ ਦਾ ਜ਼ਿਕਰ ਵੀ ਕੀਤਾ; ਹਾਲਾਂਕਿ ਮਜੀਠੀਆ ਦਾ ਦਾਅਵਾ ਹੈ ਕਿ ਐਸ਼ਟੀæਐਫ਼ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਗੱਠਜੋੜ ਬਣਿਆ ਹੋਇਆ ਹੈ ਅਤੇ ਇਹ ਰਿਪੋਰਟ ਝੂਠੀ ਤੇ ਮਨਘੜਤ ਹੈ।