ਮਾਤ ਭਾਸ਼ਾ ਦਿਵਸ ਦੇ ਝਰੋਖੇ ‘ਚੋਂ

ਗੁਲਜ਼ਾਰ ਸਿੰਘ ਸੰਧੂ
ਕੌਮਾਂਤਰੀ ਮਾਤ ਭਾਸ਼ਾ ਦਿਵਸ (21 ਫਰਵਰੀ) ਦੇ ਪ੍ਰਸੰਗ ਵਿਚ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਨੇ ਵੀ ਚੋਖੀ ਉਤਸੁਕਤਾ ਦਿਖਾਈ ਹੈ। ਇੰਗਲੈਂਡ, ਅਮਰੀਕਾ, ਕੈਨੇਡਾ ਤੇ ਇਟਲੀ ਤੋਂ ਬਿਨਾ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਸਾਹਿਤ ਸਭਾਵਾਂ ਨੇ ਆਪੋ ਆਪਣੇ ਢੰਗ ਨਾਲ ਜਸ਼ਨ ਮਨਾ ਕੇ ਡੇਢ ਸੌ ਦੇਸ਼ਾਂ ਵਿਚ ਵਸੇ 15 ਕਰੋੜ ਪੰਜਾਬੀਆਂ ਦੀ ਦੁਨੀਆਂ ਦੀਆਂ 7 ਹਜ਼ਾਰ ਭਾਸ਼ਾਵਾਂ ਵਿਚੋਂ ਦਸਵੇਂ ਸਥਾਨ ‘ਤੇ ਮੰਨੀ ਜਾਣ ਵਾਲੀ ਇਸ ਭਾਸ਼ਾ ਪ੍ਰਤੀ ਮੋਹ ਜਤਾਇਆ ਹੈ। ਦਿੱਲੀ, ਕੁਰੂਕਸ਼ੇਤਰ, ਚੰਡੀਗੜ੍ਹ, ਪਟਿਆਲਾ ਤੇ ਅੰਮ੍ਰਿਤਸਰ ਵਿਚ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਐਮ ਏ, ਐਮ ਫਿਲ, ਡਾਕਟਰੇਟ ਤੱਕ ਦੀ ਪੜ੍ਹਾਈ ਦਾ ਹੋਣਾ ਇਸ ਦੀ ਸਰਬਵਿਆਪਕ ਪ੍ਰਵਾਨਗੀ ਦਾ ਸਬੂਤ ਹੈ।
ਇਸ ਪ੍ਰਸੰਗ ਵਿਚ ਪੰਜਾਬ ਭਾਸ਼ਾ ਵਿਭਾਗ ਦੀ ਵਰਤਮਾਨ ਸਥਿਤੀ ਅਤੇ ਕਾਰਗੁਜ਼ਾਰੀ ਵਲ ਧਿਆਨ ਜਾਣਾ ਵੀ ਅਹਿਮ ਹੈ। ਅਜ਼ਾਦੀ ਪਿਛਂੋ ਇਹ ਇੱਕੋ ਇੱਕ ਵਿਭਾਗ ਸੀ ਜਿਹੜਾ ਚੜ੍ਹਦੇ ਪੰਜਾਬ, ਹਰਿਆਣਾ ਤੇ ਹਿਮਾਚਲ ਵਿਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਰਾਖੀ ਕਰਦਾ ਸੀ। ਇਤਿਹਾਸ, ਭੂਗੋਲ, ਭਾਸ਼ਾ ਤੇ ਸਭਿਆਚਾਰ ਨੂੰ ਦਰਸਾਉਣ ਵਾਲੀਆਂ ਅੰਗਰੇਜ਼ੀ, ਉਰਦੂ ਤੇ ਪੰਜਾਬੀ ਰਚਨਾਵਾਂ ਨਵੇਂ ਸਿਰਿਉਂ ਪ੍ਰਕਾਸ਼ਤ ਕਰਨ ਤੋਂ ਬਿਨਾ ਸੈਮੀਨਾਰ, ਮੇਲੇ ਤੇ ਪੁਸਤਕ ਪ੍ਰਦਰਸ਼ਨੀਆਂ ਦਾ ਪ੍ਰਬੰਧ ਕਰਕੇ ਪੰਜਾਬੀ ਭਾਸ਼ਾ ਦਾ ਡੰਕਾ ਦੂਰ-ਦੂਰ ਤੱਕ ਵਜਾ ਰਿਹਾ ਸੀ। 1960 ਵਿਚ ਡਾæ ਮਹਿੰਦਰ ਸਿੰਘ ਰੰਧਾਵਾ ਵਲੋਂ ਸੰਪਾਦਤ ਤੇ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਤ ‘ਪੰਜਾਬ’ ਨਾਂ ਦੀ ਰਚਨਾ ਉਸ ਵੇਲੇ ਦੀ ਸਰਬ ਸਾਂਝੀ ਤੇ ਉਸਾਰੂ ਸੋਚ ਦਾ ਗੌਲਣਯੋਗ ਸਬੂਤ ਹੈ।
ਹਿਮਾਚਲ ਤੇ ਹਰਿਆਣਾ-ਦੋ ਵੱਖਰੇ ਰਾਜ ਬਣਨ ਤੇ ਪੰਜਾਬ ਵਿਚ ਨਵੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਨਾਲ ਭਾਸ਼ਾ ਵਿਭਾਗ ਦੀ ਕਾਰਗੁਜ਼ਾਰੀ ਆਪਣਾ ਮਹੱਤਵ ਗੰਵਾ ਚੁੱਕੀ ਹੈ। ਨਵੀਆਂ ਵਿਦਿਅਕ ਤੇ ਤਕਨੀਕੀ ਸੰਸਥਾਵਾਂ ਨੂੰ ਰਾਜ ਸਰਕਾਰਾਂ ਤੋਂ ਬਿਨਾ ਕੇਂਦਰ ਸਰਕਾਰ ਵਲੋਂ ਵੀ ਮਾਲੀ ਮਦਦ ਮਿਲ ਰਹੀ ਹੈ। ਸਮੇਂ ਸਮੇਂ ਬਦਲੀਆਂ ਸਰਕਾਰਾਂ ਨੇ ਇਸ ਵਿਭਾਗ ਨੂੰ ਸਾਹਿਤਕਾਰਾਂ, ਕਲਾਕਾਰਾਂ ਤੇ ਪੱਤਰਕਾਰਾਂ ਨੂੰ ਇਨਾਮਾਂ ਨਾਲ ਰਿਝਾਉਣ ਤੱਕ ਸੀਮਤ ਕਰ ਛੱਡਿਆ ਹੈ। ਚੰਗੀਆਂ ਸਕੀਮਾਂ ਨੂੰ ਚਾਲੂ ਰੱਖਣ ਲਈ ਅਮਲੇ ਦੀ ਲੋੜ ਵਲ ਉਕਾ ਹੀ ਧਿਆਨ ਨਹੀਂ ਦਿੱਤਾ ਗਿਆ। ਇਥੋਂ ਤੱਕ ਕਿ ਪਹਿਲੀਆਂ ਵਿਚ ਤਿਆਰ ਹੋਈਆਂ ਵਧੀਆ ਪੁਸਤਕਾਂ ਦੇ ਖਰੜੇ ਵੀ ਛਪਣ ਖੁਣੋਂ ਪਏ ਹਨ। ਮਾਂ ਬੋਲੀ ਨੂੰ ਵਧਦੇ ਫੁਲਦੇ ਵੇਖਣ ਵਾਲਿਆਂ ਦਾ ਫਰਜ਼ ਹੈ ਕਿ ਇਸ ਵਿਭਾਗ ਨੂੰ ਯੂਨੀਵਰਸਿਟੀਆਂ ਵਾਂਗ ਮਾਇਕ ਸਮਰਥਨ ਦਿਵਾਈਏ। ਪੁਸਤਕਾਂ ਦੀ ਛਪਾਈ ਲਈ ਛਾਪੇਖਾਨੇ, ਵਿੱਕਰੀ ਲਈ ਮੇਲੇ ਤੇ ਪ੍ਰਦਰਸ਼ਨੀਆਂ ਅਤੇ ਲੋੜੀਂਦੇ ਅਮਲੇ ਦਾ ਪ੍ਰਬੰਧ ਕੀਤਿਆਂ ਹੀ ਭਾਸ਼ਾ ਵਿਭਾਗ ਦਾ ਮਹੱਤਵ ਬਹਾਲ ਹੋ ਸਕਦਾ ਹੈ, ਪੁਰਸਕਾਰਾਂ ਦੀ ਗਿਣਤੀ ਜਾਂ ਰਾਸ਼ੀ ਵਧਾਉਣ ਨਾਲ ਨਹੀਂ। ਹਫੜਾ-ਤਫੜੀ ਨਾਲ ਦਿੱਤੇ ਪੁਰਸਕਾਰ ਰਾਜ ਸਰਕਾਰ ਦੀ ਸ਼ੋਭਾ ਵਧਾਉਂਦੇ ਨਹੀਂ ਸਗੋਂ ਘਟਾਉਂਦੇ ਹਨ। ਅਸਲੀ ਸ਼ੋਭਾ ਮਾਤ ਭਾਸ਼ਾ ਦੀਆਂ ਸੰਚਾਰ ਵਿਧੀਆਂ ਉਤੇ ਪਹਿਰਾ ਦਿਤਿਆਂ ਹੀ ਮਿਲਣੀ ਹੈ।
ਆਸਟ੍ਰੇਲੀਆ ਤੋਂ ਪੰਜਾਬੀ ਰਸਾਲਾ
ਮੈਂ ਆਸਟਰੇਲੀਆ ਨੂੰ ਉਥੋਂ ਦੀ ਨਾਵਲਿਸਟ ਬੈਟੀ ਕਾਲਿਨਜ਼ ਰਾਹੀਂ ਜਾਣਿਆ ਹੈ। ਉਹ ਆਪਣੇ ਤਾਸ਼ਕੰਦ ਦੌਰੇ ਤੋਂ ਵਾਪਸ ਜਾਂਦੇ ਸਮੇਂ ਅੰਮ੍ਰਿਤਾ ਪ੍ਰੀਤਮ ਦੇ ਘਰ 1970 ਵਿਚ ਮੈਨੂੰ ਮਿਲੀ ਤੇ ਪੱਕੀ ਮਿੱਤਰ ਹੋ ਗਈ। ਕੋਈ ਤੀਹ ਲੱਖ ਵਰਗ ਮੀਲਾਂ ਵਿਚ ਫੈਲਿਆ ਇਹ ਦੇਸ਼ ਸਾਗਰ ਦੇ ਕੰਢਿਆਂ ਉਤੇ ਵਸੇ ਸ਼ਹਿਰਾਂ ਨੂੰ ਛਡ ਕੇ ਹਜ਼ਾਰਾਂ ਮੀਲਾਂ ਤੱਕ ਪਸਰੀ ਰੇਤ ਤੋਂ ਸਿਵਾ ਕੁੱਝ ਵੀ ਨਹੀਂ। ਆਦਿਵਾਸੀਆਂ ਦੀ ਧਰਤੀ ਹੈ, ਬਾਹਰੋਂ ਆਏ ਵਿਦੇਸ਼ੀਆਂ ਦੀ ਵਸਾਈ ਹੋਈ। ਪਰ ਤਾਂਬੇ ਤੇ ਸੋਨੇ ਦੀ ਖਾਣ ਨਾਲ ਮਾਲਾਮਾਲ ਹੋਣ ਕਾਰਨ ਪੂਰੀ ਚੜ੍ਹਤ ਵਿਚ ਹੈ।
ਹੁਣ ਉਥੋਂ ਦੇ ਨਿਊ ਸਾਊਥ ਵੇਲਜ਼ ਰਾਜ ਦੀ ਬੌਨਵਿਲੇ ਬਸਤੀ ਤੋਂ ਦੋ ਪੰਜਾਬੀ ਨੌਜਵਾਨਾਂ-ਕਰਨ ਬਰਾੜ ਤੇ ਸ਼ਿਵਦੀਪ ਨੇ ਖੇਤੀ ਯੂਨੀਵਰਸਿਟੀ ਲੁਧਿਆਣਾ ਦੀ ਜਗਦੀਸ਼ ਕੌਰ ਨੂੰ ਆਪਣੇ ਨਾਲ ਗੰਢ ਕੇ ਇੱਕ ਨਿਵੇਕਲਾ ਦੋ ਮਾਸਕ ਪੰਜਾਬੀ ਰਸਾਲਾ ਕੱਢਿਆ ਹੈ। ਸਾਡੇ ਦੇਸ਼ ਦੇ ਮੋਰਾਂ ਵਾਂਗ ਸਤਿਕਾਰੇ ਜਾਂਦੇ ਉਥੋਂ ਦੇ ਹਸਦੇ ਪੰਛੀ ਦੇ ਨਾਂ ਤੇ ‘ਕੂਕਾਬਾਰਾ’ ਸਾਹਿਤ ਤੇ ਆਮ ਜਾਣਕਾਰੀ ਨਾਲ ਭਰਪੂਰ ਇਹ ਰਸਾਲਾ ਸ਼ੇਖ ਫਰੀਦ ਅਤੇ ਐਮ ਐਸ ਰੰਧਾਵਾ ਤੋਂ ਲੈ ਕੇ ਜੋਗਿੰਦਰ ਬਾਹਰਲਾ, ਜਗਤਾਰ, ਸਵਿਤੋਜ ਤੇ ਸਰਵਮੀਤ ਦੀਆਂ ਰਚਨਾਵਾਂ ਦਾ ਵੀ ਛੱਟਾ ਦਿੰਦਾ ਹੈ ਤੇ ਮਨਮੋਹਨ ਬਾਵਾ, ਹਰਪਾਲ ਪੰਨੂੰ ਤੇ ਜਸਵੰਤ ਜ਼ਫਰ ਤੇ ਜਪਾਨ ਵਾਸੀ ਪਰਮਿੰਦਰ ਸੋਢੀ ਦੀਆਂ ਕਲਾ ਕ੍ਰਿਤਾਂ ਦਾ ਵੀ। ਕਲਾ ਤੇ ਸਾਹਿਤ ਦਾ ਦਮ ਭਰਨ ਵਾਲੇ ਹਰ ਕਿਸੇ ਲਈ ਇਸ ਵਿਚ ਕੁਝ ਨਾ ਕੁਝ ਮਿਲ ਜਾਂਦਾ ਹੈ। ਨਿਵੇਦਤਾ ਸ਼ਰਮਾ ਦੀਆਂ ਇਨ੍ਹਾਂ ਪੰਕਤੀਆਂ ਵਰਗਾ,
ਕਿੰਨੇ ਖਿਡੌਣੇ ਤੇਰੇ ਸੀ?
ਕਿੰਨੇ ਖਿਡੌਣੇ ਮੇਰੇ ਸੀ?
ਜੋ ਗਿਣ ਗਿਣ ਖੇਡਾਂ ਖੇਡੀਆਂ।
ਕਿਹੜਾ ਕਤਰਾ ਤੇਰੇ ਲਈ?
ਕਿਹੜਾ ਕਤਰਾ ਮੇਰੇ ਲਈ?
ਜੋ ਵੰਡ ਵੰਡ ਨਦੀਆਂ ਪੀਤੀਆਂ।
ਕਾਗਜ਼ ਮੋਮੀ, ਛਪਾਈ ਸੁੰਦਰ, ਪੰਨੇ 80, ਮੁਲ 60 ਰੁਪਏ। ਮਾਰਚ-ਅਪਰੈਲ 2013 ਅੰਕ ਦਾ ਉਨਾ ਹੀ ਸਵਾਗਤ ਹੈ ਜਿੰਨਾ ਅਠ ਸਾਲ ਪਹਿਲਾ ‘ਹੁਣ’ ਦਾ ਕੀਤਾ ਸੀ। ਕਾਸ਼ ਅੱਜ ਅੰਮ੍ਰਿਤਾ ਪ੍ਰੀਤਮ ਤੇ ਮੇਰੀ ਦੋਸਤ ਬੈਟੀ ਕਾਲਿਨਜ਼ ਇਹ ਰਸਾਲਾ ਵੇਖਣ ਲਈ ਜੀਵਤ ਹੁੰਦੇ। ਦੋਵੇਂ ਦੋਨਾਂ ਦੇਸ਼ਾਂ ਵਿਚ ਸਾਂਝ ਦੀਆਂ ਮੁੱਦਈ ਸਨ।
ਅੰਤਿਕਾ: (ਅਮਰਜੀਤ ਸਿੰਘ ਅਮਰ)
ਮਿਲਣ ਦੀ ਤਾਂਘ ਸ਼ੁਅਲੇ ਵਾਂਗਰਾਂ
ਜੇ ਮਘ ਰਹੀ ਹੁੰਦੀ
ਸਮੇਂ ਦੀ ਚਾਲ ਦਾ ਕੀ ਸੀ
ਘਟਾ ਲੈਂਦੇ ਵਧਾ ਲੈਂਦੇ।
ਮਜ਼ਾ ਕੁੱਝ ਹੋਰ ਹੈ
ਵਿਪਰੀਤ ਰੁਚੀਆਂ ਨਾਲ ਨਿਭਣੇ ਦਾ
ਅਜ਼ੀਜ਼ਾਂ ਹਮ-ਖਿਆਲਾਂ ਨਾਲ
ਤਾਂ ਸਾਰੇ ਨਿਭਾ ਲੈਂਦੇ।

Be the first to comment

Leave a Reply

Your email address will not be published.