ਬੇਅੰਤ ਹੱਤਿਆ ਕਾਂਡ: ਜਗਤਾਰ ਤਾਰਾ ਨੂੰ ਮੌਤ ਤੱਕ ਉਮਰ ਕੈਦ

ਚੰਡੀਗੜ੍ਹ: ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ਵਿਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਠਹਿਰਾਉਂਦਿਆਂ ਤਾਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਾਰਾ ਨੂੰ 35000 ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਸੀæਬੀæਆਈæ ਦੇ ਵਕੀਲ ਨੇ ਤਾਰਾ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਸੀ। ਤਾਰਾ (43) ਖਿਲਾਫ਼ ਧਾਰਾ 302, 307 , 120 ਅਤੇ ਧਮਾਕਾਖੇਜ਼ ਸਮੱਗਰੀ ਰੱਖਣ ਨਾਲ ਸਬੰਧਤ ਹੋਰਨਾਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਸਾਲ ਜਨਵਰੀ ਵਿਚ ਉਸ ਨੇ ਅਦਾਲਤ ਵਿਚ ਕਬੂਲਨਾਮਾ ਦਾਖਲ ਕੀਤਾ ਸੀ, ਜਿਸ ਵਿਚ ਉਸ ਨੇ 1995 ਦੇ ਬੇਅੰਤ ਸਿੰਘ ਹੱਤਿਆਕਾਂਡ ਵਿਚ ਆਪਣੀ ਸ਼ਮੂਲੀਅਤ ਕਬੂਲੀ ਸੀ।

ਜ਼ਿਕਰਯੋਗ ਹੈ ਕਿ 31 ਅਗਸਤ, 1995 ਨੂੰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਚੰਡੀਗੜ੍ਹ ਸਿਵਲ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿਚ ਮਾਰੇ ਗਏ ਸਨ। ਇਸ ਹਮਲੇ ਵਿਚ 16 ਹੋਰਨਾਂ ਲੋਕਾਂ ਦੀਆਂ ਵੀ ਜਾਨਾਂ ਗਈਆਂ ਸਨ। ਪੰਜਾਬ ਪੁਲਿਸ ਦੇ ਮੁਲਾਜ਼ਮ ਦਿਲਾਵਰ ਸਿੰਘ ਨੇ ਇਸ ਘਟਨਾ ਵਿਚ ਮਨੁੱਖੀ ਬੰਬ ਦੀ ਭੂਮਿਕਾ ਨਿਭਾਈ ਸੀ। ਤਾਰਾ ਨੂੰ ਸਤੰਬਰ 1995 ਨੂੰ ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂਕਿ ਉਹ ਦੋ ਹੋਰਨਾਂ ਮੁਲਜ਼ਮਾਂ ਨਾਲ 2004 ਵਿਚ ਕੇਸ ਦੀ ਸੁਣਵਾਈ ਦੌਰਾਨ ਬੁੜੈਲ ਜੇਲ੍ਹ ਵਿਚੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ 2015 ਵਿਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਸੁਰੱਖਿਆ ਕਾਰਨਾਂ ਕਰ ਕੇ ਬੁੜੈਲ ਜੇਲ੍ਹ ‘ਚ ਲਗਾਈ ਗਈ ਵਿਸ਼ੇਸ਼ ਅਦਾਲਤ ਵਿਚ ਇਸ ਮੁਕੱਦਮੇ ਦੀ ਸੁਣਵਾਈ ਚੱਲੀ। ਭਾਈ ਤਾਰਾ ਨੇ ਮੁਕੱਦਮੇ ਦੌਰਾਨ ਸੀæਬੀæਆਈæ ਪੱਖ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਉਤਰ ਦਿੰਦੇ ਹੋਏ ਦੱਸਿਆ ਸੀ ਕਿ ਕਿਸ ਤਰ੍ਹਾਂ ਉਸ ਨੇ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮਿਲ ਕੇ ਬੇਅੰਤ ਸਿੰਘ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ। ਜਾਣਕਾਰੀ ਅਨੁਸਾਰ ਮਾਮਲੇ ‘ਚ ਕੁੱਲ 15 ਮੁਲਜ਼ਮ ਬਣਾਏ ਗਏ ਸਨ ਜਿਨ੍ਹਾਂ ਵਿਚੋਂ 8 ਉਤੇ ਮੁਕੱਦਮਾ ਚੱਲਿਆ ਅਤੇ ਸੱਤ ਖਿਲਾਫ਼ ਪਹਿਲਾ ਫੈਸਲਾ ਆ ਚੁੱਕਾ ਹੈ ਅਤੇ ਅੱਠਵਾਂ ਫੈਸਲਾ ਭਾਈ ਜਗਤਾਰ ਸਿੰਘ ਤਾਰਾ ਖਿਲਾਫ਼ ਆਇਆ ਹੈ।
________________________
ਤਾਰਾ ਦੀ ਰਿਹਾਈ ਲਈ ਡਟੀਆਂ ਸਿੱਖ ਜਥੇਬੰਦੀਆਂ
ਅੰਮ੍ਰਿਤਸਰ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿਚ ਸੀæਬੀæਆਈæ ਅਦਾਲਤ ਵੱਲੋਂ ਜਗਤਾਰ ਸਿੰਘ ਤਾਰਾ ਨੂੰ ਜੀਵਨ ਭਰ ਕੈਦ ਦੀ ਦਿੱਤੀ ਸਜ਼ਾ ਦਾ ਸਿੱਖ ਜਥੇਬੰਦੀਆਂ ਨੇ ਸਖਤ ਵਿਰੋਧ ਕੀਤਾ ਹੈ ਅਤੇ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਖਿਆ ਕਿ ਸਜ਼ਾ ਨਾਲ ਸਿੱਖ ਕੌਮ ਅੰਦਰ ਭਾਰੀ ਰੋਸ ਹੈ। ਉਨ੍ਹਾਂ ਸਰਕਾਰ ਕੋਲੋਂ ਤਾਰਾ ਦੀ ਰਿਹਾਈ ਲਈ ਕਦਮ ਚੁੱਕਣ ਦੀ ਮੰਗ ਕੀਤੀ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਅਦਾਲਤ ਵੱਲੋਂ ਸੁਣਾਈ ਸਜ਼ਾ ਨਾਲ ਸਿੱਖ ਰਾਜ ਦੀ ਮੰਗ ਕਰਨ ਵਾਲਿਆਂ ਦੇ ਹੌਸਲੇ ਪਸਤ ਨਹੀਂ ਹੋਣਗੇ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂ ਸਤਵਿੰਦਰ ਸਿੰਘ ਨੇ ਤਾਰਾ ਤੇ ਉਸ ਵਰਗੇ ਹੋਰਨਾਂ ਸਿੱਖ ਨੌਜਵਾਨਾਂ ਵੱਲੋਂ ਕੀਤੀ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ ਹੈ।
___________________________
ਸਜ਼ਾ ਘਟਾਉਣ ਲਈ ਅਪੀਲ ਤੋਂ ਨਾਂਹ
ਅਦਾਲਤ ਵੱਲੋਂ ਭਾਈ ਤਾਰਾ ਨੂੰ ਕੁਦਰਤੀ ਮੌਤ ਤੱਕ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਉਤੇ ਭਾਈ ਤਾਰਾ ਨੇ ਇਸ ਫੈਸਲੇ ਸਬੰਧੀ ਕਿਹਾ ਕਿ ਉਹ ਇਸ ਫੈਸਲੇ ਖਿਲਾਫ਼ ਕੋਈ ਅਪੀਲ ਨਹੀਂ ਕਰਨਗੇ। ਭਾਈ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੀæਬੀæਆਈæ ਪੱਖ ਨੇ ਅਦਾਲਤ ਤੋਂ ਭਾਈ ਤਾਰਾ ਨੂੰ ਫਾਂਸੀ ਦੀ ਸਜ਼ਾ ਜਾਂ ਫਿਰ ਕੁਦਰਤੀ ਮੌਤ ਤੱਕ ਉਮਰ ਕੈਦ ਦੇਣ ਦੀ ਮੰਗ ਕੀਤੀ ਸੀ। ਸੀæਬੀæਆਈæ ਨੇ ਇਹ ਵੀ ਕਿਹਾ ਸੀ ਕਿ ਭਾਈ ਤਾਰਾ ਪਹਿਲਾਂ ਜੇਲ੍ਹ ਤੋੜ ਕੇ ਫਰਾਰ ਹੋ ਚੁੱਕਾ ਹੈ ਜਿਸ ਕਰ ਕੇ ਉਸ ਨੂੰ ਸਜ਼ਾ ਦੌਰਾਨ ਪੈਰੋਲ ਵੀ ਨਹੀਂ ਦਿੱਤੀ ਜਾਣੀ ਚਾਹੀਦੀ।