ਭਾਜਪਾ ਨੂੰ ਖਦੇੜਨ ਲਈ ਮਹਾਂ ਗੱਠਜੋੜ ਦਾ ਸੱਦਾ

ਨਵੀਂ ਦਿੱਲੀ: ਕਾਂਗਰਸ ਵੱਲੋਂ ਤਕਰੀਬਨ 8 ਸਾਲ ਬਾਅਦ ਕਰਵਾਏ ਪਲੈਨਰੀ ਇਜਲਾਸ ਵਿਚ ਬਦਲਾਅ ਦਾ ਹੋਕਾ ਦਿੰਦਿਆਂ ਮੌਜੂਦਾ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ 2019 ਦੀਆਂ ਲੋਕ ਸਭਾ ਚੋਣਾਂ ਲਈ ਗਠਜੋੜ ਦੀ ਰਣਨੀਤੀ ਕਾਇਮ ਰੱਖਣ ਉਤੇ ਰਸਮੀ ਮੋਹਰ ਲਾਈ ਗਈ, ਜਿਸ ਦੀ ਕਵਾਇਦ ਹਾਲ ‘ਚ (ਮੁੜ ਨਵੇਂ ਸਿਰੇ ਤੋਂ) ਯੂæਪੀæਏæ ਪ੍ਰਧਾਨ ਸੋਨੀਆ ਗਾਂਧੀ ਨੇ ਰਾਤ ਦੇ ਖਾਣੇ ਦੀ ਮੇਜ਼ਬਾਨੀ (ਡਿਨਰ ਡਿਪਲੋਮੇਸੀ) ਰਾਹੀਂ ਕੀਤੀ ਸੀ।

ਇੰਦਰਾ ਗਾਂਧੀ ਇਨਡੋਰ ਸਟੇਡੀਅਮ ‘ਚ ਤਕਰੀਬਨ 15 ਹਜ਼ਾਰ ਆਗੂਆਂ ਅਤੇ ਕਾਰਕੁਨਾਂ ਦਰਮਿਆਨ ਸੋਨੀਆ ਗਾਂਧੀ ਨੇ ਗਠਜੋੜ ਦੀ ਸਿਆਸਤ ਨੂੰ ਸਮੇਂ ਦੀ ਲੋੜ ਮੁਤਾਬਕ ਸਹੀ ਸਾਬਤ ਕਰਨ ਲਈ ਸਾਲ 1998 ਤੇ ਸਾਲ 2003 ਵਿਚ ਲਏ ਫੈਸਲਿਆਂ ਦੀ ਮਿਸਾਲ ਵੀ ਦਿੱਤੀ, ਜਿਥੇ 1998 ‘ਚ ਚਿੰਤਨ ਕੈਂਪ ਵਿਚ ਗਠਜੋੜ ਨੂੰ ਨਾਂਹ ਕਰਨ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ 2003 ‘ਚ ਹਮਖਿਆਲ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਕਾਰਨ 2 ਦਹਾਕਿਆਂ ਤੱਕ ਕਾਂਗਰਸ ਸੱਤਾ ਵਿਚ ਰਹਿ ਸਕੀ। ਯੂæਪੀæਏæ ਪ੍ਰਧਾਨ ਸੋਨੀਆ ਗਾਂਧੀ ਨੇ ਪਲੈਨਰੀ ਇਜਲਾਸ ਵਿਚ ਬੋਲਦਿਆਂ ਮੋਦੀ ਸਰਕਾਰ ਨੂੰ ਜੰਮ ਕੇ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿਚ ਕਾਂਗਰਸ ਨੂੰ ਤਬਾਹ ਕਰਨ ਲਈ ਭਾਜਪਾ ਨੇ ਹਰ ਸੰਭਵ ਤਰੀਕਾ ਅਪਣਾ ਲਿਆ। ਸੋਨੀਆ ਨੇ ਹਾਲ ‘ਚ ਮੱਧ ਪ੍ਰਦੇਸ਼, ਰਾਜਸਥਾਨ ਦੀਆਂ ਜ਼ਿਮਨੀ ਚੋਣਾਂ ਅਤੇ ਨਗਰ ਨਿਗਮ ਚੋਣਾਂ ਵਿਚ ਪਾਰਟੀ ਨੂੰ ਮਿਲੀ ਸਫਲਤਾ ਦੀ ਮਿਸਾਲ ਦਿੰਦਿਆਂ ਇਹ ਵੀ ਕਿਹਾ ਕਿ ਇਸ ਪ੍ਰਦਰਸ਼ਨ ਤੋਂ ਪਤਾ ਚਲਦਾ ਹੈ ਕਿ ਜੋ ਲੋਕ ਸਾਨੂੰ ਮਿਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਕਾਂਗਰਸ ਕਿਸ ਤਰ੍ਹਾਂ ਲੋਕਾਂ ਦੇ ਦਿਲਾਂ ਵਿਚ ਹੈ। ਜ਼ਿਕਰਯੋਗ ਹੈ ਕਿ 2014 ‘ਚ ਸੱਤਾ ਵਿਚ ਆਉਣ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ।
ਮੌਜੂਦਾ ਸਮੇਂ ਕਾਂਗਰਸ ਦੀ ਹਕੂਮਤ ਚਾਰ ਰਾਜਾਂ ਕਰਨਾਟਕ, ਪੰਜਾਬ, ਮਿਜ਼ੋਰਮ ਅਤੇ ਪੁਡੂਚੇਰੀ ਤੱਕ ਹੀ ਸੀਮਤ ਹੈ। ਮੌਜੂਦਾ ਸਿਆਸੀ ਹਾਲਾਤ ਨੂੰ ਸੋਨੀਆ ਗਾਂਧੀ ਨੇ ਚੁਣੌਤੀਆਂ ਦੱਸਦਿਆਂ ਕਿਹਾ ਕਿ ਅਜਿਹੇ ਮੁਸ਼ਕਲ ਸਮੇਂ ‘ਚ ਨਿੱਜੀ ਇੱਛਾਵਾਂ ਅਤੇ ਹਊਮੈ ਨੂੰ ਕਿਨਾਰੇ ਰੱਖ ਕੇ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸਮਾਂ ਹੈ। ਸੋਨੀਆ ਗਾਂਧੀ ਨੇ ਮੋਦੀ ਸਰਕਾਰ ਵੱਲੋਂ 2014 ਦੇ ਦਿੱਤੇ ਨਾਅਰੇ Ḕਸਬ ਕਾ ਸਾਥ, ਸਬ ਕਾ ਵਿਕਾਸ’ ਅਤੇ Ḕਨਾ ਖਾਊਂਗਾ, ਨਾ ਖਾਣੇ ਦੂੰਗਾ’ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਉਹ ਸਿਰਫ ਸੱਤਾ ਹਾਸਲ ਕਰਨ ਦਾ ਇਕ ਜ਼ਰੀਆ ਸੀ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਲਟ ਹਾਲਾਤ ‘ਚ ਵੀ ਕਾਂਗਰਸ ਕਾਰਕੁਨ ਦਾ ਸੰਘਰਸ਼, ਜਿਥੇ ਸੱਤਾ ਧਿਰ ਉਨ੍ਹਾਂ ਨੂੰ ਕਈ ਢੰਗ-ਤਰੀਕਿਆਂ ਨਾਲ ਪਰੇਸ਼ਾਨ ਕਰ ਰਹੀ ਹੈ, ਕਾਬਲੇ ਤਾਰੀਫ ਹੈ। ਸੋਨੀਆ ਗਾਂਧੀ ਨੇ ਕਾਂਗਰਸ ਵੱਲੋਂ ਲਿਆਂਦੀਆਂ ਸਕੀਮਾਂ ਮਨਰੇਗਾ, ਸੂਚਨਾ ਦਾ ਹੱਕ, ਭੋਜਨ ਦਾ ਹੱਕ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਇਹ ਦੇਖ ਕੇ ਅਫਸੋਸ ਨਹੀਂ, ਸਗੋਂ ਦੁੱਖ ਹੁੰਦਾ ਹੈ ਕਿ ਮੋਦੀ ਸਰਕਾਰ ਇਨ੍ਹਾਂ ਨੂੰ ਕਮਜ਼ੋਰ ਕਰ ਰਹੀ ਹੈ।
ਤਕਰੀਬਨ 2 ਦਹਾਕਿਆਂ ਤੱਕ ਕਾਂਗਰਸ ਦੀ ਵਾਗਡੋਰ ਸੰਭਾਲਣ ਵਾਲੀ ਸੋਨੀਆ ਗਾਂਧੀ ਨੇ ਸਟੇਡੀਅਮ ‘ਚ ਮੌਜੂਦ ਕਾਰਕੁਨਾਂ ਨੂੰ ਉਤਸ਼ਾਹਿਤ ਕਰਨ ਲਈ 1978 ਦੀ ਕਰਨਾਟਕ ਦੇ ਚਿਕਮੰਗਲੂਰ ਹਲਕੇ ਦੀ ਜ਼ਿਮਨੀ ਚੋਣ ‘ਚ ਜਿੱਤ ਦਾ ਵੀ ਜ਼ਿਕਰ ਕੀਤਾ, ਜਿਸ ਤੋਂ ਬਾਅਦ ਕਾਂਗਰਸ ਨੇ ਮੁੜ ਜਿੱਤ ਦਾ ਸਫਰ ਸ਼ੁਰੂ ਕੀਤਾ ਸੀ।
________________________
ਕਿਸਾਨਾਂ ਦੀ ਦੁੱਗਣੀ ਆਮਦਨ ਮੋਦੀ ਦਾ ਜੁਮਲਾ: ਮਨਮੋਹਨ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਕਿਸਾਨਾਂ ਦੀ ਕਮਾਈ ਨੂੰ ਦੁੱਗਣੀ ਕਰਨ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਫੋਕੇ ਵਾਅਦਿਆਂ ਨੂੰ Ḕਜੁਮਲਾ’ ਕਰਾਰ ਦਿੱਤਾ ਹੈ। ਡਾæ ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਰਥਿਕਤਾ ਨੂੰ ਤਬਾਹ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਮੋਦੀ ਸਰਕਾਰ ‘ਤੇ ਜੰਮ ਕੇ ਵਾਰ ਕੀਤੇ। ਡਾæ ਮਨਮੋਹਨ ਸਿੰਘ ਨੇ ਕਾਂਗਰਸ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਨੇ ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਹੋਰ ਖੇਤਰਾਂ ਲਈ ਵੀ ਸਮੱਸਿਆ ਪੈਦਾ ਕੀਤੀ ਹੈ।