ਨਸ਼ਿਆਂ ਦੇ ਦਰਿਆ ਦਾ ਵਹਿਣ ਹੁਣ ਹਰਿਆਣੇ ਵੱਲ

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸੂਬੇ ਵਿਚ ਨਸ਼ਿਆਂ ਨੂੰ ਲੈ ਕੇ ਹੋਈ ਬਹਿਸ ਦੌਰਾਨ ਹਰੇਕ ਧਿਰ ਦੇ ਵਿਧਾਇਕ ਨੇ ਮੰਨਿਆ ਕਿ ਪੰਜਾਬ ਵਾਂਗ ਹਰਿਆਣਾ ਨੂੰ ਵੀ ਨਸ਼ਿਆਂ ਨੇ ਬਦਨਾਮ ਕਰ ਦਿੱਤਾ ਹੈ। ਇਸ ਮੌਕੇ ਕਈ ਵਿਧਾਇਕਾਂ ਨੇ ਦੋਸ਼ ਲਾਇਆ ਕਿ ਪੰਜਾਬ ਤੇ ਰਾਜਸਥਾਨ ਨਾਲ ਲੱਗਦੇ ਹਰਿਆਣਾ ਦੇ ਖੇਤਰ ਵੱਧ ਪ੍ਰਭਾਵਿਤ ਹਨ।

ਕਾਂਗਰਸ ਦੇ ਵਿਧਾਇਕ ਕਰਨ ਸਿੰਘ ਦਲਾਲ ਨੇ ਇਸ ਮਾਮਲੇ ਵਿਚ ਧਿਆਨ ਦਿਵਾਊ ਨੋਟਿਸ ਲਿਆ ਕੇ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ਦੀ ਗੈਰਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਪ੍ਰਵਿਰਤੀ ਪੰਜਾਬ ਤੋਂ ਵੀ ਮਾੜੀ ਹੁੰਦੀ ਜਾ ਰਹੀ ਹੈ। ਇਸ ਮਾਮਲੇ ਉਪਰ ਜਵਾਬ ਦਿੰਦਿਆਂ ਸੰਸਦੀ ਮਾਮਲਿਆਂ ਦੇ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਪੂਰਾ ਸਦਨ ਇਸ ਮੁੱਦੇ ਉਪਰ ਇਕ ਹੈ। ਉਨ੍ਹਾਂ ਐਲਾਨ ਕੀਤਾ ਕਿ ਏæਡੀæਜੀæਪੀæ ਦੀ ਅਗਵਾਈ ਹੇਠ ਡਰੱਗ ਦੇ ਮੁੱਦੇ ਉਤੇ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾ ਰਹੀ ਹੈ। ਸ੍ਰੀ ਸ਼ਰਮਾ ਨੇ ਇਕ ਹੋਰ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿਚ ਇਕ ਵਿਸ਼ੇਸ਼ ਟੈਲੀਫੋਨ ਨੰਬਰ ਚਲਾਇਆ ਜਾਵੇਗਾ, ਜਿਸ ਉਪਰ ਕੋਈ ਵੀ ਵਿਅਕਤੀ 24 ਘੰਟੇ ਨਸ਼ਿਆਂ ਦੀ ਤਸਕਰੀ ਦੀ ਸੂਚਨਾ ਦੇ ਸਕੇਗਾ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਹੁਣ ਸਿਰਫ ਸ਼ਰਾਬ ਦਾ ਨਸ਼ਾ ਹੀ ਨਹੀਂ ਸਗੋਂ ਸਮੈਕ ਤੇ ਚਿੱਟੇ ਦੀ ਵੀ ਵੱਡੇ ਪੱਧਰ ਉਤੇ ਸਪਲਾਈ ਹੋ ਰਹੀ ਹੈ। ਵਿਰੋਧੀ ਧਿਰ ਦੇ ਆਗੂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿੰਡ ਵਿਚ ਹੀ 60 ਫੀਸਦੀ ਦੇ ਕਰੀਬ ਨੌਜਵਾਨ ਨਸ਼ਿਆਂ ਦੇ ਰਾਹ ਪੈ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਡਰੱਗ ਮਾਫੀਆ ਨੂੰ ਫੜਨ ਦੀ ਥਾਂ ਉਨ੍ਹਾਂ ਦੀ ਪਿੱਠ ਥਾਪੜ ਰਹੀ ਹੈ ਜਿਸ ਕਾਰਨ ਅਪਰਾਧ ਵਧ ਰਿਹਾ ਹੈ। ਬਹਿਸ ਵਿਚ ਹਿੱਸਾ ਲੈਂਦਿਆਂ ਵਿਧਾਇਕ ਰਵਿੰਦਰ ਸਿੰਘ, ਬਲਵਾਨ ਸਿੰਘ, ਗੀਤਾ ਭੁੱਕਲ ਆਦਿ ਨੇ ਵਿਆਹਾਂ ਵਿਚ ਗੋਲੀਆਂ ਚਲਾਉਣ ਤੇ ਕੰਨ ਪਾੜਵੀਂ ਆਵਾਜ਼ ਵਿਚ ਡੀਜੇ ਲਾਉਣ, ਸ਼ਰਾਬ ਦੇ ਠਕਿਆਂ ਉਤੇ ਛੋਟੀ ਉਮਰ ਦੇ ਕਰਿੰਦੇ ਲਾਉਣ ਜਿਹੇ ਮੁੱਦੇ ਵੀ ਉਠਾਏ।