ਕਾਂਗਰਸ ਰਾਜ ਵਿਚ ਵੀ ਬਾਦਲਾਂ ਦੀ ਚੌਧਰ

ਚੰਡੀਗੜ੍ਹ: ਪੰਜਾਬ ਵਿਚ ਸੱਤਾ ਤਬਦੀਲੀ ਦੇ ਤਕਰੀਬਨ ਇਕ ਸਾਲ ਬਾਅਦ ਵੀ ਸੂਬੇ ਵਿਚ Ḕਬਾਦਲਾਂ’ ਵੀ ਪੂਰੀ ਚੜ੍ਹਾਈ ਨੇ ਕਪਤਾਨੀ ਵਜ਼ਾਰਤ ਵਿਚ ਹਲਚਲ ਪੈਦਾ ਕੀਤੀ ਹੋਈ ਹੈ। ਇਸ ਦਾ ਅਸਰ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਦਿਖਾਈ ਦਿੱਤਾ। ਪਤਾ ਲੱਗਾ ਹੈ ਕਿ ਤਿੰਨ ਸੀਨੀਅਰ ਮੰਤਰੀਆਂ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ

ਕਾਂਗਰਸ ਸਰਕਾਰ ਦੇ ਹੋਂਦ ‘ਚ ਆਉਣ ਤੋਂ ਬਾਅਦ ਬਾਦਲ ਪਰਿਵਾਰ ਦੇ ਵਪਾਰ ਵਿਚ ਹੀ ਵਾਧਾ ਨਹੀਂ ਹੋਇਆ ਸਗੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਉਤੇ ਵੀ ਬਾਦਲਾਂ ਸਮੇਤ ਹੋਰਨਾਂ ਅਕਾਲੀਆਂ ਦੀ ਪਕੜ ਮਜ਼ਬੂਤ ਬਣੀ ਹੋਈ ਹੈ। ਇਸ ਦਾ ਖਮਿਆਜ਼ਾ ਹਾਕਮ ਧਿਰ ਨੂੰ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪੈ ਸਕਦਾ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਦੀ ਚੜ੍ਹਤ ਬਾਰੇ ਗੱਲ ਬੱਸਾਂ ਦੇ ਮਾਮਲੇ ਤੋਂ ਸ਼ੁਰੂ ਕੀਤੀ ਤੇ ਵਿੱਤ ਮੰਤਰੀ ਨੇ ਇਥੋਂ ਤੱਕ ਆਖ ਦਿੱਤਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਮਹਿਜ਼ ਲੰਬੀ ਵਿਧਾਨ ਸਭਾ ਹਲਕੇ ਤੋਂ ਹੀ ਅਕਾਲੀ ਦਲ ਦੇ ਉਮੀਦਵਾਰ ਦੀ ਲੀਡ 70 ਹਜ਼ਾਰ ਵੋਟਾਂ ਤੱਕ ਹੋ ਸਕਦੀ ਹੈ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਵਿੱਤ ਮੰਤਰੀ ਦੀ ਹਾਂ ਵਿਚ ਹਾਂ ਮਿਲਾਈ ਤੇ ਨਿਰਮਲ ਸਿੰਘ ਕਾਹਲੋਂ ਦੀ ਚੜ੍ਹਤ ਦਾ ਮਾਮਲਾ ਵਜ਼ਾਰਤ ਦੇ ਸਾਹਮਣੇ ਰੱਖਿਆ।
ਸੂਤਰਾਂ ਦਾ ਦੱਸਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਵਜ਼ਾਰਤੀ ਏਜੰਡਾ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਤੋਂ ਖਾਸ ਗੱਲ ਕਰਨ ਦੀ ਇਜਾਜ਼ਤ ਮੰਗੀ, ਜਿਸ ਨੂੰ ਕੈਪਟਨ ਨੇ ਪ੍ਰਵਾਨਗੀ ਦੇ ਦਿੱਤੀ। ਇਸ ਤੋਂ ਬਾਅਦ ਸ੍ਰੀ ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਲੁਧਿਆਣਾ ‘ਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਾਦਲਾਂ ਦੀਆਂ ਬੱਸਾਂ ਦਾ ਬੋਲਬਾਲਾ ਹੋਣ ਤੇ ਸਰਕਾਰੀ ਕੰਟਰੋਲ ਵਾਲੀਆਂ ਬੱਸਾਂ ਨੁੱਕਰੇ ਲਾਉਣ ਦਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਉਜਾਗਰ ਕੀਤਾ ਹੈ, ਉਸ ਨੇ ਸਰਕਾਰ ਦੇ ਵੱਕਾਰ ਨੂੰ ਸੱਟ ਮਾਰੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਟਰਾਂਸਪੋਰਟ ਦੇ ਮਾਮਲੇ ਉਤੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਵਫਾ ਨਹੀਂ ਹੋ ਸਕੇ। ਸ੍ਰੀ ਸਿੱਧੂ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਖੇਤਰ ਵਿਚ ਬਾਦਲਾਂ ਦੀ ਤੂਤੀ ਬੋਲਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਿੰਡ ਵਿਚ ਮੁਕਤਸਰ ਦੇ ਡਿਪਟੀ ਕਮਿਸ਼ਨਰ ਤੇ ਐਸ਼ਐਸ਼ਪੀæ ਵੱਲੋਂ ਦੋਵੇਂ ਬਾਦਲਾਂ ਦੇ ਸੱਤਾ ‘ਚ ਹੋਣ ਸਮੇਂ ਵਾਲਾ ਹੀ ਪ੍ਰਭਾਵ ਮੰਨਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅੱਗੇ ਪਿੱਛੇ ਪੁਲਿਸ ਦੀਆਂ ਜਿਪਸੀਆਂ ਦੌੜਦੀਆਂ ਹਨ ਤੇ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਹਨ।
ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨਿਰਮਲ ਸਿੰਘ ਕਾਹਲੋਂ ਨੂੰ ਪੁਲਿਸ ਨੇ ਦੋ ਜਿਪਸੀਆਂ ਦਿੱਤੀਆਂ ਹੋਈਆਂ ਹਨ ਤੇ ਇਸ ਤਰ੍ਹਾਂ ਦੀ ਵੀæਆਈæਪੀæ ਸਹੂਲਤ ਕਿਉਂ ਦਿੱਤੀ ਜਾ ਰਹੀ ਹੈ। ਪੰਚਾਇਤ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਕਈ ਵਾਰੀ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ, ਪਰ ਕੋਈ ਕਾਰਵਾਈ ਅਮਲ ਵਿਚ ਨਹੀਂ ਆਈ।
___________________
ਕੈਪਟਨ ਦੀ ਚੁੱਪ ‘ਤੇ ਕਾਂਗਰਸੀ ਹੈਰਾਨ
ਪੰਜਾਬ ਦੇ ਮੰਤਰੀ ਤੇ ਵਿਧਾਇਕ ਇਸ ਗੱਲ ਤੋਂ ਹੈਰਾਨ ਹਨ ਕਿ ਮੁੱਖ ਮੰਤਰੀ ਉਨ੍ਹਾਂ ਦੀ ਗੱਲ ਸੁਣ ਤਾਂ ਲੈਂਦੇ ਹਨ ਪਰ ਕੋਈ ਕਾਰਵਾਈ ਕਰਨ ਤੋਂ ਪਾਸਾ ਵੱਟ ਲੈਂਦੇ ਹਨ। ਕੁਝ ਵਿਧਾਇਕਾਂ ਨੇ ਤਾਂ ਮੁੱਖ ਮੰਤਰੀ ਨੂੰ ਇਥੋਂ ਤੱਕ ਆਖ ਦਿੱਤਾ ਹੈ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਬਾਦਲਾਂ ਨਾਲ ਲਿਹਾਜ਼ਦਾਰੀ ਕਾਰਨ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਤਰੀਆਂ ਨੇ ਇਹ ਵੀ ਕਿਹਾ ਕਿ ਲੋਕਾਂ ‘ਚ ਸਰਕਾਰ ਦੇ ਅਕਾਲੀਆਂ ਨਾਲ ਰਲੇ ਹੋਣ ਦਾ ਪ੍ਰਭਾਵ ਪਾਇਆ ਜਾ ਰਿਹਾ ਹੈ।