ਗੁਆਂਢੀ ਸੂਬੇ ਹਰਿਆਣੇ ਵੱਲ ਜਾ ਰਹੀ ਪੰਜਾਬ ਦੀ ਕਮਾਈ

ਚੰਡੀਗੜ੍ਹ: ਗੁਆਂਢੀ ਸੂਬੇ ਹਰਿਆਣਾ ਨਾਲੋਂ ਮਹਿੰਗੀ ਸ਼ਰਾਬ ਤੇ ਪੈਟਰੋਲ ਕਾਰਨ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਰਗੜਾ ਲੱਗ ਰਿਹਾ ਹੈ। ਜ਼ਿਆਦਾ ਵੈਟ ਕਰ ਕੇ ਹਰਿਆਣਾ ਦੇ ਮੁਕਾਬਲੇ ਸਿਰਫ ਤੇਲ ਤੋਂ ਹੀ 2200 ਕਰੋੜ ਦੀ ਆਮਦਨ ਘਟੀ ਹੈ। ਇਸ ਵੱਡੇ ਘਾਟੇ ਨੂੰ ਵੇਖਦਿਆਂ ਭਾਵੇਂ ਪੰਜਾਬ ਸਰਕਾਰ ਇਸ ਵਾਰ ਸ਼ਰਾਬ ਸਸਤੀ ਕਰਨ ਜਾ ਰਹੀ ਹੈ ਪਰ ਪੈਟਰੋਲ ਦੀ ਕਾਲਾਬਾਜ਼ਾਰੀ ਸਭ ਤੋਂ ਵੱਡੀ ਸਿਰਦਰਦੀ ਹੈ।

ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਦੀ ਜਥੇਬੰਦੀ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਸੂਬੇ ਵਿਚ ਸ਼ਰਾਬ ਸਸਤੀ ਕਰਨ ਨਾਲ ਮਾਲੀਏ ਵਿਚ ਵਾਧਾ ਨਹੀਂ ਹੋਵੇਗਾ, ਸਗੋਂ ਪੈਟਰੋਲੀਅਮ ਉਤਪਾਦਾਂ ਉਤੇ ਵੈਟ ਘਟਾਉਣ ਨਾਲ ਹੀ ਮਾਲੀਏ ‘ਚ 2000 ਕਰੋੜ ਤੋਂ ਜ਼ਿਆਦਾ ਦੀ ਆਮਦਨ ਵਧ ਸਕਦੀ ਹੈ, ਕਿਉਂਕਿ ਇਸ ਵਿੱਤੀ ਵਰ੍ਹੇ ‘ਚ ਵੀ ਹਰਿਆਣਾ ਪੰਜਾਬ ਨਾਲੋਂ 2200 ਕਰੋੜ ਦੇ ਕਰੀਬ ਮਾਲੀਆ ਜ਼ਿਆਦਾ ਕਮਾਉਣ ਜਾ ਰਿਹਾ ਹੈ। ਪੰਜਾਬ ਵਿਚ ਪੈਟਰੋਲ ਉਤੇ 36æ14 ਫੀਸਦੀ ਅਤੇ ਡੀਜ਼ਲ ਉਤੇ 17 ਫੀਸਦੀ ਦੇ ਕਰੀਬ ਵੈਟ ਹੈ। ਪੰਜਾਬ ਦੀ ਰਾਜਧਾਨੀ ਵਿਚ ਹੀ ਪੈਟਰੋਲ 8æ11 ਰੁਪਏ ਅਤੇ ਡੀਜ਼ਲ 2æ24 ਰੁਪਏ ਪ੍ਰਤੀ ਲੀਟਰ ਸਸਤਾ ਵਿਕ ਰਿਹਾ ਹੈ ਤੇ ਇਸ ਦਾ ਸਿੱਧਾ ਨੁਕਸਾਨ ਚੰਡੀਗੜ੍ਹ ਦੇ ਨਾਲ ਪੰਜਾਬ ਦੀ ਸਰਹੱਦ ਉਤੇ ਸਥਿਤ 800 ਪੈਟਰੋਲ ਪੰਪਾਂ ਨੂੰ ਹੋਇਆ ਹੈ ਅਤੇ ਉਥੇ ਤੇਲ ਦੀ ਵਿੱਕਰੀ ਖਤਮ ਹੋ ਗਈ ਹੈ। ਪਹਿਲਾਂ ਤਾਂ ਪੰਜਾਬ ਦਾ ਹਰਿਆਣਾ ਵਿਚ ਤੇਲ ਉਤੇ ਵੈਟ ਘਟਣ ਨਾਲ ਨੁਕਸਾਨ ਹੋ ਰਿਹਾ ਸੀ ਜਦਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਜਦੋਂ ਦਾ 5 ਫੀਸਦੀ ਵੈਟ ਘਟਾਇਆ ਹੈ, ਉਸ ਨਾਲ ਪੈਟਰੋਲ, ਡੀਜ਼ਲ ਹੀ ਐਨਾ ਸਸਤਾ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਹੀ ਹੁਣ ਚੰਡੀਗੜ੍ਹ ਵਾਲੇ ਪਾਸੇ ਪੰਜਾਬ ਦੇ 800 ਪੈਟਰੋਲ ਪੰਪਾਂ ਤੋਂ ਤੇਲ ਨਹੀਂ ਲੈ ਰਹੇ।
ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜੀæਐਸ਼ਟੀæ ਵਿਭਾਗ ਕੋਲ ਜਥੇਬੰਦੀ ਕਈ ਵਾਰ ਅੰਕੜਿਆਂ ਸਮੇਤ ਸਾਰੀ ਜਾਣਕਾਰੀ ਪ੍ਰਦਾਨ ਕਰ ਚੁੱਕੀ ਹੈ ਕਿ ਪਿਛਲੇ ਦਸ ਸਾਲਾਂ ਤੋਂ ਹਰਿਆਣਾ ਦੇ ਮੁਕਾਬਲੇ ਪੰਜਾਬ ਵਿਚ ਪੈਟਰੋਲ, ਡੀਜ਼ਲ ਦੀ ਵਿਕਰੀ ਵਿਚ 10 ਫੀਸਦੀ ਵੀ ਵਾਧਾ ਨਹੀਂ ਹੋਇਆ ਹੈ ਜਦਕਿ ਪਿਛਲੇ ਦਸ ਸਾਲਾਂ ਤੋਂ ਹਰਿਆਣਾ ਹਰ ਸਾਲ ਪੈਟਰੋਲੀਅਮ ਉਤਪਾਦਾਂ ਉਤੇ ਘੱਟ ਵੈਟ ਹੋਣ ਕਰ ਕੇ ਹਰ ਸਾਲ 2000 ਤੋਂ 2200 ਕਰੋੜ ਦੀ ਜ਼ਿਆਦਾ ਆਮਦਨ ਆ ਰਹੀ ਹੈ। ਸਾਲ 2017-18 ਦੇ ਪਹਿਲੇ 6 ਮਹੀਨੇ ਵਿਚ ਪੰਜਾਬ ਨੂੰ 2726 ਕਰੋੜ ਅਤੇ ਹਰਿਆਣਾ ਨੂੰ 3808 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ ਤੇ ਇਨ੍ਹਾਂ ਅੰਕੜਿਆਂ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਜ਼ਿਆਦਾ ਵੈਟ ਹੋਣ ਕਰ ਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਕਿਸ ਤਰ੍ਹਾਂ ਤੇਲ ਆਮਦਨ ਵਸੂਲੀ ਵਿਚ ਲਗਾਤਾਰ ਪਛੜ ਰਿਹਾ ਹੈ।
_______________________
ਪੰਜਾਬ ਸਰਕਾਰ ਦੀ ਸ਼ਰਾਬ ‘ਤੇ ਟੇਕ
ਜਲੰਧਰ: ਪੰਜਾਬ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਵਿਚ ਭਾਵੇਂ ਸ਼ਰਾਬ ਦਾ ਕੋਟਾ ਘਟਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਪੰਜਾਬ ਵਿਚ ਇਸ ਸਾਲ ਵੀ ਅੰਦਾਜ਼ਨ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ 2æ50 ਕਰੋੜ ਪੇਟੀਆਂ ਪੰਜਾਬ ਦੇ ਲੋਕ ਪੀ ਜਾਣਗੇ। ਇਹੋ ਨਹੀਂ ਬੀਅਰ ਦੀ ਖਪਤ ਵੀ ਇਸ ਸਾਲ ਕੋਟਾ ਘਟਣ ਦੇ ਬਾਵਜੂਦ 1 ਕਰੋੜ ਤੋਂ ਜ਼ਿਆਦਾ ਪੇਟੀਆਂ ਦੀ ਹੋ ਜਾਵੇਗੀ।
ਪੰਜਾਬ ‘ਚ ਹੁਣ ਤੱਕ ਹਰ ਸਾਲ ਸ਼ਰਾਬ ਦਾ ਕੋਟਾ 5 ਤੋਂ ਲੈ ਕੇ 10 ਫੀਸਦੀ ਤੱਕ ਵਧਾਇਆ ਜਾਂਦਾ ਰਿਹਾ ਹੈ। ਜਿਸ ਕਰ ਕੇ ਸ਼ਰਾਬ ਦੀ ਖਪਤ ਲਗਾਤਾਰ ਵਧ ਰਹੀ ਹੈ। ਪੰਜਾਬ ਸਰਕਾਰ ਨੇ ਇਸ ਵਾਰ 600 ਕਰੋੜ ਦੇ ਵਾਧੇ ਨਾਲ 6000 ਕਰੋੜ ਵਿਚ ਸ਼ਰਾਬ ਦੇ ਠੇਕੇ ਵੇਚਣੇ ਹਨ ਪਰ ਪੰਜਾਬ ਵਿਚ ਸ਼ਰਾਬ ਦਾ ਕਾਰੋਬਾਰ ਹੀ 7000 ਕਰੋੜ ਤੋਂ ਜ਼ਿਆਦਾ ਤੱਕ ਪੁੱਜ ਜਾਂਦਾ ਹੈ।