ਮਿਸ਼ਨ 2019 ਦੇ ਵਿਗੜਨ ਲੱਗੇ ਸਿਆਸੀ ਸਮੀਕਰਨ

ਨਵੀਂ ਦਿੱਲੀ: 2019 ਵਿਚ ਹੋਣ ਵਾਲੇ ਮਹਾਂ ਮੁਕਾਬਲੇ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਿਆਸੀ ਸਮੀਕਰਨ ਬਣਨੇ ਵਿਗੜਨੇ ਸ਼ੁਰੂ ਹੋ ਗਏ ਹਨ। ਸਾਲ 2014 ਵਿਚ ਲੋਕ ਸਭਾ ਚੋਣਾਂ ਤੇ ਸਾਲ 2017 ਵਿਚ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਵਿਰੋਧੀ ਧਿਰਾਂ ਦੇ ਚਾਰੇ ਖਾਨੇ ਚਿੱਤ ਕਰ ਦਿੱਤੇ ਸਨ।

ਯੋਗੀ ਅਦਿੱਤਿਆਨਾਥ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ ਦਾਅਵਾ ਕੀਤਾ ਗਿਆ ਕਿ ਯੂਪੀ ਦੀ ਕਿਸਮਤ ਬਦਲਣ ਵਾਲੀ ਹੈ। ਕਿਹਾ ਜਾਂਦਾ ਹੈ ਕਿ ਰਾਜਨੀਤੀ ਵਿਚ ਅੰਕੜਿਆਂ ਨੂੰ ਜਾਰੀ ਰੱਖਣਾ ਵੀ ਇਕ ਵੱਡੀ ਚੁਣੌਤੀ ਹੈ। ਯੂਪੀ ਦੇ ਗੋਰਖਪੁਰ ਤੇ ਫੂਲਪੁਰ ਸੀਟ ਉਤੇ ਲੋਕ ਸਭਾ ਉਪ ਚੋਣ ਵਿਚ ਭਾਜਪਾ ਨੂੰ ਵਿਰੋਧੀ ਧਿਰ ਨੇ ਨੁਕਸਾਨ ਪਹੁੰਚਿਆ।
ਭਾਜਪਾ ਦੇ ਗੜ੍ਹ ਮੰਨੇ ਜਾਣ ਵਾਲੇ ਗੋਰਖਪੁਰ ਸੀਟ ਦੇ ਨਾਲ ਹੀ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਦੀ ਫੂਲਪੁਰ ਸੀਟ ਭਾਜਪਾ ਹੱਥੋਂ ਨਿਕਲ ਗਈ। ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਅਖੀਲੇਸ਼ ਯਾਦਵ ਤੇ ਮਾਇਆਵਤੀ ਦੀ ਜੋੜੀ ਕੰਮ ਕਰ ਗਈ। ਵਿਸ਼ਲੇਸ਼ਣ ਤਾਂ ਜਾਰੀ ਰਹਿਣਗੇ ਪਰ ਹਾਲ ਹੀ ਵਿਚ ਉਪ ਚੋਣਾਂ ਵਿਚ ਬੀæਜੇæਪੀæ ਦੀ ਹਾਰ ਹੋਈ ਹੈ। ਖਾਸ ਗੱਲ ਇਹ ਹੈ ਕਿ ਬੀæਜੇæਪੀæ ਦੀ ਸਰਕਾਰ ਵਾਲੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਹੋਈ ਉਪ ਚੋਣ ਵਿਚ ਕਾਂਗਰਸ ਨੇ ਭਾਜਪਾ ਨੂੰ ਜ਼ਬਰਦਸਤ ਝਟਕਾ ਦਿੱਤਾ ਸੀ। ਹੁਣ ਯੂਪੀ ਦੀਆਂ ਦੋ ਸੀਟਾਂ ਵੀ ਬੀæਜੇæਪੀæ ਹੱਥੋਂ ਖੁਸ ਗਈਆਂ ਹਨ।
__________________________
ਵੱਡੀ ਹਾਰ ਮਗਰੋਂ ਭਾਜਪਾ ਵਿਚ ਬਾਗੀ ਸੁਰਾਂ ਤੇਜ਼
ਨਵੀਂ ਦਿੱਲੀ: ਉਤਰ ਪ੍ਰਦੇਸ਼ ਦੀ ਜ਼ਿਮਨੀ ਚੋਣ ਵਿਚ ਭਾਰਤੀ ਜਨਤਾ ਪਾਰਟੀ ਦੀ ਕਰਾਰੀ ਹਾਰ ਮਗਰੋਂ ਪਾਰਟੀ ਵਿਚੋਂ ਵਿਰੋਧੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਮਾਕਾਂਤ ਯਾਦਵ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਬਰਾਮਣੀਅਮ ਸਵਾਮੀ ਨੇ ਵੀ ਯੋਗੀ ਉਤੇ ਸ਼ਬਦੀ ਹਮਲਾ ਕੀਤਾ ਹੈ।
ਇਸ ਤੋਂ ਇਲਾਵਾ ਭਾਜਪਾ ਦੇ ਸੰਸਦ ਮੈਂਬਰ ਸ਼ੱਤਰੂਘਨ ਸਿਨ੍ਹਾ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਤਨਜ਼ ਕੱਸਿਆ ਹੈ। ਸੁਬਰਾਮਣੀਅਮ ਸਵਾਮੀ ਨੇ ਇਸ਼ਾਰਿਆਂ ਵਿਚ ਯੂæਪੀæ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਤੇ ਸਵਾਲ ਚੁੱਕੇ ਹਨ। ਸਵਾਮੀ ਨੇ ਕਿਹਾ ਕਿ ਜੋ ਨੇਤਾ ਆਪਣੀ ਸੀਟ ‘ਤੇ ਚੋਣ ਨਹੀਂ ਜਿਤਾ ਸਕਿਆ, ਅਜਿਹੇ ਆਗੂਆਂ ਨੂੰ ਵੱਡੇ ਅਹੁਦੇ ਦੇਣਾ ਲੋਕਤੰਤਰ ਵਿਚ ਖੁਦਕੁਸ਼ੀ ਬਰਾਬਰ ਹੈ।