ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਜ਼ੋਰ ਅਜ਼ਮਾਈ

ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਸਕੱਤਰ ਦੇ ਅਹੁਦੇ ਵਾਸਤੇ 25 ਮਾਰਚ ਨੂੰ ਹੋਣ ਵਾਲੀ ਉਪ ਚੋਣ ਲਈ ਇਸ ਵਾਰ ਤਿਕੋਣਾ ਮੁਕਾਬਲਾ ਹੋਵੇਗਾ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ ਲੰਘਣ ਤੋਂ ਬਾਅਦ ਹੁਣ ਤਿੰਨਾਂ ਅਹੁਦਿਆਂ ਵਾਸਤੇ 9 ਉਮੀਦਵਾਰ ਮੈਦਾਨ ਵਿਚ ਹਨ ਅਤੇ ਇਹ ਤਿੰਨ ਧੜਿਆਂ ਨਾਲ ਸਬੰਧਤ ਹਨ।

ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਚੀਫ ਖਾਲਸਾ ਦੀਵਾਨ ਵਿਚ ਪੈਦਾ ਹੋਏ ਸੰਕਟ ਕਾਰਨ ਤਿੰਨ ਅਹੁਦਿਆਂ ਵਾਸਤੇ ਉਪ ਚੋਣ ਹੋ ਰਹੀ ਹੈ। ਇਸ ਚੋਣ ਤਹਿਤ 25 ਮਾਰਚ ਨੂੰ ਦੁਪਹਿਰ ਡੇਢ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਬੈਲਟ ਪੇਪਰ ਰਾਹੀਂ ਵੋਟਾਂ ਪੈਣਗੀਆਂ ਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਮਗਰੋਂ ਨਤੀਜਾ ਐਲਾਨ ਦਿੱਤਾ ਜਾਵੇਗਾ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ ਲੰਘਣ ਤੋਂ ਬਾਅਦ ਇਨ੍ਹਾਂ ਤਿੰਨ ਅਹੁਦਿਆਂ ਵਾਸਤੇ 9 ਉਮੀਦਵਾਰ ਮੈਦਾਨ ਵਿੱਚ ਹਨ। ਇਹ ਤਿੰਨ ਧੜਿਆਂ ਅਣਖੀ ਸਮਰਥਕ ਧੜਾ, ਚੱਢਾ ਸਮਰਥਕ ਧੜਾ ਤੇ ਧਨਰਾਜ ਸਿੰਘ ਧੜੇ ਨਾਲ ਸਬੰਧਤ ਹਨ। ਪ੍ਰਧਾਨ ਦੀ ਚੋਣ ਵਾਸਤੇ ਤਿੰਨ ਉਮੀਦਵਾਰ ਮੈਦਾਨ ਵਿਚ ਹਨ। ਤਿੰਨ ਉਮੀਦਵਾਰਾਂ ਵਿਚ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਰਾਜ ਮਹਿੰਦਰ ਸਿੰਘ ਮਜੀਠਾ, ਸਰਜਨ ਡਾæ ਸੰਤੋਖ ਸਿੰਘ ਤੇ ਸਮਾਜ ਸੇਵਕ ਧਨਰਾਜ ਸਿੰਘ ਦਾ ਨਾਂ ਸ਼ਾਮਲ ਹੈ। ਇਸੇ ਤਰ੍ਹਾਂ ਮੀਤ ਪ੍ਰਧਾਨ ਦੇ ਅਹੁਦੇ ਵਾਸਤੇ ਨਿਰਮਲ ਸਿੰਘ, ਬਲਦੇਵ ਸਿੰਘ ਚੌਹਾਨ ਤੇ ਸਰਬਜੀਤ ਸਿੰਘ ਸ਼ਾਮਲ ਹਨ, ਜਦੋਂਕਿ ਸਕੱਤਰ ਦੇ ਅਹੁਦੇ ਵਾਸਤੇ ਸੰਤੋਖ ਸਿੰਘ ਸੇਠੀ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਤੇ ਗੁਰਿੰਦਰ ਸਿੰਘ ਚਾਵਲਾ ਮੈਦਾਨ ਵਿੱਚ ਹਨ। ਇਨ੍ਹਾਂ ਵਿਚੋਂ ਧਨਰਾਜ ਸਿੰਘ ਇਸ ਵੇਲੇ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਵੀ ਹਨ।
ਅਣਖੀ ਸਮਰਥਕ ਧੜੇ ਨਾਲ ਜੁੜੇ ਰਾਜ ਮਹਿੰਦਰ ਸਿੰਘ ਮਜੀਠਾ ਮਜੀਠੀਆ ਪਰਿਵਾਰ ਨਾਲ ਸਬੰਧਤ ਹਨ, ਉਹ ਅਕਾਲੀ ਆਗੂ ਵੀ ਹਨ। ਉਹ ਅਕਾਲੀ ਵਿਧਾਇਕ ਅਤੇ ਅਕਾਲੀ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਉਹ ਖਾਲਸਾ ਕਾਲਜ ਗਵਰਨਿੰਗ ਕੌਂਸਲ ਨਾਲ ਵੀ ਜੁੜੇ ਹੋਏ ਹਨ। ਡਾæ ਸੰਤੋਖ ਸਿੰਘ ਪਹਿਲਾਂ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ। ਧਨਰਾਜ ਸਿੰਘ ਦਾ ਨਾਂ ਸਮਾਜ ਸੇਵਾ ਦੇ ਖੇਤਰ ਵਿਚ ਜਾਣਿਆ ਪਛਾਣਿਆ ਹੈ। ਉਹ ਵੀ ਪਹਿਲਾਂ ਦੀਵਾਨ ਦੇ ਮੀਤ ਪ੍ਰਧਾਨ ਸਨ। ਉਨ੍ਹਾਂ ਵੱਲੋਂ ਇਥੇ ਗਰੀਨ ਐਵੀਨਿਊ ਇਲਾਕੇ ਵਿਚ ਚੈਰੀਟੇਬਲ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਚੀਫ ਖਾਲਸਾ ਦੀਵਾਨ ਦੇ ਇਨ੍ਹਾਂ ਤਿੰਨ ਅਹੁਦਿਆਂ ਦੀ ਚੋਣ ਵਾਸਤੇ ਪਹਿਲਾਂ ਚਾਰ ਮਾਰਚ ਦਾ ਦਿਨ ਨਿਰਧਾਰਤ ਕੀਤਾ ਗਿਆ ਸੀ। ਉਸ ਵੇਲੇ ਕੁਝ ਮੈਂਬਰਾਂ ਵੱਲੋਂ ਚੋਣ ਅੱਗੇ ਪਾਉਣ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਚੋਣ ਦੀ ਮਿਤੀ 25 ਮਾਰਚ ਰੱਖੀ ਗਈ ਹੈ। ਚੀਫ ਖਾਲਸਾ ਦੀਵਾਨ ਦੇ ਇਸ ਵੇਲੇ ਲਗਭਗ 520 ਮੈਂਬਰ ਹਨ, ਜੋ ਵਧੇਰੇ ਪੰਜਾਬ ਦੇ ਹਨ। ਪੰਜਾਬ ਤੋਂ ਅਦਾਰੇ ਦੇ ਪ੍ਰਬੰਧ ਹੇਠ ਇਸ ਵੇਲੇ ਲਗਭਗ 50 ਵਿਦਿਅਕ ਅਦਾਰੇ ਚੱਲ ਰਹੇ ਹਨ, ਜਿਨ੍ਹਾਂ ਵਿਚ ਵਧੇਰੇ ਸਕੂਲ ਹਨ।