ਜਪੁਜੀ ਦਾ ਰੱਬ (ਕਿਸ਼ਤ 9)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
‘ਗੁਰ ਪ੍ਰਸਾਦਿ’ ਦੋ ਸ਼ਬਦਾਂ ਦਾ ਸੰਗ੍ਰਿਹ ਹੈ। ਪਹਿਲਾ ਸ਼ਬਦ ‘ਗੁਰ’ ਹੈ ਜੋ ਪੰਜਾਬੀ ਸ਼ਬਦ ਗੁਰੂ ਦਾ ਛੋਟਾ ਰੂਪ ਜਾਪਦਾ ਹੈ। ਅੱਜ ਕੱਲ ਇਸ ਦਾ ਅਰਥ ਗੁਰੂ, ਭਾਵ ਅਧਿਆਪਕ, ਸ਼ਿਕਸ਼ਕ ਜਾਂ ਮਾਰਗ-ਦਰਸ਼ਕ ਹੀ ਲਿਆ ਜਾਂਦਾ ਹੈ। ਅਧਿਆਪਕ ਬੱਚਿਆਂ ਨੂੰ ਸਕੂਲ ਵਿਚ ਪੜ੍ਹਾਉਂਦਾ ਹੈ ਅਤੇ ਚੰਗੇ ਮਾੜੇ ਦਾ ਫਰਕ ਦੱਸ ਕੇ ਸਹੀ ਰਾਹ ਚੁਣਨ ਦੀ ਸਿੱਖਿਆ ਦਿੰਦਾ ਹੈ। ਉਹ ਉਨ੍ਹਾਂ ਦਾ ਗੁਰੂ ਹੈ। ਉਹ ਆਪਣੇ ਗੁਰੂ ਦਾ ਸਨਮਾਨ ਕਰਦੇ ਹਨ। ਕਈ ਲੋਕ ਇਹ ਵੀ ਕਹਿ ਦੇਣਗੇ ਕਿ ਉਹ ਆਪਣੇ ‘ਗੁਰ’ ਦਾ ਸਨਮਾਨ ਕਰਦੇ ਹਨ ਪਰ ਗੁਰ ਦਾ ਇਹ ਅਰਥ ਟਕਸਾਲੀ ਨਹੀਂ ਹੈ। ਗੁਰੂ ਨੂੰ ਗੁਰ ਜਾਂ ਗੁਰ ਨੂੰ ਗੁਰੂ, ਸ਼ਬਦਾਂ ਦੀ ਵਰਤੋਂ ਦੇ ਭੁਲੇਖੇ ਨਾਲ ਕਿਹਾ ਜਾਂਦਾ ਹੈ। ਉਂਜ ਇਨ੍ਹਾਂ ਦੋਹਾਂ ਸਬਦਾਂ ਦਾ ਟਕਸਾਲੀ ਮੂਲ ਇਕ ਹੀ ਹੈ ਕਿਉਂਕਿ ਦੋਵੇਂ ਦੂਰੋਂ ਪਾਰੋਂ ਚਾਨਣ ਜਾਂ ਗਿਆਨ ਨਾਲ ਜੁੜੇ ਹੋਏ ਹਨ।

ਇਸ ਲਈ ਗੁਰੂ ਧਾਤੂ ਨਾਲ ਸਬੰਧ ਰੱਖਦਾ ਸ਼ਬਦ ਗੁਰ ਆਪਣੇ ਆਪ ਵਿਚ ਇਕ ਵੱਖਰਾ ਸ਼ਬਦ ਹੈ ਜਿਸ ਦਾ ਭਾਵ ਵਿਧੀ ਜਾਂ ਗਿਆਨ ਦਾ ਟੋਟਕਾ ਹੈ। ਗੁਰ ਇਕ ਪੁਰਾਤਨ ਸ਼ਬਦ ਹੈ ਜੋ ਲੋਕ ਬੋਲੀ ਵਿਚ ਅਨੁਭਵੀ-ਗਿਆਨ ਜਾਂ ਕਲਾ ਦੇ ਭਾਵ ਨਾਲ ਆਮ ਸਮਝਿਆ ਜਾਂਦਾ ਹੈ। ਪਰ ਗੁਰੂ ਸ਼ਬਦ ਦੇ ਨੇੜੇ ਹੋਣ ਕਰਕੇ ਅੱਜ ਕੱਲ ਇਹ ਇਸ ਵਧੇਰੇ ਪ੍ਰਚਲਿਤ ਸ਼ਬਦ ਦੀ ਛਾਂ ਵਿਚ ਆ ਗਿਆ ਹੈ। ਗੁਰ ਸ਼ਬਦ ਭਾਵੇਂ ਆਪ ਅਲੋਪ ਨਹੀਂ ਹੋਇਆ ਪਰ ਇਸ ਦੇ ਅਸਲ ਅਰਥ ਅਲੋਪ ਹੋਣ ਦੇ ਮੋੜ ‘ਤੇ ਖੜ੍ਹੇ ਹਨ। ਅਸਲ ਅਰਥ ਕਿਸੇ ਚੀਜ਼ ਨੂੰ ਸਫਲਤਾ ਤੇ ਆਸਾਨੀ ਨਾਲ ਨੇਪਰੇ ਚਾੜ੍ਹਨ ਦਾ ਵਧੀਆ ਢੰਗ ਜਾਂ ਗਿਆਨ ਹੁੰਦਾ ਹੈ। ਇਹ ਆਮ ਵਰਤੋਂ ਦਾ ਕੋਈ ਅਜਿਹਾ ਨਿਵੇਕਲਾ ਤਰੀਕਾ, ਸੂਤਰ, ਘੂੰਡੀ, ਫਾਰਮੂਲਾ ਜਾਂ ਤਰਕੀਬੀ ਫੰਡਾ ਹੁੰਦਾ ਹੈ ਜੋ ਕਿਸੇ ਮੁਸ਼ਕਿਲ ਚੀਜ਼ ਨੂੰ ਬਦਲਵੇਂ ਜਾਂ ਛੋਟੇ ਰਸਤੇ ਰਾਹੀਂ ਵਧੇਰੇ ਸਹੀ ਤੇ ਆਸਾਨ ਵਿਧੀ ਨਾਲ ਕਰਨ ਦੀ ਜਾਂਚ ਦੱਸਦਾ ਹੈ। ਜ਼ਾਹਰ ਹੈ ਕਿ ਅਜਿਹਾ ਸੂਤਰ ਕਿਸੇ ਨਵੀਂ ਕਾਢ ਜਾਂ ਤਰਕੀਬ ਵਾਂਗ ਹੈ ਜੋ ਸਮਝ, ਘਾਲਣਾ, ਤਜਰਬੇ ਤੇ ਗਿਆਨ ਰਾਹੀਂ ਕੁਝ ਇਕ ਨੇ ਹੀ ਘੜਿਆ ਜਾਂ ਜਾਣਿਆ ਹੁੰਦਾ ਹੈ ਅਤੇ ਜਿਸ ਦਾ ਦੂਜਿਆਂ ਨੂੰ ਹਾਲੇ ਪਤਾ ਨਹੀਂ ਹੁੰਦਾ। ਅਰਥਾਤ ਇਹ ਉਹ ਨਵੀਂ ਕਾਰਆਮਦ ਵਿਧੀ ਵਾਂਗ ਹੁੰਦਾ ਹੈ ਜੋ ਵਧੇਰੇ ਪ੍ਰਚਲਿਤ ਨਾ ਹੋਣ ਕਰਕੇ ਕੁਝ ਜਾਣਕਾਰਾਂ ਨੂੰ ਹੀ ਪਤਾ ਹੁੰਦੀ ਹੈ। ਅਜਿਹੇ ਢੰਗ ਨੂੰ ਵਧੇਰੇ ਗੁੜ੍ਹੇ ਹੋਏ, ਅਨੁਭਵੀ, ਪ੍ਰਬੀਨ ਤੇ ਕਲਾਕਾਰੀ ਵਿਅਕਤੀ ਹੀ ਜਾਣਦੇ ਹਨ ਤੇ ਇਸ ਦੀ ਵਰਤੋਂ ਅੱਗੇ ਹੋਰਾਂ ਨੂੰ ਦੱਸਦੇ ਹਨ।
ਕਿਉਂਕਿ ਗੁਰੂ ਤੋਂ ਗਿਆਨ ਮਿਲਦਾ ਹੈ, ਇਸ ਲਈ ਸੁਭਾਵਿਕ ਹੈ ਕਿ ਗੁਰ ਦੱਸਣ ਵਾਲੇ ਇਨ੍ਹਾਂ ਗਿਆਨਵਾਨ ਵਿਅਕਤੀਆਂ ਨੂੰ ਗੁਰੂ ਹੀ ਕਿਹਾ ਜਾਵੇਗਾ। ਇਸ ਤਰ੍ਹਾਂ ਗੁਰੂ ਸ਼ਬਦ ਗੁਰ ਵਿਚੋਂ ਨਿਕਲਿਆ ਸਮ-ਅਰਥੀ ਸ਼ਬਦ ਪ੍ਰਤੀਤ ਹੁੰਦਾ ਹੈ। ਪਰ ਗੁਰੂ ਦੇ ਦਿੱਤੇ ਗਿਆਨ ਤੇ ਗੁਰ ਵਿਚ ਫਰਕ ਹੈ। ਗਿਆਨ ਸ਼ਬਦ ਵਧੇਰੇ ਗੰਭੀਰ ਤੇ ਵਿਸਥਾਰਪੂਰਵਕ ਜਾਣਕਾਰੀ ਦੇ ਸਬੰਧ ਵਿਚ ਵਰਤਿਆ ਜਾਂਦਾ ਹੈ, ਜਦਕਿ ਗੁਰ ਚਲੰਤ ਗਿਆਨ ਜਾਂ ਜਾਣਕਾਰੀ ਦੇ ਇਕ ਛੋਟੇ ਟੋਟਕੇ ਵਜੋਂ ਜਾਣਿਆ ਜਾਂਦਾ ਹੈ। ਗੁਰ ਸ਼ਬਦ ਨੂੰ ਇਕ ਵਿਦਿਆਰਥੀ ਇਸ ਤਰ੍ਹਾਂ ਵਰਤਦਾ ਸੁਣਿਆ ਗਿਆ, “ਮੈਂ ਵਿਆਜ ਦੇ ਸਵਾਲ ਹੱਲ ਕਰਨ ਦੇ ਸਾਰੇ ਗੁਰ ਕੰਠ ਕਰ ਲਏ ਸਨ। ਇਨ੍ਹਾਂ ਦੀ ਵਰਤੋਂ ਨਾਲ ਮੈਂ ਹੁਣ ਔਖੇ ਤੋਂ ਔਖਾ ਪ੍ਰਸ਼ਨ ਵੀ ਮਿੰਟਾਂ ਵਿਚ ਹੱਲ ਕਰ ਲੈਂਦਾ ਹਾਂ।” ਇਸੇ ਤਰ੍ਹਾਂ ਇਕ ਪਲੰਬਰ ਨੇ ਇਹ ਵਾਕ ਬੋਲ ਕੇ ਗੁਰ ਦੇ ਅਰਥ ਸਪਸ਼ਟ ਕੀਤੇ, “ਬਹੁਤੇ ਕਾਰੀਗਰ ਜੰਗ ਲੱਗੇ ਨਲਕੇ ਨੂੰ ਖੋਲ੍ਹਣ ਵੇਲੇ ਤੋੜ ਦਿੰਦੇ ਹਨ, ਪਰ ਮੈਂ ਉਸਤਾਦ ਕੋਲੋਂ ਇਸ ਦਾ ਗੁਰ ਸਿੱਖਿਆ ਹੋਇਆ ਹੈ, ਇਸ ਲਈ ਮੈਂ ਪੁਰਾਣੇ ਤੋਂ ਪੁਰਾਣੇ ਜੰਗ ਖਾਧੇ ਜੋੜਾਂ ਨੂੰ ਵੀ ਆਸਾਨੀ ਨਾਲ ਖੋਲ੍ਹ ਦਿੰਦਾ ਹਾਂ।” ਇਸ ਤਰ੍ਹਾਂ ਗੁਰ ਸ਼ਬਦ ਦਾ ਭਾਵ ਅਨੁਭਵ ‘ਤੇ ਆਧਾਰਤ ਇਕ ਅਜਿਹੀ ਆਸਾਨ ਵਿਧੀ ਜਾਂ ਚਾਲ ਤੋਂ ਹੈ ਜੋ ਕਿਸੇ ਚੀਜ਼ ਨੂੰ ਆਸਾਨੀ ਤੇ ਫੁਰਤੀ ਨਾਲ ਕਰਨ ਦਾ ਵੱਲ ਦੱਸਦੀ ਹੈ।
‘ਪ੍ਰਸਾਦਿ’ ਸ਼ਬਦ ਦਾ ਭਾਵ ਕਿਸੇ ਦੀ ਮਿਹਰਬਾਨੀ ਸਦਕਾ ਮਿਲੀ ਕੋਈ ਚੀਜ਼ ਜਾਂ ਕਿਸੇ ਚੀਜ਼ ਦੀ ਬਦੌਲਤ ਹੋਈ ਕੋਈ ਘਟਨਾ ਜਾਂ ਪ੍ਰਾਪਤੀ ਹੁੰਦਾ ਹੈ। ਪ੍ਰਸਾਦਿ ਇਕ ਦਾਤ ਜਾਂ ਦੇਣ ਹੁੰਦੀ ਹੈ ਜੋ ਇਕ ਦੇਣ ਵਾਲਾ ਦੂਜੇ ਲੈਣ ਵਾਲੇ ਨੂੰ ਦਿੰਦਾ ਹੈ। ਗੁਰਦੁਆਰੇ ਵਿਚ ਮਿਲੇ ਕੜਾਹ ਪ੍ਰਸ਼ਾਦ ਦਾ ਅਰਥ ਵੀ ਗੁਰੂ ਤੋਂ ਮਿਲੀ ਕੜਾਹ ਦੀ ਦੇਣ, ਦਾਤ ਜਾਂ ਕਿਰਪਾ ਹੁੰਦਾ ਹੈ। ਇਸ ਲਈ ਗੁਰ ਪ੍ਰਸਾਦਿ ਦਾ ਸਾਂਝੇ ਤੌਰ ‘ਤੇ ਅਰਥ ਬਣਦਾ ਹੈ, ਗੁਰ ਦੀ ਬਦੌਲਤ, ਭਾਵ ਨਿਵੇਕਲੀ ਵਿਧੀ ਦੇ ਸਹਾਰੇ ਜਾਂ ਨਵੀਂ ਸੋਚ ਦੀ ਵਰਤੋਂ ਨਾਲ। ਇਹ ਦੋਵੇਂ ਸ਼ਬਦ ਸਾਂਝੇ ਤੌਰ ‘ਤੇ ਗੁਰੂ ਨਾਨਕ ਦੇਵ ਦੇ ਵਿਚਾਰਾਂ ਦੇ ਸ੍ਰੋਤ ਵਲ ਸ਼ੁਕਰਾਨੇ ਭਰਿਆ ਸੰਕੇਤ ਪ੍ਰਗਟ ਕਰਦੇ ਹਨ।
ਮੱਧਕਾਲ ਵਿਚ ਸਾਰੇ ਲੇਖਕ ਤੇ ਕਵੀ ਆਪਣੀਆਂ ਰਚਨਾਵਾਂ ਨੂੰ ਮੰਗਲਾਚਰਣ ਨਾਲ ਸ਼ੁਰੂ ਕਰਦੇ ਸਨ। ਇਸ ਰਾਹੀਂ ਉਹ ਆਪਣੀ ਰਚਨਾ ਅਰੰਭ ਕਰਨ ਤੋਂ ਪਹਿਲਾਂ ਆਪਣੇ ਗੁਰੂ ਜਾਂ ਉਸਤਾਦ ਪ੍ਰਤੀ ਆਭਾਰ ਪ੍ਰਗਟ ਕਰ ਕੇ ਉਸ ਤੋਂ ਆਸ਼ੀਰਵਾਦ ਮੰਗਦੇ ਸਨ। ਇਸ ਪ੍ਰਥਾ ਤੋਂ ਉਲਟ ਗੁਰੂ ਨਾਨਕ ਦੇਵ ਨੇ ਇਸ ਨੂੰ ਮੂਲ ਮੰਤਰ ਦੇ ਸ਼ੁਰੂ ਵਿਚ ਨਹੀਂ ਸਗੋਂ ਇਸ ਦੇ ਅੰਤ ਵਿਚ ਲਿਖਿਆ ਹੈ। ਇਸ ਤੋਂ ਇਹ ਇਕ ਆਧੁਨਿਕ ਖੋਜ ਪ੍ਰਸਤਾਵ ਦੇ ਹਵਾਲੇ ਜਾਂ ਰੈਫਰੈਂਸ ਵਾਂਗ ਜਾਪਦਾ ਹੈ। ਹਵਾਲਾ ਅਕਸਰ ਇੱਦਾਂ ਹੀ ਰਚਨਾ ਦੇ ਅੰਤ ਵਿਚ ਦਿੱਤਾ ਜਾਂਦਾ ਹੈ। ਇਸ ਲਈ ਇਸ ਵਿਚ ਗੁਰੂ ਜੀ ਆਪਣੇ ਵਿਚਾਰਾਂ, ਸੰਕਲਪਾਂ ਤੇ ਸਿਖਿਆਵਾਂ ਦਾ ਸੋਮਾ ਭਾਵ ਆਧਾਰ, ਉਪਰੋਕਤ ਗੁਰ ੴ ਭਾਵ ਗਣਿਤ-ਆਧਾਰਤ ਵਿਗਿਆਨਕ ਵਿਧੀ ਨੂੰ ਦੱਸਦੇ ਹਨ।
ਲਗਭਗ ਸਾਰੇ ਸਿੱਖ ਪ੍ਰਚਾਰਕ, ਵਿਦਵਾਨ, ਟੀਕਾਕਾਰ ਤੇ ਹੋਰ ਬੁੱਧੀਜੀਵੀ ਗੁਰ ਪ੍ਰਸਾਦਿ ਦੇ ਅਰਥਾਂ ਬਾਰੇ ਇਕ ਅਜੀਬ ਦਵੰਧ ਦੇ ਸ਼ਿਕਾਰ ਹਨ। ਇਕ ਪਾਸੇ ਤਾਂ ਉਹ ਕਹਿੰਦੇ ਹਨ ਕਿ ਇਸ ਸ਼ਬਦ ਵਿਚ ਗੁਰੂ ਨਾਨਕ ਨੇ ਦੱਸਿਆ ਹੈ ਕਿ ਮੂਲ ਮੰਤਰ ਦਾ ਗਿਆਨ ਉਨ੍ਹਾਂ ਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਹੋਇਆ ਹੈ, ਦੂਜੇ ਪਾਸੇ ਉਹ ਇਸ ਗੱਲ ਤੋਂ ਸਾਫ ਇਨਕਾਰ ਕਰਦੇ ਹਨ ਕਿ ਗੁਰੂ ਜੀ ਦਾ ਕੋਈ ਗੁਰੂ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਤਾਂ ਆਪ ਜਾਣੀ-ਜਾਣ ਤੇ ਜਗਤ ਗੁਰੂ ਸਨ, ਭਾਵ ਸਾਰੀ ਦੁਨੀਆਂ ਨੂੰ ਗਿਆਨ ਦੇਣ ਵਾਲੇ ਸਨ। ਉਨ੍ਹਾਂ ਨੇ ਬਚਪਨ ਵਿਚ ਹੀ ਪੜ੍ਹਾਉਣ ਆਏ ਪਾਂਧੇ ਤੇ ਮੌਲਵੀ-ਦੋਹਾਂ ਦੀ ਸਿੱਖਿਆ ਨੂੰ ਤਰਕਹੀਣ ਕਰਾਰ ਦੇ ਕੇ ਵਾਪਸ ਭੇਜ ਦਿੱਤਾ ਸੀ। ਉਨ੍ਹਾਂ ਦੀ ਬਾਣੀ ‘ਧੁਰ ਕੀ ਬਾਣੀ’ ਹੈ। ਇਸ ਲਈ ਇਹ ਸਿੱਧੀ ਹੀ ਉਨ੍ਹਾਂ ਕੋਲ ਆਈ ਹੈ। ਜਦੋਂ ਉਹ ਕਿਸੇ ਹੋਰ ਨੂੰ ਆਪਣੇ ਤੋਂ ਵੱਡਾ ਨਹੀਂ ਸਨ ਮੰਨਦੇ, ਫਿਰ ਉਹ ਕਿਸੇ ਹੋਰ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਬਾਣੀ ਕਿਵੇਂ ਰਚ ਸਕਦੇ ਸਨ?
ਇਸ ਲਈ ਇਹ ਵਿਦਵਾਨ ਇਕ ਪਾਸੇ ਤਾਂ ਇਹ ਆਖਦੇ ਹਨ ਕਿ ਗੁਰ ਪ੍ਰਸਾਦਿ ਲਿਖ ਕੇ ਗੁਰੂ ਜੀ ਨੇ ਮੂਲ ਮੰਤਰ ਦੇ ਗਿਆਨ ਲਈ ਆਪਣੇ ਗੁਰੂ ਦਾ ਧੰਨਵਾਦ ਕੀਤਾ ਹੈ ਤੇ ਦੂਜੇ ਪਾਸੇ ਉਹ ਇਹ ਮੰਨਦੇ ਹਨ ਕਿ ਉਨ੍ਹਾਂ ਦਾ ਕੋਈ ਗੁਰੂ ਨਹੀਂ ਸੀ, ਉਹ ਆਪਣਾ ਗੁਰੂ ਆਪ ਸਨ। ਉਨ੍ਹਾਂ ਦੀ ਸੋਚ ਦੀ ਇਸ ਦੁਵਿਧਾ ਦਾ ਨਤੀਜਾ ਇਹ ਨਿਕਲਦਾ ਹੈ ਕਿ ਗੁਰ ਪ੍ਰਸਾਦਿ ਲਿਖ ਕੇ ਗੁਰੂ ਜੀ ਨੇ ਆਪਣਾ ਧੰਨਵਾਦ ਆਪ ਕੀਤਾ ਹੈ। ਪਰ ਗੁਰੂ ਜੀ ਅਜਿਹਾ ਕਰਨ, ਇਹ ਉਨ੍ਹਾਂ ਦੀ ਸੋਚ ਤੇ ਕਿਰਦਾਰ ਕਰਕੇ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋ ਸਕਦਾ।
ਇਸ ਤਰ੍ਹਾਂ ਆਪੋ ਆਪਣੀਆਂ ਮਾਨਤਾਵਾਂ ਦੀ ਸ਼ਾਖ ਰੱਖਣ ਲਈ ਇਹ ਵਿਦਵਾਨ ਵਿਚ-ਵਿਚਾਲੇ ਦੀਆਂ ਕਈ ਦਲੀਲਾਂ ਘੜਦੇ ਹਨ। ਜੋ ਲੋਕ ਗੁਰੂ ਨਾਨਕ ਦੀ ਬਾਣੀ ਨੂੰ ਰੱਬੀ ਦਾਤ ਮੰਨਦੇ ਹਨ, ਉਹ ਕਹਿੰਦੇ ਹਨ ਕਿ ਗੁਰੂ ਨਾਨਕ ਦਾ ਗੁਰੂ ‘ਰੱਬ’ ਸੀ। ਇਸ ਲਈ ਗੁਰ ਪ੍ਰਸਾਦਿ ਲਿਖ ਕੇ ਉਨ੍ਹਾਂ ਨੇ ‘ਪਰਮਾਤਮਾ’ ਦਾ ਧੰਨਵਾਦ ਕੀਤਾ ਹੈ, ਜਿਸ ਤੋਂ ਉਨ੍ਹਾਂ ਨੂੰ ਗਿਆਨ ਹਾਸਲ ਹੋਇਆ ਸੀ। ਕਈ ਸੰਦੇਹਪੂਰਣ ਢੰਗ ਨਾਲ ਕਹਿੰਦੇ ਹਨ ਕਿ ਗੁਰੂ ਸਾਹਿਬ ਦਾ ਕੋਈ ਨਾ ਕੋਈ ਗੁਰੂ ਤਾਂ ਹੋਵੇਗਾ ਜਰੂਰ, ਕਿਉਂਕਿ ਗੁਰ ਪ੍ਰਸਾਦਿ ਲਿਖ ਕੇ ਉਨ੍ਹਾਂ ਨੇ ਆਪ ਇਸ ਗੱਲ ਨੂੰ ਕਬੂਲ ਕੀਤਾ ਹੈ। ਪਰ ਉਨ੍ਹਾਂ ਦੇ ਖਿਆਲ ਵਿਚ ਗੁਰੂ ਜੀ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਨਹੀਂ ਸੀ। ਅਜਿਹੇ ਵਿਦਵਾਨ ਸਮਝਦੇ ਹਨ ਕਿ ਭਾਵੇਂ ਗੁਰੂ ਜੀ ਨੇ ਬਚਪਨ ਵਿਚ ਕਿਸੇ ਅਧਿਆਪਕ ਤੋਂ ਰਸਮੀ ਤੌਰ ‘ਤੇ ਸਿੱਖਿਆ ਨਹੀਂ ਲਈ ਪਰ ਇਸ ਤੋਂ ਬਾਅਦ ਜਦੋਂ ਉਹ ਕਾਫੀ ਸਮਾਂ ਘਰੋਂ ਬਾਹਰ ਰਹੇ ਤਾਂ ਉਥੇ ਉਹ ਜਰੂਰ ਕਈ ਉਘੇ ਸੰਤ ਮਹਾਤਮਾਵਾਂ ਦੀ ਸੰਗਤ ਵਿਚ ਰਹੇ ਹੋਣਗੇ। ਆਪਣੀਆਂ ਉਦਾਸੀਆਂ ਵੇਲੇ ਵੀ ਉਹ ਉਸ ਸਮੇਂ ਦੀਆਂ ਕਈ ਉਘੀਆਂ ਰੁਹਾਨੀ ਸ਼ਖਸੀਅਤਾਂ ਨੂੰ ਮਿਲੇ ਸਨ। ਸ਼ਾਇਦ ਇਨ੍ਹਾਂ ਵਿਚੋਂ ਹੀ ਕਿਸੇ ਮਹਾਂਪੁਰਸ਼ ਨੂੰ ਉਹ ਆਪਣਾ ਗੁਰੂ ਮੰਨਦੇ ਹੋਣ।
ਕਈ ਵਿਦਵਾਨ ਤਾਂ ਕੁਝ ਇਕ ਸੰਤਾਂ ਸੂਫੀਆਂ ਦਾ ਨਾਂ ਤਕ ਵੀ ਲੈਂਦੇ ਹਨ, ਜਿਸ ਨੂੰ ਉਹ ਉਨ੍ਹਾਂ ਦਾ ਉਸਤਾਦ ਦੱਸਦੇ ਹਨ। ਗੱਲ ਕਿਸੇ ਪਾਸੇ ਨਾ ਲਗਦੀ ਵੇਖ ਕਈ ਵਿਦਵਾਨਾਂ ਨੇ ਇਹ ਮੱਤ ਵੀ ਦਿੱਤਾ ਹੈ ਕਿ ਗੁਰੂ ਨਾਨਕ ਦਾ ਅਸਲੀ ਗੁਰੂ ਕੋਈ ਨਹੀਂ ਸੀ। ਗੁਰ ਪ੍ਰਸਾਦਿ ਵਾਲਾ ਗੁਰੂ ਤਾਂ ਉਨ੍ਹਾਂ ਦਾ ਅਣਉਪਚਾਰਕ ਗੁਰੂ ਸੀ ਜਿਸ ਨੂੰ ਉਨ੍ਹਾਂ ਨੇ ਮਨ ਹੀ ਮਨ ਧਾਰਿਆ ਹੋਇਆ ਸੀ। ਉਨ੍ਹਾਂ ਅਨੁਸਾਰ ਬੰਦੇ ਨੂੰ ਇਕ ਗੁਰੂ ਦੀ ਲੋੜ ਤਾਂ ਹੁੰਦੀ ਹੀ ਹੈ ਕਿਉਂਕਿ ਗੁਰੂ ਬਿਨਾ ਗਤ ਨਹੀਂ ਹੁੰਦੀ। ਕਈ ਹੋਰ ਵਿਦਵਾਨ ‘ਗੁਰ ਪ੍ਰਸਾਦਿ’ ਨੂੰ ਕੇਵਲ ਉਪਚਾਰਕ ਮੰਗਲਾਚਰਣ ਦੱਸਦਿਆਂ ਕਹਿੰਦੇ ਹਨ ਕਿ ਇਸ ਵਿਚ ਗੁਰੂ ਜੀ ਨੇ ਆਪਣੇ ਗਿਆਨ ਦੇ ਸੋਮੇ ਵਲ ਸੰਕੇਤ ਕੀਤਾ ਹੈ, ਜੋ ਕੁਦਰਤ ਤੋਂ ਬਿਨਾ ਕੋਈ ਹੋਰ ਨਹੀਂ ਹੋ ਸਕਦਾ। ਕੁਝ ਵਿਦਵਾਨ ਦਾਅਵਾ ਕਰਦੇ ਹਨ ਕਿ ਗੁਰੂ ਨਾਨਕ ਨੇ ਇਨ੍ਹਾਂ ਸ਼ਬਦਾਂ ਰਾਹੀਂ ਆਪਣੇ ਸਿੱਖਾਂ ਨੂੰ ਯਾਦ ਕਰਵਾਇਆ ਹੈ ਕਿ ਉਨ੍ਹਾਂ (ਸਿੱਖਾਂ) ਨੂੰ ਜਪੁਜੀ ਦਾ ਗਿਆਨ ਉਨ੍ਹਾਂ (ਨਾਨਕ) ਦੀ ਕਿਰਪਾ ਨਾਲ ਮਿਲਿਆ ਹੈ। ਜਿੰਨੇ ਵਿਦਵਾਨ, ਉਨੀਆਂ ਗੱਲਾਂ। ਇਸ ਤਰ੍ਹਾਂ ‘ਗੁਰ’ ਦੇ ਅਰਥ ਕੇਵਲ ‘ਗੁਰੂ’ ਦੱਸ ਕੇ ਸਮੁੱਚਾ ਸਿੱਖ ਬੁੱਧੀਜੀਵੀ ਭਾਈਚਾਰਾ ਇਕ ਨਿਰਮੂਲ ਵਿਵਾਦ ਵਿਚ ਉਲਝ ਕੇ ਗੁਰੂ ਨਾਨਕ ਦੇ ਅਧਿਆਪਕ ਦੀ ਖੋਜ ਵਿਚ ਲੱਗਿਆ ਹੋਇਆ ਹੈ!
ਇਹ ਓਹੀ ਭਾਈਚਾਰਾ ਹੈ ਜੋ ੴ ਤੋਂ ਲੈ ਕੇ ਸੈਭੰ ਤੀਕ ਮੂਲ ਮੰਤਰ ਦੇ ਅਰਥ ਆਪਣੇ ਢੰਗ ਨਾਲ ਕਰਦਾ ਆ ਰਿਹਾ ਹੈ। ਪਰ ਗੁਰੂ ਸਾਹਿਬ ਨੇ ਲਿਖਿਆ ਹੈ, ‘ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨਾ ਸੋਹੈ॥’ ਇਸ ਵਾਕ ਅਨੁਸਾਰ ਇਸ ਬੁੱਧੀਜੀਵੀ ਵਰਗ ਦੀ ਸੋਚ ਗੁਰ ਪ੍ਰਸਾਦਿ ‘ਤੇ ਪਹੁੰਚ ਕੇ ਰੁਕ ਜਾਂਦੀ ਹੈ। ਇਸ ਦਾ ਭਾਵ ਹੈ ਕਿ ਉਨ੍ਹਾਂ ਤੋਂ ਮੂਲ ਮੰਤਰ ਦੇ ਉਤਲੇ ਭਾਗ ਨੂੰ ਸਮਝਣ ਵਿਚ ਕੋਈ ਗਲਤੀ ਹੋਈ ਹੈ। ਜੇ ਉਪਰੋਕਤ ਵੇਰਵੇ ਦਾ ਪੁਨਰ-ਵਿਸ਼ਲੇਸ਼ਣ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ਨ ਦਾ ਉਤਰ ਇਸ ਵਿਚੋਂ ਹੀ ਮਿਲ ਜਾਵੇਗਾ। ਇਤਿਹਾਸਕ ਤੇ ਪਰੰਪਰਾਗਤ ਵੇਰਵੇ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਨੇ ਬਚਪਨ ਵਿਚ ਆਪਣੇ ਵੇਲੇ ਮੁਤਾਬਕ ਕੋਈ ਰਸਮੀ ਸਿੱਖਿਆ ਹਾਸਲ ਨਹੀਂ ਸੀ ਕੀਤੀ। ਉਨ੍ਹਾਂ ਨੇ ਪੜ੍ਹਾਉਣ ਆਏ ਪੰਡਿਤ ਤੇ ਮੌਲਵੀ ਨੂੰ ਉਨ੍ਹਾਂ ਦੇ ਅੰਧ-ਵਿਸ਼ਵਾਸੀ ਵਿਚਾਰਾਂ ਦੀ ਅਸਲੀਅਤ ਤਰਕਪੂਰਣ ਢੰਗ ਨਾਲ ਸਮਝਾ ਕੇ ਨਿਰੁੱਤਰ ਕਰ ਦਿੱਤਾ ਸੀ। ਇਸੇ ਤਰ੍ਹਾਂ ਦੇ ਤਰਕ ਅਨੁਸਾਰ ਹੀ ਉਨ੍ਹਾਂ ਨੇ ਬ੍ਰਹਿਮੰਡ ਬਾਰੇ ਮੁਢਲੇ ਪ੍ਰਸ਼ਨਾਂ ਨੂੰ ਹੱਲ ਕਰਨ ਦਾ ਉਪਦੇਸ਼ ਦਿੱਤਾ। ਇਸ ਮੰਤਵ ਲਈ ਘੜਿਆ ਉਨ੍ਹਾਂ ਦਾ ੴ ਦਾ ਸੂਤਰ ਵੀ ਅਜਿਹੀ ਹੀ ਸਹਿਜ-ਬੁੱਧੀ ਭਾਵ ਗਣਿਤੀ ਤਰਕ ‘ਤੇ ਆਧਾਰਤ ਸੀ। ਇਨ੍ਹਾਂ ਗੱਲਾਂ ਤੋਂ ਸਹਿਜੇ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਪਰਮ-ਸਤਿ ਦੇ ਵਿਸ਼ੇਸ਼ ਗੁਣ ਪਛਾਣਨ ਵੇਲੇ ਉਨ੍ਹਾਂ ਆਪ ਵੀ ਇਹੀ ਸੂਤਰ ਵਰਤਿਆ ਹੋਵੇਗਾ, ਤਾਂ ਫਿਰ ਉਨ੍ਹਾਂ ਨੇ ਧੰਨਵਾਦ ਵੀ ਇਸ ਤਰਕਪੂਰਣ ਸੂਤਰ ਭਾਵ ਗਣਿਤ-ਪ੍ਰਧਾਨ ਢੰਗ ਦਾ ਹੀ ਕੀਤਾ ਹੋਵੇਗਾ।
ਜੇ ਇੱਦਾਂ ਹੈ ਤਾਂ ਵਿਦਵਾਨਾਂ ਨੇ ਗਲਤੀ ਗੁਰ ਪ੍ਰਸਾਦਿ ਦੇ ਅਰਥ ਸਮਝਣ ਵਿਚ ਹੀ ਕੀਤੀ ਹੈ। ਜਿਵੇਂ ਉਪਰ ਜ਼ਿਕਰ ਕੀਤਾ ਗਿਆ ਹੈ, ਗੁਰ ਦੇ ਅਸਲ ਅਰਥ ਗੁਰੂ (ਅਧਿਆਪਕ) ਨਹੀਂ ਸਗੋਂ ਤਰਕੀਬ ਭਾਵ ਢੰਗ-ਤਰੀਕਾ ਹੁੰਦੇ ਹਨ। ਜੇ ਇਹ ਸ਼ਬਦ ਅਧਿਆਪਕ ਦੇ ਤੌਰ ‘ਤੇ ਵਰਤਿਆ ਹੁੰਦਾ ਤਾਂ ਪੂਰਾ ਸ਼ਬਦ ਗੁਰੂ ਹੀ ਲਿਖਿਆ ਹੁੰਦਾ ਤੇ ਸ਼ਾਇਦ ਗੁਰੂ ਦਾ ਨਾਂ ਵੀ ਦੱਸਿਆ ਹੁੰਦਾ। ਪਰ ਗੁਰੂ ਸਾਹਿਬ ਨੇ ਇੱਦਾਂ ਨਹੀਂ ਕੀਤਾ। ਇਸ ਲਈ ਉਨ੍ਹਾਂ ਨੇ ‘ਗੁਰ’ ਦਾ ਸ਼ਬਦ ਗੁਰ, ਭਾਵ ੴ ਦੀ ਤਰਕੀਬ ਲਈ ਹੀ ਵਰਤਿਆ ਹੈ, ਨਾ ਕਿ ‘ਗੁਰੂ’ ਭਾਵ ਅਧਿਆਪਕ ਲਈ। ਕਿਉਂਕਿ ਗੁਰ ਦਾ ਸੂਤਰ ਪਹਿਲਾਂ ਅਰੰਭ ਵਿਚ ਲਿਖਿਆ ਜਾ ਚੁਕਾ ਸੀ, ਇਸ ਲਈ ਉਨ੍ਹਾਂ ਨੇ ਗੁਰ ਪ੍ਰਸਾਦਿ ਲਿਖਣ ਵੇਲੇ ਇਸ ਦਾ ਦੁਬਾਰਾ ਪੂਰਾ ਜ਼ਿਕਰ ਕਰਨ ਦੀ ਥਾਂ ਕੇਵਲ ਗੁਰ ਸ਼ਬਦ ਲਿਖ ਕੇ ਹੀ ਇਸ ਵਲ ਸੰਕੇਤ ਕੀਤਾ ਹੈ। ਸਪਸ਼ਟ ਹੈ ਕਿ ਮਸਲਾ ਗੁਰੂ ਸਾਹਿਬ ਦੇ ‘ਗੁਰੂ’ ਦਾ ਹੈ ਹੀ ਨਹੀਂ, ਜਿਸ ਨੂੰ ਵਿਦਵਾਨਾਂ ਨੇ ਸਦੀਆਂ ਤੋਂ ਬੇ-ਵਜ੍ਹਾ ਉਠਾਈ ਰੱਖਿਆ ਹੈ।
ਹੁਣ ਦੇਖਣਾ ਹੈ ਕਿ ਕੀ ਇਹ ਅਰਥ ਗੁਰ ਪ੍ਰਸਾਦਿ ਦੀ ਵਿਆਖਿਆ ‘ਤੇ ਸਹੀ ਵੀ ਉਤਰਦੇ ਹਨ ਕਿ ਨਹੀਂ? ਹਾਂ, ਠੀਕ ਵਿਆਖਿਆ ਬਣਦੀ ਹੈ ਜੋ ਇਸ ਤਰ੍ਹਾਂ ਹੈ, “ਪਰਮ-ਸਤਿ ਦੀਆਂ ਉਪਰੋਕਤ ਵਡਿਆਈਆਂ (ਗੁਣਾਂ) ਦੀ ਜਾਣਕਾਰੀ ੴ ਦੀ ਗਣਿਤੀ ਵਿਧੀ ਦੇ ਤਰਕਪੂਰਣ ਢੰਗ ਭਾਵ ਵਿਚਾਰਾਂ ਦੇ ਸਹੀ ਨਾਪ-ਤੋਲ ਦੇ ‘ਗੁਰ’ ਸਦਕਾ ਸੰਭਵ ਹੋਈ ਹੈ।”
ਪਰ ਲਕੀਰ ਨਾਲੋਂ ਸਹਿਜੇ ਨਾ ਟੁੱਟਣਾ ਮਨੁੱਖੀ ਸੁਭਾਅ ਦਾ ਕੁਦਰਤੀ ਗੁਣ ਹੈ। ਇਸ ਲਈ ਕਈ ਵਿਦਵਾਨ ਹੁਣ ਗਣਿਤੀ ਵਿਧੀ ਦਾ ਰੇੜ੍ਹਕਾ ਖੜ੍ਹਾ ਕਰ ਸਕਦੇ ਹਨ। ਉਹ ਕਹਿ ਸਕਦੇ ਹਨ ਕਿ ਅਧਿਆਤਮਵਾਦ ਵਿਚ ਗਣਿਤ ਦਾ ਕੀ ਕੰਮ? ਕਹਿਣਗੇ ਕਿ ਗਣਿਤ ਤੋਂ ਤਾਂ ਬਾਬੇ ਨਾਨਕ ਨੇ ਮੋਦੀਖਾਨੇ ਵਿਚ ਵੀ ਕੰਮ ਨਹੀਂ ਸੀ ਲਿਆ। ਉਥੇ ਵੀ ਉਹ ‘ਤੇਰ੍ਹਾਂ ਤੇਰ੍ਹਾਂ’ ਕਰਦਿਆਂ ਬੇਹਿਸਾਬਾ ਤੋਲੀ ਗਏ ਸਨ। ਫਿਰ ਉਨ੍ਹਾਂ ਦੀ ਬਾਣੀ ਨਾਲ ਗਣਿਤ ਦਾ ਕੀ ਸਬੰਧ? ਅਜਿਹੇ ਵਿਦਵਾਨਾਂ ਲਈ ਇਹ ਸਪਸ਼ਟ ਕਰ ਦੇਣਾ ਬਣਦਾ ਹੈ ਕਿ ਗਣਿਤੀ ਵਿਧੀ ਦਾ ਅਰਥ ਗਣਿਤ ਦੇ ਪ੍ਰਸ਼ਨ ਹੱਲ ਕਰਨਾ ਜਾਂ ਵਹੀ-ਖਾਤੇ ਦਾ ਹਿਸਾਬ ਰੱਖਣਾ ਨਹੀਂ ਹੈ।
ਗਣਿਤ ਵਿਧੀ ਦਾ ਭਾਵ ਗਣਿਤੀ ਤਰਕ ਦਾ ਅਨੁਸਰਣ ਕਰਨ ਵਾਲੀ ਵਿਧੀ ਹੈ। ਇਸ ਵਿਧੀ ਦੇ ਵਿਸ਼ਵ-ਵਿਆਪੀ ਅਸੂਲ ਸਭ ਵਿਚਾਰਾਂ ‘ਤੇ ਲਾਗੂ ਹੁੰਦੇ ਹਨ। ਇਨ੍ਹਾਂ ਅਸੂਲਾਂ ਅਨੁਸਾਰ ਹੀ ਵਿਚਾਰ ਸਹੀ ਜਾਂ ਗਲਤ ਸਮਝੇ ਜਾਂਦੇ ਹਨ। ਅਜਿਹੇ ਕੁਝ ਅਸੂਲ ਇਹ ਹਨ। ਜਦੋਂ ਤੀਕ ਕਿਸੇ ਵਿਚਾਰ ਨੂੰ ਸਿੱਧ ਨਾ ਕਰ ਲਈਏ, ਉਦੋਂ ਤੀਕ ਉਹ ਕੱਚਾ ਵਿਚਾਰ ਭਾਵ ਹਉਮੈ ਹੁੰਦਾ ਹੈ। ਦੋ ਤੇ ਦੋ ਚਾਰ ਇਕ ਕੱਚਾ ਵਿਚਾਰ ਹੈ ਜਦੋਂ ਤੀਕ ਇਸ ਨੂੰ ਉਂਗਲਾਂ ‘ਤੇ ਗਿਣ ਕੇ ਸਹੀ ਸਿੱਧ ਨਾ ਕਰ ਲਿਆ ਜਾਵੇ। ਬੱਚੇ ਇੱਦਾਂ ਗਿਣ ਕੇ ਹੀ ਸੰਖਿਆਵਾਂ ਦਾ ਪ੍ਰਮਾਣ ਲੱਭਦੇ ਹਨ ਤੇ ਇਨਸਾਨੀਅਤ ਵੀ ਆਪਣੇ ਬਚਪਨ ਵਿਚ ਸਦੀਆਂ ਪਹਿਲਾਂ ਇਵੇਂ ਹੀ ਕਰਦੀ ਸੀ। ਪਰਖ-ਪੜਚੋਲ ਵਿਚ ਦੀ ਲੰਘਿਆ ਪੱਕਾ ਵਿਚਾਰ ਇਕ ਤੱਥ ਦਾ ਦਰਜਾ ਰੱਖਦਾ ਹੈ, ਇਸ ਲਈ ਇਸ ਨੂੰ ਬਿਨਾ ਮੁੜ-ਸਾਬਤ ਕੀਤਿਆਂ ਅਗਲੇ ਵਿਚਾਰਾਂ ਦੇ ਵਾਧੇ ਲਈ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਦੋ ਦੂਣੀ ਚਾਰ ਜਾਂ ਦੂਜੇ ਸਭ ਫਾਰਮੂਲਿਆਂ ਨੂੰ ਇਵੇਂ ਹੀ ਪ੍ਰਮਾਣ ਦਿੱਤੇ ਬਿਨਾ ਸਹੀ ਮੰਨ ਕੇ ਵਾਰ ਵਾਰ ਵਰਤਿਆ ਜਾਂਦਾ ਹੈ। ਜੇ ਕਿਸੇ ਸੱਚੇ ਵਿਚਾਰ ਨੂੰ ਕੋਈ ਗਲਤ ਸਿੱਧ ਕਰ ਦੇਵੇ ਤਾਂ ਉਸ ਦਾ ਸੱਚ ਭੰਗ ਹੋ ਜਾਂਦਾ ਹੈ ਤੇ ਉਸ ਉਤੇ ਆਧਾਰਤ ਸਾਰੇ ਵਿਚਾਰ ਗਲਤ ਮੰਨੇ ਜਾਂਦੇ ਹਨ। ਜੇ ਕੋਈ ਦੋ ਦੂਣੀ ਚਾਰ ਨੂੰ ਗਲਤ ਸਾਬਤ ਕਰ ਦੇਵੇ ਤਾਂ ਤਿੰਨ ਦੂਣੀ ਛੇ ਤੇ ਚਾਰ ਦੂਣੀ ਅੱਠ ਆਦਿ ਦੂਣੀ ਦੇ ਹੋਰ ਸੂਤਰ ਵੀ ਗਲਤ ਹੋ ਜਾਣਗੇ। ਜੇ ਕੋਈ ਵਿਚਾਰ ਗਲਤ ਹੈ ਤਾਂ ਉਸ ਤੋਂ ਬਾਅਦ ਦੇ ਸਾਰੇ ਵਿਚਾਰ ਗਲਤ ਹੋਣਗੇ ਪਰ ਪਹਿਲੇ ਵਿਚਾਰ ਪ੍ਰਭਾਵਿਤ ਨਹੀਂ ਹੋਣਗੇ। ਜੇ ਕੋਈ ਵਿਦਿਆਰਥੀ ਤਿੰਨ ਤੇ ਚਾਰ ਸੱਤ ਦੱਸ ਕੇ ਅੱਠ ਨਾਲ ਗੁਣਾ ਕਰਦਿਆਂ ਪਚਵੰਜਾ ਲਿਖ ਦਿੰਦਾ ਹੈ ਤਾਂ ਉਸ ਦਾ ਗੁਣਾ ਦਾ ਸੂਤਰ ਗਲਤ ਹੈ ਤੇ ਇਸ ਤੋਂ ਉਪਰ ਦਾ ਹੱਲ ਸਹੀ ਹੈ। ਜੋ ਸੂਤਰ ਇਕ ਸੰਖਿਆ-ਲੜੀ ‘ਤੇ ਲਾਗੂ ਹੁੰਦਾ ਹੈ, ਉਹ ਦੂਜੀ ਸੰਖਿਆ-ਲੜੀ ‘ਤੇ ਵੀ ਉਦਾਂ ਹੀ ਲਾਗੂ ਹੋਵੇਗਾ। ਭਾਵ ਜੇ 4, 5, 6 ਦਾ ਮੱਧ-ਮਾਨ ਵਿਚਕਾਰਲਾ ਅੰਕ 5 ਹੈ ਤਾਂ 7, 8, 9 ਦਾ ਮੱਧ-ਮਾਨ ਵੀ ਵਿਚਕਾਰਲਾ ਅੰਕ 8 ਹੀ ਹੋਵੇਗਾ। ਸਹੀ ਵਿਧੀ ਤੇ ਸਹੀ ਤੱਥਾਂ ‘ਤੇ ਆਧਾਰਤ ਸਾਰੇ ਉਤਰ ਸਹੀ ਹੁੰਦੇ ਹਨ। ਚਾਹੇ ਪੰਜ ਨੂੰ ਤਿੰਨ ਨਾਲ ਗੁਣਾ ਕਰੋ ਜਾਂ ਤਿੰਨ ਵਾਰ ਜੋੜੋ, ਉਤਰ ਓਹੀ ਪੰਜ ਹੋਵੇਗਾ।
ਇਹ ਅਤੇ ਅਜਿਹੇ ਹੋਰ ਕਈ ਗਣਿਤੀ ਅਸੂਲ ਪ੍ਰਕ੍ਰਿਤੀ ਦੇ ਸਰਵ-ਵਿਆਪੀ ਤਾਰਕਿਕ ਵਿਧੀ ਦੇ ਥੰਮ ਹਨ। ਇਹ ਜੀਵਨ, ਸਮਾਜ, ਵਿਚਾਰ, ਗੋਸ਼ਟੀ, ਗਿਆਨ, ਕਾਨੂੰਨ ਵਿਚ ਹਰ ਥਾਂ ਲਾਗੂ ਹੁੰਦੇ ਹਨ ਤੇ ਇਨ੍ਹਾਂ ਦੀ ਗਣਿਤ ਵਿਚ ਜਮ ਕੇ ਵਰਤੋਂ ਹੋਈ ਹੈ। ਜੇ ਇਨ੍ਹਾਂ ਅਸੂਲਾਂ ਨੂੰ ਪਰਮ-ਸਤਿ ‘ਤੇ ਲਾਗੂ ਕਰਦਿਆਂ ਕਹੀਏ ਕਿ ਉਹ ਸੱਤ ਹੈ ਤਾਂ ਇਸ ਦਾ ਭਾਵ ਹੋਵੇਗਾ ਕਿ ਉਹ ਕੱਲ ਵੀ ਸੱਤ ਸੀ ਤੇ ਅੱਗੋਂ ਵੀ ਸੱਤ ਰਹੇਗਾ। ਜੇ ਉਹ ਅਜੂਨੀ ਹੈ ਤਾਂ ਅਜੂਨੀ ਹੀ ਰਹੇਗਾ, ਦੇਹ-ਧਾਰੀ ਬਣ ਕੇ ਨਹੀਂ ਆਵੇਗਾ। ਜੇ ਉਹ ਸਦਾ ਸਤਿ ਹੈ ਤਾਂ ਅਕਾਲ ਵੀ ਹੋ ਸਕਦਾ ਹੈ। ਜੇ ਉਹ ਅਜੂਨੀ ਹੈ ਤਾਂ ਅਕਾਲ ਮੂਰਤਿ ਹੋ ਸਕਦਾ ਹੈ। ਜੇ ਅਜੂਨੀ ਨਾ ਹੋਵੇ ਭਾਵ ਦੇਹ-ਧਾਰੀ ਹੋਵੇ ਤਾਂ ਨਾ ਅਕਾਲ ਹੋ ਸਕਦਾ ਹੈ, ਨਾ ਮੂਰਤਿ ਭਾਵ ਆਕ੍ਰਿਤੀ। ਜੇ ਉਹ ਨਿਰਭਉ (ਪ੍ਰਭਾਵ-ਮੁਕਤ) ਹੈ ਤਾਂ ਸੈਭੰ (ਆਪ-ਪ੍ਰਗਟਿਆ) ਵੀ ਹੋਵੇਗਾ। ਜੇ ਉਹ ਕਿਸੇ ਦੇ ਪ੍ਰਭਾਵ ਹੇਠ ਹੈ ਤਾਂ ਪ੍ਰਗਟ ਵੀ ਕਿਸੇ ਦੇ ਪ੍ਰਭਾਵ ਤੋਂ ਬਿਨਾ ਨਹੀਂ ਹੋਵੇਗਾ। ਜੇ ਕੋਈ ਪ੍ਰਾਰਥਨਾ ਕਰ ਕੇ ਉਸ ਨੂੰ ਪ੍ਰਭਾਵਤ ਕਰ ਲੈਣ ਦਾ ਸੁਝਾਅ ਦਿੰਦਾ ਹੈ, ਉਹ ਹਉਮੈ ਭਾਵ ਮਨਮੱਤ ਦਾ ਸ਼ਿਕਾਰ ਹੈ ਕਿਉਂਕਿ ਗਣਿਤੀ ਤਰਕ ਇਸ ਗੱਲ ਦਾ ਸਾਥ ਨਹੀਂ ਦਿੰਦਾ। ਜੇ ਉਹ ਬੇਨਤੀਆਂ, ਚੜ੍ਹਾਵਿਆਂ ਤੇ ਪੂਜਾ-ਪਾਠ ਨਾਲ ਪ੍ਰਭਾਵਤ ਹੋ ਕੇ ਕਿਸੇ ‘ਤੇ ਮਿਹਰਬਾਨ ਹੋ ਜਾਂਦਾ ਹੈ ਤਾਂ ਉਹ ਨਿਰਵੈਰ ਨਹੀਂ। ਕਿਉਂਕਿ ਇਕਨਾਂ ਦਾ ਭਲਾ ਕਰਨਾ ਤੇ ਦੂਜਿਆਂ ਦਾ ਨਾ ਕਰਨਾ ਵੈਰ-ਸਮਾਨ ਵਰਤਾਰਾ ਹੈ। ਇਸ ਦੀ ਪਰਖ-ਪੜਚੋਲ ਕਰਨ ਨਾਲ ਇਸ ਗੱਲ ਦਾ ਸੱਚ ਸਾਹਮਣੇ ਆ ਜਾਂਦਾ ਹੈ। ਇਕ ਕਿਸਾਨ ਪੂਜਾ-ਪਾਠੀ ਹੈ ਤੇ ਦੂਜਾ ਨਹੀਂ। ਜੇ ਦੋਹਾਂ ਦੇ ਖੇਤ ਨਾਲ ਨਾਲ ਹਨ ਤਾਂ ਉਨ੍ਹਾਂ ਵਿਚ ਇਕ ਸਾਰ ਵਰਖਾ ਹੋਵੇਗੀ। ਤੀਰਥ ਇਸ਼ਨਾਨ ਲਈ ਜਾਂਦਿਆਂ ਸ਼ਰਧਾਲੂਆਂ ਦੀ ਕਾਰ ਖੱਡ ਵਿਚ ਡਿੱਗ ਪੈਂਦੀ ਹੈ। ਪਤਿਤ ਕਾਰ ਚਾਲਕ ਦੇ ਨਾਲ ਨਾਲ ਪੂਜਾ-ਪਾਠੀ ਸਵਾਰੀਆਂ ਵੀ ਮਾਰੀਆਂ ਜਾਂਦੀਆਂ ਹਨ। ਉਸ ਦੇ ਹੁਕਮਾਂ ਅੱਗੇ ਵਿਸ਼ੇਸ਼ ਅਧਿਕਾਰ ਨਹੀਂ ਚਲਦੇ, ਚਾਹੇ ਉਹ ਅਰਦਾਸਾਂ ਨਾਲ ਮੰਗੇ ਵੀ ਗਏ ਹੋਣ। ਇਸ ਤੋਂ ਉਲਟ ਵਿਚਾਰਾਂ ਦੇ ਧਾਰਨੀ ਗਣਿਤੀ-ਤਰਕ ਦੀ ਉਲੰਘਣਾ ਕਰਦੇ ਹਨ। ਇਸ ਲਈ ਉਹ ਹਉਮੈ-ਪ੍ਰਸਤ ਤੇ ਸਵਾਰਥੀ ਹਨ।
ਇਸ ਤਰ੍ਹਾਂ ਗੁਰ ਪ੍ਰਸਾਦਿ ਦਾ ਭਾਵ ਹੈ, ਵਿਧੀ-ਵਿਖਿਆਤ, ਭਾਵ ਸਹੀ ਤੇ ਸਪਸ਼ਟ ਵਿਧੀ ਦੁਆਰਾ ਪ੍ਰਾਪਤ ਕੀਤਾ ਹੋਇਆ। ਇਹ ਸ਼ਬਦ ੴ ਅਤੇ ਮੂਲ ਮੰਤਰ ਦੇ ਪਰਮ ਸਤਿ ਦੀਆਂ ਵਡਿਆਈਆਂ ਦੇ ਸਬੰਧ ਵਿਚ ਵਰਤੇ ਗਏ ਹਨ। ਇਹ ਸ਼ਬਦ ਇਕ ਤਰ੍ਹਾਂ ਨਾਲ ਪਰਮ ਸਤਿ ਦਾ ਗੁਣ ਵੀ ਹਨ ਤੇ ਇਸ ਬਾਰੇ ਇਕ ਸੁਭਾਵਿਕ ਕਥਨ, ਹਵਾਲਾ ਵੀ ਅਤੇ ਸਰਬਜਨਕ ਉਪਦੇਸ਼ ਵੀ। ਇਸ ਤਰ੍ਹਾਂ ੴ ਦੇ ਸੂਤਰ ਦੇ ਅੰਤ ਵਿਚ ਗੁਰ ਪ੍ਰਸਾਦਿ ਲਿਖ ਕੇ ਗੁਰੂ ਨਾਨਕ ਨੇ ਬ੍ਰਹਿਮੰਡੀ ਮਸਲਿਆਂ ਬਾਰੇ ਸੋਚ ਵਿਚਾਰ ਨੂੰ ਅਗਿਆਨ ਤੇ ਅੰਧ-ਵਿਸ਼ਵਾਸ ਦੇ ਘੇਰੇ ‘ਚੋਂ ਕੱਢ ਕੇ ਵਿਗਿਆਨ ਨਾਲ ਜੋੜਿਆ ਹੈ। ਇਹੀ ਨਹੀਂ, ਉਨ੍ਹਾਂ ਨੇ ਇਸ ਉਪਦੇਸ਼ ਰਾਹੀ ਸਮੁੱਚੀ ਮਨੁੱਖਤਾ ਨੂੰ ਜੀਵਨ ਵਿਚ ਵਿਗਿਆਨਕ ਰੁਚੀ ਅਪਨਾ ਕੇ ਪ੍ਰਗਤੀ ਲਈ ਪ੍ਰੇਰਿਆ ਹੈ। ਮੰਨੋ ਨਾ ਮੰਨੋ, ਇਸ ਨਾਲ ਸਮੁੱਚਾ ਸਿੱਖ ਪੰਥ ਸੰਸਾਰ ਵਿਚ ਵਿਗਿਆਨ, ਦਰਸ਼ਨ ਤੇ ਬੌਧਿਕ ਰਹਿਨੁਮਾਈ ਦੀਆਂ ਮੂਹਰਲੀਆਂ ਸਫਾਂ ਵਿਚ ਜਾ ਪਹੁੰਚਦਾ ਹੈ। ਇਸ ਨਾਲ ਉਹ ਅਣਕਿਆਸੇ ਵਿਸ਼ਵ-ਪੱਧਰੀ ਸਨਮਾਨ ਦਾ ਪਾਤਰ ਬਣਦਾ ਹੈ।
(ਚਲਦਾ)