ਵੈਸਾਖ ਭਲਾ ਸਾਖਾ ਵੇਸ ਕਰੇ

ਵਿਸਾਖ ਦੇਸੀ ਸਾਲ ਦਾ ਦੂਜਾ ਮਹੀਨਾ ਹੈ। ਇਸ ਮਹੀਨੇ ਗਰਮੀ ਪੈਣ ਲੱਗਦੀ ਹੈ ਅਤੇ ਕਣਕਾਂ ਪੱਕ ਜਾਂਦੀਆਂ ਹਨ ਤੇ ਵਾਢੀ ਸ਼ੁਰੂ ਹੋ ਜਾਂਦੀ ਹੈ। ਕਿਸਾਨ ਦੀ ਮਿਹਨਤ ਨੂੰ ਬੂਰ ਪੈਂਦਾ ਹੈ ਤੇ ਉਸ ਦੀਆਂ ਰੀਝਾਂ ਪੂਰੀਆਂ ਹੋਣ ਦੀ ਆਸ ਬੱਝਦੀ ਹੈ। ਅੰਬੀਆਂ ਵੱਡੀਆਂ ਹੋਣ ਲੱਗੀਆਂ ਹਨ ਅਤੇ ਕੋਇਲ ਕੂ ਕੂ ਕਰਨ ਲੱਗਦੀ ਹੈ। ਲੇਖਕ ਨੇ ਇਸ ਲੇਖ ਵਿਚ ਵਿਸਾਖ ਦੀਆਂ ਬਰਕਤਾਂ ਦੀ ਚਰਚਾ ਕੀਤੀ ਹੈ।

-ਸੰਪਾਦਕ

ਆਸਾ ਸਿੰਘ ਘੁਮਾਣ
ਫੋਨ: 91-98152-53245

ਪੰਜਾਬ ਵਿਚ ਵਿਸਾਖ ਦਾ ਮਹੀਨਾ ਗਰਮੀ ਦੇ ਆਗਾਜ਼ ਦਾ ਮਹੀਨਾ ਹੈ। ਵਿਸਾਖ ਵਿਚ ਸ਼ੁਰੂ ਹੋਈ ਇਹ ਗਰਮੀ ਕਣਕ ਦੇ ਪੱਕਣ ਲਈ ਬੇਹੱਦ ਲੋੜੀਂਦੀ ਹੁੰਦੀ ਹੈ। ਕੁਦਰਤ ਵੱਲੋਂ ਬਖਸ਼ੇ ਨਿੱਘ ਸਦਕਾ ਕਣਕ ਸੋਨੇ ਰੰਗੀ ਹੋਣ ਲੱਗਦੀ ਹੈ ਅਤੇ ਸਿਟਿਆਂ ਵਿਚਲੇ ਦਾਣੇ ਭਰਪੂਰ ਹੋਣ ਲਗਦੇ ਹਨ। ਅਸਲ ਵਿਚ ਕਣਕ ਸ਼ਬਦ ਦਾ ਅਰਥ ਹੀ ਸੋਨਾ ਹੈ। ਕਿਸੇ ਸਮੇਂ ਪੰਜਾਬ ਦੀ ਮੁੱਖ ਫਸਲ ਕਣਕ ਹੀ ਸੀ ਅਤੇ ਜ਼ਿੰਦਗੀ ਦਾ ਸਾਰਾ ਨਿਰਬਾਹ ਹੀ ਇਸ ‘ਤੇ ਆਧਾਰਿਤ ਸੀ। ਇਸ ਲਈ ਵਿਸਾਖ ਦਾ ਮਹੀਨਾ ਸ਼ੁਕਰ-ਸ਼ੁਕਰ ਕਰਕੇ ਆਉਂਦਾ ਸੀ। ਸ਼ਾਇਦ ਇਸੇ ਕਰਕੇ ਵਿਸਾਖ ਦੀ ਪਹਿਲੀ ਤਾਰੀਖ ਨੂੰ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਜੇ ਕਿਤੇ ਠੰਡ ਦਾ ਮੌਸਮ ਲਮਕ ਜਾਵੇ ਜਾਂ ਵਿਸਾਖ ਵਿਚ ਮੀਂਹ ਪੈ ਜਾਵੇ ਤਾਂ ਕਣਕ ਦਾ ਝਾੜ ਘਟ ਜਾਂਦਾ ਹੈ ਅਤੇ ਕਿਸਾਨ ਦੀ ਸਾਰੀ ਆਰਥਿਕਤਾ ਹੀ ਤਿੜਕ ਜਾਂਦੀ ਹੈ।
ਵਿਸਾਖ ਦੇ ਸ਼ੁਰੂ ਵਿਚ ਖੇਤ ਹਰਿਆਵਲ ਨਾਲ ਭਰਪੂਰ ਹੁੰਦੇ ਹਨ, ਪਰ ਜਿਉਂ ਜਿਉਂ ਵਿਸਾਖ ਅੱਗੇ ਤੁਰੀ ਜਾਂਦਾ ਹੈ, ਲੈਂਡਸਕੇਪ ਬਦਲਣ ਲਗਦਾ ਹੈ। ਕਿਆਰੀਆਂ ਵਿਚ ਖਿੜੇ ਫੁੱਲਾਂ ਦਾ ਆਖਰੀ ਪਰਾਗਾ ਵਿਸਾਖ ਵਿਚ ਵੀ ਕਾਇਮ ਰਹਿੰਦਾ ਹੈ। ਖਾਸ ਤੌਰ ‘ਤੇ ਬੋਗਿਨਵਿਲੇ ਦੀ ਬਹਾਰ ਤਾਂ ਵੇਖਣ ਲਾਇਕ ਹੁੰਦੀ ਹੈ। ਗੇਂਦੇ ਦੇ ਫੁੱਲ ਵੀ ਪੂਰੇ ਜੋਬਨ ‘ਤੇ ਹੁੰਦੇ ਹਨ। ਡੇਲੀਏ ਦੇ ਵੱਡ-ਅਕਾਰੀ ਫੁੱਲ ਬਗੀਚਿਆਂ ਦੀ ਬਹਾਰ ਬਣੇ ਹੁੰਦੇ ਹਨ। ਲੰਘਣ ਵਾਲੇ ਕੋਲ ਖਲੋ-ਖਲੋ ਜਾਂਦੇ ਹਨ। ਪਰ ਗਰਮੀ ਵਧਣ ਕਰਕੇ ਇਹ ਛੇਤੀ-ਛੇਤੀ ਖਿੜਦੇ ਹਨ ਅਤੇ ਥੋੜੀ ਉਮਰ ਭੋਗ ਕੇ ਅਲਵਿਦਾ ਕਹੀ ਜਾਂਦੇ ਹਨ। ਕਈ ਵੱਡੇ ਰੁੱਖ ਵੀ ਭਰਪੂਰ ਫੁੱਲਾਂ ‘ਤੇ ਹੁੰਦੇ ਹਨ। ਗੁਲਮੋਹਰ ਆਪਣੇ ਲਾਲ ਸੂਹੇ ਰੰਗਾਂ ਨਾਲ ਅਸਮਾਨ ਦੀ ਨੀਲੀ ਪਿੱਠ-ਭੂਮੀ ਵਿਚ ਖੂਬ ਰੰਗ ਬੰਨਦਾ ਹੈ। ਇਸ ਦੇ ਅੱਗ-ਰੰਗੇ ਫੁੱਲ ਜੇਠ-ਹਾੜ ਵਿਚ ਵੀ ਸੂਰਜ ਨਾਲ ਆਡਾ ਲਾਈ ਰੱਖਦੇ ਹਨ। ਇਨ੍ਹਾਂ ਦਿਨਾਂ ਵਿਚ ਹੀ ਅਨਾਰ ਦੇ ਲਾਲ ਸੂਹੇ ਫੁੱਲ ਕੁਦਰਤ ਦਾ ਕ੍ਰਿਸ਼ਮਾ ਜਾਪਦੇ ਹਨ।
ਪੰਜਾਬ ਦੇ ਪੇਂਡੂ ਖੇਤਰ ਵਿਚ ਭਾਵੇਂ ਅਮਲਤਾਸ, ਗੁਲਮੋਹਰ, ਕਚਨਾਰ, ਪੰਕੇਸ਼ੀਆ ਆਦਿ ਦੇ ਰੁੱਖ ਘੱਟ ਨਜ਼ਰ ਆਉਂਦੇ ਹਨ, ਪ੍ਰੰਤੂ ਭਾਰਤੀ ਮੂਲ ਦੇ ਇਹ ਰੁੱਖ ਜਿੱਥੇ ਕਿਤੇ ਸੜਕ ਦੇ ਕੰਢਿਆਂ ‘ਤੇ ਜਾਂ ਸੰਸਥਾਵਾਂ ਦੇ ਵਿਹੜਿਆਂ ਵਿਚ ਮਿਲਦੇ ਹਨ, ਕੁਦਰਤ ਦੇ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ। ਪੰਜਾਬ ਵਿਚ ਨੀਲੇ ਰੰਗ ਦੇ ਫੁੱਲ ਬੜੇ ਘੱਟ ਨਜ਼ਰ ਆਉਂਦੇ ਹਨ, ਪਰ ਇਨ੍ਹਾਂ ਦਿਨਾਂ ਵਿਚ ਨੀਲੀ ਗੁਲਮੋਹਰ ਦਾ ਰੁੱਖ ਪੂਰੇ ਦਾ ਪੂਰਾ ਨੀਲੇ ਰੰਗ ਦੇ ਫੁੱਲਾਂ ਨਾਲ ਭਰਿਆ ਨਜ਼ਰ ਆਉਂਦਾ ਹੈ। ਗੁਲਾਬ ਦੀਆਂ ਰਹਿੰਦੀਆਂ-ਖੂੰਹਦੀਆਂ ਡੋਡੀਆਂ ਵੀ ਕਾਹਲੀ ਨਾਲ ਖਿੜਨ ਲੱਗਦੀਆਂ ਹਨ। ਫੁੱਲਾਂ ਦੀ ਗਿਣਤੀ ਵਧ ਜਾਂਦੀ ਹੈ ਪਰ ਅਕਾਰ ਛੋਟਾ ਹੋ ਜਾਂਦਾ ਹੈ। ਦੁਪਹਿਰ-ਖਿੜੀ (ਫੋਟੋ-ਲੀਕਾ) ਵੀ ਕਿਆਰੀਆਂ ਦੀ ਰੌਣਕ ਵਧਾਉਣ ਲੱਗਦੀ ਹੈ। ਜਿਉਂ-ਜਿਉਂ ਦਿਨ ਵਧਦਾ ਹੈ ਇਸ ਦੀਆਂ ਡੋਡੀਆਂ ਖੁਲ੍ਹੀ ਜਾਂਦੀਆਂ ਹਨ।
ਵਿਸਾਖ ਮਹੀਨੇ ਵਿਚ ਵੀ ਪੰਛੀਆਂ ਦਾ ਚਹਿਕਣਾ ਕਾਇਮ ਰਹਿੰਦਾ ਹੈ, ਭਾਵੇਂ ਅਸਮਾਨੀਂ ਚੁੰਗੀਆਂ ਭਰਨਾ ਘਟਣ ਲਗਦਾ ਹੈ। ਪੰਛੀ ਪੱਤਿਆਂ ਭਰੀਆਂ ਟਹਿਣੀਆਂ ਦਾ ਆਸਰਾ ਲੈਣ ਲਗਦੇ ਹਨ। ਕੋਇਲ ਦੀ ਕੂ-ਕੂ ਵੀ ਚੌਗਿਰਦੇ ਵਿਚ ਗੂੰਜਦੀ ਹੈ। ਵਿਸਾਖ ਵਿਚ ਤਾਂ ਸਗੋਂ ਇਹ ਹੋਰ ਵੀ ਬ੍ਰਿਹਾ-ਕੁੱਠੀ ਅਤੇ ਤਿੱਖੀ ਹੋ ਜਾਂਦੀ ਹੈ। ਇੰਜ ਲੱਗਦਾ ਹੈ ਜਿਵੇਂ ਕੋਇਲ ਆਪਣੀ ਵਿਆਕੁਲਤਾ ਅੰਬਰਾਂ ਤੱਕ ਪੁਚਾ ਦੇਣਾ ਚਾਹੁੰਦੀ ਹੋਵੇ। ਉਹ ਤੜਪ-ਤੜਪ ਕੇ, ਲੁੱਛ-ਲੁੱਛ ਕੇ ਕੂਕਦੀ ਹੈ। ਕਈ ਵਾਰ ਤਾਂ ਇਹ ਵੇਦਨਾ ਭਰੀ ਹੂਕ ਅੱਧੀ-ਅੱਧੀ ਰਾਤੀਂ ਵੀ ਸੁਣ ਪੈਂਦੀ ਹੈ।
ਵਿਸਾਖ ਦੇ ਪਹਿਲੇ ਦਿਨ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਇਸ ਕਰਕੇ ਇਹ ਭੁਲੇਖਾ ਪੈਂਦਾ ਹੈ ਜਿਵੇਂ ਵਿਸਾਖ ਦੇਸੀ ਸਾਲ ਦਾ ਪਹਿਲਾ ਮਹੀਨਾ ਹੋਵੇ। ਇਹ ਕਾਫੀ ਹੱਦ ਤੱਕ ਠੀਕ ਵੀ ਹੈ; ਅਸਲ ਵਿਚ ਹਿੰਦੁਸਤਾਨ ਵਿਚ ਇਕ ਤੋਂ ਵੱਧ ਸੰਮਤ ਪ੍ਰਚਲਿਤ ਰਹੇ ਹਨ। ਸਾਡੇ ਤਿਉਹਾਰਾਂ ਦਾ ਸਬੰਧ ਚੰਨ ਅਤੇ ਸੂਰਜ ਦੋਹਾਂ ਨਾਲ ਜੁੜਿਆ ਰਿਹਾ ਹੈ। ਇਸ ਲਈ ਮੋਟੇ ਤੌਰ ‘ਤੇ ਦੋ ਤਰ੍ਹਾਂ ਦੇ ਸਾਲ ਮੰਨੇ ਜਾਂਦੇ ਹਨ: ਸੂਰਜ ਵਰ੍ਹਾ ਅਤੇ ਚੰਨ-ਵਰ੍ਹਾ। ਸੂਰਜ ਵਰ੍ਹੇ ਨਾਲ ਸਬੰਧਤ ਸਾਡੇ ਦੋ ਤਿਉਹਾਰ ਆਉਂਦੇ ਹਨ-ਵਿਸਾਖੀ ਅਤੇ ਮਾਘੀ। ਮਾਘੀ ਤੋਂ ਪਹਿਲੇ ਦਿਨ ਲੋਹੜੀ ਮਨਾਈ ਜਾਂਦੀ ਹੈ। ਚੰਨ ਵਰ੍ਹੇ ਅਨੁਸਾਰ ਸਾਡੇ ਤਿਉਹਾਰ ਹਨ-ਦੁਸਹਿਰਾ, ਦੀਵਾਲੀ, ਬਸੰਤ ਪੰਚਮੀ, ਹੋਲੀ ਆਦਿ ਅਤੇ ਸਿੱਖ ਗੁਰੂ ਸਾਹਿਬਾਨ ਦੇ ਜਨਮ ਦਿਹਾੜੇ ਅਤੇ ਸ਼ਹੀਦੀਆਂ।
ਪੰਜਾਬ ਵਿਚ ਸਰਕਾਰੀ ਕੰਮਾਂ ਕਾਜਾਂ ਲਈ ਭਾਵੇਂ ਜਾਰਜੀਅਨ ਕੈਲੰਡਰ ਸਰਵ-ਪ੍ਰਵਾਨਿਤ ਹੈ, ਪਰ ਧਾਰਮਿਕ ਪਰੰਪਰਾਵਾਂ ਲਈ ਦੇਸੀ ਭਾਵ ਚੰਨ ਕੈਲੰਡਰ ਪ੍ਰਚਲਿਤ ਰਿਹਾ ਹੈ ਜੋ ਚੇਤਰ ਮਹੀਨੇ ਨਾਲ ਸ਼ੁਰੂ ਹੁੰਦਾ ਹੈ, ਪਰੰਤੂ ਬਿਕਰਮੀ ਸੰਮਤ ਵਿਸਾਖ ਤੋਂ ਸ਼ੁਰੂ ਹੁੰਦਾ ਮੰਨਿਆ ਜਾਂਦਾ ਹੈ।
ਡਾ. ਨਵਰਤਨ ਕਪੂਰ ਅਨੁਸਾਰ “ਚੰਨ ਵਰ੍ਹੇ ਦਾ ਅਰੰਭ ਚੇਤ ਤੋਂ ਹੁੰਦਾ ਹੈ, ਪਰ ਬਿਕਰਮੀ ਸੰਮਤ ਦਾ ਵਿਸਾਖ ਤੋਂ। ਸ਼ਾਇਦ ਮੁਖ-ਸੁਖ ਕਾਰਨ ਲੋਕਾਂ ਨੇ ਆਪਣੇ ਆਪਣੇ ਸਾਲ ਦੇ ਮੂਹਰਲੇ ਅੱਖਰ (ਚੰਨ=ਚੇਤ; ਵਿਕਰਮੀ=ਵਸਾਖ) ਨਾਲ ਅਰੰਭ ਹੋਣ ਵਾਲੇ ਮਹੀਨੇ ਨੂੰ ਹੀ ਇਹ ਮਹੱਤਵ ਬਖਸ਼ਿਆ ਹੈ।” ਜਦੋਂ ਸੂਰਜ ਮੇਖ ਰਾਸ਼ੀ ਵਿਚ ਪਰਵੇਸ਼ ਕਰਦਾ ਹੈ ਤਾਂ ਸੂਰਜ ਵਰ੍ਹੇ ਵਾਂਗ ਬਿਕਰਮੀ ਸਾਲ ਦਾ ਅਰੰਭ ਹੁੰਦਾ ਹੈ। ਪੁਰਾਣੇ ਸਮਿਆਂ ਤੋਂ ਇਸ ਦਿਨ ਇਸ਼ਨਾਨ ਕਰਨ ਦਾ ਬਹੁਤ ਮਹੱਤਵ ਸਮਝਿਆ ਜਾਂਦਾ ਰਿਹਾ ਹੈ। ਇਸ ਦੇ ਜਿੱਥੇ ਧਾਰਮਿਕ ਕਾਰਨ ਹਨ, ਉਥੇ ਵਿਗਿਆਨਕ ਵੀ ਹਨ। ਵਿਸਾਖ ਵਿਚ ਸੂਰਜ ਉਤਰਾਯਣ ਦਿਸ਼ਾ ਵਿਚ ਚਲਾ ਜਾਂਦਾ ਹੈ ਜਿਸ ਕਰਕੇ ਪਦਾਰਥਾਂ ਅਤੇ ਮਨੁੱਖੀ ਸਰੀਰ ਦਾ ਰਸ ਚੂਸਣ ਲੱਗਦਾ ਹੈ। ਇਸ਼ਨਾਨ ਕਰਨ ਨਾਲ ਅਗਨੀ ਅਤੇ ਜਲ-ਤੱਤ ਦਾ ਸੰਤੁਲਨ ਠੀਕ ਰਹਿੰਦਾ ਹੈ। ਨਦੀਆਂ, ਦਰਿਆਵਾਂ ਵਿਚ ਇਸ਼ਨਾਨ ਕਰਨ ਦੀ ਸ਼ਰਧਾ ਨੇ ਤੀਰਥ-ਅਸਥਾਨਾਂ ਨੂੰ ਜਨਮ ਦਿੱਤਾ ਅਤੇ ਹੌਲੀ ਹੌਲੀ ਵਿਸਾਖ ਦਾ ਤਿਉਹਾਰ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਮੇਲੇ ਦਾ ਰੂਪ ਧਾਰਨ ਲੱਗਾ। ਪੰਜਾਬ ਵਿਚ ਵਿਸਾਖੀ ਦੇ ਮੌਕੇ ਅੰਮ੍ਰਿਤਸਰ, ਦਮਦਮਾ ਸਾਹਿਬ, ਤਲਵੰਡੀ ਸਾਬੋ, ਕਰਤਾਰਪੁਰ, ਅਨੰਦਪੁਰ ਸਾਹਿਬ ਅਤੇ ਹੋਰ ਕਈ ਧਾਰਮਿਕ ਅਸਥਾਨਾਂ ‘ਤੇ ਮੇਲੇ ਲੱਗਦੇ ਹਨ।
ਸਿੱਖ ਸਮਾਜ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣ ਦੀ ਰਵਾਇਤ ਪ੍ਰਚਲਿਤ ਹੈ, ਭਾਵੇਂ ਕਿ ਹੁਣ ਇਤਿਹਾਸਕਾਰਾਂ ਨੇ ਇਹ ਪ੍ਰਵਾਨ ਕਰ ਲਿਆ ਹੈ ਕਿ ਉਨ੍ਹਾਂ ਦਾ ਜਨਮ 15 ਅਪਰੈਲ 1469 (ਵਿਸਾਖ ਸੁਦੀ 3, 1526) ਨੂੰ ਹੋਇਆ ਸੀ। ਡਾ. ਰਤਨ ਸਿੰਘ ਜੱਗੀ ਅਨੁਸਾਰ ਵਿਸਾਖੀ ਲਈ ‘ਵਸੋਆ’ ਸ਼ਬਦ ਵੀ ਵਰਤਿਆ ਜਾਂਦਾ ਹੈ; ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 27ਵੀਂ ਪਾਉੜੀ ਵਿਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਘਰ-ਘਰ ਅਧਿਆਤਮਕ ਮਾਹੌਲ ਪੈਦਾ ਹੋ ਜਾਣ ਦਾ ਜ਼ਿਕਰ ਕੀਤਾ ਹੈ:
ਘਰਿ ਘਰਿ ਅੰਦਰ ਧਰਮ ਸਾਲ
ਹੋਵੈ ਕੀਰਤਨ ਸਦਾ ਵਿਸੋਆ।
ਹੋ ਸਕਦਾ ਹੈ, ਸਿੱਖ ਧਰਮ ਵਿਚ ‘ਵਿਸੋਏ’ ਭਾਵ ਵਿਸਾਖੀ ਦੀ ਮਹਾਨਤਾ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਵਧ ਗਈ ਹੋਵੇ ਅਤੇ ਗੁਰੂ ਸਾਹਿਬਾਨ ਨੇ ਵਿਸਾਖੀ ਦੇ ਮੌਕੇ ਵੱਡੇ ਇਕੱਠ ਕਰਨੇ ਸ਼ੁਰੂ ਕਰ ਦਿੱਤੇ ਹੋਣ। ਗੁਰੂ ਰਾਮਦਾਸ ਜੀ ਨੇ ਤਾਂ ਸੰਗਤਾਂ ਨੂੰ ਸਪੱਸ਼ਟ ਕਿਹਾ ਸੀ ਕਿ ਉਹ ਵਿਸਾਖੀ ਵਾਲੇ ਦਿਨ ਦੇਵਤਿਆਂ ਦੇ ਨਾਂ ਉਤੇ ਪੰਡਿਤਾਂ-ਪੁਜਾਰੀਆਂ ਨੂੰ ਕਣਕ, ਚੌਲ ਆਦਿ ਚੜ੍ਹਾਉਣ ਦੀ ਥਾਂ ਵਿਸਾਖੀ ਅਤੇ ਦੀਵਾਲੀ ਦੇ ਤਿਉਹਾਰਾਂ ਉਤੇ ਗੁਰੂ ਦੀ ਹਜ਼ੂਰੀ ਵਿਚ ਇਕੱਠੇ ਹੋਇਆ ਕਰਨ। ਸੰਨ 1699 ਵਿਚ ਖਾਲਸਾ ਸਿਰਜਣਾ ਦਿਵਸ ਦੀ ਵਿਸਾਖੀ ਵੀ ਇਸੇ ਸੰਦਰਭ ਵਿਚ ਵੇਖੀ ਜਾ ਸਕਦੀ ਹੈ।
ਅਨੰਦਪੁਰ ਸਾਹਿਬ ਵਿਖੇ ਪਹਿਲਾਂ ਵੀ ਵਿਸਾਖੀ ਵਾਲੇ ਦਿਨ ਮੇਲਾ ਲੱਗਦਾ ਹੋਵੇਗਾ; ਉਸ ਵਿਸ਼ੇਸ਼ ਵਿਸਾਖੀ ‘ਤੇ ਵੱਡਾ ਇਕੱਠ ਕਰਨ ਲਈ ਉਚੇਚੇ ਯਤਨ ਕੀਤੇ ਗਏ ਹੋਣਗੇ। ਜਰਵਾਣਿਆਂ ਦਾ ਮੁਕਾਬਲਾ ਕਰਨ ਲਈ ਲਤਾੜੇ ਪਏ ਲੋਕਾਂ ਵਿਚ ਇਕੱਠ ਦੀ ਤਾਕਤ ਦਾ ਮੁਜਾਹਰਾ ਕਰਨਾ ਬੇ-ਹੱਦ ਜ਼ਰੂਰੀ ਸੀ। ਤਾਕਤਵਰ ਦਾ ਮੁਕਾਬਲਾ ਊਚ-ਨੀਚ ਦੀ ਭਾਵਨਾ ਮਿਟਾ ਕੇ ਹੀ ਹੋ ਸਕਦਾ ਸੀ। ਨਿਵੇਕਲੇ ਢੰਗ ਨਾਲ ਜਾਤ-ਪਾਤ ਦਾ ਵਿਤਕਰਾ ਮਿਟਾ ਕੇ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਖਾਲਸੇ ਦੀ ਸਾਜਨਾ ਕਰਕੇ ਦੁਨੀਆਂ ਦੇ ਇਤਿਹਾਸ ਵਿਚ ਇਕ ਵਿਲੱਖਣ ਇਤਿਹਾਸਕ ਚੈਪਟਰ ਸ਼ੁਰੂ ਕੀਤਾ ਗਿਆ।
ਗੁਰੂ ਗੋਬਿੰਦ ਸਿੰਘ ਜੀ ਮਗਰੋਂ ਸਿੱਖ ਇਤਿਹਾਸ ਵਿਚ ਵਿਸਾਖੀ ਖਾਲਸਾ ਸਾਜਨਾ ਦਿਵਸ ਵਜੋਂ ਮਨਾਈ ਜਾਣ ਲੱਗੀ ਅਤੇ ਇਹ ਸਮਾਜਕ ਮੌਕੇ ਦੇ ਨਾਲ ਨਾਲ ਵੱਡਾ ਧਾਰਮਿਕ ਇਤਿਹਾਸਕ ਦਿਨ ਬਣ ਗਿਆ। ਗੁਰਦੁਆਰਿਆਂ ਵਿਚ ਖਾਸ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ-ਪ੍ਰਚਾਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਕਈ ਸੰਸਥਾਵਾਂ ਵੱਲੋਂ ਇਹ ਦਿਨ ਪਿਛਲੇ ਕੁਝ ਸਾਲਾਂ ਤੋਂ ਅੰਤਰਰਾਸ਼ਟਰੀ ਦਸਤਾਰ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਨੌਜੁਆਨਾਂ ਦੇ ਦਸਤਾਰ ਮੁਕਾਬਲੇ ਕਰਾਏ ਜਾਂਦੇ ਹਨ।
ਪੰਜਾਬ ਸਦੀਆਂ ਤੋਂ ਖੇਤੀ-ਪ੍ਰਧਾਨ ਸੂਬਾ ਰਿਹਾ ਹੈ। ਵਿਸਾਖੀ ਦੀ ਉਡੀਕ ਵਿਚ ਕਣਕ ਦੇ ਪੱਕਣ ਦੀ ਉਡੀਕ ਸ਼ਾਮਲ ਹੁੰਦੀ ਹੈ। ਬੜੀ ਮਿਹਨਤ ਨਾਲ ਪਾਲੀ ਅਤੇ ਪਸੂ-ਪੰਛੀਆਂ ਤੋਂ ਬਚਾਈ ਫਸਲ ਜਦੋਂ ਸਿਰੇ ਲੱਗਦੀ ਜਾਪਦੀ ਹੈ ਤਾਂ ਖੁਸ਼ੀਆਂ ਵੀ ਮਨਾਈਆਂ ਜਾਂਦੀਆਂ ਹਨ ਤੇ ਅਰਦਾਸਾਂ ਵੀ ਕੀਤੀਆਂ ਜਾਂਦੀਆਂ ਹਨ। ਜੇ ਵਿਸਾਖੀ ਤੱਕ ਕਣਕ ਨਾ ਵੀ ਪੱਕੀ ਹੋਵੇ ਤਾਂ ਦਾਤਰੀ ਛੁਹਾ ਕੇ ਵਾਢੀ ਦਾ ਸ਼ਗਨ ਕਰ ਲਿਆ ਜਾਂਦਾ ਹੈ। ਵਿਸਾਖ ਮਹੀਨਾ ਕਿਉਂਕਿ ਰੁਝੇਵਿਆਂ ਭਰਿਆ ਹੁੰਦਾ ਹੈ, ਇਸ ਲਈ ਇਸ ਮਹੀਨੇ ਹੋਰ ਕੋਈ ਤਿਉਹਾਰ, ਪੁਰਬ ਜਾਂ ਵਿਸ਼ੇਸ਼ ਦਿਹਾੜਾ ਪੰਜਾਬ ਵਿਚ ਨਹੀਂ ਮਨਾਇਆ ਜਾਂਦਾ। ਗੁਰੂ ਨਾਨਕ ਦੇਵ ਜੀ ਇਸ ਮਹੀਨੇ ਦੇ ਪਰਥਾਇ ਲਿਖਦੇ ਹਨ:
ਵੈਸਾਖ ਭਲਾ ਸਾਖਾ ਵੇਸ ਕਰੇ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ॥
ਘਰ ਆਉ ਪਿਆਰੇ ਦੁਤਰ ਤਾਰੇ
ਤੁਧੁ ਬਿਨੁ ਅਢੁ ਨ ਮੋਲੋ॥
ਕੀਮਤ ਕਉਣ ਕਰੇ ਤੁਧੁ ਭਾਵਾਂ
ਦੇਖਿ ਦਿਖਾਵੈ ਢੋਲੋ॥
ਦੂਰ ਨ ਜਾਨਾ ਅੰਤਰਿ ਮਾਨਾ
ਹਰਿ ਕਾ ਮਹਲੁ ਪਛਾਨਾ॥
ਨਾਨਕ ਵੈਸਾਖੀ ਪ੍ਰਭ ਪਾਵੈ
ਸੁਰਤਿ ਸਬਦਿ ਮਨੁ ਮਾਨਾ॥
ਕਮਾਲ ਦਾ ਸੰਕਲਪ ਹੈ, ਬਾਬੇ ਨਾਨਕ ਦੇ ਫਲਸਫੇ ਦਾ। ਮਨੁੱਖ ਕੁਦਰਤ ਨਾਲ ਕਿਸੇ ਵੀ ਸਥਿਤੀ ਵਿਚ ਟਕਰਾਅ ਵਿਚ ਨਹੀਂ ਆਉਂਦਾ। ਜੀਵ-ਆਤਮਾ ਹਰ ਮਹੀਨੇ ਬ੍ਰਿਹਾ ਹੰਢਾ ਰਹੀ ਹੈ, ਕਲੇਸ਼ ਵਿਚ ਹੈ, ਪਰ ਉਹ ਵਾਧੇ-ਘਾਟੇ ਦਾ ਉਜਰ ਨਹੀਂ ਕਰਦੀ। ਇਹ ਸਾਰਾ ਬ੍ਰਹਿਮੰਡ ਕਾਦਰ ਦੀ ਕੁਦਰਤ ਦਾ ਪਸਾਰਾ ਹੈ, ਇਸ ਲਈ ਸਭ ਭਲੋ-ਭਲਾ ਹੈ। ਵੈਸਾਖ ਦਾ ਮਹੀਨਾ ਤਾਂ ਹੈ ਹੀ ਭਲਾ ਕਿਉਂਕਿ ਇਸ ਮਹੀਨੇ ਨਿਰ-ਵਸਤਰ ਟਹਿਣੀਆਂ ਨੂੰ ਭਰਪੂਰ ਕੱਜਣ ਮਿਲ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਬਾਰਹਮਾਂਹ ਦੀ ਵਡਿਆਈ ਹੈ ਕਿ ਇਸ ਵਿਚ ਰੂਹਾਨੀਅਤ ਤੋਂ ਬਿਨਾ ਜੇ ਕੁਝ ਹੋਰ ਮਿਲਦਾ ਹੈ ਤਾਂ ਉਹ ਕੁਦਰਤ-ਵਰਣਨ ਹੀ ਹੈ। ਭਾਵੇਂ ਕਿ ਹਰ ਘੜੀ, ਹਰ ਪਲ, ਹਰ ਮਹੀਨਾ ਉਸ ਕਾਦਰ ਦੀ ਬਖਸ਼ਿਸ਼ ਹੈ, ਇਸ ਲਈ ਖਿੜੇ ਮੱਥੇ ਸਵੀਕਾਰ ਹੈ, ਪਰ ਕਈ ਮਹੀਨੇ ਐਸੇ ਹੁੰਦੇ ਹਨ, ਜਦੋਂ ਕੁਦਰਤ ਆਪਣੇ ਖੁਸ਼-ਨੁਮਾ ਮਾਹੌਲ ਅਤੇ ਖੇੜੇ ਦੇ ਸਿਖਰ ‘ਤੇ ਹੁੰਦੀ ਹੈ; ਉਹ ਮਹੀਨੇ, ਉਹ ਦਿਨ, ਮਿਲਾਪ ਦੇ ਵੱਧ ਅਨੁਕੂਲ ਹੁੰਦੇ ਹਨ।
ਚੇਤ ਮਹੀਨੇ ਦੇ ਮੁਕਾਬਲੇ ਵਿਸਾਖ ਦੀ ਇਸ ਰਚਨਾ ਵਿਚ ਕੁਦਰਤ-ਚਿਤਰਣ ਦਾ ਅਭਾਵ ਹੈ, ਪਰ ਮਹੀਨੇ ਦੇ ਸਮੁੱਚੇ ਮਾਹੌਲ ਵੱਲ ਇਸ਼ਾਰੇ ਜ਼ਰੂਰ ਹਨ। ਵਿਸਾਖ ਮਹੀਨੇ ਫਸਲਾਂ ਪੱਕ ਜਾਣ ‘ਤੇ ਜਿਣਸ ਦੇ ਮੁੱਲ ਦੀ ਗੱਲ ਮਾਹੌਲ ਵਿਚ ਚੱਲਣੀ ਸੁਭਾਵਕ ਹੈ। ਇਹ ਗੱਲਬਾਤ ਕਾਵਿ ਕਲਾ ਵਿਚ ਵੀ ਆ ਸ਼ਾਮਲ ਹੋਈ ਹੈ। ਜੇ ਪਤੀ ਹੀ ਕੀਮਤ ਨਾ ਪਾਵੇ ਤਾਂ ਸੁਆਣੀ ਕੌਡੀ ਦੀ ਵੀ ਨਹੀਂ ਅਤੇ ਜੇ ਪਤੀ ਦੀਆਂ ਨਿਗਾਹਾਂ ਵਿਚ ਉਹ ਮੁੱਲਵਾਨ ਹੈ ਤਾਂ ਉਹ ਬਹੁ-ਮੁੱਲੀ ਤਾਂ ਕੀ, ਅਣਮੁੱਲੀ ਹੈ।
ਇਸ ਸ਼ਬਦ ਵਿਚ ਉਸ ਪਰਮਾਤਮਾ ਲਈ ‘ਹਰਿ’ ਅਤੇ ‘ਪਿਆਰਾ’ ਲਫਜ਼ ਵਰਤੇ ਗਏ ਹਨ। ਬਾਰਹਮਾਂਹ ਮਾਝ ਅਤੇ ਤੁਖਾਰੀ ਇਸੇ ਕਰਕੇ ਵਿਲੱਖਣ ਰਚਨਾਵਾਂ ਹਨ ਕਿ ਇਨ੍ਹਾਂ ਵਿਚ ਪਰਮਾਤਮਾ ਪੂਜਣ ਦਾ ਵਿਸ਼ਾ ਨਹੀਂ, ਪਿਆਰਨ ਦਾ ਵਿਸ਼ਾ ਹੈ; ਦਿਮਾਗ ਦਾ ਵਿਸ਼ਾ ਨਹੀਂ, ਦਿਲ ਦਾ ਵਿਸ਼ਾ ਹੈ। ਪੂਜਾ ਦੀ ਨਹੀਂ, ਪਸੀਜਣ ਦੀ ਲੋੜ ਹੈ। ਗੁਰੂ ਜੀ ਵਿਸਾਖ ਮਹੀਨੇ ਕੀਤੇ ਜਾਂਦੇ ਪੂਜਾ-ਪਾਠ ਦੇ ਅਡੰਬਰ ਤੋਂ ਜਾਣੂੰ ਸਨ ਤਾਂ ਹੀ ਇਸ਼ਾਰਾ ਕਰਦੇ ਹਨ ਕਿ ਸਭ ਤੋਂ ਵੱਧ ਜਰੂਰੀ ਹੈ, ਸੁਰਤਿ ਅਤੇ ਸ਼ਬਦਿ। ਜਿੰਨੀ ਦੇਰ ਤੱਕ ਮਨੁੱਖ ਇਨ੍ਹਾਂ ਦੇ ਮਹੱਤਵ ਨੂੰ ਨਹੀਂ ਸਮਝਦਾ, ਮਹਾਂ-ਮਿਲਾਪ ਦਾ ਭਾਗੀ ਨਹੀਂ ਹੋ ਸਕਦਾ। ਉਸ ਦੇ ਨਾਂ ਦੀ ਸਮਾਧੀ ਲਾਉਣੀ ਪਵੇਗੀ, ਅੰਤਰ ਧਿਆਨ ਹੋਣਾ ਪਵੇਗਾ। ਨਾਲ ਹੀ ਉਸ ਦੇ ਬਾਹਰੀ ਸਰੂਪ ਨੂੰ ਕੁਦਰਤ ਦਰਸ਼ਨ ਰਾਹੀਂ ਸਮਝਣਾ ਜ਼ਰੂਰੀ ਹੋਵੇਗਾ, ਉਸ ਦੇ ਹਰ ਰੂਪ ਨੂੰ ਸਵੀਕਾਰਨਾ ਪਵੇਗਾ। ਇਹੀ ਅੰਦਰੂਨੀ ਪਿਆਰ ਦੀ ਸਭ ਤੋਂ ਵੱਡੀ ਸਮਰੱਥਾ ਹੈ। ਇਹ ਸਰੀਰਾਂ ਦਾ ਮੇਲ ਹੀ ਨਹੀਂ, ਇਹ ਰੂਹਾਂ ਦਾ ਮਿਲਨ ਵੀ ਹੈ। ਕੋਸ਼ਿਸ਼ਾਂ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ, ਪਰ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਮਨੁੱਖ ਆਤਮ-ਸਮਰੱਥ ਨਹੀਂ।
ਕੁਦਰਤ ਦੇ ਸਾਰੇ ਰੂਪ ਕਿਵੇਂ ਨਾਲੋ-ਨਾਲ ਚੱਲਦੇ ਹਨ, ਇਸ ਦੀਆਂ ਕਈ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਗਰਮੀ ਵਧਣ ਨਾਲ ਛਾਂ ਦੀ ਲੋੜ ਹੁੰਦੀ ਹੈ, ਜਿਸ ਦਾ ਕੁਦਰਤ ਅਗਾਊਂ ਹੀ ਪ੍ਰਬੰਧ ਕਰਨ ਲਗਦੀ ਹੈ। ਵਿਸਾਖ ਵਿਚ ਸ਼ੁਰੂ ਹੋਈ ਗਰਮੀ ਨਾਲ ਰੁੱਖਾਂ ਬੂਟਿਆਂ ‘ਤੇ ਭਰਪੂਰ ਰੌਣਕ ਆਉਣ ਲਗਦੀ ਹੈ। ਗਰਮੀ ਜਿਉਂ-ਜਿਉਂ ਵਧਦੀ ਹੈ, ਰੁੱਖਾਂ ‘ਤੇ ਭਰਪੂਰ ਹਰਿਆਵਲ ਹੋਣ ਲੱਗਦੀ ਹੈ। ਪਾਣੀ ਦੀ ਮੰਗ ਕੁਦਰਤੀ ਵਧਣ ਲੱਗਦੀ ਹੈ, ਜਿਸ ਨੂੰ ਪੂਰਾ ਕਰਨ ਲਈ ਪਹਾੜਾਂ ‘ਤੇ ਪਈ ਬਰਫ ਪਿਘਲਣ ਲੱਗਦੀ ਹੈ ਅਤੇ ਨਦੀਆਂ-ਦਰਿਆਵਾਂ ਵਿਚ ਪਾਣੀ ਛੱਲਾਂ ਮਾਰਨ ਲੱਗਦਾ ਹੈ। ਨਦੀ ਕਿਨਾਰੇ ਵੱਸਦੇ ਪਿੰਡਾਂ ਨੂੰ ਨਾਹੁਣ-ਧੋਣ ਅਤੇ ਸਿੰਜਾਈ ਲਈ ਪਾਣੀ ਦੀ ਤੋਟ ਨਹੀਂ ਰਹਿੰਦੀ। ਬਾਗਾਂ ‘ਤੇ ਬਹਾਰ ਆਉਣ ਲੱਗਦੀ ਹੈ। ਪੰਛੀ ਚਹਿਚਹਾਉਣ ਲੱਗਦੇ ਹਨ।
ਵਿਸਾਖ ਦੇ ਦਿਨੀਂ ਵਾਢੀ ਕਰਦਿਆਂ ਗਰਮੀ ਵੀ ਲਗਦੀ ਹੈ ਅਤੇ ਘੱਟਾ-ਮਿੱਟੀ ਵੀ ਚੜ੍ਹਦਾ ਹੈ, ਜਿਸ ਨਾਲ ਗਲਾ ਖਰਾਬ ਹੋ ਜਾਂਦਾ ਹੈ। ਪਰ ਕੁਦਰਤ ਨੇ ਨਾਲ ਹੀ ਗੁੜ ਵੀ ਦਿੱਤਾ ਹੈ, ਜਿਸ ਦੀ ਫਸਲ ਕੁਝ ਸਮਾਂ ਪਹਿਲਾਂ ਹੀ ਸਾਂਭੀ ਗਈ ਹੁੰਦੀ ਹੈ। ਗਲਾ ਸਾਫ ਕਰਨ ਲਈ ਗੁੜ ਬੜਾ ਗੁਣਕਾਰੀ ਸਾਬਤ ਹੁੰਦਾ ਹੈ ਜਦੋਂ ਕਿ ਸ਼ੱਕਰ ਜਾਂ ਕੱਕੋਂ ਘੋਲ ਕੇ ਪੀਤਾ ਸ਼ਰਬਤ ਠੰਡਕ ਪਹੁੰਚਾਉਂਦਾ ਹੈ। ਜੌਂਅ ਤੋਂ ਤਿਆਰ ਕੀਤੇ ਸੱਤੂ, ਸ਼ਰਬਤ ਵਿਚ ਘੋਲ ਕੇ ਪੀਣ ਨਾਲ ਸਭ ਗਰਮੀ ਉਡੰਤ ਹੋ ਜਾਂਦੀ ਹੈ ਅਤੇ ਪੇਟ ਠੀਕ ਮਹਿਸੂਸ ਕਰਦਾ ਹੈ।
ਕਣਕ ਵੱਢਣ ਪਿਛੋਂ ਪੰਜਾਬ ਦਾ ਲੈਂਡਸਕੇਪ ਸੁੰਨਾ-ਸੁੰਨਾ ਲੱਗਣ ਲੱਗਦਾ ਹੈ, ਪਰ ਜਿਨ੍ਹਾਂ ਇਲਾਕਿਆਂ ਵਿਚ ਕੰਬੋਜ ਜਾਂ ਰਾਈ ਲੋਕ ਬੈਠੇ ਹਨ, ਉਥੇ ਖੇਤਾਂ ਵਿਚ ਹਰਿਆਵਲ ਨਜ਼ਰ ਆਉਂਦੀ ਹੈ। ਆਲੂਆਂ ਦੀ ਥਾਂ ਲਾਈਆਂ ਸਬਜੀਆਂ ਕਣਕਾਂ ਵੱਢਣ ਤੱਕ ਕਾਫੀ ਕਾਇਮ ਹੋ ਜਾਂਦੀਆਂ ਹਨ। ਕਈ ਖੇਤਾਂ ਵਿਚ ਸੂਰਜਮੁਖੀ ਆਪਣੀ ਭਰਵੀਂ ਹਾਜ਼ਰੀ ਲਵਾ ਰਿਹਾ ਹੁੰਦਾ ਹੈ। ਪੱਠਿਆਂ ਦੇ ਗਾਚੇ, ਕਮਾਦ, ਸੱਠੀ ਮੱਕੀ ਅਤੇ ਸਬਜ਼ੀਆਂ ਖੇਤਾਂ ਨੂੰ ਹਰਿਆਵਲ ਬਖਸ਼ੀ ਰੱਖਦੀਆਂ ਹਨ।
ਕਣਕਾਂ ਦੀ ਵਾਢੀ ਕਾਰਨ ਪੰਜਾਬੀਆਂ ਲਈ ਇਹ ਮਹੀਨਾ ਬੜਾ ਰੁਝੇਵਿਆਂ ਭਰਿਆ ਹੁੰਦਾ ਹੈ। ਅੱਜ-ਕੱਲ ਤਾਂ ਕਈ ਕਿਸਮਾਂ ਦੀਆਂ ਮਸ਼ੀਨਾਂ ਚੱਲ ਪਈਆਂ ਹਨ ਜਿਨ੍ਹਾਂ ਨੇ ਕਣਕ ਦੀ ਵਢਾਈ ਅਤੇ ਦਾਣੇ ਕੱਢਣ ਦਾ ਕੰਮ ਸੌਖਾ ਕਰ ਦਿਤਾ ਹੈ, ਪਰ ਪਹਿਲੇ ਜ਼ਮਾਨਿਆਂ ਵਿਚ ਇਹ ਕਾਰਜ ਬਹੁਤ ਔਖਾ ਸੀ। ਕਣਕ ਹੱਥੀਂ ਵੱਢੀ ਜਾਂਦੀ ਸੀ, ਰੱਸਿਆਂ ਜਾਂ ਖੱਬੜਾਂ ਵਿਚ ਬੰਨ ਕੇ ਸਾਂਭੀ ਜਾਂਦੀ ਤਾਂ ਕਿ ਕਿਤੇ ਉਡ ਨਾ ਜਾਵੇ। ਉਪਰੰਤ, ਉਸ ‘ਤੇ ਪਸੂ ਤੇ ਫਲ੍ਹੇ ਫੇਰ ਕੇ ਗਾਹੀ ਜਾਂਦੀ ਅਤੇ ਦਾਣੇ ਤੇ ਤੂੜੀ ਅਲੱਗ ਕੀਤੇ ਜਾਂਦੇ। ਇਸ ਸਭ ਕਾਸੇ ਨੂੰ ਸਾਰਾ ਵਿਸਾਖ ਲੰਘ ਜਾਂਦਾ। ਇਹੀ ਵਜ੍ਹਾ ਹੈ ਕਿ ਵਿਸਾਖ ਮਹੀਨੇ ਕੋਈ ਦਿਨ-ਦਿਹਾਰ ਜਾਂ ਤਿਉਹਾਰ ਘੱਟ ਹੀ ਆਉਂਦਾ ਹੈ।
ਅਜੋਕੇ ਪੰਜਾਬ ਵਿਚ ਵਿਸਾਖ ਮਹੀਨੇ ਕਿਸਾਨ ਭਰਾਵਾਂ ਵੱਲੋਂ ਵਾਤਾਵਰਣ ਬਹੁਤ ਪ੍ਰਦੂਸ਼ਤ ਕਰ ਦਿੱਤਾ ਜਾਂਦਾ ਹੈ। ਪੰਜਾਬ ਦਾ ਕਿਸਾਨ ਭਾਵੇਂ ਖੁਦ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਿਹਾ ਹੈ, ਪਰ ਅਗਿਆਨ ਅਧੀਨ ਅਤੇ ਬੇ-ਪਰਵਾਹੀ ਦੇ ਆਲਮ ਵਿਚ ਕਈ ਖੁਦੀਆਂ ਵੀ ਕਰ ਰਿਹਾ ਹੈ। ਕਣਕ ਤੋਂ ਬਾਦ ਝੋਨੇ ਦੀ ਤਿਆਰੀ ਲਈ ਕਣਕ ਦੇ ਵੱਢ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਦੂਰ-ਦੂਰ ਤੱਕ ਅੱਗ ਅਤੇ ਧੂੰਏ ਦੇ ਬੱਦਲ ਨਜ਼ਰ ਆਉਂਦੇ ਹਨ। ਇਹ ਸਿਲਸਿਲਾ ਹਰ ਰੋਜ਼ ਕਿਸੇ ਨਾ ਕਿਸੇ ਪਾਸੇ ਚੱਲਦਾ ਰਹਿੰਦਾ ਹੈ। ਇਸ ਅੱਗ ਨਾਲ ਸੜਕ-ਬੰਨਿਆਂ ‘ਤੇ ਉਗੇ ਰੁੱਖ-ਬੂਟੇ ਸੜ ਜਾਂਦੇ ਹਨ ਜਾਂ ਝੁਲਸ ਜਾਂਦੇ ਹਨ। ਨਿੱਕੇ-ਮੋਟੇ ਜੀਵ-ਜੰਤੂ ਸੜ-ਮਰ ਜਾਂਦੇ ਹਨ। ਸਭ ਪਾਸੇ ਸੁਆਹ ਹੀ ਸੁਆਹ ਹੁੰਦੀ ਹੈ। ਜਦ ਹਨੇਰੀ ਆਉਂਦੀ ਹੈ ਤਾਂ ਇਹ ਖੇਤਾਂ ਵਿਚੋਂ ਉਡ ਕੇ ਹਰ ਪਾਸੇ ਪਸਰ ਜਾਂਦੀ ਹੈ ਅਤੇ ਵਾਯੂ ਮੰਡਲ ਨੂੰ ਧੁੰਦਲਾ-ਗੰਧਲਾ ਕਰ ਦਿੰਦੀ ਹੈ। ਭਾਵੇਂ ਸਰਕਾਰ ਇਸ ਵਿਰੁਧ ਕਈ ਵਾਰ ਚਿਤਾਵਨੀ ਦੇ ਚੁਕੀ ਹੈ ਪਰ ਸਖਤ ਐਕਸ਼ਨ ਨਾ ਲੈਣ ਕਰਕੇ ਇਹ ਚਲਨ ਰੁਕਣ ਦੀ ਥਾਂ ਵਧਦਾ ਜਾ ਰਿਹਾ ਹੈ। ਲੋੜ ਹੈ ਕਿ ਜਾਗਰੂਕਤਾ ਲਹਿਰ ਵੀ ਚਲਾਈ ਜਾਏ ਅਤੇ ਸਖਤੀ ਵੀ ਕੀਤੀ ਜਾਵੇ।