ਮੋਦੀ-ਰਥ ਅਤੇ ਭਾਈਵਾਲ ਪਾਰਟੀਆਂ ਦੀ ਬਦਲੀ ਸੁਰ

-ਜਤਿੰਦਰ ਪਨੂੰ
ਚੰਡੀਗੜ੍ਹ ਵਿਚ ਇਸ ਹਫਤੇ ਆਈ ਬੀਬੀ ਮਾਇਆਵਤੀ ਅਤੇ ਕੁਝ ਹੋਰ ਵੱਡੇ ਆਗੂਆਂ ਦੇ ਇਨ੍ਹਾਂ ਬਿਆਨਾਂ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੇਲੇ ਤੋਂ ਪਹਿਲਾਂ ਪਾਰਲੀਮੈਂਟ ਚੋਣਾਂ ਕਰਵਾਉਣ ਦਾ ਜੂਆ ਖੇਡ ਸਕਦੇ ਹਨ। ਏਦਾਂ ਦੀਆਂ ਗੱਲਾਂ ਹਰ ਪੱਕੇ ਪੈਰੀਂ ਚੱਲਦੀ ਸਰਕਾਰ ਦੇ ਵਕਤ ਸੁਣੀਆਂ ਜਾ ਸਕਦੀਆਂ ਹਨ। ਦੋਂਹ ਲੋਕ ਸਭਾ ਸੀਟਾਂ ਉਤੇ ਭਾਜਪਾ ਦੀ ਹਾਰ ਨੇ ਇਨ੍ਹਾਂ ਗੱਲਾਂ ਨੂੰ ਰੋਕਿਆ ਨਹੀਂ, ਸਗੋਂ ਹੋਰ ਤੇਜ਼ ਕਰ ਦਿੱਤਾ ਹੈ। ਪਹਿਲੇ ਦਿਨ ਇਹ ਸਮਝਿਆ ਜਾਂਦਾ ਸੀ ਕਿ ਇਸ ਝਟਕੇ ਪਿੱਛੋਂ ਭਾਜਪਾ ਆਪਣੀ ਕਮਜ਼ੋਰੀ ਦੂਰ ਕਰਨ ਲਈ ਕੁਝ ਸਮਾਂ ਲਾਉਣਾ ਅਤੇ ਅਗਲੇ ਸਾਲ ਤੱਕ ਲਈ ਚੋਣਾਂ ਟਾਲ ਦੇਣਾ ਚਾਹੇਗੀ। ਬਾਅਦ ਵਿਚ ਕੁਝ ਕਿਆਫੇ ਲਾਉਣ ਵਾਲੇ ਮਾਹਰਾਂ ਨੇ ਇਹ ਮੁਹਾਰਨੀ ਰਟਣ ਵਾਲਾ ਕੰਮ ਛੋਹ ਦਿੱਤਾ ਕਿ ਇਸੇ ਕਮਜ਼ੋਰੀ ਕਾਰਨ ਹੋਰ ਖੋਰਾ ਲੱਗਣ ਤੋਂ ਡਰਦੀ ਭਾਜਪਾ ਚੋਣਾਂ ਦਾ ਜੂਆ ਖੇਡਣ ਵਾਲੀ ਹੈ। ਭਾਜਪਾ ਨੇ ਅਸਲ ਵਿਚ ਕੀ ਕਰਨਾ ਹੈ, ਇਹ ਸਿਰਫ ਨਰਿੰਦਰ ਮੋਦੀ ਨੂੰ ਪਤਾ ਹੈ, ਅਮਿਤ ਸ਼ਾਹ ਨੂੰ ਵੀ ਨਹੀਂ।

ਜਿਹੜੀ ਗੱਲ ਕਿਸੇ ਤੋਂ ਵੀ ਲੁਕੀ ਨਹੀਂ, ਉਹ ਇਹ ਹੈ ਕਿ ਭਾਜਪਾ ਦੇ ਸਹਿਯੋਗੀਆਂ ਵਿਚ ਏਦਾਂ ਦੇ ਕਿਆਫਿਆਂ ਦੇ ਨਾਲ ਘਬਰਾਹਟ ਦੀ ਲਹਿਰ ਚੱਲ ਨਿਕਲੀ ਹੈ। ਸ਼ਿਵ ਸੈਨਾ ਵਾਲਿਆਂ ਨੇ ਘਬਰਾਹਟ ਦੀ ਲਹਿਰ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਅਗਲੀ ਵਾਰ ਦੀਆਂ ਪਾਰਲੀਮੈਂਟ ਚੋਣਾਂ ਭਾਜਪਾ ਦੇ ਗੱਠਜੋੜ ਦਾ ਅੰਗ ਬਣ ਕੇ ਨਹੀਂ ਲੜਨਗੇ, ਪਰ ਹੋਰ ਕਈ ਧਿਰਾਂ ਨੇ ਐਨ. ਡੀ. ਏ. ਗੱਠਜੋੜ ਦੇ ਅੰਦਰੋਂ ਹੁਣ ਇਹੋ ਜਿਹੀਆਂ ਸੁਰਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੇ ਕਾਰਨ ਓਹਲਾ ਨਹੀਂ ਰਿਹਾ ਕਿ ਘਬਰਾਹਟ ਕਾਫੀ ਵਧੀ ਜਾ ਰਹੀ ਹੈ। ਇਹ ਘਬਰਾਹਟ ਪੰਜਾਬ ਤੱਕ ਵੀ ਆ ਪਹੁੰਚੀ ਹੈ ਤੇ ਅਕਾਲੀ ਭਾਈ ਵੀ ਭਾਜਪਾ ਤੋਂ ਫਾਸਲਾ ਪਾਉਣ ਲੱਗੇ ਹਨ। ਕਈ ਹੋਰ ਰਾਜਾਂ ਵਿਚ ਵੀ ਇਹੋ ਹਾਲਤ ਬਣ ਰਹੀ ਹੈ।
ਜ਼ਰਾ ਇੱਕ ਮਹੀਨਾ ਪਹਿਲਾਂ ਤੱਕ ਦੇ ਹਾਲਾਤ ਨੂੰ ਚੇਤੇ ਕਰੀਏ ਤਾਂ ਇਸ ਗੱਠਜੋੜ ਵਿਚੋਂ ਇੱਕ ਸ਼ਿਵ ਸੈਨਾ ਤੋਂ ਬਿਨਾ ਕੋਈ ਪਾਰਟੀ ਵੀ ਏਨੀ ਜੁਰਅਤ ਵਾਲੀ ਨਹੀਂ ਸੀ ਕਿ ਭਾਜਪਾ ਤੇ ਕੇਂਦਰ ਸਰਕਾਰ ਦੇ ਖਿਲਾਫ ਕੁਝ ਬੋਲਣ ਅਤੇ ਨਰਿੰਦਰ ਮੋਦੀ ਦੀ ਨਾਰਾਜ਼ਗੀ ਸਹੇੜਨ ਬਾਰੇ ਸੋਚ ਸਕਦੀ ਹੋਵੇ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦੌਰੇ ਵੇਲੇ ਕੇਂਦਰ ਦੀ ਸਰਕਾਰ ਵਿਚ ਪੰਜਾਬ ਦੀ ਇਕਲੌਤੀ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੀ ਇੱਕੋ-ਇੱਕ ਪ੍ਰਤੀਨਿਧ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅੰਮ੍ਰਿਤਸਰ ਆ ਕੇ ਵਿਦੇਸ਼ੀ ਮਹਿਮਾਨ ਦਾ ਸਵਾਗਤ ਕਰਨ ਤੋਂ ਰੋਕ ਦੇਣ ਦਾ ਵਿਰੋਧ ਵੀ ਲੁਕਵੀਂ ਧਿਰ ਕੋਲੋਂ ਕਰਵਾਇਆ ਸੀ ਤੇ ਸਿੱਧੇ ਅੱਖ ਵਿਚ ਅੱਖ ਪਾ ਕੇ ਗੱਲ ਨਹੀਂ ਸੀ ਕਰ ਸਕੇ।
ਹੁਣ ਨਵੇਂ ਹਾਲਾਤ ਵਿਚ ਇੱਕ ਅਕਾਲੀ ਰਾਜ ਸਭਾ ਮੈਂਬਰ ਨੇ ਕੇਂਦਰ ਦੀ ਸਰਕਾਰ ਉਤੇ ਗੱਠਜੋੜ ਦੇ ਭਾਈਵਾਲਾਂ ਨੂੰ ਅਣਗੌਲੇ ਕਰਨ ਦਾ ਦੋਸ਼ ਲਾ ਦਿੱਤਾ ਹੈ। ਰਾਮ ਵਿਲਾਸ ਪਾਸਵਾਨ ਬਾਰੇ ਸਮਝਿਆ ਜਾਂਦਾ ਹੈ ਕਿ ਭਾਰਤੀ ਰਾਜਨੀਤੀ ਵਿਚ ਉਹ ਸਾਰਿਆਂ ਤੋਂ ਵੱਡਾ ਮੌਸਮ ਵਿਗਿਆਨੀ ਹੈ, ਜੋ ਬਦਲਣ ਲੱਗੇ ਰਾਜਸੀ ਹਾਲਾਤ ਬਾਰੇ ਸਭ ਤੋਂ ਤੇਜ਼ ਸੋਚਦਾ ਤੇ ਕਦਮ ਚੁਕਦਾ ਹੈ। ਮੰਤਰੀ ਹੋਣ ਕਾਰਨ ਹਾਲੇ ਤੱਕ ਉਹ ਖੁਦ ਚੁੱਪ ਹੈ, ਪਰ ਗੋਰਖਪੁਰ ਤੇ ਫੂਲਪੁਰ-ਦੋਵਾਂ ਲੋਕ ਸਭਾ ਸੀਟਾਂ ਤੋਂ ਭਾਜਪਾ ਦੀ ਹਾਰ ਪਿੱਛੋਂ ਉਸ ਨੇ ਆਪਣੇ ਪੁੱਤਰ ਤੋਂ ਭਾਜਪਾ ਅਤੇ ਐਨ. ਡੀ. ਏ. ਗੱਠਜੋੜ ਦੇ ਖਿਲਾਫ ਬਿਆਨ ਜਾਰੀ ਕਰਵਾ ਦਿੱਤਾ ਹੈ। ਫਿਰ ਵੀ ਸਭ ਤੋਂ ਵੱਧ ਹੈਰਾਨੀਜਨਕ ਪੈਂਤੜਾ ਚੰਦਰ ਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਵਰਤਿਆ ਹੈ।
ਆਂਧਰਾ ਪ੍ਰਦੇਸ਼ ਵਿਚ ਕਾਂਗਰਸ ਇਸ ਵਕਤ ਵੱਡੀ ਧਿਰ ਨਹੀਂ ਗਿਣੀ ਜਾਂਦੀ। ਉਥੇ ਚੰਦਰ ਬਾਬੂ ਨਾਇਡੂ ਦੀ ਤੈਲਗੂ ਦੇਸਮ ਅਤੇ ਜਗਨ ਮੋਹਨ ਰੈਡੀ ਦੀ ਅਗਵਾਈ ਹੇਠ ਚੱਲ ਰਹੀ ਵਾਈ. ਐਸ਼ ਆਰ. ਕਾਂਗਰਸ ਦਾ ਭੇੜ ਹੋਣਾ ਹੈ। ਰੈਡੀ ਵਾਲੀ ਪਾਰਟੀ ਨੇ ਪਿਛਲੇ ਦਿਨੀਂ ਕੇਂਦਰ ਵਿਰੁਧ ਝੰਡਾ ਚੁੱਕਿਆ ਸੀ ਕਿ ਨਰਿੰਦਰ ਮੋਦੀ ਨੇ ਚਾਰ ਸਾਲ ਪਹਿਲਾਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਾਅਦਾ ਕਰ ਕੇ ਫਿਰ ਨਿਭਾਇਆ ਨਹੀਂ ਸੀ। ਉਦੋਂ ਉਸ ਰਾਜ ਵਿਚ ਪਾਰਲੀਮੈਂਟ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਈਆਂ ਸਨ ਤੇ ਤੈਲਗੂ ਦੇਸਮ ਅਤੇ ਭਾਜਪਾ ਦਾ ਗੱਠਜੋੜ ਹੋਣ ਕਾਰਨ ਚੰਦਰ ਬਾਬੂ ਨਾਇਡੂ ਇਹ ਭਰੋਸਾ ਜਤਾਉਂਦਾ ਰਿਹਾ ਸੀ ਕਿ ਕੇਂਦਰ ਤੋਂ ਵਿਸ਼ੇਸ਼ ਦਰਜਾ ਦਿਵਾ ਲੈਣਾ ਹੈ।
ਦਰਜਾ ਮਿਲ ਨਹੀਂ ਸੀ ਸਕਦਾ, ਕਿਉਂਕਿ ਇਥੇ ਦਿੰਂਦੇ ਤਾਂ ਬਿਹਾਰ ਵਿਚ ਨਿਤੀਸ਼ ਕੁਮਾਰ ਇਹੋ ਮੰਗ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਤੋਂ ਕਰ ਰਿਹਾ ਹੈ, ਉਸ ਨੂੰ ਵੀ ਇਹੋ ਕੁਝ ਦੇਣਾ ਪੈਣਾ ਸੀ। ਨਰਿੰਦਰ ਮੋਦੀ ਖੁਦ ਤਾਂ ਚੁੱਪ ਰਹੇ ਤੇ ਅਰੁਣ ਜੇਤਲੀ ਤੋਂ ਮੰਗ ਨਾ ਮੰਨਣ ਵਾਲਾ ਬਿਆਨ ਦਿਵਾ ਦਿੱਤਾ। ਇਸੇ ਨੂੰ ਬਹਾਨਾ ਬਣਾ ਕੇ ਚੰਦਰ ਬਾਬੂ ਨਾਇਡੂ ਨੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਤੇ ਕੇਂਦਰ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨ ਵੀ ਤੁਰ ਪਏ।
ਅਸਲ ਵਿਚ ਨਾਇਡੂ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਦਰਜੇ ਦੀ ਓਨੀ ਵੱਡੀ ਲੋੜ ਨਹੀਂ, ਜਿੰਨੀ ਆਪਣੇ ਲੋਕਾਂ ਨੂੰ ਇਹ ਦਿਖਾਉਣ ਦੀ ਹੈ ਕਿ ਆਂਧਰਾ ਪ੍ਰਦੇਸ਼ ਦੇ ਹਿੱਤਾਂ ਲਈ ਉਹ ਕੁਰਸੀ ਦਾ ਮੋਹ ਵੀ ਛੱਡਣ ਨੂੰ ਤਿਆਰ ਹੈ, ਪਰ ਉਸ ਦੀ ਗੱਲ ਨਹੀਂ ਬਣ ਸਕੀ। ਜਗਨ ਮੋਹਨ ਰੈਡੀ ਦੇ ਹੱਥ ਪਹਿਲ ਹੋਣ ਕਾਰਨ ਹੁਣ ਚੰਦਰ ਬਾਬੂ ਦੀ ਪਾਰਟੀ ਵੀ ਉਨ੍ਹਾਂ ਤੋਂ ਅੱਗੇ ਨਿਕਲਣ ਲਈ ਭਾਜਪਾ ਦੇ ਵਿਰੋਧ ਵਿਚ ਤਿੱਖੇ ਬਿਆਨਾਂ ਦੇ ਉਸ ਰਾਹੇ ਪੈਂਦੀ ਜਾਂਦੀ ਹੈ, ਜੋ ਭਾਜਪਾ ਤੇ ਤੈਲਗੂ ਦੇਸਮ ਨੂੰ ਸੱਚਮੁੱਚ ਲੜਾਉਣ ਤੱਕ ਜਾ ਸਕਦੇ ਹਨ।
ਜਿਹੜੀ ਗੱਲ ਸਭ ਤੋਂ ਵੱਧ ਹੈਰਾਨੀ ਨਾਲ ਅਜੇ ਤੱਕ ਸੋਚੀ ਜਾ ਰਹੀ ਹੈ, ਉਹ ਇਹ ਹੈ ਕਿ ਗੋਰਖਪੁਰ ਤੇ ਫੂਲਪੁਰ-ਦੋਵੇਂ ਲੋਕ ਸਭਾ ਸੀਟਾਂ ਤੋਂ ਭਾਜਪਾ ਦੀ ਹਾਰ ਕਿਵੇਂ ਹੋ ਗਈ? ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਆਦਿਤਿਆਨਾਥ ਤੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ-ਦੋਹਾਂ ਦਾ ਇੱਟ-ਖੜਿੱਕਾ ਏਨਾ ਜ਼ਿਆਦਾ ਹੈ ਕਿ ਦੋਹਾਂ ਨੇ ਇੱਕ-ਦੂਸਰੇ ਦੀਆਂ ਜੜ੍ਹਾਂ ਟੁੱਕਣ ਲਈ ਆਪਣੇ ਬੰਦਿਆਂ ਨੂੰ ਹਰੀ ਝੰਡੀ ਦੇ ਰੱਖੀ ਸੀ ਤੇ ਦੋਹਾਂ ਨੂੰ ਕੇਂਦਰ ਸਰਕਾਰ ਵਿਚੋਂ ਵੀ ਕੁਝ ਲੋਕਾਂ ਦੀ ਹਮਾਇਤ ਮਿਲ ਰਹੀ ਸੀ। ਇਹ ਸਿਰਫ ਇੱਕ ਪੱਖ ਹੈ। ਦੂਸਰਾ ਪੱਖ ਇਹ ਵੀ ਹੈ ਕਿ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਇਕੱਠੀਆਂ ਹੋ ਗਈਆਂ ਸਨ।
ਤੀਸਰਾ ਤੇ ਵੱਡਾ ਪੱਖ ਉਥੇ ਲੋਕਾਂ ਦਾ ਮੋੜ ਕੱਟਣਾ ਹੈ। ਜਿਹੜੀ ਕਾਂਗ ਪਿਛਲੇ ਸਾਲ ਮਾਰਚ ਤੋਂ ਮਈ ਤੱਕ ਉਸ ਰਾਜ ਵਿਚ ਭਾਜਪਾ ਦੇ ਪੱਖ ਵਿਚ ਵੇਖੀ ਜਾਂਦੀ ਸੀ, ਇਸ ਵੇਲੇ ਦਿਖਾਈ ਨਹੀਂ ਦੇ ਰਹੀ ਤੇ ਇਸ ਦਾ ਕਾਰਨ ਉਥੋਂ ਦੇ ਲੋਕਾਂ ਦਾ ਨੀਂਦ ਤੋਂ ਅੱਖ ਪੁੱਟਣ ਦਾ ਵਰਤਾਰਾ ਹੈ। ਉਹ ਲੋਕ ਰਾਮ-ਰਾਮ ਜਪਣ ਨੂੰ ਤਿਆਰ ਹਨ, ਪਰ ਇਸ ਕੰਮ ਲਈ ਵੀ ਢਿੱਡ ਵਿਚ ਰੋਟੀਆਂ ਚਾਹੀਦੀਆਂ ਹਨ ਤੇ ਭਾਜਪਾ ਸਰਕਾਰ ਉਸ ਰਾਜ ਵਿਚ ਹਰ ਥਾਂ ਭਗਵਾਂ ਰੰਗ ਚਾੜ੍ਹਨ ਤੋਂ ਸਿਵਾ ਕੁਝ ਕਰ ਨਹੀਂ ਰਹੀ। ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਸੈਕਟਰੀਏਟ ਦੇ ਰੰਗ ਬਦਲਣ ਪਿੱਛੋਂ ਰੋਡਵੇਜ਼ ਵਾਂਗ ਚੱਲਦੀਆਂ ਸਰਕਾਰੀ ਬੱਸਾਂ ਦਾ ਰੰਗ ਵੀ ਭਗਵਾਂ ਕੀਤਾ ਪਿਆ ਹੈ, ਪਰ ਭੋਖੜੇ ਦਾ ਇਲਾਜ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਦੀ ਝਲਕ ਖੁਦ ਮੁੱਖ ਮੰਤਰੀ ਦੇ ਹਲਕੇ ਗੋਰਖਪੁਰ ਤੋਂ ਮਿਲ ਗਈ ਹੈ।
ਬਹੁਤ ਸਾਰੇ ਰਾਜਸੀ ਮਾਹਰਾਂ ਦਾ ਖਿਆਲ ਹੈ ਕਿ ਇਸ ਵਕਤ ਭਾਰਤ ਇੱਕ ਨਵੇਂ ਦੌਰ ਵਿਚ ਦਾਖਲ ਹੋਣ ਵੱਲ ਵਧ ਰਿਹਾ ਹੋ ਸਕਦਾ ਹੈ, ਪਰ ਇਹ ਖਿਆਲ ਕਾਹਲੀ ਸੋਚ ਵਿਚੋਂ ਉਗਿਆ ਵੀ ਹੋ ਸਕਦਾ ਹੈ। ਫਿਰ ਵੀ ਇਹ ਸਰਕਾਰ ਦੇ ਪੱਖ ਵਿਚ ਭੁਗਤਣ ਵਾਲੇ ਉਨ੍ਹਾਂ ਪ੍ਰਚਾਰਕਾਂ ਅੱਗੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ, ਜੋ ਕਹਿੰਦੇ ਹਨ ਕਿ ਮੋਦੀ-ਰੱਥ ਏਦਾਂ ਅੱਗੇ ਵਧੀ ਜਾਂਦਾ ਹੈ ਕਿ ਕੋਈ ਇਸ ਦੇ ਰਾਹ ਵਿਚ ਨਹੀਂ ਖੜੋ ਸਕਦਾ। ਉਨ੍ਹਾਂ ਨੂੰ ਹੁਣ ਮੋੜਵਾਂ ਸਵਾਲ ਇਹ ਪੁੱਛਿਆ ਜਾਣ ਲੱਗਾ ਹੈ ਕਿ ਜੇ ਮੋਦੀ-ਰੱਥ ਲਗਾਤਾਰ ਅੱਗੇ ਹੀ ਵਧ ਰਿਹਾ ਹੈ ਤਾਂ ਚਾਰ ਸਾਲ ਪਹਿਲਾਂ ਲੋਕ ਸਭਾ ਚੋਣਾਂ ਵਿਚ ਆਪਣੇ ਸਿਰ 282 ਸੀਟਾਂ ਜਿੱਤਣ ਵਾਲੀ ਭਾਜਪਾ ਦੀਆਂ ਹੁਣ ਉਸੇ ਲੋਕ ਸਭਾ ਅੰਦਰ ਵਧਣ ਦੀ ਥਾਂ ਘਟ ਕੇ 274 ਸੀਟਾਂ ਕਿਉਂ ਲਿਖੀਆਂ ਦਿਸਦੀਆਂ ਹਨ? ਅੱਠ ਸੀਟਾਂ ਕਿੱਥੇ ਗਈਆਂ? ਇਹ ਸਿਰਫ ਸਵਾਲ ਨਹੀਂ, ਇੱਕ ਕਿਸਮ ਦਾ ਸਪੀਡ-ਬਰੇਕਰ ਹੈ, ਜਿੱਥੇ ਜਾ ਕੇ ਕਿਸੇ ਨੂੰ ਵੀ ਅਗਲੇ ਪੈਂਡੇ ਬਾਰੇ ਸੋਚਣਾ ਪੈ ਸਕਦਾ ਹੈ।