‘ਆਪ’ ਦਾ ਆਪਸੀ ਘਮਸਾਣ

ਬਲਕਾਰ ਸਿੰਘ ਪ੍ਰੋਫੈਸਰ
ਕਾਲਜ ਵੇਲੇ ਸੁਣਦੇ ਹੁੰਦੇ ਸਾਂ ਕਿ ਮਾਰਸੀਅਨ ਨਤੀਜੇ ਮੁਤਾਬਕ ਸਰਮਾਏਦਾਰੀ ਨੂੰ ਉਸ ਦੇ ਆਪਣੇ ਹੀ ਕੀਟਾਣੂ ਅੰਦਰੋਂ ਖਾਂਦੇ ਰਹਿੰਦੇ ਹਨ। ਇਹ ਕਹਾਵਤ ਇਸ ਤਰ੍ਹਾਂ ਸਮਝ ਆਉਂਦੀ ਰਹੀ ਕਿ ਬੇਗਾਨੇ ਓਨਾ ਨਹੀਂ ਮਾਰਦੇ, ਜਿੰਨਾ ਆਪਣੇ ਮਾਰਦੇ ਹਨ। ਸਵਾਲ ਹੈ, ਕੀ ਆਮ ਆਦਮੀ ਪਾਰਟੀ (ਆਪ) ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਆਪ ਹੀ ‘ਆਪ’ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਵਾਲੇ ਰਾਹ ਪਿਆ ਹੋਇਆ ਹੈ? ਕੇਜਰੀਵਾਲ ਦੇ ਪੈਰੋਂ ਪੈਦਾ ਹੋ ਗਈ ਸਿਆਸੀ ਸਥਿਤੀ ਨੂੰ ਸਮਝਣ ਲਈ ਪੰਜਾਬੀ ਦਾ ਇਹ ਮੁਹਾਵਰਾ ਵਰਤਿਆ ਜਾ ਸਕਦਾ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ? ‘ਆਪ’ ਦੇ ਸਿਆਸੀ ਸੰਕਟ ਦਾ ਹੱਲ ਹੋ ਵੀ ਜਾਵੇ ਤਾਂ ਵੀ ਇਹ ਨਾ ਹੋਇਆਂ ਵਰਗਾ ਹੀ ਹੋਣਾ ਹੈ।

ਇਸ ਨਾਲ ਇਕ ਵਾਰ ਫਿਰ ਦਿੱਲੀ ਬਨਾਮ ਪੰਜਾਬ ਦਾ ਮਸਲਾ ਨਾ ਸੁਲਝਣ ਵਾਲੇ ਰਾਹ ਪੈ ਗਿਆ ਹੈ। ਕਿਸੇ ਵੀ ਦ੍ਰਿਸ਼ਟੀ ਤੋਂ ਵੇਖਣ ਲਈ ਇਸ ਸੱਚਾਈ ਨੂੰ ਧਿਆਨ ਵਿਚ ਰੱਖ ਲੈਣਾ ਚਾਹੀਦਾ ਹੈ ਕਿ ਸਿਆਸਤ ਵਿਚ ਜੋ ਚੜ੍ਹਤ ਅਚਾਨਕ ਅਤੇ ਅਚੰਭਿਤ ਹੁੰਦੀ ਹੈ, ਉਸ ਦੀ ਉਮਰ ਬਹੁਤੀ ਲੰਬੀ ਨਹੀਂ ਹੁੰਦੀ। ਕੇਜਰੀਵਾਲ-ਸਿਆਸਤ ਵੀ ਅਜਿਹੀ ਸਪੇਸ ਵਿਚੋਂ ਪੈਦਾ ਹੋਈ ਸੀ, ਜਿਸ ਦਾ ਆਧਾਰ ਆਲੇ-ਦੁਆਲੇ ਖਿਲਰੀ ਸਿਆਸੀ ਲੋੜ ਤਾਂ ਸੀ, ਪਰ ਇਸ ਦਾ ਕੋਈ ਸਿਧਾਂਤਕੀ ਆਧਾਰ ਸਾਹਮਣੇ ਨਹੀਂ ਆ ਸਕਿਆ।
‘ਆਪ’ ਦੀ ਧਰਾਤਲ ਅੰਨਾ ਹਜ਼ਾਰੇ ਦੀ ਭਾਈਚਾਰਕ ਮੁਹਿੰਮ ਨਾਲ ਪੈਸੇ ਵਾਲੇ, ਸੋਚਣ ਵਾਲੇ ਅਤੇ ਬਦਲਾਵ ਦੇ ਇੱਛੁਕ ਆਪਣੇ ਆਪ ਆ ਜੁੜੇ ਸਨ। ਇਸ ਅਚਨਚੇਤੀ ਉਭਾਰ ਨਾਲ ਜੋ ਵੀ ਰਲਦੇ ਗਏ, ਉਨ੍ਹਾਂ ਸਭ ਨੂੰ ਕੇਜਰੀਵਾਲ ਨੇ ਸਾਥੀਆਂ ਦੇ ਵਿਰੋਧ ਦੇ ਬਾਵਜੂਦ ਸਿਆਸੀ ਪਾਰਟੀ ਦੇ ਐਲਾਨ ਵਾਸਤੇ ਆਧਾਰ ਮੰਨ ਲਿਆ ਸੀ। ਅਜਿਹੇ ਭਾਵੁਕ ਰੋੜ੍ਹ ਦੇ ਨਤੀਜੇ, ਅਜਿਹੇ ਹੀ ਨਿਕਲਦੇ ਹਨ, ਜਿਹੋ ਜਿਹੇ ਕੇਜਰੀਵਾਲ ਦੇ ਹੱਕ ਅਤੇ ਵਿਰੋਧ ਵਿਚ ਉਸੇ ਤਰ੍ਹਾਂ ਭੁਗਤਣ ਵਾਲੇ ਰਾਹ ਪੈਂਦੇ ਰਹੇ ਹਨ, ਜਿਹੋ ਜਿਹੇ ਰਾਹ ਪੈਣ ਦਾ ਲਾਹਾ ਦਿੱਲੀ ਦੀ ਅਣਕਿਆਸੀ ਵਿਧਾਨ ਸਭਾਈ ਜਿੱਤ ਨਾਲ ਸਾਹਮਣੇ ਆ ਗਿਆ ਸੀ। ਅਜਿਹੀ ਚੜ੍ਹਤ ਦਾ ਪਹਿਲਾ ਇਮਤਿਹਾਨ ਚੜ੍ਹਤ ਦੀ ਪਹਿਲੀ ਕਤਾਰ ਨੂੰ ਅਕਸਰ ਦੇਣਾ ਪੈਂਦਾ ਹੈ। ਇਸ ਦਾ ਅੰਦਾਜ਼ਾ ਜੋਗਿੰਦਰ ਯਾਦਵ ਅਤੇ ਕੁਮਾਰ ਵਿਸ਼ਵਾਸ਼ ਵਰਗੇ ਬਹੁਤ ਸਾਰਿਆਂ ਨਾਲ ਵਾਪਰੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ। ਇਸ ਸਥਿਤੀ ਦਾ ਲਾਹਾ ਉਹ ਲੋਕ ਲੈਣ ਲੱਗ ਪੈਂਦੇ ਹਨ, ਜਿਨ੍ਹਾਂ ਨੂੰ ਆਪਣੀਆਂ ਲੱਤਾਂ ਦੀ ਥਾਂ ਲੀਡਰ ਦੀਆਂ ਲੱਤਾਂ ਨਾਲ ਭੱਜ ਸਕਣ ਦਾ ਯਕੀਨ ਹੋ ਜਾਂਦਾ ਹੈ। ਅਜਿਹੀ ਭੀੜ ਕੋਲ ਗੁਆਉਣ ਨੂੰ ਕੁਝ ਨਹੀਂ ਹੁੰਦਾ ਅਤੇ ਜਦੋਂ ਕਦੇ ਕੀਮਤ ਦੇਣ ਦੀ ਲੋੜ ਪਵੇ ਤਾਂ ਉਹ ਨਾਲ ਵੀ ਨਹੀਂ ਨਿਭਦੇ ਤੇ ਨਤੀਜਿਆਂ ਦੀ ਕੀਮਤ ਪਾਰਟੀ ਦੀ ਥਾਂ ਲੀਡਰ ਨੂੰ ਹੀ ਦੇਣੀ ਪੈਂਦੀ ਹੈ।
ਸਿਧਾਂਤਹੀਣ ਭਾਵੁਕ ਸਿਆਸਤ ਦਾ ਨਤੀਜਾ ਇਹੀ ਨਿਕਲਦਾ ਹੈ। ਇਸ ਵਿਚ ਵਾਧਾ ਇਹ ਹੁੰਦਾ ਰਹਿੰਦਾ ਹੈ ਕਿ ਲੀਡਰ ਨੂੰ ਹਰ ਕੋਈ ਇਕ ਦੂਜੇ ਦੇ ਖਿਲਾਫ ਵਰਤਣਾ ਸ਼ੁਰੂ ਕਰ ਦਿੰਦਾ ਹੈ। ਅਜਿਹੀ ਹਾਲਤ ਵਿਚ ਉਲਾਰ ਨਾਬਰੀ ਤੇ ਬੇਲਗਾਮ ਭੀੜ ਹੀ ਸਿਆਸੀ ਲੋੜ ਅਤੇ ਲੋੜੀਂਦੀ ਸਿਆਸੀ ਸਿਧਾਂਤਕੀ ਲੱਗਣ ਲੱਗ ਪੈਂਦੀ ਹੈ। ‘ਆਪ’ ਨਾਲ ਇਹ ਸਭ ਕੁਝ ਵਾਪਰ ਚੁਕਾ ਹੈ ਅਤੇ ਇਸ ਦੇ ਨਤੀਜੇ ਸਾਹਮਣੇ ਆ ਹੀ ਰਹੇ ਸਨ ਕਿ ਕੇਜਰੀਵਾਲ ਦਾ ਮੁਆਫੀਨਾਮਾ ਪੰਜਾਬ ਦੇ ਹਵਾਲੇ ਨਾਲ ਸਿਆਸੀ ਮੁੱਦਾ ਬਣ ਗਿਆ ਹੈ।
‘ਆਪ’ ਦੀ ਸਿਆਸਤ ਵਿਚ ਕੇਂਦਰ ਵਿਚ ਕੀ ਰੱਖਣਾ ਹੈ ਅਤੇ ਹਾਸ਼ੀਏ ‘ਤੇ ਕੀ ਰੱਖਣਾ ਹੈ, ਇਸ ਬਾਰੇ ਸੋਚੇ ਜਾਣ ਦੀ ਕਿਸੇ ਨੂੰ ਕਦੇ ਲੋੜ ਹੀ ਮਹਿਸੂਸ ਨਹੀਂ ਹੋਈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਧਾਂਤ ਮੁਕਤ ਸਿਆਸਤ ਵਿਚ ਅਜਿਹੀਆਂ ਬਾਰੀਕੀਆਂ ਦੀ ਕੋਈ ਸੰਭਾਵਨਾ ਹੀ ਨਹੀਂ ਹੁੰਦੀ। ਅਜਿਹੀਆਂ ਸਥਿਤੀਆਂ ਸਿਧਾਂਤਕੀ ਦੁਆਲੇ ਉਸਰੀਆਂ ਲਹਿਰਾਂ ਵਿਚ ਵੀ ਪੈਦਾ ਹੁੰਦੀਆਂ ਰਹੀਆਂ ਹਨ ਅਤੇ ਵੱਡੀ ਕੀਮਤ ਦੇ ਕੇ ਸੰਭਲਦੀਆਂ ਵੀ ਰਹੀਆਂ ਹਨ। ਕੇਜਰੀਵਾਲ ਨੇ ਮੁਲੰਕਣ ਕਰਕੇ ਨਿਰਣਾ ਲੈਣ ਦਾ ਕਿਸੇ ਨੂੰ ਮੌਕਾ ਹੀ ਨਹੀਂ ਦਿੱਤਾ। ਇਸੇ ਦਾ ਸਿੱਟਾ ਹੈ ਕਿ ਕੇਜਰੀਵਾਲ, ਮਹਾਤਮਾ ਗਾਂਧੀ ਹੋਏ ਬਿਨਾ ‘ਆਪ’ ਦੇ ਗਾਂਧੀ ਵਜੋਂ ਵਿਚਰਨ ਲੱਗ ਪਿਆ ਸੀ ਅਤੇ ਬੇਲੋੜੀਆਂ ਸਿਆਸੀ ਧੁਰਲੀਆਂ ਮਾਰਦਾ ਮਾਰਦਾ ਭਾਜਪਾ ਦਾ ਮੋਦੀ ਹੋਣ ਦਾ ਭਰਮ ਪਾਲਣ ਲੱਗ ਪਿਆ ਹੈ। ਪਤਾ ਨਹੀਂ ਕਿਉਂ, ਉਸ ਨੂੰ ਇਹ ਸੋਚਣ ਦੀ ਕਦੇ ਲੋੜ ਹੀ ਨਹੀਂ ਜਾਪਦੀ ਕਿ ਉਸ ਨਾਲ ਆਈ ਖੱਬੀ ਮਾਨਸਿਕਤਾ, ਸਿੱਖ ਮਾਨਸਿਕਤਾ, ਹਿੰਦੂ ਮਾਨਸਿਕਤਾ ਅਤੇ ਸਿਆਸੀ ਮੌਕਾਪ੍ਰਸਤੀ ਵਾਲੀ ਭੀੜ ਦੇ ਵਜੂਦ ਸਮੋਏ ਪਰਸਪਰ ਭੇੜ ਨੂੰ ਇਕੱਠਿਆਂ ਕਿਵੇਂ ਤੋਰਨਾ ਹੈ?
ਇਸ ਵਿਚ ਵਾਧਾ ਇਹ ਹੋ ਗਿਆ ਕਿ ਦਿੱਲੀ ਦੀ ਗੱਦੀ ਹੱਥ ਆ ਜਾਣ ਨਾਲ ਸਿਆਸਤ ਦੇ ਖੁਸ਼ਾਮਦੀ ਸਭਿਆਚਾਰ ਦਾ ਉਹ ਸਿਆਸੀ ਮਸੀਹਾ ਹੋ ਗਿਆ ਸੀ। ਜਿਨ੍ਹਾਂ ਨੇ ਉਸ ਨੂੰ ਇਥੋਂ ਤੱਕ ਪਹੁੰਚਾਇਆ ਸੀ, ਉਨ੍ਹਾਂ ਵੱਲ ਮੁੜ ਕੇ ਵੇਖਣ ਦੇ ਮੌਕੇ ਉਸ ਦੇ ਹੱਥੋਂ ਲਗਾਤਾਰ ਖਿਸਕਦੇ ਗਏ ਅਤੇ ਉਹ ਭਾਰਤੀ ਪ੍ਰਸੰਗ ਵਿਚ ਵਿਚਰਦੇ ਆਮ ਸਿਆਸਤਦਾਨਾਂ ਵਰਗਾ ਸਿਆਸਤਦਾਨ ਹੋਣ ਵਾਲੇ ਰਾਹ ਮੁੱਖ ਮੰਤਰੀ ਬਣਦਿਆਂ ਹੀ ਪੈ ਗਿਆ ਸੀ।
ਜੋ ਹੁੰਗਾਰਾ ਉਸ ਨੂੰ ਪੰਜਾਬ ਵਿਚੋਂ ਮਿਲਿਆ, ਉਸ ਨੂੰ ਸਮਝਣ ਦੀ ਥਾਂ ਉਸ ਨੇ ਇਸ ਨੂੰ ਨਿਜੀ ਪ੍ਰਾਪਤੀ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ। ਪੰਜਾਬ ਨੂੰ ਸਮਝੇ ਬਿਨਾ ਪੰਜਾਬ ਬਾਰੇ ਸਿਆਸੀ ਭਰਮ ਪਾਲਣ ਵਾਲਿਆਂ ਬਾਰੇ ਉਸ ਨੇ ਜਾਣਨ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਉਸ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਪੰਜਾਬ ਵਿਚ ਲਗਾਤਾਰ ਕਾਂਗਰਸੀ ਹਕੂਮਤਾਂ ਰਹਿਣ ਦੇ ਬਾਵਜੂਦ ਪੰਜਾਬ ਦਾ ਬਾਪੂ ਮਹਾਤਮਾ ਗਾਂਧੀ ਨਹੀਂ, ਗੁਰੂ ਸਾਹਿਬਾਨ ਹੀ ਰਹੇ ਹਨ। ਉਸ ਨੂੰ ਬਿਨਾ ਮਿਹਨਤ ਕੀਤਿਆਂ ਜਿਹੋ ਜਿਹਾ ਪੰਜਾਬੀਆਂ ਦਾ ਹੁੰਗਾਰਾ ਮਿਲ ਗਿਆ ਸੀ, ਉਸ ਨਾਲ ਉਸ ਨੂੰ ਇਹ ਵੀ ਸਮਝਣਾ ਚਾਹੀਦਾ ਸੀ ਕਿ ਪੰਜਾਬ ਕੇਂਦਰੀਕਰਣ ਦੀ ਸਿਆਸਤ ਦੇ ਵਿਰੁਧ ਲਗਾਤਾਰ ਭੁਗਤਿਆ ਹੈ। ਇਸ ਨੂੰ ਮਾਡਲ ਵਾਂਗ ਵਰਤਣ ਦੀ ਸਿਆਸਤ ਕਰਨ ਦੀ ਥਾਂ ਉਸ ਨੇ ਇਸ ਨੂੰ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਵਾਂਗ ਮਧੋਲਣਾ ਸ਼ੁਰੂ ਕਰ ਦਿੱਤਾ ਸੀ, ਉਸ ਤਰ੍ਹਾਂ ਤਾਂ ਕਾਂਗਰਸ ਅਤੇ ਭਾਜਪਾ ਨੇ ਵੀ ਨਹੀਂ ਸੀ ਕੀਤਾ। ਉਸ ਨੂੰ ਕੌਣ ਦੱਸੇ ਕਿ ਜਿਹੜੇ ਕਾਰਨਾਂ ਕਰਕੇ ਪੰਜਾਬ ਵਿਚ ਕਾਮਰੇਡਾਂ ਦੇ ਪੈਰ ਨਹੀਂ ਲੱਗੇ, ਉਨ੍ਹਾਂ ਦਾ ਸ਼ਿਕਾਰ ਹੋ ਜਾਣ ਵਾਲੇ ਰਾਹ ਉਹ ਕਿਉਂ ਪੈ ਗਿਆ ਹੈ? ਸਿਆਸਤ ਵਿਚ ਨਾ ਸਮਝਣ ਦੇ ਨਤੀਜੇ ਅਜਿਹੇ ਹੀ ਨਿਕਲਦੇ ਹਨ, ਜਿਹੋ ਜਿਹੇ ਕੇਜਰੀਵਾਲ ਨੂੰ ਭੁਗਤਣੇ ਪੈ ਰਹੇ ਹਨ।
ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕਿਉਂਕਿ ਕੈਪਟਨ ਸਰਕਾਰ ਦੇ ਵਿਰੁਧ ਜਿਸ ਤਰ੍ਹਾਂ ਦੇ ਭੰਡੀ ਪ੍ਰਚਾਰ ਵਿਚ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਪੈ ਗਈਆਂ ਹਨ ਅਤੇ ਇਸ ਦੀ ਮਦਦ ਜਿਸ ਤਰ੍ਹਾਂ ਅਕਾਲੀਆਂ ਦੀ ਸ਼ਹਿ ‘ਤੇ ਕੇਂਦਰ ਵਿਚ ਭਾਜਪਾ ਵਲੋਂ ਹੋਣ ਲੱਗੀ ਹੈ, ਉਸ ਨਾਲ ਸਿਆਸੀ ਮਾਹੌਲ ਉਹੋ ਜਿਹਾ ਹੀ ਪੈਦਾ ਹੁੰਦਾ ਜਾ ਰਿਹਾ ਹੈ, ਜਿਹੋ ਜਿਹਾ ਪੰਜਾਬ ਦੀਆਂ 2017 ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀ। ਇਸੇ ਵਿਚੋਂ ਪੰਜਾਬ ਵਿਚ ਤੀਜੀ ਧਿਰ ਦੀ ਸਿਆਸੀ ਭੂਮਿਕਾ ‘ਆਪ’ ਨੇ ਨਿਭਾਈ ਸੀ ਅਤੇ ਉਹ ਮੁੱਖ ਵਿਰੋਧੀ ਪਾਰਟੀ ਹੋ ਗਏ ਹਨ। ਪਹਿਲਾਂ ਹੀ ਲੋਕ ਮਾਨਸਿਕਤਾ ਵਿਚ ਹਰ ਰੰਗ ਦੇ ਸਿਆਸਤਦਾਨ ਦੀ ਸਾਖ ਬੁਰੀ ਤਰ੍ਹਾਂ ਖੁਰ ਚੁਕੀ ਹੈ, ਕੇਜਰੀਵਾਲ ਦੇ ਮੁਆਫੀਨਾਮੇ ਨੇ ਇਸ ਨੂੰ ਹੋਰ ਵੀ ਪੱਕਾ ਕਰ ਦਿੱਤਾ ਹੈ। ਪੰਜਾਬ ਨੂੰ ਸਮਝਣ ਵਾਲੇ ‘ਆਪ’ ਦੇ ਲੀਡਰਾਂ ਨੇ ਜਿਸ ਤਰ੍ਹਾਂ ਇਸ ਵਰਤਾਰੇ ਨਾਲੋਂ ਆਪਣੇ ਆਪ ਨੂੰ ਤੁਰਤ ਅੱਡ ਕੀਤਾ ਹੈ, ਉਸ ਨੂੰ ਜੇ ਕੇਜਰੀਵਾਲ ਸਮਝ ਲਵੇ ਤਾਂ ਉਸ ਦਾ ਪੰਜਾਬ ਵਿਚ ਆਉਣ-ਜਾਣ ਦਾ ਦਰਵਾਜਾ ਖੁਲ੍ਹਾ ਰਹਿ ਸਕਦਾ ਹੈ। ਨਹੀਂ ਸਮਝਿਆ ਤਾਂ ਕੇਜਰੀਵਾਲ ਦਾ ਇਸ਼ਤਿਹਾਰ ਲਾ ਸਕਣ ਦੀਆਂ ਸੰਭਾਵਨਾਵਾਂ ਵੀ ਪੰਜਾਬ ਵਿਚੋਂ ਖਤਮ ਹੋ ਸਕਦੀਆਂ ਹਨ।
ਪੰਜਾਬ ਦੀ ‘ਆਪ’ ਲੀਡਰਸ਼ਿਪ ਨੂੰ ਪੰਜਾਬ ਦੇ ਮਾਮਲਿਆਂ ਵਿਚ ਸੁਤੰਤਰ ਪਾਰਟੀ ਵਾਂਗ ਫੈਸਲੇ ਲੈ ਸਕਣ ਦਾ ਰਾਹ ਪੱਧਰਾ ਕਰਕੇ ਪੰਜਾਬ, ਕੌਮੀ ਰਾਜਨੀਤੀ ਵਿਚ ਕੇਜਰੀਵਾਲ ਦੇ ਬਹੁਤ ਕੰਮ ਆ ਸਕਦਾ ਹੈ। ਇਸ ਦਾ ਰਾਹ ਉਸ ਨੇ ‘ਆਪ’ ਦੇ ਵਿਧਾਇਕਾਂ ਨੂੰ ਦਿੱਲੀ ਸੱਦ ਕੇ ਮੁਆਫੀ ਮੰਗਣ ਵਰਗੀ ਹੀ ਇਕ ਹੋਰ ਸਿਆਸੀ ਗਲਤੀ ਕਰ ਲਈ ਹੈ। ਇਸ ਤੋਂ ਜੇ ਮੁੜਨ ਦੀਆਂ ਸੰਭਾਵਨਾਵਾਂ ਜਿਵੇਂ ਜਿਵੇਂ ਕਮਜ਼ੋਰ ਹੁੰਦੀਆਂ ਜਾਣਗੀਆਂ, ਤਿਵੇਂ ਤਿਵੇਂ ਪੰਜਾਬ ਵਿਚੋਂ ‘ਆਪ’ ਦਾ ਭਵਿਖ ਧੁੰਦਲਾ ਹੁੰਦਾ ਜਾਵੇਗਾ।