ਬਾਰਸ਼-ਬਰਕਤਾਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਵਰਤਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਇਸ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜ਼ਾਹਰ ਕੀਤਾ ਹੈ। ਪਿਛਲੇ ਲੇਖ ਵਿਚ ਉਨ੍ਹਾਂ ਪਰਬਤਾਂ ਦੀਆਂ ਉਚਾਣਾਂ ਅਤੇ ਉਨ੍ਹਾਂ ਦੀ ਪਾਕੀਜ਼ਗੀ ਦੀ ਗੱਲ ਕਰਦਿਆਂ ਕਿਹਾ ਸੀ, “ਪਰਬਤ, ਪਾਕੀਜ਼ਗੀ ਅਤੇ ਪਹਿਲਕਦਮੀ ਦਾ ਸੁੱਚਾ ਨਾਮ।

ਪਰ ਪਰਬਤਾਂ ‘ਤੇ ਮਨੁੱਖੀ ਹੋਂਦ ਨੇ ਇਸ ਦੇ ਬਿਰਖਾਂ, ਵਾਦੀਆਂ, ਝਾੜੀਆਂ ਅਤੇ ਪਰਬਤ-ਪਿੰਡੇ ਨੂੰ ਪ੍ਰਦੂਸ਼ਤ ਕਰਕੇ ਪਰਬਤੀ-ਨੈਣਾਂ ਵਿਚ ਹਿੰਝ ਭਰੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਬਾਰਸ਼ ਦੀਆਂ ਨਿਆਮਤਾਂ ਦੇ ਖਿਆਨਤਾਂ ਦੀ ਬਾਤ ਪਾਈ ਹੈ, “ਮੁਖੜਿਆਂ ‘ਤੇ ਖੁਸ਼ਹਾਲੀ, ਸੋਚ ਵਿਚ ਰੱਜ ਅਤੇ ਬਿਰਖ-ਝੋਲੀ ਵਿਚ ਹਰਿਆਵਲ ਦਾ ਨਿਉਂਦਾ ਧਰਨ ਵਾਲੀ ਬਾਰਸ਼ ਜਦ ਬੇਮੌਸਮੀ ਜਾਂ ਬਹੁਤਾਤ ਵਿਚ ਹੁੰਦੀ ਤਾਂ ਇਹ ਕਹਿਰਵਾਨ ਵੀ ਹੋ ਜਾਂਦੀ। ਕੱਚੇ ਕੋਠਿਆਂ, ਢਾਰਿਆਂ, ਕੁਲੀਆਂ ਨੂੰ ਢਾਹੁੰਦੀ, ਮਨੁੱਖ ਨੂੰ ਸਿਰ ਦੀ ਛੱਤ ਤੋਂ ਬੇਵਾ ਕਰ, ਦੋ ਡੰਗ ਦੀ ਰੋਟੀ ਦਾ ਫਿਕਰ ਬਣ ਜਾਂਦੀ।” ਉਹ ਪਾਠਕਾਂ ਨੂੰ ਚੇਤੇ ਕਰਾਉਂਦੇ ਹਨ, “ਬਾਰਸ਼ ਵਿਚ ਭਿੱਜੋ ਤਾਂ ਕਿ ਤੁਹਾਡੇ ਗੁਨਾਹ ਧੋਤੇ ਜਾਣ, ਤੁਹਾਡੀਆਂ ਕੁਤਾਹੀਆਂ ਦੇ ਦਾਗ ਮਿੱਟ ਜਾਣ, ਅਣਜਾਣੇ ਹੀ ਦੁਖਾਏ ਦਿਲਾਂ ਦੀ ਚੀਸ ਕੁਝ ਘੱਟ ਜਾਵੇ ਅਤੇ ਤੁਹਾਡੇ ਮਨ ਵਿਚ ਦਾਨਿਆਈ ਅਤੇ ਭਲਿਆਈ ਦਾ ਬੂਟਾ ਮੌਲਣ ਲੱਗ ਪਵੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਬਾਰਸ਼, ਬੱਦਲਾਂ ਦਾ ਆਪਣੇ ਪਿੰਡੇ ਤੋਂ ਜਲ-ਵਾਸ਼ਪਾਂ ਦਾ ਬੋਝ ਉਤਾਰਨਾ ਅਤੇ ਸੜ ਰਹੀ ਧਰਤ ਦੇ ਪਿੰਡੇ ਨੂੰ ਠਾਰਨਾ, ਪਾਣੀ ਲੋਚਦੀਆਂ ਫਸਲਾਂ, ਜੀਵ-ਜੰਤੂਆਂ ਦੀ ਪਿਆਸ ਮਿਟਾਉਣੀ ਅਤੇ ਖਲਕਤ ਦੇ ਮੂੰਹ ਵਿਚ ਰਿਜਕ-ਰੋਟੀ ਪਾਉਣੀ।
ਬਾਰਸ਼, ਬੱਦਲਾਂ ਸੰਗ ਇਕਮਿੱਕ ਹੋਏ ਵਾਸ਼ਪਾਂ ਦਾ ਵਜੂਦ। ਨਿੱਕੀਆਂ ਕਣੀਆਂ ਜਾਂ ਭੂਰ ਦਾ ਰੂਪ ਧਾਰ, ਇਕ ਸੰਗੀਤਕ ਆਬਸ਼ਾਰ ਨੂੰ ਪਾਣੀ ਲਈ ਆਹਾਂ ਭਰਦੇ ਰੱਕੜ ਦੇ ਨਾਮ ਕਰਨਾ।
ਬਾਰਸ਼ ਧਰਤੀ ਨੂੰ ਗਲੇ ਮਿਲਦੀ ਤਾਂ ਧਰਤੀ ਵਿਚੋਂ ਉਠ ਰਹੀ ਗੰਧਮੀ ਮਹਿਕ, ਮੁਹੱਬਤੀ ਮਿਲਾਪ ਦੇ ਪਲਾਂ ‘ਚ ਚਿਰੰਜੀਵਤਾ ਸਿਰਜ ਜਾਂਦੀ। ਇਉਂ ਲੱਗਦਾ ਜਿਉਂ ਧਰਤੀ ਗੱਭਣ ਹੋ, ਨਵੀਂ ਉਮੀਦ ਅਤੇ ਆਸ ਸਮੁੱਚੇ ਕਾਇਨਾਤੀ ਪਸਾਰੇ ਦੇ ਨਾਮ ਕਰਨ ਲਈ ਤਤਪਰਤਾ ਦਾ ਚੋਲਾ ਪਾਉਂਦੀ।
ਕਾਲੀਆਂ ਘਟਾਵਾਂ ਬਾਰਸ਼ ਦੀ ਆਮਦ ਦਾ ਸੁਖਦ ਸੁਨੇਹਾ। ਇਹ ਘਟਾਵਾਂ ਹੀ ਮੋਰਾਂ ਦੇ ਪੈਰਾਂ ਵਿਚ ਨਾਚ, ਪਰਿੰਦਿਆਂ ਦੇ ਖੰਭਾਂ ਵਿਚ ਫੈਲਾਅ ਅਤੇ ਕੋਇਲ ਦੀ ਹੂਕ ਵਿਚ ਪੀਆ ਮਿਲਣ ਦਾ ਹੋਕਰਾ ਧਰ ਜਾਂਦੀ।
ਬਾਰਸ਼, ਕਿਸਾਨ ਦੇ ਉਦਾਸ ਚਿਹਰੇ ਵਿਚ ਆਸ ਦਾ ਟਟਹਿਣਾ, ਹਰਾਸੀਆਂ ਆਸਾਂ ਦੀ ਝੋਲੀ ਵਿਚ ਉਮੀਦ ਦਾ ਜਾਗ ਅਤੇ ਤਿੜਕ ਰਹੇ ਸੁਪਨਿਆਂ ਨੂੰ ਸਿਉਣ ਦਾ ਸਬੱਬ। ਸਮੇਂ, ਸਥਾਨ ਅਤੇ ਸਥਿਤੀ ਅਨੁਸਾਰ ਇੰਦਰ ਦੇਵਤਾ ਮਿਹਰਬਾਨ ਹੋ ਜਾਵੇ ਤਾਂ ਧਰਤੀ ‘ਤੇ ਹੋਣ ਵਾਲੀ ਜਲਥਲ, ਮਨੁੱਖੀ ਚਿਹਰਿਆਂ ਦੀ ਰੌਣਕ, ਭੜੋਲੀਆਂ ਨੂੰ ਭਰ ਜਾਣ ਦੀ ਆਸ, ਘਰ ਦੇ ਬਨੇਰਿਆਂ ਨੂੰ ਲਿਪੇ ਜਾਣ ਦਾ ਚਾਅ ਅਤੇ ਘਰ ਬੈਠੀ ਕੋਠੇ ਜਿੱਡੀ ਧੀ ਨੂੰ ਘਰ ਤੋਂ ਵਿਦਾ ਕਰਨ ਦੇ ਖੁਆਬ ਦੀ ਅੰਗੜਾਈ।
ਬਾਰਸ਼ ਨਾਲ ਜੁੜੀਆਂ ਹੁੰਦੀਆਂ ਨੇ ਸਮੁੱਚੇ ਕੁਦਰਤੀ ਪਸਾਰੇ ਦੀਆਂ ਆਸਾਂ, ਉਮੀਦਾਂ ਅਤੇ ਉਮੰਗਾਂ ਦੀਆਂ ਤੰਦਾਂ। ਬਾਰਸ਼ ਸਿਰਫ ਧਰਤੀ ਦੇ ਪਿੰਡੇ ਨੂੰ ਹੀ ਨਮ ਨਹੀਂ ਕਰਦੀ ਸਗੋਂ ਅਧੇੜ ਸੁਪਨਿਆਂ, ਅਸਾਵੀਆਂ ਸੱਧਰਾਂ ਅਤੇ ਅਲਿਪਤ ਸਰੋਕਾਰਾਂ ਨੂੰ ਵੀ ਸੰਪੂਰਨਤਾ ਦਾ ਪੈਗਾਮ ਦਿੰਦੀ।
ਬਾਰਸ਼ ਹੀ ਬਿਰਖ ਦੇ ਪਿੰਡੇ ਨੂੰ ਧੋਂਦੀ, ਪੱਤਿਆਂ ਤੋਂ ਗਰਦ ਸਾਫ ਕਰਕੇ ਲਿਸ਼ਕੋਰਦੀ ਅਤੇ ਨਵੀਆਂ ਕਰੂੰਬਲਾਂ ਦਾ ਰੈਣ-ਬਸੇਰਾ ਸਿਰਜਦੀ। ਨਵੇਂ ਫੁੱਲਾਂ ਅਤੇ ਫਲਾਂ ਦਾ ਸੰਧਾਰਾ ਬਿਰਖ ਦੀ ਜੂਹੇ ਧਰਦੀ ਅਤੇ ਬਿਰਖ ਦੀ ਸੱਥ ਵਿਚ ਮਜਲਸਾਂ ਤੇ ਹਾਸੇ-ਖੇੜਿਆਂ ਦਾ ਇਕੱਠ ਕਰਦੀ।
ਬਾਰਸ਼, ਅਸੀਮ ਬਰਕਤਾਂ, ਬੇਗਿਣਤ ਨਿਆਮਤਾਂ ਅਤੇ ਬੇਹਿਸਾਬ ਮਾਨਵੀ ਸਰੋਕਾਰਾਂ ਦਾ ਸਬੱਬ। ਤੀਆਂ ਦਾ ਮੇਲਾ ਬਾਰਸ਼ ਦੇ ਦਿਨਾਂ ਦਾ ਸਭ ਤੋਂ ਸੁੰਦਰ ਸਮਾਂ, ਜਦੋਂ ਜਵਾਨ ਦਿਲਾਂ ਦੀਆਂ ਅੰਗੜਾਈਆਂ ਨੂੰ ਬੋਲਾਂ ਦੀ ਜ਼ੁਬਾਨ ਮਿਲਦੀ ਅਤੇ ਉਹ ਟਾਹਣ ਦੀ ਬਾਂਹ ਫੜ੍ਹ, ਅੰਬਰ ਨੂੰ ਗਲਵਕੜੀ ਵਿਚ ਲੈ ਲੈਂਦੀਆਂ। ਸਾਵਣ ਮਹੀਨੇ ਕਿਸਾਨ ਧਰਤੀ ਦੀ ਨੀਂਦ ਨੂੰ ਨਹੀਂ ਸੀ ਹੰਗਾਲਦਾ। ਸਾਵਣ ਮਹੀਨੇ ਕੱਠੀਆਂ ਹੋਣ ਵਾਲੀਆਂ ਸਖੀਆਂ, ਭਾਦਰੋਂ ਚੜ੍ਹਦੇ ਸਾਰ ਹੀ ਸਾਲ ਬਾਅਦ ਫਿਰ ਮਿਲਣ ਦੀ ਆਸ ਲੈ ਕੇ ਆਪੋ-ਆਪਣੇ ਆਲ੍ਹਣਿਆਂ ਨੂੰ ਉਡਾਰੀ ਮਾਰ ਜਾਂਦੀਆਂ।
‘ਸਾਵਣ ਆਇਆ ਰੀ ਸਖੀ…’ ਵਿਚ ਵਣ-ਤ੍ਰਿਣ ਮੌਲਦਾ, ਆਲੇ ਦੁਆਲੇ ‘ਚ ਬਹਾਰਾਂ ਦਾ ਝੁਰਮਟ ਅਤੇ ਹਰਿਆਵਲੇ ਪਲਾਂ ਵਿਚ ਜ਼ਿੰਦਗੀ ਦਾ ਹਰ ਪਲ ਜਿਉਣ ਯੋਗਾ ਹੁੰਦਾ।
ਬਾਰਸ਼, ਬੰਦਿਆਈ ਦਾ ਸੰਦੇਸ਼ ਜੋ ਰੱਕੜ, ਪਹਾੜ, ਰੇਗਿਸਤਾਨ ਅਤੇ ਉਬੜ-ਖਾਬੜ ਧਰਤੀ ਦੀ ਹਿੱਕੜੀ ਨੂੰ ਇਕਸਾਰ ਸਿੰਜਦੀ, ਉਚ ਨੀਚ ਤੋਂ ਬੇਨਿਆਜ਼। ਬਰਾਬਰੀ ਦੀ ਸੰਦੇਸ਼-ਵਾਹਕ ਬਣ ਕੇ ਮਨੁੱਖੀ ਸੋਚ ਵਿਚ ਪਏ ਪਾੜੇ ਪੂਰਦੀ, ‘ਸਭੈ ਸਾਂਝੀਵਾਲ ਸਦਾਇਨ’ ਦਾ ਹੋਕਰਾ ਬਣਦੀ।
ਬਾਰਸ਼ ਵਿਚ ਭਿੱਜਣ ਦਾ ਆਪਣਾ ਵਿਸਮਾਦ, ਅਕਹਿ ਅਨੰਦ। ਨਿੱਕੇ ਹੁੰਦਿਆਂ ਜਾਣ-ਬੁਝ ਕੇ ਬਾਰਸ਼ ਵਿਚ ਭਿੱਜਣਾ, ਮਾਪਿਆਂ ਤੋਂ ਝਿੜਕਾਂ ਖਾਣੀਆਂ, ਕਈ ਵਾਰ ਤਾਂ ਬਿਮਾਰ ਵੀ ਹੋਣਾ। ਪਰ ਆਪਣੀਆਂ ਬਚਪਨੀ ਸ਼ਰਾਰਤਾਂ ਤੋਂ ਕਦੇ ਵੀ ਬਾਜ ਨਾ ਆਉਣਾ। ਵਿਹੜੇ ਦੇ ਪਾਣੀ ਵਿਚ ਕਾਗਜ਼ ਦੀਆਂ ਬੇੜੀਆਂ ਚਲਾਉਣਾ, ਓਟਿਆਂ ਦੀਆਂ ਖੁਰ ਰਹੀਆਂ ਚਿੜੀਆਂ ਨੂੰ ਬਚਾਉਣ ਲਈ ਅਹੁਲਣਾ। ਕਦੇ ਕਦਾਈਂ ਸਕੂਲ ਤੋਂ ਆਉਂਦਿਆਂ ਵਰ੍ਹਦੇ ਮੀਂਹ ਵਿਚ ਪੱਗ ਦੇ ਕੱਚੇ ਰੰਗ ਦਾ ਸਾਰੇ ਕਪੜਿਆਂ ਨੂੰ ਆਪਣੇ ਰੰਗ ਵਿਚ ਰੰਗਣਾ ਅਤੇ ਮਾਂ ਦਾ ਤੜਫ ਕੇ ਰਹਿ ਜਾਣਾ, ਜਦ ਚੇਤਿਆਂ ਵਿਚ ਸਿਰ ਚੁੱਕਦਾ ਤਾਂ ਬੀਤੀਆਂ ਤੰਗੀਆਂ-ਤੁਰਸ਼ੀਆਂ ਦੇ ਦਿਨਾਂ ਵਿਚ ਖੁਦ ਨੂੰ ਇਨ੍ਹਾਂ ਵਿਚੋਂ ਉਭਰਨ ਦੀ ਯਾਦ, ਮਨ-ਬੀਹੀ ਨੂੰ ਸਰਸ਼ਾਰ ਕਰ ਜਾਂਦੀ। ਵਿਰਲੇ ਹੁੰਦੇ ਜੋ ਆਪਣੇ ਅਤੀਤ ਨੂੰ ਯਾਦ ਕਰਦੇ ਅਤੇ ਅਤੀਤ ਵਿਚੋਂ ਹੀ ਆਪਣੇ ਆਪ ਨੂੰ ਵਿਸਥਾਰਤ ਕਰਦੇ। ਬੜੇ ਪਿਆਰੇ ਸਨ ਉਹ ਦਿਨ ਅਤੇ ਉਨ੍ਹਾਂ ਨਾਲ ਜੁੜੀਆਂ ਫੁਲਝੜੀਆਂ ਵਰਗੀਆਂ ਯਾਦਾਂ। ਚਾਹੁਣ ‘ਤੇ ਵੀ ਉਹ ਦਿਨ ਕਦੇ ਵਾਪਸ ਪਰਤ ਕੇ ਨਹੀਂ ਆਉਂਦੇ। ਨਾਦਾਨੀ ਭਰੇ ਉਹ ਦਿਨ ਸਿਰਫ ਯਾਦਾਂ ਤੀਕ ਹੀ ਸੀਮਤ ਹੋ ਕੇ ਰਹਿ ਗਏ ਅਤੇ ਉਨ੍ਹਾਂ ਯਾਦਾਂ ਦਾ ਆਸਰਾ ਲੈ ਕੇ ਜਿਉਣ ਲਈ ਯਾਦਾਂ ਦੀ ਕੰਨੀ ਨੂੰ ਘੁੱਟ ਕੇ ਫੜ੍ਹਨਾ ਪੈਂਦਾ।
ਬਾਰਸ਼ ਵਿਚ ਭਿੱਜਦੇ ਜਵਾਨ ਜਿਸਮਾਂ ਵਿਚ ਜਦ ਅੱਗ ਬਲਦੀ ਤਾਂ ਇਹ ਦੋ ਰੂਹਾਂ ਦਾ ਮਿਲਾਪ ਬਣ ਕੇ ਨਵੇਂ ਪੈਂਡਿਆਂ ਦੇ ਰਾਹੀਆਂ ਦੇ ਨਵੇਂ ਸੁਪਨਿਆਂ ਦਾ ਸੱਚ ਅਤੇ ਨਵੀਂ ਕਰਮਭੂਮੀ ਦਾ ਸਿਰਜਕ ਹੁੰਦੇ। ਬੜਾ ਅਚਰਜ ਲੱਗਦਾ ਏ ਪਾਣੀ ਹੇਠ ਅੱਗ ਦਾ ਬਲਣਾ, ਸੇਕ ਨਾਲ ਖੁਦ ਨੂੰ ਸੇਕਣਾ ਅਤੇ ਇਸ ਵਿਚੋਂ ਖੁਦ ਦੀ ਨਿਸ਼ਾਨਦੇਹੀ ਕਰਕੇ, ਨਵੀਨਤਮ ਦਿਸਹੱਦਿਆਂ ਦਾ ਰਾਹੀ ਬਣਨਾ।
ਮੁਖੜਿਆਂ ‘ਤੇ ਖੁਸ਼ਹਾਲੀ, ਸੋਚ ਵਿਚ ਰੱਜ ਅਤੇ ਬਿਰਖ-ਝੋਲੀ ਵਿਚ ਹਰਿਆਵਲ ਦਾ ਨਿਉਂਦਾ ਧਰਨ ਵਾਲੀ ਬਾਰਸ਼ ਜਦ ਬੇਮੌਸਮੀ ਜਾਂ ਬਹੁਤਾਤ ਵਿਚ ਹੁੰਦੀ ਤਾਂ ਇਹ ਕਹਿਰਵਾਨ ਵੀ ਹੋ ਜਾਂਦੀ। ਕੱਚੇ ਕੋਠਿਆਂ, ਢਾਰਿਆਂ, ਕੁਲੀਆਂ ਨੂੰ ਢਾਹੁੰਦੀ, ਮਨੁੱਖ ਨੂੰ ਸਿਰ ਦੀ ਛੱਤ ਤੋ ਬੇਵਾ ਕਰ, ਦੋ ਡੰਗ ਦੀ ਰੋਟੀ ਦਾ ਫਿਕਰ ਬਣ ਜਾਂਦੀ।
ਬਾਰਸ਼, ਪਾਣੀ ਦਾ ਧਰਤ ਤੋਂ ਧਰਤ ਤੀਕ ਦਾ ਸਫਰ, ਪਾਣੀ ਤੋਂ ਪਾਣੀ ਤੀਕ ਦਾ ਸਫਰਨਾਮਾ। ਇਕ ਪਾਣੀ ਪਹਾੜਾਂ ਤੋਂ ਸ਼ੁਰੂ ਹੋ ਧਰਤ ਦੀ ਛੂਹ ਮਾਣਦਾ, ਸਮੁੰਦਰ ਵਿਚ ਸਮਾਉਂਦਾ ਅਤੇ ਫਿਰ ਉਹੀ ਪਾਣੀ ਸਮੁੰਦਰ ਤੋਂ ਉਡਾਰੀ ਭਰ ਆਪਣੀ ਜਨਮ ਭੋਂ ਨੂੰ ਕਰਮ ਭੂਮੀ ਬਣਾਉਣ ਲਈ ਲੰਮੀ ਉਡਾਰੀ ਭਰਦਾ। ਬੱਦਲਾਂ ਦਾ ਰੂਪ ਧਾਰ, ਪਾਣੀ-ਪਾਣੀ ਹੋ ਕੇ ਧਰਤ ਦੇ ਸੇਕ ਨੂੰ ਖੁਦ ਵਿਚ ਰਚਾ ਕੇ ਖੁਦ ਦੀ ਹੋਂਦ ਮਿਟਾਉਣਾ, ਪਾਣੀ ਦਾ ਪਾਣੀ-ਧਰਮ।
ਬਾਰਸ਼, ਬਾਹਰੀ ਰੂਪ ਵਿਚ ਬਾਹਰਲੀ ਧਰਾਤਲ ਨੂੰ ਸਿੰਜਦੀ, ਨੀਰ ਨਾਲ ਗੜੁੱਚ ਕਰਦੀ ਅਤੇ ਪਾਣੀ ਦਾ ਬੰਦਗੀ-ਵਰਦਾਨ ਵਰਦੀ। ਪਰ ਬਹੁਤੀ ਵਾਰ ਸਾਡਾ ਅੰਦਰਲਾ ਇਸ ਬਾਹਰੀ ਬਾਰਸ਼ ਤੋਂ ਅਣਭਿੱਜ ਰਹਿੰਦਾ। ਬਾਹਰੀ ਬਾਰਸ਼ ਨਾਲੋਂ ਸਾਡੇ ਅੰਦਰਲੇ ਬਾਰਸ਼ ਦੀ ਜ਼ਿਆਦਾ ਜਰੂਰਤ।
ਬਾਰਸ਼ ਸਾਡੀ ਰੂਹ ਨੂੰ ਲਬਰੇਜ਼ ਕਰੇ, ਆਤਮਿਕ ਉਡਾਣ ਦਾ ਸਬੱਬ ਬਣੇ, ਮਾਨਸਿਕ ਖਾਹਸ਼ਾਂ ਭਾਵਨਾਵਾਂ ਅਤੇ ਚਾਹਤਾਂ ਨੂੰ ਸੰਪੂਰਨ ਕਰੇ ਅਤੇ ਸਾਡੇ ਵਿਚੋਂ ਖੁਦੀ ਦਾ ਨਾਸ਼ ਕਰੇ। ਬਾਰਸ਼ ਜੋ ਸਾਡੇ ਹਿਰਦੇ ਦਾ ਸਾਥ ਮਾਣੇ, ਮਨ ਆਪਣਾ ਮੂਲ ਪਛਾਣੇ ਅਤੇ ਇਸ ਵਿਚੋਂ ਬਹੁ-ਪਰਤੀ ਅਤੇ ਬਹੁ-ਅਰਥੀ ਸਰੂਪਾਂ ਦੀ ਸਾਰ ਜਾਣੇ। ਬਾਰਸ਼ ਜੋ ਅਤ੍ਰਿਪਤ ਰੂਹ ਨੂੰ ਤ੍ਰਿਪਤ ਕਰੇ, ਜੋ ਆਤਮਾ ਨੂੰ ਸਬਰ-ਸੰਤੋਖ ਨਾਲ ਭਰੇ ਅਤੇ ਸਾਡੇ ਅੰਤਰੀਵ ਦੀ ਤਲੀ ‘ਤੇ ਸਕੂਨ, ਸੁਖਦ ਅਤੇ ਸਹਿਜ ਦਾ ਸੁੱਚਾ ਹਰਫ ਧਰੇ।
ਕਦੇ ਬਾਰਸ਼ ਵਿਚ ਭਿੱਜੇ ਹੋਏ ਪਰਿੰਦਿਆਂ ਨੂੰ ਅਠਖੇਲੀਆਂ ਕਰਦੇ ਦੇਖਣਾ, ਜਾਨਵਰਾਂ ਨੂੰ ਸਰੂਰ ਵਿਚ ਦੁੜੰਗੇ ਲਾਉਂਦੇ ਦੇਖਣਾ ਅਤੇ ਬਿਰਖ ਤੋਂ ਟਪਕਦੇ ਪਾਣੀ ਬੂੰਦਾਂ ਦੀ ਸੰਗੀਤਕਤਾ ਨੂੰ ਅੰਤਰੀਵ ਵਿਚ ਉਤਾਰਨਾ, ਤੁਹਾਨੂੰ ਬਾਰਸ਼ ਨਾਲ ਪੈਦਾ ਹੋਏ ਵਿਸਮਾਦ ਦਾ ਅਹਿਸਾਸ ਜਰੂਰ ਹੋਵੇਗਾ।
ਬਾਰਸ਼ ਦੇ ਦਿਨਾਂ ਵਿਚ ਮਾਂ ਦਾ ਹੁਕਮ ਮੰਨ ਕੇ ਪੂੜੇ ਬਣਾਉਣ ਲਈ ਪਿੱਪਲ ਦੇ ਪੱਤੇ ਤੋੜ ਕੇ ਲਿਆਉਣਾ, ਫਿਰ ਢਾਰੇ ਹੇਠ ਜਾਂ ਆਰਜੀ ਚੁੱਲੇ ਦੁਆਲੇ ਬੈਠ ਕੇ ਆਪਣੇ ਪੂੜੇ ਦੀ ਉਡੀਕ ਕਰਨਾ ਜਾਂ ਇਕ ਹੀ ਪੂੜੇ ਨੂੰ ਨਿੱਕੇ ਨਿੱਕੇ ਹਿਸਿਆਂ ਵਿਚ ਵੰਡ ਕੇ ਖਾਣ ਦਾ ਚੇਤਾ, ‘ਵੰਡ ਖਾ, ਖੰਡ ਖਾ’ ਦੀ ਕਹਾਵਤ ਨੂੰ ਸੱਚ ਕਰ ਜਾਂਦਾ ਸੀ। ਬਾਰਸ਼ ਦੇ ਦਿਨਾਂ ਵਿਚ ਅਜਿਹੀ ਮੌਜ ਹੁਣ ਕਿੱਥੇ? ਕਿਥੇ ਚਲੇ ਗਈਆਂ ਨੇ ਬੱਚਿਆਂ ਨੂੰ ਆਪਣੀ ਬੁੱਕਲ ਵਿਚ ਲਕੋ, ਕੁਝ ਨਾ ਵੀ ਹੁੰਦਿਆਂ ਬਹੁਤ ਕੁਝ ਹੋਣ ਦਾ ਧਰਵਾਸ ਬੱਚਿਆਂ ਦੇ ਮਨਾਂ ਵਿਚ ਧਰਨ, ਹਰ ਔਕੜ-ਕਠਿਨਾਈ ਨੂੰ ਸਹਿਜ ਨਾਲ ਜਰਨ ਅਤੇ ਆਸ ਨੂੰ ਸਦਾ ਚਿਰੰਜੀਵ ਰੱਖਣ ਵਾਲੀਆਂ ਬਿਰਖ ਜਿਡੀਆਂ ਮਾਂਵਾਂ।
ਬਾਰਸ਼ ਦੇ ਦਿਨਾਂ ਵਿਚ ਅੰਬਰ ਦੀ ਸਤਰੰਗੀ ਸਾਡੇ ਅੰਦਰਲੇ ਰੰਗਾਂ ਦਾ ਹਾਣ ਭਾਲਦੀ ਅਤੇ ਇਨ੍ਹਾਂ ਵਿਚ ਖੁਦ ਨੂੰ ਰੰਗੇ ਜਾਣ ਦੀ ਚਾਹਤ ਪੈਦਾ ਕਰ ਜਾਂਦੀ। ਅਸੀਂ ਅਚੇਤ ਰੂਪ ਵਿਚ ਪੈਦਾ ਹੋਈ ਉਸ ਚਾਹਤ ਦਾ ਹੀ ਅਜੋਕਾ ਪ੍ਰਤੱਖ ਰੂਪ ਹਾਂ।
ਬਾਰਸ਼ ਵਿਚ ਭਿੱਜੋ ਤਾਂ ਕਿ ਤੁਹਾਡੇ ਗੁਨਾਹ ਧੋਤੇ ਜਾਣ, ਤੁਹਾਡੀਆਂ ਕੁਤਾਹੀਆਂ ਦੇ ਦਾਗ ਮਿੱਟ ਜਾਣ, ਅਣਜਾਣੇ ਹੀ ਦੁਖਾਏ ਦਿਲਾਂ ਦੀ ਚੀਸ ਕੁਝ ਘੱਟ ਜਾਵੇ ਅਤੇ ਤੁਹਾਡੇ ਮਨ ਵਿਚ ਦਾਨਿਆਈ ਅਤੇ ਭਲਿਆਈ ਦਾ ਬੂਟਾ ਮੌਲਣ ਲੱਗ ਪਵੇ।
ਕਣੀਆਂ ਦੀ ਰਿਮ-ਝਿਮ ਜਦ ਮਨ-ਕਬਰਾਂ ਦੀ ਚੁੱਪ ਤੋੜਦੀ ਤਾਂ ਬਹੁਤ ਕੁਝ ਹਰਫਾਂ ਦੇ ਹਵਾਲੇ ਹੁੰਦਾ, ਬੋਲਾਂ ਵਿਚ ਸਮਾਉਂਦਾ ਅਤੇ ਅਰਥਾਂ ਦੀ ਜੂਨੇ ਪੈ ਕੇ ਰੂਹ-ਰਾਗ ਦੀ ਧਰਾਤਲ ਸਜਾਉਂਦਾ।
ਬਾਰਸ਼ ਦੀ ਅਜਬ ਤਾਸੀਰ ਕਿ ਉਹ ਬਿਰਖਾਂ ਦੇ ਸੱਦੇ ‘ਤੇ ਬਿਰਖ-ਜੂਹ ਵਿਚ ਆਉਂਦੀ। ਪਰ ਕਈ ਵਾਰ ਉਸੇ ਬਿਰਖ ਨੂੰ ਲਾਸ਼ ਬਣਾ ਧਰਤੀ ‘ਤੇ ਲਿਟਾਉਂਦੀ, ਆਪਣੀ ਭਵਿੱਖੀ ਹਾਕ ‘ਤੇ ਪ੍ਰਸ਼ਨ ਚਿੰਨ੍ਹ ਖੁਣ ਜਾਂਦੀ।
ਬਾਰਸ਼ ਦੀਆਂ ਕਣੀਆਂ ਨਾਲ ਵਿਹੜੇ ਦੇ ਪਾਣੀ ਵਿਚ ਪੈਂਦੇ ਬੁਲਬੁਲੇ ਅਤੇ ਉਨ੍ਹਾਂ ਦਾ ਹੌਲੀ ਹੌਲੀ ਅਲੋਪ ਹੋਈ ਜਾਣਾ, ਬੱਚਿਆਂ ਦੇ ਮਨ ਵਿਚ ਗੁੱਝੇ ਭੇਤ ਧਰ ਜਾਂਦੇ ਜਿਨ੍ਹਾਂ ਦੀ ਅਸਲੀਅਤ ਵੱਡੇ ਹੋਣ ‘ਤੇ ਸਮਝ ਆਉਂਦੀ ਕਿ ਮਨੁੱਖਾ ਜੀਵਨ ਵੀ ਤਾਂ ਪਾਣੀ ਦਾ ਇਕ ਬੁਲਬੁਲਾ ਹੀ ਹੈ।
ਬਾਰਸ਼ ਦਾ ਅਨੰਦ ਮਾਣੋ। ਇਸ ਵਿਚ ਭਿੱਜ ਕੇ ਆਪਣੇ ਦੁੱਖੜਿਆਂ ਨੂੰ ਨਚੋੜੋ। ਇਸ ਵਿਚ ਦਰਦਾਂ ਨੂੰ ਵਹਾਓ ਅਤੇ ਹੋਠਾਂ ‘ਤੇ ਬਾਰਸ਼ ਬੁੰਦਾਂ ਦੀ ਕਿਣਮਿਣ ਵਰਸਾਓ।
ਬਾਰਸ਼ ਦਾ ਪੈਣਾ ਇਕ ਅਚੇਤ ਸੁਨੇਹਾ ਵੀ ਮਨੁੱਖੀ ਮਨ ਵਿਚ ਧਰ ਜਾਂਦਾ ਏ ਕਿ ਬੱਦਲ ਕਿੰਨਾ ਵੀ ਉਚਾ ਹੋਵੇ। ਉਸ ਨੇ ਆਪਣੇ ਹੀ ਭਾਰ ਨਾਲ ਧਰਤੀ ‘ਤੇ ਬਰਸਣਾ ਹੁੰਦਾ ਕਿਉਂਕਿ ਧਰਤ ਹੀ ਉਸ ਲਈ ਸਦੀਵੀ ਠਾਹਰ ਹੁੰਦੀ ਹੈ। ਅੰਬਰਾਂ ਵਿਚ ਰਹਿਣ ਵਾਲਿਆਂ ਨੂੰ ਵੀ ਆਖਰ ਵਿਚ ਧਰਤ-ਵਸੇਬੇ ਦੀ ਲੋੜ ਜੁ ਹੁੰਦੀ ਏ। ਹੌਲੇ ਵਾਸ਼ਪ ਉਪਰ ਉਠਦੇ ਜਦ ਕਿ ਭਾਰੀਆਂ ਕਣੀਆਂ ਮਿੱਟੀ ਵਿਚ ਰਚਣ ਲਈ ਕਾਹਲੀਆਂ ਹੁੰਦੀਆਂ ਨੇ।
ਜਦ ਮਨ ਰੋਣ ਨੂੰ ਕਰੇ, ਨੈਣ ਹੰਝੂਆਂ ਨਾਲ ਭਰੇ ਹੋਣ ਅਤੇ ਖਾਰੇ ਪਾਣੀਆਂ ਵਿਚ ਡੁੱਬਣ ਲਈ ਬੇਤਾਬ ਹੋਵੋ ਤਾਂ ਬਾਰਸ਼ ਵਿਚ ਤੁਰੋ ਕਿਉਂਕਿ ਤੁਹਾਡੇ ਹੰਝੂ ਬਾਰਸ਼ ਦੇ ਹਵਾਲੇ ਹੋ ਜਾਣਗੇ ਅਤੇ ਕੋਈ ਵੀ ਤੁਹਾਡੇ ਹੰਝੂਆਂ ਨੂੰ ਦੇਖ ਨਹੀਂ ਸਕੇਗਾ ਅਤੇ ਨਾ ਹੀ ਇਨ੍ਹਾਂ ਦੀ ਖਾਰੀ ਤਾਸੀਰ ਤੁਹਾਡੇ ਤਨ ਨੂੰ ਖਾਰੇਗੀ।
ਬਾਰਸ਼ ਵਿਚ ਮਨ ਦੇ ਮੋਰ ਸੰਗ ਨੱਚਣਾ, ਸਾਰੀ ਖਲਕਤ ਹੀ ਤੁਹਾਡੇ ਨਾਲ ਨਾਚ ਵਿਚ ਸ਼ਾਮਲ ਹੋਈ ਨਜ਼ਰ ਆਉਂਦੀ। ਤੁਸੀਂ ਇਕ ਇਲਾਹੀ ਅਨੰਦ ਦੀ ਲਬਰੇਜ਼ਤਾ ਮਾਣਦੇ, ਅਕਹਿ ਅਤੇ ਅਸੀਮਤ ਅਨੰਦਿਤ ਪਲਾਂ ਦਾ ਸ਼ਗੂਫਾ ਆਪਣੇ ਨਾਮ ਕਰ ਜਾਂਦੇ ਹੋ।
ਬਾਰਸ਼ ਜੀਵਨੀ ਧਰਾਤਲ, ਅੰਬਰ ਦਾ ਧਰਤੀ ਦੇ ਵਿਹੜੇ ਆਉਣਾ, ਇਸ ਦੀਆਂ ਬਾਹਾਂ ਵਿਚ ਸਮਾਉਣਾ ਅਤੇ ਇਸ ਦੀ ਹਿੱਕ ‘ਤੇ ਸਗਵੇਂ ਚਾਵਾਂ ਅਤੇ ਸੱਧਰਾਂ ਦਾ ਬੂਟਾ ਲਾਉਣਾ।
ਇਕ ਬਾਰਸ਼ ਪੀੜਾ ਦੀ ਹੁੰਦੀ ਜੋ ਰੂਹ ਨੂੰ ਹਲੂਣਦੀ ਅਤੇ ਇਸ ਵਿਚੋਂ ਉਭਰਨ ਦਾ ਵੱਲ ਸਿਖਾਉਂਦੀ। ਇਕ ਬਾਰਸ਼ ਟੁੱਟੇ ਸੁਪਨਿਆਂ ਦੀ ਹੁੰਦੀ ਜੋ ਪਰਵਾਜ਼ ਭਰਨ ਦੇ ਹੁਨਰ ਨੂੰ ਸਾਡੀ ਸੋਝੀ ਦੇ ਨਾਮ ਲਾਉਂਦੀ, ਬਾਰਸ਼ ਰਿਸ਼ਤਿਆਂ ਵਿਚ ਭਰਮ-ਭੁਲੇਖਿਆਂ ਦੀ ਵੀ ਹੁੰਦੀ ਜਿਸ ਨਾਲ ਆਪਣੇ-ਪਰਾਏ ਦੀ ਪਛਾਣ ਭੁੱਲ ਜਾਂਦੀ। ਇਕ ਬਾਰਸ਼ ਅੱਖਾਂ ਵਿਚ ਉਗੀ ਸਿੱਲ੍ਹ ਦੀ ਹੁੰਦੀ ਜੋ ਸਾਡੇ ਅੰਦਰੋਂ ਖਾਰਾਪਣ ਖਤਮ ਕਰ, ਅੰਮ੍ਰਿਤ ਬੂੰਦਾਂ ਦਾ ਸੰਚਾਰ ਕਰਦੀ। ਇਕ ਬਾਰਸ਼, ਬਹੁਰੂਪੀ ਦੁਨੀਆਂ ਦੀ ਵੀ ਹੁੰਦੀ ਜੋ ਸਾਡੇ ਲਈ ਪਰਖ ਦੀ ਘੜੀ ਲੈ ਕੇ ਆਉਂਦੀ। ਤੁਸੀਂ ਕਿਹੜੀ ਬਾਰਸ਼ ਵਿਚ ਭਿੱਜਦੇ ਹੋ ਅਤੇ ਕਿਹੜੀ ਬਾਰਸ਼ ਨੂੰ ਆਪਣੇ ਲਈ ਸਫਲਤਾ ਦੀ ਪੌੜੀ ਬਣਾਉਂਦੇ ਹੋ, ਇਹ ਤੁਹਾਡੀ ਸ਼ਖਸੀਅਤ ‘ਤੇ ਨਿਰਭਰ।
ਬੋਰੇ ਦਾ ਝੂੰਬ ਮਾਰ ਕੇ ਬਾਰਸ਼ ਤੋਂ ਬਚਣ ਦੇ ਪਲ, ਬਾਰਸ਼ ਦੇ ਪਾਣੀ ‘ਚ ਆਪਣੇ ਜਹਾਜ ਚਲਾਉਣ ਦਾ ਵਕਤ ਅਤੇ ਬਾਰਸ਼ ਵਿਚ ਬਾਰਸ਼ੀ ਪਲ ਬਣ ਜਾਣ ਦਾ ਲੁਤਫ, ਮਨ-ਦਰ ਦੀ ਦਸਤਕ ਬਣਦਾ ਤਾਂ ਬੇਤਾਬ ਮਨ ਵਾਸਤਾ ਪਾਉਂਦਾ ਕਿ ਕੋਈ ਤਾਂ ਸਾਡਾ ਬਚਪਨ ਮੋੜ ਲਿਆਵੇ ਅਤੇ ਵਕਤ ਤਲੀ ‘ਤੇ ਬੀਤੇ ਵਕਤਾਂ ਨੂੰ ਦੁਬਾਰਾ ਉਗਾਵੇ।
ਬਾਰਸ਼ ਕਿਸੇ ਲਈ ਰੋਜ਼ੀ-ਰੋਟੀ, ਕਿਸੇ ਲਈ ਭੁੱਖ-ਪਿਆਸ। ਕਿਸੇ ਲਈ ਵਿਛੋੜਾ ਸਿਰਜੇ, ਕਿਸੇ ਲਈ ਮਾਹੀ-ਮਿਲਾਪ। ਬਾਰਸ਼ ਦੀ ਜੂਹੇ ਫੁੱਲਾਂ ਦੀ ਗੁਫਤਗੂ ਤੇ ਤਿਤਲੀਆਂ ਦਾ ਵਾ-ਵੇਲਾ। ਬਾਰਸ਼ ਦੇ ਦਿਨੀਂ ਜੁਗਨੂੰ ਜਗਦੇ, ਤੇ ਰਾਤ ਨੂੰ ਚਾਨਣ-ਮੇਲਾ। ਬਾਰਸ਼ ਵਿਚ ਹੀ ਬੀਂਡੇ ਬੋਲਣ ਅਤੇ ਡੱਡੂ ਦੇਣ ਅਵਾਜ਼ਾਂ। ਬਾਰਸ਼ ਵਿਚ ਹੀ ਰਿਦਮ ਉਪਜਦੀ, ਮਨ ਦੇ ਸੁੰਨੇ ਸਾਜਾਂ। ਬਾਰਸ਼ ਵਿਚ ਕਲਮ ਦੀ ਹਿੱਕ ‘ਚ, ਲੱਗਦੀ ਸ਼ਬਦੀ-ਜਾਗ। ਬਾਰਸ਼ ਵਿਚ ਹੀ ਅਰਥੀਂ ਗੂੰਜੇ, ਰਹਿਮਤਾਂ ਭਰਿਆ ਰਾਗ। ਬਾਰਸ਼ ਦੀ ਬਰਕਤੀ-ਕਾਇਨਾਤ, ਦੂਰ ਫੈਲਦੀ ਜਾਵੇ। ਕਿਹੜਾ ਇਸ ਦੀਆਂ ਤਹਿਆਂ ਫਰੋਲੇ, ਤੇ ਹਾਥ ਇਸ ਦੀ ਪਾਵੇ। ਬਾਰਸ਼ ਹੋਣੀ, ਬਾਰਸ਼ ਹਾਸਲ, ਬਾਰਸ਼ ਮਨ ਦੀ ਬੀਹੀ। ਬਾਰਸ਼ ਹੀ ਇਸ ਜੱਗ ਦੇ ਅੰਦਰ, ਸਭ ਤੋਂ ਅਮੁੱਲ ਤਰਜ਼ੀਹੀ।
ਬਾਰਸ਼ ਤੋਂ ਬੰਦਗੀ, ਬੰਦਿਆਈ ਅਤੇ ਭਲਿਆਈ ਦਾ ਪਾਠ ਆਪਣੇ ਚੇਤਿਆਂ ਵਿਚ ਸਮਾਵੋਗੇ ਤਾਂ ਤੁਹਾਨੂੰ ਰੂਹ ਦਾ ਸਕੂਨ, ਮਨ ਦੀ ਤ੍ਰਿਪਤੀ ਅਤੇ ਜਿਉਣ-ਸ਼ੈਲੀ ਦੀ ਸਮਝ ਆਵੇਗੀ। ਅਜਿਹੀ ਉਮੀਦ ਸੂਝਵਾਨ ਪਾਠਕਾਂ ਤੋਂ ਤਾਂ ਕੀਤੀ ਹੀ ਜਾ ਸਕਦੀ ਏ।