ਰਿਆਸਤ ਦੀ ਰਿਆਸਤ

ਬਲਜੀਤ ਬਾਸੀ
ਅੱਜ ਕਲ੍ਹ ਪੰਜਾਬੀ ਵਿਚ ਸਿਵਾਏ ਇਤਿਹਾਸਕ ਪ੍ਰਸੰਗਾਂ ਤੋਂ ਸ਼ਬਦ ‘ਰਿਆਸਤ’ ਬਹੁਤਾ ਵਰਤਿਆ ਨਹੀਂ ਮਿਲਦਾ। ਪੰਜਾਬ ਵਿਚ ਅੰਗਰੇਜ਼ਾਂ ਦੇ ਰਾਜ ਵੇਲੇ ਕਈ ਅਰਧ-ਸੁਤੰਤਰ, ਜਗੀਰਦਾਰੀ ਰਾਜਾਂ ਨੂੰ ਰਿਆਸਤਾਂ ਕਿਹਾ ਜਾਂਦਾ ਸੀ, ਭਾਵੇਂ ਰਿਆਸਤ ਸ਼ਬਦ ਮੁਗਲ ਕਾਲ ਤੋਂ ਹੀ ਪ੍ਰਚਲਿਤ ਸੀ। ਇਧਰਲੇ ਪੰਜਾਬ ਵਿਚ ਇਹ ਰਾਜ ਸਨ: ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਨਾਲਾਗੜ੍ਹ, ਕਪੂਰਥਲਾ, ਮਲੇਰਕੋਟਲਾ ਆਦਿ। ਪੰਜਾਬੀ ਵਿਚ ਰਿਆਸਤੀ ਵਿਸ਼ੇਸ਼ਣ ਹੀ ਇਨ੍ਹਾਂ ਰਿਆਸਤਾਂ ਨਾਲ ਸਬੰਧਤ ਹੋਣ ਦਾ ਅਰਥਾਵਾਂ ਹੋ ਗਿਆ ਹੈ। ‘ਰਿਆਸਤੀ ਪਰਜਾ ਮੰਡਲ’ ਨਾਂ ਦੀ ਜਥੇਬੰਦੀ ਨੇ ਇਨ੍ਹਾਂ ਰਿਆਸਤਾਂ ਦੇ ਅੰਗਰੇਜ਼-ਪਿੱਠੂ, ਤਾਨਾਸ਼ਾਹੀ, ਭ੍ਰਿਸ਼ਟ, ਜਾਬਰ, ਲੋਟੂ ਅਤੇ ਵਿਲਾਸੀ ਜੀਵਨ ਭੋਗ ਰਹੇ ਰਾਜਿਆਂ ਦੇ ਕੁਸ਼ਾਸਨ ਵਿਰੁਧ ਜ਼ਬਰਦਸਤ ਅੰਦੋਲਨ ਵਿੱਢਿਆ ਸੀ। ਰਿਆਸਤ ਪ੍ਰਤੀ ਨਫਰਤ ਦਾ ਪ੍ਰਤੀਕ ਰਜਵਾੜਾ ਸ਼ਬਦ ਵੀ ਚਲਦਾ ਹੈ।

ਭਾਰਤ ਵਿਚ ਰਿਆਸਤਾਂ ਦੀ ਗਿਣਤੀ 600 ਦੇ ਕਰੀਬ ਸੀ। ਇਕ ਕਾਂਗਰਸੀ ਲੀਡਰ ਦਾ ਨਾਂ ਹੀ ਤਰਲੋਚਨ ਸਿੰਘ ਰਿਆਸਤੀ ਸੀ। ਕਈ ਮੁਸਲਮਾਨ ਨਾਂਵਾਂ ਵਿਚ ਰਿਆਸਤ ਜਾਂ ਰਿਆਸਤੀ ਸ਼ਬਦ ਆਉਂਦਾ ਹੈ ਜਿਵੇਂ ਰਿਆਸਤ ਖਾਂ, ਰਾਬੀਆ ਰਿਆਸਤ ਕਾਦਰੀ, ਵਾਹਿਦ ਰਿਆਸਤੀ। ਬਹਾਵਲਪੁਰ ਰਿਆਸਤ ਦੇ ਨਾਂ ‘ਤੇ ਇਸ ਇਲਾਕੇ ਦੀ ਪੰਜਾਬੀ ਉਪਭਾਸ਼ਾ ਨੂੰ ਰਿਆਸਤੀ ਵੀ ਕਿਹਾ ਜਾਂਦਾ ਰਿਹਾ ਹੈ, ਇਸ ਕਰਕੇ ਕਿ ਪੱਛਮੀ ਪੰਜਾਬ ਦੇ ਉਸ ਖੇਤਰ ਵਿਚ ਬਹਾਵਲਪੁਰ ਇਕੋ ਇਕ ਰਿਆਸਤ ਸੀ।
ਰਾਜਾਸ਼ਾਹੀ ਨਾਲ ਸਬੰਧਤ ਹੋਣ ਕਾਰਨ ਅੱਜ ਕਲ੍ਹ ਵਧੇਰੇ ਸ਼ਬਦ ਰਾਜ ਹੀ ਚਲਦਾ ਹੈ, ਹਾਲਾਂ ਕਿ ਰਾਜ ਵੀ ਰਾਜੇ ਨਾਲ ਹੀ ਸਬੰਧਤ ਹੈ। ਹਾਂ, ਕਸ਼ਮੀਰ ਨੂੰ ਅਜੇ ਵੀ ਕਿਧਰੇ ਕਿਧਰੇ ਰਿਆਸਤ ਕਹਿ ਦਿੱਤਾ ਜਾਂਦਾ ਹੈ। ਉਥੋਂ ਦੇ ਗਵਰਨਰ ਨੂੰ ਸਦਰ-ਏ-ਰਿਆਸਤ ਕਿਹਾ ਜਾਂਦਾ ਸੀ ਪਰ ਸੰਵਿਧਾਨ ਵਿਚ ਸੋਧ ਪਿਛੋਂ ਇਸ ਦੀ ਥਾਂ ਗਵਰਨਰ ਨੇ ਲੈ ਲਈ। ਕਸ਼ਮੀਰੀ ਲੋਕਾਂ ਦੀ ਮੰਗ ਹੈ ਕਿ ਸੰਵਿਧਾਨ ਅਨੁਸਰ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹੋਣ ਕਾਰਨ ਸਦਰ-ਏ-ਰਿਆਸਤ ਮੁੜ ਬਹਾਲ ਕੀਤਾ ਜਾਵੇ। ਰਾਜ ਦੀ ਤਰ੍ਹਾਂ ਰਿਆਸਤ ਸ਼ਬਦ ਵਿਆਪਕ ਅਰਥਾਂ ਦਾ ਧਾਰਨੀ ਹੈ ਜੋ ਇਸ ਪ੍ਰਕਾਰ ਹਨ: ਰਜਵਾੜਾ, ਰਾਜ; ਨੇਤਾਗਿਰੀ, ਅਧਿਕਾਰ; ਹਕੂਮਤ, ਸਰਕਾਰ; ਰਾਜ-ਖੇਤਰ, ਸਲਤਨਤ; ਜਗੀਰ, ਮਿਲਖ, ਵੱਡੀ ਮਲਕੀਅਤ ਆਦਿ।
ਰਿਆਸਤ ਸ਼ਬਦ ਮੁਢਲੇ ਤੌਰ ‘ਤੇ ਸਾਮੀ ਭਾਸ਼ਾ ਪਰਿਵਾਰ ਨਾਲ ਸਬੰਧ ਰਖਦਾ ਹੈ। ਇਸ ਲਈ ਇਸ ਦੇ ਸਜਾਤੀ ਸ਼ਬਦ ਹਿਬਰੂ, ਅਰਬੀ, ਆਰਮੇਕ ਆਦਿ ਭਾਸ਼ਾਵਾਂ ਵਿਚ ਵੀ ਲੱਭਦੇ ਹਨ। ਇਸ ਦਾ ਸਾਮੀ ਧਾਤੂ ਹੈ ‘ਰਅਸ (ਰਾ ਅਲਿਫ ਸੀਨ) ਜਿਸ ਵਿਚ ਸਿਰ ਦਾ ਭਾਵ ਹੈ। ਹਿਬਰੂ ਭਾਸ਼ਾ ਵਿਚ ‘ਸ’ ਧੁਨੀ ‘ਸ਼’ ਵਿਚ ਬਦਲ ਜਾਂਦੀ ਹੈ, ਇਸ ਲਈ ਇਸ ਭਾਸ਼ਾ ਵਿਚ ‘ਰਾਸ’ ਦਾ ਰੁਪਾਂਤਰ ਸ਼ਬਦ ‘ਰੋਸ਼’ ਹੈ ਜਿਸ ਵਿਚ ਵੀ ਸਿਰ ਦਾ ਭਾਵ ਹੀ ਹੈ। ਹਿਬਰੂ ਵਰਣਮਾਲਾ ਦੇ ਬਾਰ੍ਹਵੇਂ ਅੱਖਰ ਦਾ ਨਾਂ ਰੇਸ਼ ਹੈ ਅਤੇ ਇਸ ਦੀ ਸ਼ਕਲ ਵੀ ਸਿਰ ਨਾਲ ਮਿਲਦੀ ਹੈ ਤੇ ਅਰਥ ਵੀ ਸਿਖਰ, ਸ਼ੀਰਸ਼ ਹੈ। ਸਮਝਿਆ ਜਾਂਦਾ ਹੈ ਕਿ ਇਹ ਅੱਖਰ ਪ੍ਰਾਕ-ਸਾਮੀ ਚਿੱਤਰ-ਆਰੇਖ (ਫਚਿਟੋਗਰਅਮ) ਤੋਂ ਵਿਕਸਿਤ ਹੋਇਆ। ਇਸ ਦੀ ਸ਼ਕਲ ਸਿਰ ਵਰਗੀ ਸੀ।
ਪ੍ਰਾਚੀਨ ਕਾਲ ਦੀਆਂ ਲਿਪੀਆਂ ਚਿੱਤਰ-ਆਰੇਖੀ ਹੁੰਦੀਆਂ ਸਨ ਜਿਨ੍ਹਾਂ ਅਨੁਸਾਰ ਕੋਈ ਭਾਵ ਜਾਂ ਵਸਤੂ ਦਰਸਾਉਣ ਲਈ ਸਰਲ ਚਿੱਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਅਰਬੀ ਅੱਖਰ ‘ਰਾ’ ਵੀ ਇਸੇ ਦਾ ਬਦਲਿਆ ਰੂਪ ਹੈ। ਵਰਣਮਾਲਾਵਾਂ ਦੇ ਨਿਕਾਸ ਅਤੇ ਵਿਕਾਸ ਦੇ ਮੱਦੇਨਜ਼ਰ ਅੰਤਿਮ ਤੌਰ ‘ਤੇ ਅੰਗਰੇਜ਼ੀ (ਰੋਮਨ) ਵਰਣਮਾਲਾ ਦਾ ਆਰ (੍ਰ) ਵੀ ਇਸੇ ਚਿੱਤਰ-ਆਰੇਖ ਦਾ ਵਿਕਸਿਤ ਰੂਪ ਸਮਝਿਆ ਜਾਂਦਾ ਹੈ।
ਉਪਰੋਕਤ ਸਾਮੀ ਧਾਤੂ ਤੋਂ ਰਾਸ ਸ਼ਬਦ ਬਣਦਾ ਹੈ, ਜਿਸ ਦਾ ਅਰਥ ‘ਸਿਰ’ ਹੈ। ਅਰਬੀ ਵਿਚ ਇਸ ਦੇ ਹੋਰ ਵਿਸਤ੍ਰਿਤ ਅਰਥ ਸਿਖਰ, ਚੋਟੀ, ਸਿਰਾ, ਨੋਕ ਹਨ। ਜਾਨਵਰਾਂ, ਫਲਾਂ ਦੇ ਪ੍ਰਸੰਗ ਵਿਚ ਇਸ ਦਾ ਅਰਥ ਇੱਕੋ, ਮਾਤਰ-ਇੱਕ, ਇੱਕੋ-ਇੱਕ ਵੀ ਹੈ ਜਿਵੇਂ ਰਾਸ ਸ਼ਲਗਮ=ਇੱਕੋ ਸ਼ਲਗਮ। ਪੰਜਾਬੀ ਵਿਚ ਇਸ ਸ਼ਬਦ ਦਾ ਕੁਝ ਜਾਣਿਆ ਜਾਂਦਾ ਅਰਥ ਹੈ-ਪੂੰਜੀ, ਸਰਮਾਇਆ; ਨਿਵੇਸ਼। ਗੁਰੂ ਨਾਨਕ ਦੇਵ ਨੇ ਇਹ ਸ਼ਬਦ ਵਰਤਿਆ ਹੈ, “ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ॥ ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ॥” ਇਸ ਪਦੇ ਨੂੰ ਸਾਹਿਬ ਸਿੰਘ ਨੇ ਕੁਝ ਇਸ ਤਰ੍ਹਾਂ ਸਮਝਾਇਆ ਹੈ, “ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ। ਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ।” ਇਸ ਅਰਥਾਪਣ ਵਿਚ ਸਰਮਾਇਆ ਸ਼ਬਦ ਵਰਤਿਆ ਗਿਆ ਹੈ, ਜੋ ਫਾਰਸੀ ਵਲੋਂ ਪੂੰਜੀ ਸ਼ਬਦ ਦਾ ਹੀ ਸਮਾਨਅਰਥਕ ਸ਼ਬਦ ਹੈ।
ਗੌਰਤਲਬ ਹੈ ਕਿ ਸਰਮਾਇਆ ਸ਼ਬਦ ਵੀ ਸਰ+ਮਾਇਆ ਤੋਂ ਬਣਿਆ ਹੈ ਜਿਸ ਵਿਚ ਸਰ ਤਾਂ ਸਿਰ ਹੀ ਹੈ ਅਤੇ ਮਾਇਆ ਸੰਸਕ੍ਰਿਤ ਵਾਲੇ ਮਾਯਾ (ਧਨ ਦੌਲਤ) ਸ਼ਬਦ ਦਾ ਸਜਾਤੀ ਹੈ। ‘ਰਾਸ-ਪੂੰਜੀ’ ਸ਼ਬਦ ਜੁੱਟ ਵਿਚ ਵੀ ਰਾਸ ਸ਼ਬਦ ਝਲਕਦਾ ਹੈ, ਇਸ ਤਰ੍ਹਾਂ ਜਿਵੇਂ ਖਤ-ਪੱਤ੍ਰ ਵਿਚ ਖਤ ਫਾਰਸੀ ਵਲੋਂ ਅਤੇ ਪੱਤ੍ਰ ਸੰਸਕ੍ਰਿਤ ਵਲੋਂ। ਸਿਰ ਦਾ ਭਾਵ ਸਹਿਜੇ ਸਹਿਜੇ ਪੂੰਜੀ ਦੇ ਅਰਥਾਂ ਵਿਚ ਵਟ ਗਿਆ ਹੈ, ਇਸ ਨੂੰ ਮੁੱਖ ਧਨ ਦੇ ਤੌਰ ‘ਤੇ ਸਮਝਿਆ ਜਾ ਸਕਦਾ ਹੈ।
ਅੰਗਰੇਜ਼ੀ ਵਿਚ ਪੂੰਜੀ ਲਈ ਕੈਪੀਟਲ ਸ਼ਬਦ ਹੈ ਜੋ ਲਾਤੀਨੀ ਕੈਪਟ (ਛਅਪੁਟ) ਦਾ ਵਿਕਸਿਤ ਰੂਪ ਹੈ ਤੇ ਇਸ ਦਾ ਅਰਥ ਵੀ ਸਿਰ ਹੀ ਹੁੰਦਾ ਹੈ। ਅਰਬੀ ਵਿਚ ਰਾਸਮਾਲ ਪੂੰਜੀ ਅਤੇ ਰਾਸਮਾਲਿਯ ਪੂੰਜੀਵਾਦ ਹੈ। ਅੰਤਰੀਪ ਅਰਥਾਤ ਧਰਤੀ ਦੇ ਸਮੁੰਦਰ ਵਿਚ ਨੂੰ ਵਧੇ ਹੋਏ ਭਾਗ ਨੂੰ ਵੀ ਰਾਸ ਆਖਦੇ ਹਨ। ਬਹੁਤੇ ਜਾਣਦੇ ਹੋਣਗੇ ਕਿ ਕੰਨਿਆਕੁਮਾਰੀ ਨੂੰ ਰਾਸਕੁਮਾਰੀ ਵੀ ਆਖਿਆ ਜਾਂਦਾ ਹੈ, ਮਾਨੋ ਧਰਤੀ ਨੇ ਸਮੁੰਦਰ ਵਿਚ ਆਪਣਾ ਸਿਰਾ ਘੁਸਾਇਆ ਹੋਇਆ ਹੈ। ਇਸ ਦੇ ਸਮਾਨੰਤਰ ਅੰਗਰੇਜ਼ੀ ਵਿਚ ੍ਹeਅਦਲਅਨਦ ਸ਼ਬਦ ਹੈ।
ਰਾਸ ਤੋਂ ਹੀ ਰਈਸ ਸ਼ਬਦ ਬਣਿਆ ਜਿਸ ਦੇ ਅਰਬੀ ਵਿਚ ਮਾਅਨੇ ਹਨ: ਮੁਖੀਆ, ਆਗੂ, ਮੁਹਰੀ, ਪ੍ਰਧਾਨ, ਚੌਧਰੀ, ਕਪਤਾਨ। ਪਰ ਸਾਡੀਆਂ ਭਾਸ਼ਾਵਾਂ ਵਿਚ ਇਹ ਸ਼ਬਦ ਇਕ ਤਰ੍ਹਾਂ ਰਾਜਸੀ-ਫੌਜੀ-ਆਰਥਕ ਤਾਕਤ ਰੱਖਦੇ ਚੌਧਰੀ, ਆਗੂ, ਸਰਦਾਰ ਵਜੋਂ ਪ੍ਰਚਲਿਤ ਹੋਇਆ, ਇਸ ਲਈ ਇਸ ਵਿਚ ਅਮੀਰ, ਧਨੀ, ਐਸ਼-ਪ੍ਰਸਤ ਦੇ ਭਾਵ ਵੀ ਸਮਾ ਗਏ। ਬਾਲੀਵੁੱਡ ਦੇ ਰਈਸ ਸ਼ਾਹਰੁਖ ਖਾਂ ਦੀ ‘ਰਈਸ’ ਨਾਂ ਦੀ ਫਿਲਮ ਦੇਖਣ ਵਾਲੇ ਇਸ ਸ਼ਬਦ ਦੀ ਰੂਹ ਪਕੜ ਸਕਦੇ ਹਨ।
ਸਪਸ਼ਟ ਹੈ ਕਿ ਇਸ ਦਾ ਸ਼ਾਬਦਿਕ ਅਰਥ ਸਰਦਾਰ ਅਰਥਾਤ ਸਿਰ ਵਾਲਾ ਹੈ। ਸ਼ਬਦ ਦੀ ਵਿਆਖਿਆ ਵਜੋਂ ਇਉਂ ਕਹਿ ਸਕਦੇ ਹਾਂ: ਜਿਸ ਵਿਅਕਤੀ ਦਾ ਪਾਲਣ ਪੋਸਣ ਹੋਰਨਾਂ ਤੋਂ ਉਪਰ ਦੀ ਸਿਰ-ਕੱਢਵਾਂ ਹੋਇਆ ਹੋਵੇ, ਜੋ ਧੌਂਸ ਵਾਲਾ ਜੀਵਨ ਬਿਤਾਉਂਦਾ ਹੈ। ਅਜਿਹਾ ਵਿਅਕਤੀ ਅਮੀਰ ਹੀ ਹੋਵੇਗਾ। ਸਿਰ ਸਰੀਰ ਦਾ ਸਭ ਤੋਂ ਸਿਖਰਲਾ ਅੰਗ ਹੈ। ਜਗੀਰਦਾਰੀ ਦੌਰ ਵਿਚ ਸਮਾਜਕ-ਆਰਥਕ ਸ਼੍ਰੇਣੀ ਰਈਸ ਸਭ ਤੋਂ ਸਿਖਰ ‘ਤੇ ਸੀ। ਸੋ ਜਗੀਰਦਾਰੀ ਪ੍ਰਥਾ ਵਿਚ ਜਿਸ ਦਾ ਰੁਤਬਾ ਸਿਰੇ ਦਾ ਹੈ, ਉਹ ਸਰਦਾਰ ਹੈ, ਮੁਖੀਆ ਹੈ ਤੇ ਉਹ ਅਮੀਰ ਹੀ ਹੁੰਦਾ ਹੈ।
ਉਂਜ ਅਮੀਰ ਸ਼ਬਦ ਦੇ ਵੀ ਦੋ ਅਰਥ ਹਨ-ਸ਼ਾਸਕ ਅਤੇ ਧਨੀ। ਸਰਦਾਰ ਭਾਵੇਂ ਮੁਖੀਏ ਨੂੰ ਕਹਿੰਦੇ ਹਨ ਪਰ ਸਰਦਾਰ ਮਹਾਤੜ ਵਰਗਾ ਨਹੀਂ ਹੋ ਸਕਦਾ। ਸਰਦਾਰ ਅਮੀਰ ਹੀ ਹੁੰਦੇ ਹਨ। ਐਸ਼ੋ ਇਸ਼ਰਤ ਵਾਲਾ ਜੀਵਨ ਬਤੀਤ ਕਰਦੇ ਅੱਜ ਕਲ੍ਹ ਦੇ ਰਈਸ ਭਾਵੇਂ ਪ੍ਰਗਟ ਤੌਰ ‘ਤੇ ਹਾਕਮ ਨਾ ਵੀ ਹੋਣ, ਵਿੰਗੇ-ਟੇਢੇ ਢੰਗ ਨਾਲ ਹਕੂਮਤ ‘ਤੇ ਕਬਜ਼ਾ ਉਨ੍ਹਾਂ ਦਾ ਹੀ ਹੁੰਦਾ ਹੈ। ਫਾਰਸੀ ਵਿਚ ਸ਼ਿੰਗਾਰੇ ਹੋਏ ਪਸੂਆਂ ਦੇ ਸਿਰ ਵੇਚਣ ਵਾਲੇ ਨੂੰ ‘ਰਆਸ’ ਆਖਦੇ ਹਨ।
ਅਸੀਂ ਰਿਆਸਤ ਤੋਂ ਗੱਲ ਸ਼ੁਰੂ ਕੀਤੀ ਸੀ। ਰਿਆਸਤ ਰਈਸ ਦਾ ਸ਼ਾਸਨ ਵੀ ਹੈ ਤੇ ਸ਼ਾਸਨ ਖੇਤਰ ਵੀ ਹੈ। ਭਾਵਵਾਚਕ ਨਾਂਵ ਦੇ ਤੌਰ ‘ਤੇ ਰਿਆਸਤ ਸ਼ਬਦ ਵਿਚ ਵੀ ਰਈਸੀ ਦਾ ਭਾਵ ਹੈ ਯਾਨਿ ਐਸ਼ੋ-ਇਸ਼ਰਤ, ਅਮੀਰੀ, ਸ਼ਾਨੋ-ਸ਼ੌਕਤ ਆਦਿ ਪਰ ਪੰਜਾਬੀ ਵਿਚ ਇਨ੍ਹਾਂ ਭਾਵਾਂ ਵਿਚ ਸ਼ਾਇਦ ਇਹ ਸ਼ਬਦ ਘੱਟ ਹੀ ਵਰਤਿਆ ਜਾਂਦਾ ਹੈ। ਕਈ ਅਰਬੀ ਦੇਸ਼ਾਂ ਵਿਚ ਰਿਆਸਤ ਸ਼ਬਦ ਸਿਆਸਤ ਦੇ ਟਾਕਰੇ ‘ਤੇ ਵੀ ਵਰਤਿਆ ਜਾਂਦਾ ਹੈ: ਰਿਆਸਤ ਧਰਮ ਅਤੇ ਸਿਆਸਤ ਰਾਜਨੀਤੀ ਪ੍ਰਬੰਧ ਨਾਲ ਸਬੰਧਤ ਹੈ।
ਕੁਝ ਕੋਸ਼ਕਾਰਾਂ ਦਾ ਵਿਚਾਰ ਹੈ ਕਿ ਨਸਲ, ਵੰਸ਼, ਕੁਟੰਬ, ਕੁਲ ਆਦਿ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਰੇਸ (੍ਰਅਚe) ਦਾ ਰਿਸ਼ਤਾ ਰਈਸ ਨਾਲ ਹੈ। ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਦੇ ਇਕ ਲੇਖ ਵਿਚੋਂ ਇਕ ਟੂਕ ਦਿੰਦੇ ਹਾਂ, “ਹਿਬਰੂ ਰੋਸ਼ ਅਰਬੀ ਵਿਚ ਆ ਕੇ ਰਾਸ ਬਣਦਾ ਹੋਇਆ ਸਪੈਨਿਸ਼ ਵਿਚ ਰੈਜ਼ਾ ਹੋਇਆ ਜੋ ਬਰਾਸਤਾ ਇਤਾਲਵੀ ਅੰਗਰੇਜ਼ੀ ਵਿਚ ਰੇਸ ਵਜੋਂ ਦਾਖਿਲ ਹੋਇਆ। ਸਵਾਲ ਉਠਦਾ ਹੈ ਕਿ ਪ੍ਰਮੁਖ, ਮੁਖੀ, ਧਨਾਢ ਜਿਹੇ ਅਰਥਾਂ ਰਾਹੀਂ ਹੁੰਦੇ ਹੋਏ ਨਸਲ, ਕੁਲ ਜਿਹੇ ਅਰਥ ਰੇਸ ਸ਼ਬਦ ਵਿਚ ਕਿਵੇਂ ਸਮਾ ਗਏ?” ਅੱਗੇ ਜਾ ਕੇ ਉਨ੍ਹਾਂ ਇਸ ਦਾ ਉਤਰ ਦਿੱਤਾ ਹੈ, “ਜੋ ਪ੍ਰਮੁਖ ਹੈ, ਉਹ ਮੁਖੀ ਹੈ, ਮੁਖੀ ਵਿਚ ਹੀ ਮੂਲ ਹੈ ਅਰਥਾਤ ਮੂਲਸ੍ਰੋਤ ਹੈ। ਉਹੀ ਜੜ੍ਹ ਹੈ, ਉਹੀ ਆਦਿ ਹੈ ਅਤੇ ਅਰੰਭ ਹੈ। ਇਸ ਤਰ੍ਹਾਂ ਰਾਸ ਤੋਂ ਹੀ ਅੰਗਰੇਜ਼ੀ ਰੇਸ ਵਿਚ ਅਰੰਭ, ਸ਼ੁਰੂਆਤ ਮੂਲ ਜਿਹੇ ਅਰਥਾਂ ਵਿਚ ਦੀ ਗੁਜ਼ਰਦਾ ਹੋਇਆ ਨਸਲ, ਕੁੱਲ ਜਿਹੇ ਅਰਥ ਸਥਾਪਤ ਹੋਏ।”
ਮੈਂ ਇਸ ਦਾਅਵੇ ਦੀ ਪੜਤਾਲ ਕੀਤੀ। ਅੰਗਰੇਜ਼ੀ ਦੇ ਉਘੇ ਸਮਕਾਲੀ ਨਿਰੁਕਤ ਸ਼ਾਸਤਰੀ ਅਨਾਤੋਲੀ ਲਿਬਰਮੈਨ ਨੇ ਇਕ ਲੇਖ ਵਿਚ ਇਸ ਸਥਾਪਨਾ ਨੂੰ ਬੜੇ ਤਾਰਕਿਕ ਢੰਗ ਨਾਲ ਰੱਦ ਕੀਤਾ। ਉਸ ਨੇ ਇਕ ਹੋਰ ਨਿਰੁਕਤ ਸ਼ਾਸਤਰੀ ਘਅਿਨਾਰਅਨਚੋ ਛੋਨਟਨਿ ਿਦੇ 1959 ਵਿਚ ਪ੍ਰਕਾਸ਼ਿਤ ਨਿਬੰਧ ਦਾ ਹਵਾਲਾ ਦਿੰਦਿਆਂ ਸਾਬਤ ਕੀਤਾ ਹੈ ਕਿ ਇਸ ਸ਼ਬਦ ਦਾ ਪਿਛੋਕੜ ਘੋੜਸਾਲ (ੰਟੁਦ) ਦੇ ਅਰਥਾਂ ਵਾਲਾ ਫਰਾਂਸੀਸੀ ਸ਼ਬਦ ੍ਹਅਰਅਸ ਹੈ। ਇਕ ਪੁਰਾਣੇ ਇਤਾਲਵੀ ਲੇਖਕ ਨੇ ਇਸ ਸ਼ਬਦ ਨੂੰ ਇਤਾਲਵੀ ਭਾਸ਼ਾ ਵਿਚ ਲਿਖਦਿਆਂ ਇਸ ਦਾ ਮੁਢਲਾ ‘ਹ’ ਧੁਨੀ ਵਾਲਾ ਅੱਖਰ ਐਚ (੍ਹ) ਉੜਾ ਦਿੱਤਾ ਅਤੇ ਇਸ ਨੂੰ ਇਤਾਲਵੀ ਵਿਚ ਰੈਜ਼ ਜਿਹਾ ਬਣਾ ਕੇ ਪੇਸ਼ ਕਰ ਦਿੱਤਾ। ਇਸ ਤੋਂ ਇਹ ਅੰਗਰੇਜ਼ੀ ਵਿਚ ਰੇਸ ਵਜੋਂ ਸਾਹਮਣੇ ਆਇਆ।
ਹੋਰ ਯੂਰਪੀ ਭਾਸ਼ਾਵਾਂ ਇਥੋਂ ਤੱਕ ਕਿ ਫਰਾਂਸੀਸੀ ਵਿਚ ਵੀ ਇਹ ਸ਼ਬਦ ਲਗਭਗ ਇਸੇ ਰੂਪ ਵਿਚ ਦਾਖਲ ਹੋ ਗਿਆ। ਘੋੜੇ ਜਾਂ ਹੋਰ ਜਾਨਵਰਾਂ ਦੇ ਪਾਲਣ-ਪੋਸਣ ਵਿਚ ਨਸਲ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਸ ਸ਼ਬਦ ਵਿਚ ਨਸਲ ਦੇ ਭਾਵ ਆ ਗਏ ਜੋ ਬਾਅਦ ਵਿਚ ਮਨੁੱਖ ਜਾਤੀ ਨਾਲ ਵੀ ਜੋੜੇ ਗਏ।