ਅੱਲ੍ਹਾ ਹੂ ਵਾਲੀ ਵੰਝਲੀ ਵਜਾ ਕੇ…

ਸੰਗੀਤ ਦੀ ਸੰਗਤ-2
‘ਸੰਗੀਤ ਦੀ ਸੰਗਤ’ ਦੀ ਦੂਜੀ ਕੜੀ ਵਿਚ ਵੀ ‘ਪੰਜਾਬ ਟਾਈਮਜ਼’ ਦੇ ਖੈਰ-ਖਵਾਹ ਸੀਨੀਅਰ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਸੰਗੀਤ ਦਾ ਖੂਬ ਮੇਲਾ ਲਾਇਆ ਹੈ ਅਤੇ ਵੱਖ ਵੱਖ ਗਾਇਕਾਂ ਤੇ ਉਨ੍ਹਾਂ ਦੀਆਂ ਗਾਇਨ ਸ਼ੈਲੀਆਂ ਬਾਰੇ ਤਬਸਰਾ ਕੀਤਾ ਹੈ। ਇਸ ਲੇਖ ਲੜੀ ਵਿਚ ਲਿਖਾਰੀ ਨੇ ਪੁਰਾਣੇ ਵੇਲਿਆਂ ਵਿਚ ਪਿੱਪਲਾਂ-ਬੋਹੜਾਂ ਹੇਠ ਛਿੜਦੀਆਂ ਸੰਗੀਤ-ਸੁਰਾਂ ਵਾਲਾ ਰੰਗ ਬੰਨ੍ਹਿਆ ਹੈ। ਇਹ ਬਿਰਤਾਂਤ ਅਤੇ ਇਸ ਦਾ ਅੰਦਾਜ਼ ਪਾਠਕ ਦੀਆਂ ਭਾਵਨਾਵਾਂ ਨੂੰ ਆਪਣੇ ਨਾਲ ਹੜ੍ਹਾ ਕੇ ਲੈ ਜਾਂਦਾ ਹੈ।

ਇਹ ਸੰਗੀਤ ਦੀ ਹੀ ਕੋਈ ਤਾਕਤ ਹੈ ਜਿਸ ਦਾ ਖੁਲਾਸਾ ਇਸ ਲੇਖ ਲੜੀ ਵਿਚ ਪੂਰੀ ਭਰਪੂਰਤਾ ਨਾਲ ਹੋਇਆ ਹੈ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਫੋਨ: 647-982-6091

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੁਰਿੰਦਰ ਕੌਰ ਨੂੰ ਸਾਖਸ਼ਾਤ ਰੂਪ ਵਿਚ ਗਾਉਂਦਿਆਂ ਦੋ-ਤਿੰਨ ਵਾਰੀ ਸੁਣਿਆ ਹੈ। 1990ਵਿਆਂ ਦੇ ਅਖੀਰ ‘ਚ ਉਹ ਆਪਣੀ ਉਮਰ ਦੇ ਆਖਰੀ ਪੜਾਅ ‘ਤੇ ਸੀ ਜਦੋਂ ਮੈਂ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਉਸ ਦਾ ਗਾਇਨ ਸੁਣਿਆ ਤਾਂ ਪੂਰੇ ਵਜਦ ਵਿਚ ਉਹ ਗਈ ਰਾਤ ਤੱਕ ਗਾਉਂਦੀ ਰਹੀ ਸੀ। ਕੁਝ ਵਰ੍ਹੇ ਬਾਅਦ ਮੈਂ ਦਿੱਲੀ ਉਸ ਦੇ ਘਰੇ ਲੰਮੀ ਗੱਲਬਾਤ ਕੀਤੀ। ਉਸ ਨੇ ਕਈ ਵਾਰ ਆਪਣੇ ਪਿਆਰੇ ਪਤੀ ਜੋਗਿੰਦਰ ਸਿੰਘ ਨੂੰ ਬਹੁਤ ਸਤਿਕਾਰ ਨਾਲ ਚੇਤੇ ਕੀਤਾ ਸੀ। ਮੈਨੂੰ ਉਸ ਨੇ ਉਸ ਦਾ ਕਿਤਾਬਾਂ ਵਾਲਾ ਕਮਰਾ ਦਿਖਾਇਆ, ਵਿਸ਼ਾਲ ਕੋਠੀ ‘ਚ ਕਿਸੇ ਪਵਿਤਰ ਇਬਾਦਤਗਾਹ ਵਾਂਗ ਸੰਭਾਲ ਕੇ ਰੱਖਿਆ ਹੋਇਆ ਸੀ। ਲੈਨਿਨ ਦੇ ਨਾਲ ਸਾਰਤਰ, ਕਾਮੂ ਅਤੇ ਲਾਰੰਸ ਦੀਆਂ ਕਿਤਾਬਾਂ ਦੇਖ ਕੇ ਮੈਨੂੰ ਅਚੰਭਾ ਹੋਇਆ। ਉਸ ਇਨਸਾਨ ਦੇ ਉਚੇਰੇ ਸਾਹਿਤਕ ਸੁਹਜ ਬਾਰੇ ਬਲਵੰਤ ਗਾਰਗੀ ਨੇ ਵੀ ਸਹੀ ਪਾਈ ਹੋਈ ਹੈ। ਗਾਇਨ ਲਈ ਪ੍ਰਤੀਬੱਧਤਾ ਸਬੰਧੀ ਗਾਰਗੀ ਦੇ ਸੁਰਿੰਦਰ ਕੌਰ ਬਾਰੇ ਸ਼ਬਦ ਚਿਤਰ ਦੀਆਂ ਇਹ ਸਤਰਾਂ ਵੀ ਜ਼ਰਾ ਵੇਖੋ:
ਉਹ ਆਖਦੀ ਹੈ, “ਜਦ ਮੈਂ ‘ਆ ਮਿਲ ਮੇਰਿਆ ਰਾਂਝਣਾ, ਲੁੱਟੀ ਹੀਰ ਵੇ ਗਮਾਂ ਨੇ’ ਗਾਉਂਦੀ ਹਾਂ ਤਾਂ ਮੇਰੇ ਅੰਦਰ ਕੋਈ ਚੀਜ਼ ਟੁੱਟਦੀ ਹੈ। ਹਰ ਵਾਰ ਮੈਨੂੰ ਇਕੱਲ ਤੇ ਤੜਫ ਦਾ ਅਹਿਸਾਸ ਹੁੰਦਾ ਹੈ ਜੋ ਮੇਰੀ ਆਵਾਜ਼ ਵਿਚ ਆ ਜਾਂਦਾ ਹੈ…ਮੈਨੂੰ ਆਵਾਜ਼ ਮੇਰੇ ਢਿੱਡ ਵਿਚੋਂ, ਮੇਰੇ ਲਹੂ ਵਿਚੋਂ ਨਿਕਲਦੀ ਜਾਪਦੀ ਹੈ…ਮੈਨੂੰ ਪਤਾ ਨਹੀਂ ਲਗਦਾ, ਮੇਰੀ ਆਵਾਜ਼ ਦੀ ਤਾਸੀਰ ਕਿਵੇਂ ਬਦਲ ਜਾਂਦੀ ਹੈ, ਕਿਉਂਕਿ ਮੈਂ ਇਸ ਨੂੰ ਸੁਣ ਨਹੀਂ ਸਕਦੀ। ਮੇਰਾ ਪੂਰਾ ਵਜੂਦ ਇਸ ਵਿਚ ਭਿੱਜਿਆ ਹੁੰਦਾ ਹੈ…।”
ਭਾਵਨਾ ਦੀ ਇਸੇ ਪਾਕੀਜ਼ਗੀ ਦੇ ਪ੍ਰਥਾਏ ਸੁਰਿੰਦਰ ਕੌਰ ਤੋਂ ਬਾਅਦ ਸਾਡਾ ਸਭ ਦਾ ਚਹੇਤਾ ਗਾਇਕ ਸਾਈਂ ਅਖਤਰ ਹੁਸੈਨ ਹੈ। ਸਭ ਤੋਂ ਪਹਿਲਾਂ ਮੇਰੇ ਚੇਤਿਆਂ ਵਿਚ ਉਸ ਦਾ ‘ਦਿਲਾ ਭੁੱਲ ਜਾਣਿਆਂ ਵੇ, ਅੱਖਾਂ ਹੋਰ ਲਾਵੀਂ ਨਾ’ ਬੋਲਾਂ ਵਾਲਾ ਗੀਤ ਆਉਂਦਾ ਹੈ ਅਤੇ ਫਿਰ ਯਾਦ ਆਉਂਦੀ ਹੈ, ਬਾਬੇ ਬੁੱਲ੍ਹੇ ਸ਼ਾਹ ਦੇ ‘ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ’ ਵਾਲੀ ਕਾਫੀ ਦਾ ਉਸ ਵੱਲੋਂ ਕੀਤਾ ਅਲੌਕਿਕ ਗਾਇਨ ਜਿਹਨੂੰ ਸੁਣਦਿਆਂ ਆਦਮੀ ਧੰਨ ਹੋ ਜਾਂਦਾ ਹੈ। ਕਈ ਵਰ੍ਹੇ ਪਹਿਲਾਂ ਸਾਈਂ ਦੇ ਗਾਇਨ ਨਾਲ ਮੇਰਾ ਤੁਆਰਫ ਮੇਰੇ ਦੋਸਤ ਰਛਪਾਲ ਗਿੱਲ ਨੇ ਕਰਾਇਆ ਸੀ।
ਇਸ ਦਰਵੇਸ਼ ਦੇ ਹੋਰ ਵੀ ਕਈ ਗੀਤ ਹਨ ਪਰ ਹਾਲ ਦੀ ਘੜੀ ਸਾਈਂ ਵੱਲੋਂ ਗਾਏ ਪੰਜਾਬੀ ਟੱਪਿਆਂ ਦੀ ਗੱਲ ਹੀ ਕਰਾਂਗੇ। ਸਾਈਂ ਦੇ ਟੱਪਿਆਂ ਦੇ ਬੋਲਾਂ ਦਾ ਮਜ਼ਾਜ ਜ਼ਰਾ ਵੇਖੋ:
ਰੱਬ ਇਸ਼ਕ ਕਮਾ ਬੈਠਾ
ਬਦਲੇ ਇਕ ਦਮ ਦੇ
ਗਲ ਦੁਨੀਆਂ ਪਾ ਬੈਠਾ!
ਤੇ ਫਿਰ ਅੱਗੇ ਜ਼ਰਾ ਹੋਰ ਵੇਖੋ:
ਆਰੀ ਉਤੇ ਆਰੀ ਊ
ਇਕੋ ਜ਼ਿੰਦ ਯੂਸਫ ਦੀ
ਸਾਰਾ ਮਿਸਰ ਵਪਾਰੀ ਊ।

ਕੋਈ ਤਾਣੀ ਤਣੀ ਹੋਈ ਏ
ਯਾਰੀ ਨਾ ਤੋੜ ਚੰਨ ਵੇ
ਵਾਹਵਾ ਰੌਣਕ ਬਣੀ ਹੋਈ ਏ!

ਥਾਲੀ ਵਿਚ ਪਾਨ ਪਿਆ
ਇਕ ਤੇਰੀ ਅੱਖ ਬਦਲੀ
ਸਾਰਾ ਬਦਲ ਜਹਾਨ ਗਿਆ!

ਸ਼ੀਸ਼ੇ ਟੁੱਟੇ ਹੋਏ ਨਹੀਓਂ ਜੁੜਦੇ
ਆਸ਼ਕ ਤੇ ਦਰਿਆ
ਕਦੀ ਮੋੜਿਆਂ ਨਹੀਓਂ ਮੁੜਦੇ!

ਹੱਥ ਜੋੜਾ ਲਾਲਾਂ ਦਾ
ਦੁਖੀਆਂ ਦੇ ਦੁੱਖ ਸੁਣਨੇ
ਇਹ ਕੰਮ ਲੱਜ ਪਾਲਾਂ ਦਾ!

ਮਾਹੀ ਸੱਚ ਫੁਰਮਾਇਆ ਏ
ਅਸਾਂ ਗੁਨਹਾਗਾਰਾਂ ਉਤੇ
ਓਹਦੀ ਕੰਬਲੀ ਦਾ ਸਾਇਆ ਏ…
ਕਾਲੀ ਕੰਬਲੀ ਦਾ ਸਾਇਆ ਏ।
ਸਾਈਂ ਜੀ ਦੇ ਗਾਇਨ ਵਿਚ ਕਹਿਕਸ਼ਾਂ ਤੱਕ ਮਾਰ ਕਰਨ ਵਾਲੀ ਸ਼ਿੱਦਤ ਹੈ, ਤਰਲਾ ਹੈ, ਲੋਚਾ ਹੈ; ਐਨ ਉਹੀ ਲੋਚਾ ਜੋ ਹੀਰ ਅੰਦਰ ਆਪਣੇ ਰਾਂਝੇ ਯਾਰ ਲਈ ਸੀ। ਉਹੀ ਪਵਿਤਰ ਅਤੇ ਪ੍ਰਚੰਡ ਲੋਚਾ ਜੋ ਸਾਨੂੰ ਸੁਰਿੰਦਰ ਕੌਰ ਦੇ ਉਪਰ ਦੱਸੇ ਗੀਤ ਦੇ ਗਾਇਨ ਵਿਚ ਮਹਿਸੂਸ ਹੁੰਦੀ ਰਹੀ ਹੈ।
ਸਾਈਂ ਦਾ ਗਾਇਨ ਸੁਣਦਿਆਂ ਦੁਸ਼ਿਅੰਤ ਕੁਮਾਰ ਚੇਤੇ ਵਿਚ ਆ ਬੈਠਾ:
ਕੌਨ ਕਹਿਤਾ ਹੈ ਆਕਾਸ਼ ਮੇਂ
ਸੁਰਾਗ ਨਹੀਂ ਹੋ ਸਕਤਾ
ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ।
ਸਾਈਂ ਦੇ ਬੋਲਾਂ ਵਿਚਲਾ ਉਹੀ ਜਜ਼ਬਾ ਇਸ ਸ਼ਿਅਰ ਅੰਦਰ ਸਮਾਇਆ ਹੋਇਆ ਹੈ। ਇਸ ਤੋਂ ਅਗਾਂਹ ਤਾਂ ਫਿਰ ਮੱਕਿਓਂ ਪਰ੍ਹਾਂ ਉਜਾੜ ਹੀ ਹੈ!
ਦਰਵੇਸ਼ ਦੇ ਟੱਪਿਆਂ ਦੇ ਇਲਾਹੀ ਗਾਇਨ ਦਾ ਜ਼ਿਕਰ ਕਰਦਿਆਂ ਮੇਰੀ ਸਿਮਰਤੀ ਵਿਚ ਲਖਵਿੰਦਰ ਵਡਾਲੀ ਦੇ ਸਾਲ ਕੁ ਪਹਿਲਾਂ ਸੁਣੇ ਟੱਪਿਆਂ ਦਾ ਗਾਇਨ ਚੇਤਿਆਂ ‘ਚ ਉਭਰ ਆਇਆ; ਉਸ ਦਾ ਪਹਿਲਾ ਟੱਪਾ ਸੀ:
ਕੋਈ ਕੱਤਨੀ ਆਂ ਰੂੰ ਮਾਹੀਆ
ਇਕ ਚੰਗਾ ਤੂੰ ਲੱਗਨੈ
ਸਾਨੂੰ ਦੂਜਾ ਵੀ ਤੂੰ ਮਾਹੀਆ!
ਇਸ ਟੱਪੇ ਦੇ ਬੋਲ ਬੇਹਦ ਪਿਆਰੇ ਹਨ, ਤੇ ਫਿਰ ਨੌਜਵਾਨ ਗਾਇਕ ਆਪਣੇ ਬਾਪ ਪੂਰਨ ਚੰਦ ਵਡਾਲੀ ਦਾ ਚੰਡਿਆ ਹੋਇਆ ਹੈ। ਰੂਹ ਦੇ ਪੂਰੇ ਤਾਣ ਨਾਲ ਗਾਉਣ ਦੇ ਸਮਰੱਥ ਹੈ। ਪੰਜਾਬੀ ਟੱਪੇ ਆਸਾ ਸਿੰਘ ਮਸਤਾਨਾ ਨਾਲ ਮਿਲ ਕੇ ਸੁਰਿੰਦਰ ਕੌਰ ਨੇ ਵੀ ਗਾਏ ਹੋਏ ਹਨ। ਹੁਣ ਮੈਨੂੰ ਫਰੀਹਾ ਪਰਵੇਜ਼ ਦਾ ਗੀਤ ਚੇਤੇ ਆ ਰਿਹਾ ਹੈ:
ਵੇ ਮੈਂ ਤੇਰੇ ਲੜ ਲੱਗੀ ਆਂ
ਵੇ ਰਾਂਝਣਾ…
ਤੇ ਤੂੰ ਕਰਨਾ ਏਂ ਠੱਗੀਆਂ!
ਵੇ ਰਾਂਝਣਾ…।
ਇਹ ਗੀਤ ਸੁਣਦਿਆਂ ਆਦਮੀ ਦੰਗ ਰਹਿ ਜਾਂਦਾ ਹੈ। ਕਿੰਨੇ ਸਹਿਜ ਨਾਲ ਛੂਹੀਆਂ ਹੋਈਆਂ ਹਨ ਗਾਇਨ ਅਤੇ ਸੁਹੱਪਣ ਦੀਆਂ ਕਰਤਾਰੀ ਸਿਖਰਾਂ! ਉਂਜ, ਟੱਪਿਆਂ ਦੀ ਚੋਣ ਵਿਚ ਉਸ ਦਾ ਰੰਗ ਫਿੱਕਾ ਪੈ ਜਾਂਦਾ ਹੈ; ਮਸਲਨ:
ਚਿੱਟਾ ਕੁੱਕੜ ਬਨੇਰੇ ‘ਤੇ
ਕਾਸ਼ਨੀ ਦੁਪੱਟੇ ਵਾਲੀਏ
ਮੁੰਡਾ ਆਸ਼ਕ ਤੇਰੇ ‘ਤੇ।
ਪੰਜਾਬੀ ਟੱਪੇ ਦਰਅਸਲ ਸਾਈਂ ਜੀ ਤੋਂ ਬਾਅਦ ਉਸਤਾਦ ਤੁਫੈਲ ਨਿਆਜ਼ੀ ਅਤੇ ਉਸ ਦੀ ਸਾਥਣ ਸਮਰ ਇਕਬਾਲ ਨੇ ਗਾਏ ਸਨ। ਸਾਈਂ ਅਖਤਰ ਤੋਂ ਬਿਲਕੁਲ ਵੱਖਰਾ ਰੰਗ ਹੈ; ਸੁਰ ਸਹਿਜ ਤੇ ਧੀਮੀ ਹੈ ਪਰ ਸੁਣਦਿਆਂ ਅਨੰਦ ਆ ਜਾਂਦਾ ਹੈ। ਚੰਦ ਟੱਪੇ:
ਇਕ ਬੂਟਾ ਏ ਕਾਈਏ ਦਾ
ਲੱਖਾਂ ਇਬਾਦਤਾਂ ਨੇ
ਮੂੰਹ ਤੱਕ ਲੈਣਾ ਮਾਹੀਏ ਦਾ!

(ਸੋਹਣਿਆਂ ਵੇ) ਇਕ ਨਿੱਕੀ ਜਿਹੀ ਹਾਂ ਕਰ ਦੇ
ਜਿੰਦ ਤੇਰੇ ਨਾਮ ਕੀਤੀ
ਵੇ ਤੂੰ ਦਿਲ ਮੇਰੇ ਨਾਂ ਕਰ ਦੇ।

(ਸੋਹਣਿਆਂ ਵੇ) ਪਾਣੀ ਪੰਜ ਦਰਿਆਵਾਂ ਦਾ
ਹਾਰ ਮੈਂ ਪਾ ਦੇਵਾਂ
ਵੇ ਗਲ ਗੋਰੀਆਂ ਬਾਹਵਾਂ ਦਾ!

ਹਾਏ ਵੇ, ਮੂੰਹ ਬੰਦ ਹੋਇਆ ਗੜਵੀ ਦਾ
ਮੰਨਦਾ ਨਹੀਂ ਮੇਰੀਆਂ
ਦਿਲ ਮਾਲਕ ਮਰਜ਼ੀ ਦਾ!

ਪੀਲੇ ਫੁੱਲ ਵਿਚ ਖੇਤਾਂ ਦੇ
ਇਸ਼ਕੇ ਦੀ ਅੱਗ ਵੇ ਚੰਨਾ
ਅਸਾਂ ਰਲ ਮਿਲ ਸੇਕਾਂਗੇ!

ਸੋਹਣੀਏ ਨੀ…
ਲੰਮਾ ਗੰਨਾ ਏ ਕਮਾਦੇ ਦਾ
ਤੇਰਾ ਸਾਨੂੰ ਇਸ਼ਕ ਲੱਗਾ
ਜਿਵੇਂ ਨਸ਼ਾ ਸ਼ਰਾਬੇ ਦਾ!
ਇਸੇ ਸਿਲਸਿਲੇ ਵਿਚ ਹੀ ਬੁਲੰਦ ਗਾਇਕ ਅਤਾਉਲਾ ਖਾਨ ਦੀ ਯਾਦ ਆ ਰਹੀ ਹੈ। ਅਖਤਰ ਅਤੇ ਤੁਫੈਲ ਤੋਂ ਕੁਝ ਵਰ੍ਹੇ ਬਾਅਦ ਉਸ ਨੇ ਵੀ ਕਾਫੀ ਯਾਦਗਾਰੀ ਗੀਤ ਗਾਏ, ਜਿਵੇਂ:
ਚੰਨ ਕਿੱਥਾਂ ਗੁਜ਼ਾਰੀ ਰਾਤ ਵੇ

ਕੋਠੇ ‘ਤੇ ਪਿਰ ਕੋਠੜਾ
ਵੇ ਕੋਠੇ ਸੁੱਕਦੀਆਂ ਤੋਰੀਆਂ
ਕਾਲੀਆਂ ਰਾਤਾਂ ਜਾਗ ਕੇ
ਮੈਂ ਨੱਪੀਆਂ ਤੇਰੀਆਂ ਚੋਰੀਆਂ!
ਕੋਠੇ ‘ਤੇ ਪਿਰ ਕੋਠੜਾ
ਕੋਠੇ ਦੇ ਵਿਚ ਬਾਰੀਆਂ
ਹੁਣ ਤਾਂ ਵਾਪਸ ਆ ਮਾਹੀ ਵੇ
ਤੂੰ ਜਿਤਿਓਂ ਤੇ ਮੈਂ ਹਾਰੀ ਆਂ!
ਉਸ ਦੇ ਗਾਏ ਟੱਪਿਆਂ ਵਿਚ ਵੀ ਬੜਾ ਦਮ ਸੀ:
ਮੇਰਿਆ ਵੇ ਹਾਣੀਆ
ਕੱਦ ਸੱਜਣਾਂ ਦਾ ਛੋਟਾ ਏ
ਕਾਲੀਆਂ ਜ਼ੁਲਫਾਂ ਵਿਚ
ਮੁੱਖ ਚੰਨ ਦਾ ਟੋਟਾ ਏ!
ਹਾਂ ਸੱਚ, ਮਸੱਰਤ ਨਜ਼ੀਰ ਦਾ ਮੈਨੂੰ ਚੇਤਾ ਹੀ ਭੁੱਲ ਚੱਲਿਆ ਸੀ। ਉਸ ਦਾ ਗੀਤ
ਪਿੱਛੇ ਪਿੱਛੇ ਆਉਂਦਾ
ਮੇਰੀ ਚਾਲ ਵਿੰਹਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ…
ਪੰਜਾਬੀ ਲੋਕ ਗਾਇਕੀ ਦਾ ਹਾਸਲ ਹੈ। ਗੀਤ ਦੇ ਬੋਲਾਂ ਵਿਚ ਕਮਾਲ ਦਾ ਨ੍ਰਿਤ ਹੈ। ਆਵਾਜ਼ ਵਿਚ ਲੋਹੜੇ ਦੀ ਲੈਅ ਹੈ ਅਤੇ ਆਪਣੀ ਇਲਾਹੀ ਮੁਸਕਰਾਹਟ ਨਾਲ ਉਸ ਨੇ ਤਕੜਾ ਜਲਵਾ ਖੜ੍ਹਾ ਕੀਤਾ ਹੋਇਆ ਹੈ। ਮਸੱਰਤ ਨਜ਼ੀਰ ਦੇ ਗਾਏ ਟੱਪਿਆਂ ਵਿਚ ਵੀ ਬਲਾ ਦੀ ਜਾਨ ਹੈ:
ਯਾਰੀ ਖੇਡ ਏ ਲਕੀਰਾਂ ਦੀ
ਗੱਡੀ ਆਈ ਟੇਸ਼ਨ ‘ਤੇ
ਅੱਖ ਭਿੱਜ ਗਈ ਵੀਰਾਂ ਦੀ!

ਪਿੱਪਲੀ ਦੀਆਂ ਛਾਂਵਾਂ ਨੀ
ਆਪੇ ਹੱਥੀਂ ਡੋਲੀ ਤੋਰ ਕੇ
ਆਪੇ ਕਰਨ ਦੁਆਵਾਂ ਨੀ!

ਕੁੰਡਾ ਲੱਗ ਗਿਆ ਥਾਲੀ ਨੂੰ
ਹੱਥਾਂ ਉਤੇ ਮਹਿੰਦੀ ਲੱਗ ਗਈ
ਨੀ ਇਕ ਕਿਸਮਤ ਵਾਲੀ ਨੂੰ!
ਮਸੱਰਤ ਨਜ਼ੀਰ ਦੀ ਆਵਾਜ਼ ਵਿਚ ਮੜਕ ਵੀ ਹੈ ਤੇ ਜਾਨ ਵੀ, ਪਰ ਸਾਈਂ ਜੀ ਤੋਂ ਬਾਅਦ ਅਗਲਾ ਵੱਡਾ ਮੁਕਾਮ ਮੇਰੀ ਜਾਚੇ ਸਾਈਂ ਜ਼ਹੂਰ ਦੇ ਰੂਪ ਵਿਚ ਸਾਡੇ ਸਾਹਵੇਂ ਆਇਆ ਹੈ। ਸਾਈਂ ਨੇ ਚਕ੍ਰਿਤ ਕਰਨ ਵਾਲੇ ਕਲਾਤਮਿਕ ਅੰਦਾਜ਼ ਵਿਚ ਜੀਵਨ ਦੀ ਤ੍ਰਾਸਦਿਕ ਨਾਸ਼ਮਾਨਤਾ ਦਾ ਹੋਕਾ ਦਿੰਦਿਆਂ ਆਪਣੇ ਅਨੇਕਾਂ ਗੀਤਾਂ ਵਿਚ ਬੰਦੇ ਨੂੰ ਅੱਲ੍ਹਾ ਦੇ ਸੱਚੇ ਇਸ਼ਕ ਦਾ ਰਾਹ ਫੜ੍ਹਨ ਲਈ ਕਿਹਾ ਹੋਇਆ ਹੈ ਪਰ ਉਸ ਦੇ ਗਾਇਨ ਦੀ ਸਿਖਰ ਉਹੀ ਹੈ ਜੋ ‘ਲੋਕ ਵਿਰਸਾ’ ਵਾਲਿਆਂ ਨੇ ਸਾਈਂ ਦੀ ਸਭ ਤੋਂ ਪਹਿਲੀ ਰਿਕਾਰਡਿੰਗ ਆਖ ਕੇ ਨੈਟ ‘ਤੇ ਪਾਈ ਹੈ। ਉਹ ਹੱਥ ਵਿਚ ਤੂੰਬਾ, ਗਲ ਵਿਚ ਮੋਟੇ ਮਣਕਿਆਂ ਦੀ ਮਾਲਾ ਅਤੇ ਪੈਰੀਂ ਘੁੰਗਰੂ ਪਾ ਕੇ ਜਿਵੇਂ ਪੰਚਮ ਸੁਰ ਵਿਚ ‘ਅੱਲ੍ਹਾ ਅੱਲ੍ਹਾ… ਬੋਲ ਓਇ ਬੰਦਿਆ’ ਆਖ ਅਲਾਪ ਲੈਂਦਾ ਹੈ ਅਤੇ ਫਿਰ ਘੁੰਗਰੂ ਖੜਕਾਉਂਦਿਆਂ ਅਨੋਖੇ ਵਜਦ ਵਿਚ ਆ ਕੇ ਨੱਚਣਾ ਸ਼ੁਰੂ ਕਰ ਦਿੰਦਾ ਹੈ:
ਮਾਣ ਨਾ ਕਰੀਏ ਰੱਬ ਤੋਂ ਡਰੀਏ…
ਐਵੇਂ ਨਾ ਜਿੰਦੜੀ ਓਇ ਰੋਲ਼..
ਇਹ ਦਿਨ ਦੁਨੀਆਂ ਚਾਰ ਦਿਹਾੜੇ
ਤੇ ਆਖਰ ਨੂੰ ਮਰ ਜਾਣਾ
ਝੂਠੀ ਦੌਲਤ ਇਹ ਦੁਨੀਆਂ ਵਾਲੀ
ਨਾਲ ਕਿਸੇ ਨਹੀਂ ਜਾਣਾ
ਝੂਠੀ ਆਕੜ ਤੇ ਝੂਠੀ ਦੁਨੀਆਂ
ਨਹੀਂ ਰਹਿਣੀ ਤੇਰੇ ਕੋਲ
ਅੱਲ੍ਹਾ ਅੱਲ੍ਹਾ ਬੋਲ਼..
ਓਇ ਬੰਦਿਆ…।
ਦੋ ਕੁ ਵਰ੍ਹੇ ਪਹਿਲਾਂ ਮੇਰੇ ਅਜ਼ੀਜ਼ ਅਤੇ ਅਮਰੀਕਾ ਰਹਿੰਦੇ ਭੂਆ ਦੇ ਲੜਕੇ ਕੁੱਕੀ ਸੇਠ ਨੇ ਸਾਈਂ ਜੀ ਦੀ ਇਹ ਰਿਕਾਰਡਿੰਗ ਮੈਨੂੰ ਈ-ਮੇਲ ਰਾਹੀਂ ਭੇਜੀ। ਸਾਈਂ ਦੇ ‘ਘੜਾ ਵੱਜਦਾ, ਕਿੰਗ ਵੱਜਦੀ, ਜ਼ਰਾ ਚਿਮਟਾ ਵੱਜਦਾ ਸੁਣ ਜਿੰਦੜੀ’ ਬੋਲ ਸੁਣਦਿਆਂ ਹੀ ਆਵਾਜ਼ ਕੁਝ ਜਾਣੀ-ਪਛਾਣੀ ਲੱਗੀ; ਤੇ ਫਿਰ ਲੱਗਿਆ, ਬੰਦਾ ਹੋਰ ਸੀ ਅਤੇ ਆਵਾਜ਼ ਜ਼ਰਾ ਕੁ ਵਖਰੇਵੇਂ ਨਾਲ ਅਤਾਉੱਲਾ ਖਾਨ ਦੀ ਆ ਰਹੀ ਸੀ!…ਇਤਫਾਕ ਦੀ ਗੱਲ ਸੀ ਕਿ ਅਤਾਉੱਲਾ ਖਾਨ ਦੀ ਗਾਇਕੀ ਨਾਲ ਤੁਆਰਫ ਵੀ 30-35 ਵਰ੍ਹੇ ਪਹਿਲਾਂ ਕੁੱਕੀ ਨੇ ਹੀ ਕਰਵਾਇਆ ਸੀ। ਉਦੋਂ ਕੁਵੈਤ ਤੋਂ ਉਹ ਪਟਿਆਲੇ ਮੈਨੂੰ ਮਿਲਣ ਆਇਆ ਤਾਂ ਮੇਰੇ ਅੱਗੇ ਤੋਹਫੇ ਵਜੋਂ ਲਿਆਂਦੀਆਂ ਅਤਾਉੱਲਾ ਖਾਨ ਤੇ ਰੇਸ਼ਮਾ ਦੀਆਂ ਕੈਸਟਾਂ ਦਾ ਢੇਰ ਲਾ ਦਿੱਤਾ।
ਅਤਾਉੱਲਾ ਖਾਨ ਠੀਕ ਸੀ ਅਤੇ ਰੇਸ਼ਮਾ ਦਾ ਤਾਂ ਉਨ੍ਹੀਂ ਦਿਨੀਂ ਕਹਿਣਾ ਹੀ ਕੀ ਸੀ। ਬਲਵੰਤ ਗਾਰਗੀ ਨੂੰ ਰੇਸ਼ਮਾ ਦੀ ਆਵਾਜ਼ ਵਿਚ ਕਦੀ ਅਰਬ ਦੇ ਰੇਗਿਸਤਾਨ ਅੰਦਰ ਪਵਿਤਰ ਕੁਰਾਨ ਦੀਆਂ ਆਇਤਾਂ ਤੇ ਉਚਾਰਨ ਜਿਹੀ ਗੂੰਜ ਆਈ ਸੀ। ਐਨ ਉਸੇ ਤਰ੍ਹਾਂ ਦੀ ਅਤਿ ਬਲਵਾਨ ਸੁਰ ਮੈਨੂੰ ਸਾਈਂ ਦੇ ਅਲਾਪ ਅੰਦਰ ਸੁਣਾਈ ਦਿੱਤੀ। ਪਾਲ ਗੌਗਾਂ ਦੇ ਚਿੱਤਰਾਂ ਨੂੰ ਪਹਿਲੀ ਵਾਰੀ ਧਿਆਨ ਨਾਲ ਵੇਖਿਆਂ ਜਿਵੇਂ ਇਨਸਾਨੀ ਹਸਤੀ ਦੇ ਕੋਈ ਆਦਿ ਜੁਗਾਦੀ ਆਯਾਮ ਉਜਾਗਰ ਹੁੰਦੇ ਹਨ, ਉਸੇ ਤਰ੍ਹਾਂ ਦੀ ਪਵਿਤਰ/ਜੰਗਲੀ ਵਹਿਸ਼ਤ ਇਸ ਗਾਇਨ ਵਿਚੋਂ ਆਪ ਮੁਹਾਰੇ ਡੁੱਲ੍ਹ ਡੁੱਲ੍ਹ ਪੈਂਦੀ ਹੈ। ਉਸ ਦੀ ਗਾਇਕੀ ਅਤਾਉੱਲਾ ਖਾਨ ਦੀ ਜਮੀਨ ਵਿਚ ਤਾਂ ਹੈ ਪਰ ਉਹ ਉਸ ਤੋਂ ਸਹਿਜੇ ਹੀ ਪਾਰ ਚਲਿਆ ਜਾਂਦਾ ਹੈ:
ਪੀ ਸ਼ਰਾਬ ਤੇ ਖਾ ਕਬਾਬ ਵੇ ਬੁੱਲ੍ਹਿਆ
ਹੇਠਾਂ ਬਾਲ ਹੱਡਾਂ ਦੀ ਅੱਗ ਨੂੰ।
ਚੋਰੀ ਕਰਨਾ ਭੰਨ ਘਰ ਰੱਬ ਦਾ
ਠੱਗ ਲੈ ਤੂੰ ਠੱਗਾਂ ਦੇ ਠੱਗ ਨੂੰ।

ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ
ਹੰਝੂ ਨਾ ਐਵੇਂ ਰੋਲ ਬਾਬਲਾ।
ਅੱਲ੍ਹਾ ਹੂ ਵਾਲੀ ਵੰਝਲੀ ਵਜਾ ਕੇ
ਰਾਂਝੇ ਨੇ ਮੇਰੀ ਜਾਨ ਕੱਢ ਲਈ!
ਉਸ ਦਾ ਗੀਤ:
ਦਿਲਾ ਕਮਲਿਆ ਦੱਸ ਤੂੰ ਕੀ ਖੱਟਿਆ
ਤੈਨੂੰ ਯਾਰ ਦੀ ਜੁਦਾਈ ਮਾਰ ਸੁੱਟਿਆ
ਬੋਲਾਂ ਵਾਲਾ ਉਸਤਾਦ ਲਾਲ ਚੰਦ ਯਮਲਾ ਜੱਟ ਦੇ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ।

ਇਸ਼ਕ ਵਾਲੇ ਪਾਸੇ ਦੀਆਂ
ਨਰਦਾਂ ਖਿਲਾਰ ਕੇ
ਜਿੱਤ ਗਈ ਏਂ ਤੂੰ ਤੇ ਅਸੀਂ
ਬਹਿ ਗਏ ਬਾਜ਼ੀ ਹਾਰ ਕੇ
ਸਦਾ ਬਹਾਰ ਕਲਾਸਿਕ ਦੀ ਜਮੀਨ ਵਿਚ ਗਾਇਆ ਜੋ ਗੀਤ ਹੈ, ਉਸ ਵਿਚ ਸਾਈਂ ਕੋਲੋਂ ਉਹ ਗੱਲ ਬਣੀ ਨਹੀਂ ਹੈ। ਉਸਤਾਦ ਤੋਂ ਬਹੁਤ ਪਿਛਾਂਹ ਰਹਿ ਗਿਆ ਸਾਫ ਨਜ਼ਰ ਆਉਂਦਾ ਹੈ।
ਫਿਰ ਵੀ ਸਾਈਂ ਸਾਈਂ ਹੀ ਹੈ, ਉਸ ਦਾ ਜ਼ਿਕਰ ਕਰਦਿਆਂ ਮੈਨੂੰ ਪਟਿਆਲੇ ਵਾਲੇ ਸਾਈਂ ਲਾਲੀ ਦੀ ਯਾਦ ਆ ਗਈ ਹੈ। ਕਈ ਵਰ੍ਹੇ ਪਹਿਲਾਂ ਰਛਪਾਲ ਸਿੰਘ ਗਿੱਲ ਦੇ ਘਰੇ ਲਾਲੀ ਬਾਬਾ ਸਾਡੇ ਨਾਲ ਸੀ ਅਤੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵੀ ਆਏ ਹੋਏ ਸਨ। ਸਾਈਂ ਅਖਤਰ ਅਤੇ ਤੁਫੈਲ ਨਿਆਜ਼ੀ ਦਾ ਨਾਂ ਪਹਿਲੀ ਵਾਰ ਮੈਂ ਉਥੇ ਮਹਿਬੂਬ ਦੇ ਮੂੰਹੋਂ ਹੀ ਸੁਣਿਆ ਸੀ। ਗਿੱਲ ਨੇ ਉਸ ਸ਼ਾਮ ਦੀ ਮਹਿਫਿਲ ਸਮੇਂ ਦੋਹਾਂ ਗਾਇਕਾਂ ਦੇ ਪਾਕਿਸਤਾਨ ਦੀ ਆਪਣੀ ਯਾਤਰਾ ਮੌਕੇ ਲਿਆਂਦੇ ਉਨ੍ਹਾਂ ਦੇ ਕਈ ਰਿਕਾਰਡ ਸੁਣਵਾਏ ਸਨ। ਬਾਅਦ ਵਿਚ ਲਾਲੀ ਬਾਬੇ ਨੇ ਸਾਈਂ ਅਖਤਰ ਦੇ ਗਾਇਨ ਦੀ ਸ਼ੋਭਾ ਦੀ ਤਮਹੀਦ ਬੰਨ੍ਹਦਿਆਂ ਪਹਿਲਾਂ ਤਾਂ ਆਪਣਾ ਪ੍ਰਵਚਨ ਆਰਫੀਅਸ ਦੀ ਮਿਥ ‘ਤੇ ਕੇਂਦਰਿਤ ਕੀਤਾ ਤੇ ਫਿਰ ਦੋਹਾਂ ਧੁਨੰਤਰ ਮਹਾਂ ਪੁਰਸ਼ਾਂ ਵਿਚਾਲੇ ਪ੍ਰਤਿਭਾ ਦੇ ਸੋਮਿਆਂ ਬਾਰੇ ਬੜੀ ਦਿਲਚਸਪ ਗੱਲਬਾਤ ਸ਼ੁਰੂ ਹੋ ਗਈ। ਦੋਵੇਂ ਦੋਸਤ ਇਸ ਗੱਲ ‘ਤੇ ਤਾਂ ਪੂਰੀ ਤਰ੍ਹਾਂ ਸਹਿਮਤ ਸਨ ਕਿ ਸਾਈਂ ਅਖਤਰ ਵਰਗੀ ਪ੍ਰਤਿਭਾ ਬੰਦੇ ਦੀ ਆਪਣੀ ਪ੍ਰੈਕਟਿਸ ਨਾਲ ਪੈਦਾ ਨਹੀਂ ਹੁੰਦੀ, ਚਾਹੇ ਕੋਈ ਕਿੰਨੀਆਂ ਸਿਰ ਤੋੜ ਕੋਸ਼ਿਸ਼ਾਂ ਕਰੀ ਜਾਵੇ। ਲਾਲੀ ਬਾਬਾ ਰਵਾਇਤੀ ਰੂਪ ਵਿਚ ਰੱਬੀ ਬਖਸ਼ਿਸ਼ ਦੇ ਸਿਧਾਂਤ ਤੋਂ ਵੀ ਇਨਕਾਰੀ ਸੀ ਪਰ ਜ਼ਰਾ ਕੁ ਟੇਢੇ ਢੰਗ ਨਾਲ ਕੁਦਰਤ ਦੀ ਦੇਣ ਉਹ ਮੰਨਦਾ ਸੀ। ਮਹਿਬੂਬ ਹੱਸੀ ਜਾ ਰਹੇ ਸਨ ਅਤੇ ਫਿਰ ਇਹ ਪਤਾ ਨਾ ਲੱਗਾ ਕਿ ਕਦੋਂ ਲਾਲੀ ਬਾਬੇ ਨੇ ਆਪਣੇ ਰੌਂਅ ਵਿਚ ਪ੍ਰਵਚਨ ਦਾ ਰੁਖ ਸੰਗੀਤ ਬਾਰੇ ਚਰਚਾ ਤੋਂ ਹਟਾ ਕੇ ਪਹਿਲਾਂ ਮੰਟੋ ਤੇ ਫਿਰ ਫਰਾਂਸੀਸੀ ਕਵੀ ਰਿੰਬੋ ਵੱਲ ਮੋੜ ਲਿਆ ਸੀ।
ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਵਿਚ ਗੁਰੂ ਗੋਬਿੰਦ ਸਿੰਘ ਦੇ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਦੇ ਅਲੌਕਿਕ ਗਾਇਨ ਵਿਚ ਵੀ ਅੰਤਾਂ ਦੀ ਸ਼ਿੱਦਤ ਹੈ। ਉਨ੍ਹਾਂ ਨੇ ‘ਜੋਗੀ ਨਾਲ ਜਾਣਾ’ ਵਾਲੀ ਕੱਵਾਲੀ ਨਾਲ ਆਪਣੀ ਸ਼ੁਰੂਆਤ ਹੀ ਸਿਖਰ ਤੋਂ ਕੀਤੀ ਸੀ। ਗਾਇਨ ਦੇ ਖੇਤਰ ਵਿਚ ਉਨ੍ਹਾਂ ਅਨੇਕਾਂ ਚੋਟੀਆਂ ਸਰ ਕੀਤੀਆਂ ਪਰ ਜੋ ਕੌਤਕ ਉਹ ਇਸ ਸ਼ਬਦ ਦੇ ਗਾਇਨ ਦੌਰਾਨ ਖੜ੍ਹਾ ਕਰਦੇ ਹਨ, ਉਹ ਵੇਖਿਆਂ-ਸੁਣਿਆਂ ਹੀ ਬਣਦਾ ਹੈ।
ਜ਼ਾਹਰ ਹੈ, ਇਨ੍ਹਾਂ ਗਾਇਕਾਂ ਦੇ ਵਿਸ਼ਾ ਵਸਤੂ ਅਤੇ ਗਾਇਨ ਵਿਚ ਇਨਸਾਨ ਲਈ ਹੁਕਮ ਵਿਚ ਰਹਿਣ ਲਈ ਨਸੀਹਤ, ਭਾਵ ਅਪੋਲੋਨੀਅਨ ਸਪਿਰਟ ਅਤੇ ਸਭ ਹੱਦਾਂ ਬੰਨੇ ਤੋੜਦਿਆਂ ਜਜ਼ਬੇ ਦੀਆਂ ਸਿਖਰਾਂ ਨੂੰ ਛੂਹ ਕੇ ਜਿਉਣ ਦੀ ਸਦੀਵੀ ਡਾਇਓਨੀਸ਼ੀਅਨ ਸਿੱਕ ਦਾ ਅਨੂਠਾ ਸੰਗਮ ਸਾਫ ਨਜ਼ਰ ਆਉਂਦਾ ਹੈ। ਹਰ ਗੀਤ ਅੰਦਰ ‘ਤ੍ਰਾਸਦੀ ਦੀ ਲੈਅ’ ਮਨਮੋਹਕ ਅੰਦਾਜ਼ ਵਿਚ ਵਹਿੰਦੀ ਹੈ।
ਇਨਸਾਨ ਦੀ ਜ਼ਿੰਦਗੀ ਤ੍ਰਾਸਦਿਕ ਹੈ, ਤ੍ਰਾਸਦੀ ਉਸ ਦੇ ਜਨਮ ਤੋਂ ਹੀ ਉਸ ਦੀ ਹਸਤੀ ਵਿਚ ਨਿਹਿਤ ਹੈ। ਬਾਬੇ ਇਹ ਸਵੀਕਾਰ ਕਰਦੇ ਹਨ ਅਤੇ ਇਸ ਸਵੀਕ੍ਰਿਤੀ ਨੂੰ ਹੀ ਸ਼ੁਧ ਡਾਇਓਨੀਸ਼ੀਅਨ ਵੇਗ ਵਿਚ ਨੱਚ-ਗਾ ਕੇ ਸ਼ੁਕਰ ਮਨਾਉਂਦੇ ਹਨ। ਮੈਨੂੰ ਚਰਚਿਤ ‘ਮੇਲਾ’ ਗੀਤ ਦੇ ਬੋਲ ਯਾਦ ਆ ਰਹੇ ਹਨ:
ਏਥੇ ਬੈਠ ਕਿਸੇ ਨਹੀਂ ਰਹਿਣਾ
ਜੋ ਬੀਜੇਂਗਾ ਵੱਢਣਾ ਪੈਣਾ
ਓੜਕ ਜਾਣਾ ਈ ਮਰ ਓਏ
ਚੱਲ ਮੇਲੇ ਨੂੰ ਚੱਲੀਏ…
ਇਹ ਨਹੀਂ ਤੇਰਾ ਘਰ ਓਇ
ਚੱਲ ਮੇਲੇ ਨੂੰ ਚੱਲੀਏ…।
ਇਹ ਗੀਤ ਮਹਿਬੂਬ ਗਾਇਕ ਹੰਸ ਰਾਜ ਹੰਸ ਸਮੇਤ ਪਾਕਿਸਤਾਨ ਦੇ ਅਨੇਕਾਂ ਗਾਇਕਾਂ ਨੇ ਗਾਇਆ ਹੈ ਪਰ ਮੈਨੂੰ ਇਹ ਸਭ ਤੋਂ ਵੱਧ ਚੰਗਾ ਅਕਰਮ ਰਾਹੀ ਦੀ ਆਵਾਜ਼ ਵਿਚ ਹੀ ਲੱਗਿਆ ਹੈ। ਇਨਸਾਨੀ ਜੀਵਨ ਵਿਚ ਤ੍ਰਾਸਦੀ ਦੀ ਲੈਅ ਨੂੰ ਸਿੱਧੇ ਸਾਦੇ ਅਤੇ ਜ਼ੋਰਦਾਰ ਲਫਜ਼ਾਂ ਵਿਚ ਜਿਵੇਂ ‘ਸੈਫਲ ਮਲੂਕ’ ਦੇ ਸਿਰਜਕ ਮੀਆਂ ਮੁਹੰਮਦ ਬਖਸ਼ ਨੇ ਫੜ੍ਹਿਆ ਹੈ, ਉਹ ਹੈਰਤਅੰਗੇਜ਼ ਹੈ। ਅਕਰਮ ਰਾਹੀ ਮਾਈਕ ਹੱਥ ਵਿਚ ਲੈਂਦਿਆਂ ਹੀ
ਨਾ ਕਰ ਮੇਰੀ ਮੇਰੀ ਬੰਦਿਆ
ਉਇ ਤੂੰ ਏਂ ਖਾਕ ਦੀ ਢੇਰੀ
ਕੋਠੀਆਂ ਬੰਗਲੇ ਸਭ ਟੁਰ ਜਾਣੇ
ਜਦੋਂ ਅੱਖ ਲੇਖਾਂ ਨੇ ਫੇਰੀ
ਬੋਲਾਂ ਨਾਲ ਬੁਲੰਦ ਆਵਾਜ਼ ਵਿਚ ਇਨਸਾਨ ਨੂੰ ਆਗਾਹ ਕਰਦਾ ਹੈ:
ਇਹ ਦੁਨੀਆਂ ਚੰਨ ਚਾਰ ਦਿਹਾੜੇ
ਓ ਨਾ ਕਰ ਮੇਰੀ ਮੇਰੀ
ਕੱਲਾ ਆਇਐਂ ਕੱਲਿਆਂ ਈ ਜਾਣਾ ਈ
ਓਏ ਬਸ ਏਨੀ ਖੇਡ ਹੈ ਤੇਰੀ

ਚਾਨਣ ਵੇਖ ਕੇ ਭੁੱਲ ਨਾ ਜਾਵੀਂ
ਕਿ ਆਖਰ ਸ਼ਾਮ ਵੀ ਪੈਣੀ
ਬੇਵਫਾਈ ਹੈ ਰਸਮ ਮੁਹੰਮਦ
ਜੋ ਰੋਜ਼ ਹਸ਼ਰ ਤੱਕ ਰਹਿਣੀ।
ਦੋ ਚਾਰ ਸਤਰਾਂ ਹੋਰ ਜ਼ਰਾ ਵੇਖੋ:
ਧੀਆਂ ਪੁੱਤਰ ਭੈਣ ਭਰਾ ਵੀ
ਹੱਥ ਪਏ ਲਾਉਣ ਤੋਂ ਡਰਦੇ
ਪੈਰ ਪਸਾਰ ਪਿਉ ਵਿਚ ਵਿਹੜੇ
ਤੇ ਉਹ ਕੱਢੋ ਕੱਢੋ ਕਰਦੇ
ਭਰ ਭਰ ਬੁੱਕ ਮਿੱਟੀ ਦੇ ਪਾਉਂਦੇ
ਕਰਦੇ ਢੇਰ ਉਚੇਰਾ
ਮੰਗ ਦੁਆ ਓ ਘਰਾਂ ਨੂੰ ਜਾਂਦੇ
ਪਰਤ ਨਹੀਂ ਪਾਉਂਦੇ ਫੇਰਾ…।
ਇਹ ਪ੍ਰਸੰਗ ਅਤੇ ਬਿਰਤਾਂਤ ਤਾਂ ਸਸ਼ਕਤ ਹੈ ਹੀ, ਅਕਰਮ ਰਾਹੀ ਦੀ ਅਦਾਇਗੀ ਕਮਾਲ ਦੀ ਹੈ। ਸੈਫਲ ਗਾਇਨ ਦੇ ਸਿਲਸਿਲੇ ਵਿਚ ਸਾਈਂ ਜ਼ਹੂਰ ਵਰਗਾ ਗਾਇਕ ਵੀ ਰਾਹੀ ਮੂਹਰੇ ਫਿੱਕਾ ਪੈ ਜਾਂਦਾ ਹੈ; ਮਸਲਨ ‘ਯਾਰਾਂ ਦਾ ਚੈਨਲ’ ਵਾਲਿਆਂ ਨੇ ਦੋਹਾਂ ਗਾਇਕਾਂ ਦਾ ਮਾਨੋ ਮੁਕਾਬਲਾ ਦਰਸਾਉਂਦੀ ਰਿਕਾਰਡਿੰਗ ਨੈਟ ‘ਤੇ ਪਾਈ ਹੋਈ ਹੈ। ਸ਼ੁਰੂਆਤ ਅਕਰਮ ਰਾਹੀ
ਓਇ ਚੁੱਪ ਰਵੇਂ ਤਾਂ ਮੋਤੀ ਮਿਲਸਣ,
ਸਬਰ ਕਰੇਂ ਤਾਂ ਹੀਰਾ
ਤੇ ਜੇ ਟੈਂ ਟੈਂ ਕਰੇਂ ਮੁਹੰਮਦ ਬਖਸ਼ਾ,
ਨਾ ਕਚਰਾ ਨਾ ਚੀਰਾ
ਬੋਲਾਂ ਨਾਲ ਕਰਦਾ ਹੈ। ਅਗਲੀ ਸਤਰ ਦਾ ਗਾਇਨ ਸਾਈਂ ਜ਼ਹੂਰ ਕਰਦਾ ਹੈ। ਰਾਹੀ ਦੇ ਗਰਜਵੇਂ ਉਚਾਰਨ ਮੂਹਰੇ ਸਾਈਂ ਥੋੜ੍ਹਾ ਮਾਂਦਾ ਪੈਂਦਾ ਨਜ਼ਰ ਆਉਂਦਾ ਹੈ। ਆਬਿਦਾ ਪ੍ਰਵੀਨ ਪਰਪੱਕ ਗਾਇਕਾ ਹੈ, ਬਲਕਿ ਆਪਣੇ ਖੇਤਰ ਵਿਚ ਸਿਖਰ ਹੀ ਹੈ ਉਹ ਵੀ ਪਰ ‘ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ’ ਬੋਲਾਂ ਵਾਲੇ ਉਸ ਦੇ ਗਾਇਨ ਵਿਚ ਵੀ ਮੈਨੂੰ ਰਾਹੀ ਦਾ ਤੋੜ ਨਜ਼ਰ ਨਹੀਂ ਆਉਂਦਾ।
ਬੁੱਲ੍ਹੇ ਸ਼ਾਹ ਅਤੇ ਸੈਫਲ ਮਲੂਕ ਵਾਂਗ ਪੰਜਾਬੀਆਂ ਅੰਦਰ ਬੇਹੱਦ ਮਕਬੂਲ ਜੁਗਨੀ ਦਾ ਗਾਇਨ ਵੀ ਹੈ। ਜੁਗਨੀ ਸਾਡੇ ਅਨੇਕਾਂ ਗਾਇਕਾਂ ਨੇ ਗਾਈ। ਗੁਰਮੀਤ ਬਾਵਾ ਦੀ ਜੁਗਨੀ ਨੂੰ ਭਲਾਂ ਕੌਣ ਭੁੱਲ ਸਕਦਾ ਹੈ? ਪਰ ਜੁਗਨੀ ਗਾਇਨ ਵਿਚ ਜੋ ਕਰਤਾਰੀ ਜਲਵਾ ਆਲਮ ਲੁਹਾਰ ਦੇ ਫਰਜ਼ੰਦ ਆਰਿਫ ਲੁਹਾਰ ਨੇ ਮੀਸ਼ਾ ਸ਼ਫੀ ਨਾਲ ਮਿਲ ਕੇ ਖੜ੍ਹਾ ਕੀਤਾ ਹੈ, ਉਸ ਦਾ ਕੋਈ ਲੇਖਾ ਹੀ ਨਹੀਂ ਹੈ! ਮਸਲਾ ਇਥੇ ਵੀ ਇਸ਼ਕ ਹਕੀਕੀ ਦਾ ਹੈ। ਇਥੇ ਵੀ ਗਾਇਕਾਂ ਨੇ ਕਿਸੇ ਉਚੇ ਮੁਕਾਮ ਨੂੰ ਛੋਹਣ ਲਈ ਤਾਣ ਲਾਇਆ ਹੋਇਆ ਹੈ। ਆਰਿਫ ਲੁਹਾਰ ਚਿਮਟਾ ਖੜਕਾਉਂਦਿਆਂ ‘ਅਲਫ ਅੱਲ੍ਹਾ ਚੰਬੇ ਦੀ ਬੂਟੀ, ਮੇਰੇ ਮੁਰਸ਼ਦ ਮਨ ਵਿਚ ਲਾਈ ਹੂ’ ਬੋਲਾਂ ਨਾਲ ਅਲਾਪ ਲੈਂਦਾ ਹੈ ਅਤੇ ਫਿਰ ਹਰ ਸਤਰ ‘ਤੇ ਮੀਸ਼ਾ ਸ਼ਫੀ ਜਿਸ ਦੈਵੀ ਇੰਦ੍ਰਿਆਵੀ ਤੇਜ਼ ਤੇ ਮੌਜ ਨਾਲ ਦੋਹਰ ਪਾਉਂਦੀ ਹੈ, ਉਹ ਕੌਤਕ ਵੇਖਿਆਂ ਹੀ ਬਣਦਾ ਹੈ। ਮੀਸ਼ਾ ਸ਼ਫੀ ਦੀ ਆਵਾਜ਼, ਅਦਾ, ਹਾਵ-ਭਾਵ, ਸਮੁੱਚੇ ਬਦਨ ਦਾ ਰਿਦਮ ਤਾਂ ਹੈ ਹੀ ਅਚੰਭਾਜਨਕ। ਇਸ ਕਿਸਮ ਦਾ ਅਨੁਭਵ ਕਰੀਬ 35 ਵਰ੍ਹੇ ਪਹਿਲਾਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਮਲਿਕਾ ਪੁਖਰਾਜ ਦੀ ਧੀ ਤਾਹਿਰਾ ਸੱਈਅਦ ਦੇ ਤਲਿਸਮੀ ਗਾਇਨ ਨੂੰ ਸੁਣਦਿਆਂ ਮਹਿਸੂਸ ਹੋਇਆ ਸੀ। ਤਹਿਰਾ ਨੇ ਉਸ ਦਿਨ ਅਹਿਮਦ ਫਰਾਜ਼ ਦੀ ਗਜ਼ਲ ਸੁਣਾਈ ਸੀ:
ਯੇਹ ਆਲਮ ਸ਼ੌਕ ਕਾ ਦੇਖਾ ਨਾ ਜਾਏ
ਵੋਹ ਬੁੱਤ ਹੈ, ਯਾ ਖੁਦਾ ਦੇਖਾ ਨਾ ਜਾਏ।
ਯੇਹ ਮੇਰੇ ਸਾਥ ਕੈਸੀ ਰੌਸ਼ਨੀ ਹੈ
ਕਿ ਮੁਝ ਸੇ ਰਾਸਤਾ ਦੇਖਾ ਨਾ ਜਾਏ।
ਤਾਹਿਰਾ ਦੇ ਨਾਲ ਉਸ ਦਿਨ ਸੀ, ਉਸ ਦੀ ਮਾਂ ਮਲਿਕਾ ਪੁਖਰਾਜ, ਜਿਸ ਨੇ ਸਾਡੇ ਸਮਿਆਂ ‘ਚ ਬੇਗਮ ਅਖਤਰ ਨਾਲ ਮਿਲ ਕੇ ਗਜ਼ਲ ਗਾਇਨ ਦਾ ਪੂਰਾ ਅਸਮਾਨ ਮੱਲੀ ਰੱਖਿਆ ਸੀ। ਮਲਿਕਾ ਨੇ ਉਸੇ ਸ਼ਾਮ ਇਕਬਾਲ ਦੀ ਗਜ਼ਲ ਸੁਣਾਈ:
ਤੇਰੇ ਇਸ਼ਕ ਕੀ ਇੰਤਹਾ ਚਾਹਤਾ ਹੂੰ
ਮੇਰੀ ਸਾਦਗੀ ਦੇਖ ਮੈਂ ਕਿਆ ਚਾਹਤਾ ਹੂੰ।
(ਚਲਦਾ)