ਅਰਵਿੰਦ ਕੇਜਰੀਵਾਲ ਦੀ ਮੁਆਫੀ ਤਬਾਹੀ ਜਾਂ ਸਿਰਜਣਾ!

ਕਰਮਜੀਤ ਸਿੰਘ
ਫੋਨ: 91-99150-91063
ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਮਾਨਹਾਨੀ ਦੇ ਕੇਸ ਵਿਚ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਪਿੱਛੋਂ ਸਿਆਸੀ ਹਲਕਿਆਂ ਵਿਚ ਇਸ ਮੁਆਫੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਉਤੇ ਤਿੱਖੀ ਅਤੇ ਕੌੜੀ-ਮਿੱਠੀ ਪਰ ਜਾਗਰੂਕ ਬਹਿਸ ਸ਼ੁਰੂ ਹੋ ਗਈ ਹੈ। ਹਾਲਾਂਕਿ ਮੁਆਫੀ ਦੀ ਪਰਿਭਾਸ਼ਾ ਬਾਰੇ ਜਾਣਕਾਰੀ ਵਿਚ ਵਾਧਾ ਕਰਨ ਲਈ ਸਿਆਸਤਦਾਨਾਂ ਅਤੇ ਆਮ ਲੋਕਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਹੈ, ਪਰ ਹੁਣ ਤਾਂ ਜਿਥੇ ਇਕ ਪਾਸੇ ਮੁਆਫੀ ਮੰਗਣ ਵਾਲੇ ਉਤੇ ਤਿਖੇ ਅਤੇ ਤੇਜ਼ ਤਰਾਰ ਹਮਲੇ ਹੋ ਰਹੇ ਹਨ, ਉਥੇ ਦੂਜੇ ਪਾਸੇ ਮੁਆਫੀ ਮੰਗਣ ਵਾਲੇ ਨੂੰ ਠੀਕ ਅਤੇ ਗਲਤ ਕਹਿਣ ਵਾਲਿਆਂ ਦਰਮਿਆਨ ਦੋਸ਼ਾਂ ਅਤੇ ਜੁਆਬੀ ਦੋਸ਼ਾਂ ਦੀ ਬਾਰਿਸ਼ ਹੋ ਰਹੀ ਹੈ।

ਵੈਸੇ ਸਿਆਸੀ ਖੇਤਰ ਵਿਚ ਸਿਆਸਤਦਾਨਾਂ ਵਲੋਂ ਆਪਣੀ ਕਿਸੇ ਵਿਵਾਦਗ੍ਰਸਤ ਟਿੱਪਣੀ ਜਾਂ ਬਿਆਨ ‘ਤੇ ਰੌਲਾ ਪੈਣ ਮਗਰੋਂ ਮੁਆਫੀ ਮੰਗਣੀ ਇੱਕ ਆਮ ਜਿਹੀ ਗੱਲ ਹੈ, ਪਰ ਭਾਰਤ ਦੇ ਸਿਆਸੀ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਘਟਨਾ ਹੈ, ਜਦੋਂ ਕੇਜਰੀਵਾਲ ਦੀ ਮੁਆਫੀ ਨੂੰ ਲੈ ਕੇ ਬਹਿਸ ਦਾ ਦਾਇਰਾ ਸਾਰੇ ਦੇਸ਼ ਵਿਚ ਫੈਲ ਗਿਆ ਹੈ। ਮੁਆਫੀ ਕਿਉਂਕਿ ਇੱਕ ਮੁੱਖ ਮੰਤਰੀ ਵੱਲੋਂ ਮੰਗੀ ਗਈ ਹੈ ਅਤੇ ਮੰਗੀ ਵੀ ਉਸ ਮੁੱਖ ਮੰਤਰੀ ਨੇ ਹੈ, ਜਿਸ ਨੇ ਪੰਜਾਬ ਅਸੈਂਬਲੀ ਦੀ ਚੋਣ ਮੁਹਿੰਮ ਵਿਚ ਬਿਕਰਮ ਸਿੰਘ ਮਜੀਠੀਆ ਉਤੇ ਦੋਸ਼ ਲਾਉਣ ਸਮੇਂ ਆਪਣੀ ਆਵਾਜ਼ ਅਤੇ ਬੋਲਬਾਣੀ ਦੀ ਗੂੰਜ ਨੂੰ ਅਸਮਾਨ ਦੀਆਂ ਕੰਧਾਂ ਤੱਕ ਪਹੁੰਚਾ ਦਿਤਾ ਸੀ। ਇਸ ਮੁੱਦੇ ਨੂੰ ਕੇਂਦਰ ਵਿਚ ਰੱਖ ਕੇ ਚੋਣ ਵੀ ਲੜੀ ਗਈ ਅਤੇ 80 ਸਾਲ ਪੁਰਾਣੀ ਅਕਾਲੀ ਪਾਰਟੀ ਨੂੰ ਤੀਜੇ ਸਥਾਨ ‘ਤੇ ਲਿਆ ਸੁੱਟਿਆ ਅਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਦੇ ਰੂਪ ਵਿਚ ਵੀ ਉਭਰ ਕੇ ਸਾਹਮਣੇ ਆਈ।
ਹੁਣ ਉਸੇ ਹੀ ਮੁੱਦੇ ਉਤੇ ਮੁਆਫੀ ਮੰਗ ਲੈਣ ਨਾਲ ਵਿਰੋਧੀਆਂ ਨੇ ਤਾਂ ਅਰਵਿੰਦ ਕੇਜਰੀਵਾਲ ਵਿਰੁਧ ਮੋਰਚੇ ਖੋਲ੍ਹੇ ਹੀ ਹਨ, ਪਾਰਟੀ ਦੇ ਅੰਦਰ ਵੀ ਬਗਾਵਤ ਹੋ ਗਈ ਹੈ। ਆਕਸਫੋਰਡ ਯੂਨੀਵਰਸਿਟੀ ਦੇ ਇੱਕ ਪੰਜਾਬੀ ਪ੍ਰੋਫੈਸਰ ਨੇ ਸਿਆਸੀ ਅਰਥਚਾਰੇ ਦੇ ਇੱਕ ਵਿਦਵਾਨ ਦੇ ਹਵਾਲੇ ਨਾਲ ਮੌਜੂਦਾ ਬਹਿਸ ਨੂੰ ‘ਮੌਲਿਕ ਜਾਂ ਸਿਰਜਣਾਤਮਕ ਤਬਾਹੀ’ ਦਾ ਨਾਂ ਦਿੱਤਾ ਹੈ। ਇੱਸ ਟਿੱਪਣੀ ਦੇ ਵੀ ਕਈ ਅਰਥ ਕੱਢੇ ਜਾ ਸਕਦੇ ਹਨ। ਇੱਕ ਅਰਥ ਤਾਂ ਇਹ ਹੈ ਕਿ ਭਵਿੱਖ ਵਿਚ ਸਿਆਸਤ ਦੇ ਖੇਤਰ ਵਿਚ ‘ਮੌਲਿਕਤਾ’ ਤੇ ‘ਜ਼ਿਮੇਵਾਰੀ’ ਦਾ ਮਾਹੌਲ ਪੈਦਾ ਹੋਵੇਗਾ ਅਤੇ ਸਿਆਸਤਦਾਨ ਊਲ ਜਲੂਲ ਜਾਂ ਬੇਬੁਨਿਆਦ ਗੱਲਾਂ ਕਹਿਣ ਤੋਂ ਪਹਿਲਾਂ ਸੌ ਵਾਰ ਸੋਚਿਆ ਕਰਨਗੇ। ਦੂਜਾ ‘ਤਬਾਹੀ’ ਦਾ ਸ਼ਿਕਾਰ ਤਾਂ ਇਹੋ ਜਿਹੀ ਜੰਗ ਵਿਚ ਕਿਸੇ ਨਾ ਕਿਸੇ ਨੇ ਹੋਣਾ ਹੀ ਹੈ ਅਤੇ ਮੁਆਫੀ ਦੇ ਮਾਮਲੇ ਵਿਚ ਕੇਜਰੀਵਾਲ ਦਾ ਸਿਆਸੀ ਭਵਿੱਖ ਜੇ ‘ਤਬਾਹ’ ਨਹੀਂ ਹੋਇਆ ਤਾਂ ਇਸ ਦੀ ਸ਼ੁਰੂਆਤ ਤਾਂ ਹੋ ਹੀ ਗਈ ਹੈ।
ਵੈਸੇ ਹਾਲਾਤ ਪਾਰਟੀ ਲਈ ਉਸ ਵਕਤ ਹੋਰ ਵੀ ਗੰਭੀਰ ਤੇ ਨਾਜ਼ੁਕ ਹੋ ਜਾਣਗੇ ਜਦੋਂ ਅਰਵਿੰਦ ਕੇਜਰੀਵਾਲ ਦੋ ਦਰਜਨ ਤੋਂ ਵੱਧ ਚੱਲ ਰਹੇ ਮੁਕੱਦਮਿਆਂ ਵਿਚ ਵਾਰੀ ਵਾਰੀ ਮੁਆਫੀਆਂ ਮੰਗਦੇ ਨਜ਼ਰ ਆਉਣਗੇ ਅਤੇ ਇਹ ਮੁਆਫੀ-ਮੁਹਿੰਮ ਸ਼ੁਰੂ ਹੋ ਵੀ ਗਈ ਹੈ। ਅਜਿਹੀ ਹਾਲਤ ਵਿਚ ਨਾਇਕ ਦੇ ਤੌਰ ‘ਤੇ ਇੱਕ ਵਿਅਕਤੀ ਦਾ ਸਿਆਸੀ ਰੁਤਬਾ ਸਵਾਲਾਂ ਦੇ ਘੇਰੇ ਵਿਚ ਆ ਜਾਏਗਾ।
ਸਿਆਸੀ ਹਲਕਿਆਂ ਵਿਚ ਮੁਆਫੀ ਮੰਗਣ ਦੀ ਕਲਾ ਉਤੇ ਵੀ ਦਿਲਚਸਪ ਬਹਿਸ ਸ਼ੁਰੂ ਹੋ ਗਈ ਹੈ। ਬਹੁਤੀ ਵਾਰ ਜਦੋਂ ਸਿਆਸਤਦਾਨ ਮੁਆਫੀ ਮੰਗਦੇ ਹਨ ਤਾਂ ਮੁਆਫੀ ਦੀ ਸ਼ਬਦਾਵਲੀ ਇੰਨੀ ਧੁੰਦਲੀ ਅਤੇ ਇੰਨੀ ਅਸਪੱਸ਼ਟ ਹੁੰਦੀ ਹੈ ਕਿ ਉਹ ਇੱਕ ਫੋਕੀ ਰਸਮ ਜਿਹੀ ਹੀ ਬਣ ਜਾਂਦੀ ਹੈ। ਅਜਿਹੇ ਮੌਕਿਆਂ ‘ਤੇ ਸਬੰਧਿਤ ਵਿਅਕਤੀ ਇਹੋ ਜਿਹੇ ਸ਼ਬਦਾਂ ਦੀ ਚੋਣ ਕਰਦਾ ਹੈ ਕਿ ਮੁਆਫੀ ਦੀ ਵਿਆਖਿਆ ਕਰਨ ਵਾਲੇ ਯੂਰਪੀਨ ਅਤੇ ਅਮਰੀਕੀ ਵਿਦਵਾਨਾਂ ਨੇ ਇਸ ਇਕੱਲੇ ਵਿਸ਼ੇ ਉਤੇ ਹੀ ਲੇਖ ਅਤੇ ਕਿਤਾਬਾਂ ਲਿਖ ਛੱਡੀਆਂ ਹਨ। ਜੇ ਰਤਾ ਪਿਛਲੀ ਸਦੀ ਦੇ 90ਵਿਆਂ ਦੇ ਸਿਆਸੀ ਇਤਿਹਾਸ ਉਤੇ ਝਾਤ ਮਾਰੀ ਜਾਵੇ ਤਾਂ ਤਤਕਾਲੀ ਰਾਸ਼ਟਰਪਤੀ ਬਿੱਲ ਕਲਿੰਟਨ ਜਦੋਂ ਮੋਨਿਕਾ ਲਵਿੰਸਕੀ ਨਾਲ ਇੱਕ ਸੈਕਸ ਸਕੈਂਡਲ ਵਿਚ ਉਲਝ ਗਏ ਸਨ ਤਾਂ ਮੋਨਿਕਾ ਲਵਿੰਸਕੀ ਨੇ ਮੁਆਫੀ ਦੀ ਸ਼ਬਦਾਵਲੀ ਕੁਝ ਇਸ ਤਰ੍ਹਾਂ ਵਰਤੀ ਕਿ ਉਹ ਸ਼ਬਦਾਵਲੀ ਹੀ ਵਿਦਵਾਨਾਂ ਵਿਚ ਬਹਿਸ ਦਾ ਕੇਂਦਰ ਬਣੀ ਗਈ। ਮੁਆਫੀ ਦੀ ਸ਼ਬਦਾਵਲੀ ਸੁਣੋ: ‘‘ਮੈਨੂੰ ਉਸ ਘਟਨਾ ਲਈ ਬੇਹੱਦ ਅਫਸੋਸ ਹੈ, ਜੋ ਮੇਰੇ ਅਤੇ ਰਾਸ਼ਟਰਪਤੀ ਬਿੱਲ ਕਲਿੰਟਨ ਵਿਚਕਾਰ ਵਾਪਰੀ।” ‘ਵਾਪਰੀ’ ਕਹਿਣ ਨਾਲ ਗੱਲ ਕਿਸੇ ਵੀ ਤੱਣ-ਪੱਤਣ ਨਹੀਂ ਸੀ ਲੱਗੀ। ਇਹ ਗੋਲਮੋਲ ਸ਼ਬਦਾਵਲੀ ਪੂਰੀ ਤਰ੍ਹਾਂ ਅਸਪੱਸ਼ਟ ਹੈ ਅਤੇ ਵਿਦਵਾਨਾਂ ਵਿਚ ਇਹ ਬਹਿਸ ਛਿੜ ਗਈ ਕਿ ਇਹ ਮੁਆਫੀਨਾਮਾ ਅਸਲ ਵਿਚ ਮੁਆਫੀ ਹੈ ਵੀ? ਪਰ ਮੋਨਿਕਾ ਲਵਿੰਸਕੀ ਨੇ ਮੁਆਫੀਨਾਮੇ ਦੀ ਕਲਾ ਬਾਰੇ ਵਿਦਵਾਨਾਂ ਵਿਚ ਇਕ ਬਹਿਸ ਜ਼ਰੂਰ ਛੇੜ ਦਿੱਤੀ ਸੀ। ਪਰ ਜਿਥੋਂ ਤੱਕ ਅਰਵਿੰਦ ਕੇਜਰੀਵਾਲ ਦੀ ਮੁਆਫੀ ਦਾ ਸਬੰਧ ਹੈ ਉਹ ਸ਼ਬਦਾਵਲੀ ਪੂਰੀ ਤਰ੍ਹਾਂ ਸਪੱਸ਼ਟ ਹੈ ਪਰ ਪਾਰਟੀ ਦੇ ਕਾਰਕੁਨਾਂ ਨੂੰ ਸ਼ਰਮਸਾਰ ਜ਼ਰੂਰ ਕਰਦੀ ਹੈ। ਇਹ ਸ਼ਬਦਾਵਲੀ ਵੀ ਕੁਝ ਇਸ ਤਰ੍ਹਾਂ ਦੀ ਸੀ: ‘ਹੁਣ ਮੈਨੂੰ ਇਹ ਸਮਝ ਆ ਗਈ ਕਿ ਮੈਂ ਜੋ ਦੋਸ਼ ਲਾਏ ਸਨ, ਉਹ ਸਾਰੇ ਦੇ ਸਾਰੇ ਬੇਬੁਨਿਆਦ ਸਨ। ਇਸ ਲਈ ਇਹੋ ਜਿਹੇ ਮਾਮਲਿਆਂ ‘ਤੇ ਹੁਣ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ ਵੱਖ-ਵੱਖ ਸਿਆਸੀ ਰੈਲੀਆਂ, ਪਬਲਿਕ ਜਲਸਿਆਂ, ਟੀਪ੍ਰੋਗਰਾਮਾਂ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਉਤੇ ਤੁਹਾਡੇ ‘ਤੇ ਦੋਸ਼ ਲਾਉਂਦਾ ਰਿਹਾ ਅਤੇ ਫਿਰ ਤੁਸੀਂ ਅੰਮ੍ਰਿਤਸਰ ਦੀ ਅਦਾਲਤ ਵਿਚ ਮੇਰੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ। ਮੈਂ ਹੁਣ ਤੁਹਾਡੇ ਵਿਰੁੱਧ ਦਿੱਤੇ ਬਿਆਨ ਅਤੇ ਦੋਸ਼ ਵਾਪਸ ਲੈਂਦਾ ਹਾਂ ਅਤੇ ਤੁਹਾਡੇ ਕੋਲੋਂ ਮੁਆਫੀ ਮੰਗਦਾ ਹਾਂ। (ਪਰ) ਇਸ ਨਾਲ ਜੋ ਤੁਹਾਡੇ ਪਰਿਵਾਰ, ਸਾਥੀਆਂ, ਸ਼ੁਭਚਿੰਤਕਾਂ ਅਤੇ ਪੈਰੋਕਾਰਾਂ ਦੇ ਮਾਣ ਸਤਿਕਾਰ ਨੂੰ ਢਾਹ ਲੱਗੀ ਹੈ, ਉਸ ਉਤੇ ਮੈਂ ਅਫਸੋਸ ਪ੍ਰਗਟ ਕਰਦਾ ਹਾਂ।’
ਕੇਜਰੀਵਾਲ ਵੱਲੋਂ ਮੁਆਫੀ ਮੰਗੇ ਜਾਣ ਬਾਰੇ ਕੁਝ ਹੈਰਾਨਜਨਕ ਤੱਥ। ਕਿਸੇ ਨੂੰ ਵੀ ਪਤਾ ਨਹੀਂ। ਨਾ ਉਸ ਦੇ ਸਭ ਤੋਂ ਨਜ਼ਦੀਕੀ ਸਾਥੀ ਸੰਜੇ ਸਿੰਘ ਨੂੰ ਅਤੇ ਨਾ ਹੀ ਉਸ ਦੇ ਡਿਪਟੀ ਮੁੱਖ ਮੰਤਰੀ ਨੂੰ। ਨਾ ਹੀ ਪੰਜਾਬ ਦੀ ਪਾਰਟੀ ਨੂੰ ਅਤੇ ਨਾ ਹੀ ਪਾਰਟੀ ਦੇ ਕਿਸੇ ਵਿਧਾਇਕ ਨੂੰ ਰਤਾ-ਮਾਸਾ ਵੀ ਮੁਆਫੀ ਦੀ ਸੂਹ ਮਿਲੀ। ਨਾ ਹੀ ਕੇਜਰੀਵਾਲ ਨੇ ਕਿਸੇ ਨੂੰ ਮੁਆਫੀ ਦਾ ਕਾਰਨ ਦੱਸਣ ਦੀ ਲੋੜ ਸਮਝੀ। ਚੁੱਪ ਚੁਪੀਤੇ ਮੰਗੀ ਇਸ ਮੁਆਫੀ ਦੇ ਡੂੰਘੇ ਅਰਥ ਤਾਂ ਇਹੋ ਹੀ ਹਨ ਕਿ ਕੇਜਰੀਵਾਲ ਦੇ ਤਾਨਾਸ਼ਾਹੀ ਸੁਭਾਅ ਦੀ ਸਿਖਰ ਸਾਰਿਆਂ ਨੇ ਵੇਖ ਲਈ। ਨਾਇਕ ਦਾ ਹਨੇਰਾ ਪੱਖ ਪੂਰੀ ਤਰ੍ਹਾਂ ਰੌਸ਼ਨ ਹੋ ਗਿਆ। ਪਰ ਤਾਨਾਸ਼ਾਹੀ ਦੇ ਸਿਖਰ ਨੂੰ ਛੋਹ ਕੇ ਜਦੋਂ ਇਹ ਮੁਆਫੀ ਮੰਗੀ ਗਈ ਤਾਂ ਨਵਾਂ ਉਭਰਿਆ ਇਹ ਨਾਇਕ ਧਰਤੀ ‘ਤੇ ਆਣ ਡਿੱਗਿਆ।
ਕਿਸੇ ਯੂਰਪੀਨ ਵਿਦਵਾਨ ਦੀ ਇਹ ਚੇਤਾਵਨੀ ਧਿਆਨ ਨਾਲ ਸੁਣਨ ਵਾਲੀ ਹੈ ਕਿ ਨਾਇਕ ਜਦੋਂ ਆਪਣੀ ਨੇਕ ਕਮਾਈ ਦੀ ਸਿਖਰ ‘ਤੇ ਪਹੁੰਚਦਾ ਹੈ ਤਾਂ ਉਸ ਨੂੰ ਬੜੇ ਤਹੱਮਲ, ਧੀਰਜ ਅਤੇ ਠੰਡੇ ਦਿਮਾਗ ਨਾਲ ਅਗਲੇ ਸਫਰ ਬਾਰੇ ਯੋਜਨਾ ਬਣਾਉਣੀ ਚਾਹੀਦੀ ਹੈ, ਨਹੀਂ ਤਾਂ ਇਹੋ ਜਿਹੇ ਮੌਕੇ ਇੱਕ ਨਿੱਕੀ ਜਿਹੀ ਗਲਤੀ ਵੀ ਉਸ ਦੀ ਸ਼ਾਨਾਂਮੱਤੀ ਕਮਾਈ ਨੂੰ ਬਰਬਾਦ ਕਰਕੇ ਰੱਖ ਸਕਦੀ ਹੈ। ਇਸ ਮੁਆਫੀ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਉਸੇ ਮੁਕਾਮ ‘ਤੇ ਲਿਆ ਖੜਾ ਕੀਤਾ ਹੈ।
ਹੁਣ ਜਦੋਂ 10 ਵਿਧਾਇਕ ਮੁਆਫੀ ਦਾ ਕਾਰਨ ਪੁੱਛਣ ਲਈ ਦਿੱਲੀ ਗਏ ਤਾਂ ਜਵਾਬ ਮਿਲਿਆ ਕਿ ਕੇਜਰੀਵਾਲ ਵਿਰੁੱਧ 33 ਤੋਂ ਵੱਧ ਮੁਕੱਦਮੇ ਵੱਖ ਵੱਖ ਅਦਾਲਤਾਂ ਵਿਚ ਚੱਲ ਰਹੇ ਹਨ। ਇਸ ਲਈ ਉਨ੍ਹਾਂ ਦੀ ਕਾਰਗੁਜ਼ਾਰੀ ਵਿਚ ਵੱਡਾ ਵਿਘਨ ਪੈਂਦਾ ਹੈ। ਉਹ ਕਿਥੇ ਕਿਥੇ ਤਰੀਕਾਂ ਭੁਗਤਦੇ ਰਹਿਣ? ਦੂਜੇ ਬੰਨੇ ਸਰਕਾਰ ਵੀ ਕਿਸੇ ਨਾ ਕਿਸੇ ਢੰਗ ਨਾਲ ਜੇਲ੍ਹ ਵਿਚ ਸੁੱਟਣ ਲਈ ਸਾਜ਼ਿਸ਼ਾਂ ਰਚਦੀ ਰਹਿੰਦੀ ਹੈ। ਇਸ ਲਈ ਮੁਆਫੀ ਦਾ ਰਾਹ ਚੁਣਿਆ।
ਦਿਲਚਸਪ ਹਕੀਕਤ ਇਹ ਸੀ ਕੀ ਪੰਜਾਬ ਦੀ ਰਾਜਨੀਤੀ ਦੇ ਨਵੇਂ ਰੰਗਰੂਟ ਵਿਧਾਇਕ ਕਿੰਨੇ ਭੋਲੇ ਅਤੇ ਮਾਸੂਮ ਸਨ ਕਿ ਉਨ੍ਹਾਂ ਨੇ ਬਿਨਾਂ ਕੋਈ ਜਿਰਹਾ ਕੀਤੇ ‘ਮੌਜ’ ਨਾਲ ਹੀ ਆਪਣੇ ਪ੍ਰਧਾਨ ਦੀ ਮੁਆਫੀ ਨੂੰ ਮੁਆਫ ਕਰ ਦਿੱਤਾ। ਵੈਸੇ ਇਥੇ ਟਕਸਾਲੀ ਅਕਾਲੀ ਆਗੂਆਂ ਅਤੇ ਕਾਰਕੁਨਾਂ ਨੂੰ ਸਲਾਮ ਕਰਨਾ ਬਣਦਾ ਹੈ ਜਿਨ੍ਹਾਂ ਨੂੰ ਬਚਪਨ ਵਿਚ ਹੀ ਇਹ ਸੁਣਾ ਦਿੱਤਾ ਜਾਂਦਾ ਸੀ ਕਿ ਤੁਹਾਡਾ ਦੂਜਾ ਘਰ ਜੇਲ੍ਹ ਹੈ। ਪਰ ਜੇਲ੍ਹ ਹੀ ਤਾਂ ਇਕ ਅਜਿਹੀ ਥਾਂ ਹੁੰਦੀ ਹੈ ਜਿਥੋਂ ਲੀਡਰਾਂ ਦੀ ਸ਼ਖਸੀਅਤ ਨਿਖਰ ਕੇ ਸਾਹਮਣੇ ਆਉਂਦੀ ਹੈ ਅਤੇ ਉਹ ਕੁੰਦਨ ਬਣ ਕੇ ਚਮਕਦੇ ਹਨ।
ਇਹ ਸਾਡੀ ਰਾਜਨੀਤੀ ਦਾ ਇੱਕ ਦੁਖਾਂਤ ਹੀ ਸਮਝੋ ਕਿ ਇੱਕ ਅਜਿਹਾ ਵਿਅਕਤੀ ਜਿਸ ਨੇ ਇੱਕ ਸਮੇਂ ਹਿੰਦੁਸਤਾਨ ਦੀ ਸਿਆਸਤ ਵਿਚ ਭੁਚਾਲ ਲਿਆਂਦਾ ਸੀ ਅਤੇ ਇੱਕ ਬਦਲਵੀਂ ਰਾਜਨੀਤੀ ਦਾ ਪੈਗਾਮ ਦਿੱਤਾ ਸੀ, ਉਹ ਵਿਅਕਤੀ ਇੱਕ ਛੋਟੀ ਜਿਹੀ ਲਹਿਰ ਅੱਗੇ ਹੀ ਦਮ ਤੋੜ ਕੇ ਰਹਿ ਗਿਆ। ਅਸਲ ਵਿਚ ਇਸ ਬਦਲਵੀਂ ਰਾਜਨੀਤੀ ਵਿਚ ਸਿਆਸੀ, ਸਮਾਜਿਕ ਅਤੇ ਧਾਰਮਿਕ ਮਾਨਸਿਕਤਾ ਦੇ ਭਿੰਨ ਭਿੰਨ ਰੰਗ ਆਮ ਆਦਮੀ ਦਾ ਰੂਪ ਧਾਰ ਕੇ ਕੇਜਰੀਵਾਲ ਦੇ ਝਾੜੂ ਥੱਲੇ ਇਕੱਠੇ ਹੋ ਗਏ ਸਨ। ਇਹ ਚਮਤਕਾਰ ਹਿੰਦੁਸਤਾਨ ਦੇ ਇਤਹਾਸ ਵਿਚ ਪਹਿਲੀ ਵਾਰ ਵਾਪਰਿਆ ਹੈ। ਉਹ ਜਦੋਂ ਬੋਲਦਾ ਸੀ ਤਾਂ ਲੋਕਾਂ ਨੂੰ ਇਉਂ ਲੱਗਦਾ ਸੀ ਕਿ ਉਹ ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ ਅਤੇ ਹਰ ਮੁਸ਼ਕਲ ਅੱਗੇ ਪਹਾੜ ਬਣ ਕੇ ਖਲੋ ਜਾਏਗਾ। ਇਹੋ ਜਿਹੇ ਵਿਅਕਤੀ ਵਿਰੁੱਧ ਮੁਕੱਦਮੇ ਤਾਂ ਹੋਣੇ ਹੀ ਸਨ ਕਿਉਂਕਿ ਸਿਆਸਤ ਦੀਆਂ ਸਭ ਧਿਰਾਂ ਅੰਦਰਖਾਤੇ ਉਸ ਦੇ ਵਿਰੁਧ ਹੋ ਗਈਆਂ ਸਨ। ਕੇਜਰੀਵਾਲ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਜਦੋਂ ਤੁਸੀਂ ਕਿਸ਼ਤੀ ਦੀ ਸਵਾਰੀ ਕਰ ਰਹੇ ਹੋ ਤਾਂ ਭਿੱਜਣ ਦਾ ਖਤਰਾ ਤਾਂ ਬਣਿਆ ਹੀ ਰਹੇਗਾ।
ਹੁਣ ਸਾਰੀ ਸਿਆਸੀ ਸਤ੍ਹਾ ਪਾਰਟੀ ਦੇ ਵਿਧਾਇਕਾਂ ਉਤੇ ਕੇਂਦਰਿਤ ਹੋ ਗਈ ਹੈ ਜਦਕਿ ਪਾਰਟੀ ਦੀ ਪੰਜਾਬ ਇਕਾਈ ਦਾ ਵਜੂਦ ਹੁੰਦੇ ਹੋਏ ਵੀ ਨਹੀਂ ਹੈ। ਜੇਕਰ ਪੰਜਾਬ ਦੀ ਰਾਜਨੀਤੀ ਨੂੰ ਮੌਜੂਦਾ ਹਕੀਕਤਾਂ ਨਾਲ ਮੇਲ ਕੇ ਦੇਖਿਆ ਜਾਏ ਤਾਂ ਇੱਕ ਸਾਲ ਪਹਿਲਾਂ ਸੱਤਾ ਵਿਚ ਆਈ ਕਾਂਗਰਸ ਪਾਰਟੀ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਜਿਥੋਂ ਤੱਕ ਅਕਾਲੀ ਦਲ ਦਾ ਸਬੰਧ ਹੈ, ਅੰਦਰੋਂ ਲੋਕ ਅਜੇ ਵੀ ਅਕਾਲੀ ਦਲ ਵੱਲ ਉਸ ਤਰ੍ਹਾਂ ਮੁੜਨ ਦੇ ਰੋਂਅ ਵਿਚ ਨਹੀਂ ਹਨ, ਜਿਵੇਂ ਕਿ ਅਕਸਰ ਇੱਕ ਪਾਰਟੀ ਤੋਂ ਟੁੱਟ ਕੇ ਲੋਕ ਦੂਜੀ ਪਾਰਟੀ ਨਾਲ ਜੁੜਦੇ ਰਹੇ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਫਿਲਹਾਲ ਪੰਜਾਬ ਦੀ ਰਾਜਨੀਤੀ ਵਿਚ ਇੱਕ ਵੱਡਾ ਖਲਾਅ ਹੈ ਅਤੇ ਮੈਦਾਨ ਇੱਕ ਤਰ੍ਹਾਂ ਨਾਲ ਖਾਲੀ ਪਿਆ ਹੈ। ਤਮਾਮ ਝਟਕਿਆਂ ਤੋਂ ਬਾਅਦ ਅਜੇ ਵੀ ਇਹ ਸੰਭਾਵਨਾ ਮੌਜੂਦ ਹੈ ਕਿ ਜੇਕਰ ਆਮ ਆਦਮੀ ਪਾਰਟੀ ਸਿਆਸੀ ਅਤੇ ਨੈਤਿਕ ਮੁਹਾਜ਼ ਉਤੇ ਇੱਕਮੁਠ ਹੋ ਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉਤੇ ਖਰੀ ਉਤਰਦੀ ਹੈ ਤਾਂ ਇੱਕ ਵਾਰ ਮੁੜ ਇਹ ਪਾਰਟੀ ਪੰਜਾਬ ਦੀ ਰਾਜਨੀਤੀ ਦੇ ਇਸ ਖਲਾਅ ਨੂੰ ਭਰਨ ਦੀ ਸਥਿਤੀ ਵੀ ਹਾਸਲ ਕਰ ਸਕਦੀ ਹੈ। ਵੈਸੇ ਅਗਲੇ ਕੁਝ ਦਿਨ ਪੰਜਾਬ ਦੀ ਤਕਦੀਰ ਲਈ ਫੈਸਲਾਕੁਨ ਹੋ ਸਕਦੇ ਹਨ।