ਇੰਗਲੈਂਡ ਵਿਚ ਜਨਮੇ ਸਟੀਫਨ ਵਿਲੀਅਮ ਹਾਕਿੰਗ (8 ਜਨਵਰੀ 1942-14 ਮਾਰਚ 2018) ਆਈਨਸਟਾਈਨ ਤੋਂ ਬਾਅਦ 20ਵੀਂ ਸਦੀ ਦੇ ਸਭ ਤੋਂ ਵੱਡੇ ਵਿਗਿਆਨੀ ਸਨ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਤ੍ਰਾਸਦੀ ਹੀ ਉਨ੍ਹਾਂ ਦੀ ਮਹਾਨਤਾ ਦਾ ਆਧਾਰ ਬਣ ਗਈ। ਦਰਅਸਲ ਜਿਸ ਬਿਮਾਰੀ ਕਾਰਨ ਉਹ ਨਾ ਬੋਲ ਸਕਦੇ ਸਨ, ਨਾ ਹਿਲ-ਜੁਲ ਸਕਦੇ ਸਨ, ਮੰਨਿਆ ਜਾਂਦਾ ਹੈ ਕਿ ਉਸੇ ਦੇ ਕਾਰਨ ਉਨ੍ਹਾਂ ਆਪਣੇ ਦਿਮਾਗ਼ ਨੂੰ ਇਸ ਹੱਦ ਤੱਕ ਇਕਾਗਰ ਕਰਨ ਵਿਚ ਮੁਹਾਰਤ ਹਾਸਲ ਕੀਤੀ ਕਿ
ਉਹ ਗਣਿਤ ਦੇ ਵੱਡੇ ਵੱਡੇ ਸਵਾਲਾਂ ਨੂੰ ਦਿਮਾਗ਼ ਵਿਚ ਹੀ ਇਕ ਦੋ ਨਹੀਂ, ਬਲਕਿ 11 ਤਰੀਕਿਆਂ ਨਾਲ ਹੱਲ ਕਰ ਲੈਂਦੇ ਸਨ। ਉਹ ਦੁਨੀਆਂ ਦੇ ਮਹਾਨ ਵਿਗਿਆਨੀ ਸਨ, ਕਿਉਂਕਿ ਉਹ ਸਾਰੀ ਉਮਰ ਮਨੁੱਖਤਾ ਦੇ ਭਵਿਖ ਸਬੰਧੀ ਸਵਾਲਾਂ ਨੂੰ ਲੈ ਕੇ ਫਿਕਰਮੰਦ ਰਹੇ। 10 ਸਾਲ ਪਹਿਲਾਂ ‘ਦਿ ਟੈਲੀਗ੍ਰਾਫ’ (ਲੰਡਨ) ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਮਨੁੱਖ ਦੇ ਭਵਿਖ ਨਾਲ ਸਬੰਧਿਤ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸਨ। ਪੇਸ਼ ਹਨ ਉਸ ਮੁਲਾਕਾਤ ਦੇ ਕੁਝ ਅੰਸ਼:
ਸਵਾਲ: ਦੁਨੀਆ ਦੀ ਆਬਾਦੀ ਹਰ 40 ਸਾਲਾਂ ਵਿਚ ਦੁੱਗਣੀ ਹੋ ਰਹੀ ਹੈ। ਜੇ ਇਹ ਇਸੇ ਰਫਤਾਰ ਨਾਲ ਵਧਦੀ ਰਹੀ ਤਾਂ ਸੰਨ 2600 ਤੱਕ ਧਰਤੀ ‘ਤੇ ਸਾਡੇ ਰਹਿਣ ਲਈ ਸਹੀ ਥਾਂ ਹੀ ਨਹੀਂ ਰਹੇਗੀ। ਇਸ ਹਾਲਤ ਵਿਚ ਕੀ ਅਸੀਂ ਦੂਜੇ ਗ੍ਰਹਿਆਂ ਤੱਕ ਜਾ ਸਕਾਂਗੇ?
ਸਟੀਫਨ ਹਾਕਿੰਗ: ਇਸ ਸਦੀ ਦੇ ਅੰਤ ਤੱਕ ਅਸੀਂ ਮਨੁੱਖਯੁਕਤ ਪੁਲਾੜੀ ਵਾਹਨਾਂ ਰਾਹੀਂ ਹੀ ਨਹੀਂ, ਬਲਕਿ ਪ੍ਰਾਈਵੇਟ ਜਹਾਜ਼ਾਂ ਰਾਹੀਂ ਵੀ ਮੰਗਲ ਗ੍ਰਹਿ ਤਕ ਉਡ ਸਕਾਂਗੇ ਪਰ ਸਾਡੇ ਸੂਰਜ ਪਰਿਵਾਰ ਵਿਚ ਧਰਤੀ ਹੀ ਸਾਡੇ ਰਹਿਣਯੋਗ ਸਭ ਤੋਂ ਵਧੀਆ ਥਾਂ ਹੈ। ਮੰਗਲ ਬਹੁਤ ਠੰਢਾ ਅਤੇ ਬਹੁਤ ਘੱਟ ਵਾਯੂਮੰਡਲ ਵਾਲਾ ਗ੍ਰਹਿ ਹੈ। ਹੋਰ ਗ੍ਰਹਿ ਤਾਂ ਮਨੁੱਖ ਦੇ ਰਹਿਣ ਲਾਇਕ ਹੈ ਹੀ ਨਹੀਂ। ਇਸ ਤਰ੍ਹਾਂ ਸਾਨੂੰ ਜਾਂ ਤਾਂ ਪੁਲਾੜ ਸਟੇਸ਼ਨਾਂ ‘ਤੇ ਰਹਿਣਾ ਸਿੱਖਣਾ ਪਵੇਗਾ ਜਾਂ ਫਿਰ ਦੂਜੇ ਤਾਰਾ ਪ੍ਰਣਾਲੀ (ਸੂਰਜ ਮੰਡਲ) ਦੀ ਯਾਤਰਾ ਕਰਨੀ ਪਵੇਗੀ ਜੋ ਅਸੀਂ ਇਸ ਸਦੀ ਵਿਚ ਵੀ ਕਰ ਸਕਾਂਗੇ। ਉਂਜ, ਆਬਾਦੀ ਵਧਣ ਦੀ ਇਹ ਰਫਤਾਰ ਹਮੇਸ਼ਾ ਨਹੀਂ ਰਹੇਗੀ। ਖ਼ਦਸ਼ਾ ਤਾਂ ਇਹ ਵੀ ਹੈ ਕਿ ਅਸੀਂ ਖ਼ੁਦ ਆਪਣਾ ਸਫਾਇਆ ਕਰ ਲਵਾਂਗੇ।
ਸਵਾਲ: ਦੂਜੇ ਤਾਰੇ ਤੱਕ ਦੀ ਯਾਤਰਾ ਲਈ ਅਸੀਂ ਆਪਣੀ ਰਫਤਾਰ ਨੂੰ ਕਿਸ ਹੱਦ ਤਕ ਵਧਾ ਸਕਾਂਗੇ?
ਸਟੀਫਨ ਹਾਕਿੰਗ: ਮੇਰਾ ਖਿਆਲ ਹੈ ਕਿ ਅਸੀਂ ਚਾਹੇ ਜਿੰਨੇ ਵੀ ਚਲਾਕ ਹੋ ਜਾਈਏ, ਰੌਸ਼ਨੀ ਦੀ ਰਫਤਾਰ ਤੋਂ ਤੇਜ਼ ਯਾਤਰਾ ਕਦੀ ਵੀ ਨਹੀਂ ਕਰ ਸਕਾਂਗੇ। ਜੇ ਅਸੀਂ ਰੌਸ਼ਨੀ ਤੋਂ ਵੀ ਤੇਜ਼ ਯਾਤਰਾ ਕਰ ਸਕੀਏ ਤਾਂ ਅਸੀਂ ਸਮੇਂ ਵਿਚ ਵਾਪਸ ਚਲੇ ਜਾਵਾਂਗੇ। ਰੈਪ ਡ੍ਰਾਈਵ ਦੀ ਥਾਂ ਰਾਕੇਟਾਂ ਦੀ ਵਰਤੋਂ ਕਰ ਕੇ ਦੂਜੇ ਤਾਰਿਆਂ ਦੀ ਯਾਤਰਾ ਕਰਨਾ ਬਹੁਤ ਥਕਾਊ ਅਤੇ ਘੱਟ ਤੇਜ਼ ਪ੍ਰਕਿਰਿਆ ਹੋਵੇਗੀ। ਆਕਾਸ਼ ਗੰਗਾ ਦੇ ਕੇਂਦਰ ਦੀ ਯਾਤਰਾ ਦੇ ਇਕ ਚੱਕਰ ਵਿਚ ਹੀ ਇਕ ਲੱਖ ਸਾਲ ਲੱਗ ਜਾਣਗੇ ਅਤੇ ਇਸ ਸਮੇਂ ਤੱਕ ਤਾਂ ਮਨੁੱਖ ਜਾਤੀ ਇੰਨੀ ਬਦਲ ਜਾਵੇਗੀ ਕਿ ਉਸ ਨੂੰ ਕੋਈ ਪਛਾਣ ਹੀ ਨਹੀਂ ਸਕੇਗਾ; ਬਸ਼ਰਤੇ ਉਸ ਦਾ ਸਫਾਇਆ ਨਾ ਹੋ ਗਿਆ ਹੋਵੇ।
ਸਵਾਲ: ਕੀ ਅਸੀਂ ਲੋਕ (ਵਿਕਾਸ ਤਰਤੀਬ ਤਹਿਤ) ਬਦਲਦੇ ਰਹਾਂਗੇ ਜਾਂ ਫਿਰ ਵਿਕਾਸ ਅਤੇ ਗਿਆਨ ਦੇ ਆਖਰੀ ਪੱਧਰ ਤੱਕ ਪਹੁੰਚਣ ਦੇ ਸਮਰੱਥ ਹੋਵਾਂਗੇ?
ਸਟੀਫਨ ਹਾਕਿੰਗ: ਸੰਭਵ ਹੈ ਕਿ ਅਗਲੇ 100 ਸਾਲਾਂ ਵਿਚ ਜਾਂ ਹੋ ਸਕਦਾ ਹੈ ਅਗਲੇ 20 ਹੀ ਸਾਲਾਂ ਵਿਚ ਅਸੀਂ ਬ੍ਰਹਿਮੰਡ ਦੇ ਪੂਰਨ ਮੂਲਭੂਤ ਸਿਧਾਂਤਾਂ ਨੂੰ ਖੋਜ ਲਈਏ (ਸਭ ਕੁਝ ਦਾ ਅਖੌਤੀ ਸਿਧਾਂਤ ਜਿਸ ਵਿਚ ਕਵਾਂਟਮ ਸਿਧਾਂਤ ਨੂੰ ਆਈਨਸਟਾਈਨ ਦੇ ਸਾਧਾਰਨ ਸਾਪੇਖਤਾਵਾਦ ਨਾਲ ਜੋੜਿਆ ਜਾਂਦਾ ਹੈ) ਪਰ ਇਨ੍ਹਾਂ ਨਿਯਮਾਂ ਤਹਿਤ ਸਾਡੇ ਵਲੋਂ ਬਣਾਏ ਜਾਣ ਵਾਲੇ ਜੈਵਿਕ ਅਤੇ ਇਲੈਕਟ੍ਰਾਨਿਕ ਗੁੰਝਲਾਂ ਦੀ ਹੱਦ ਨਹੀਂ ਹੋਵੇਗੀ। ਹੁਣ ਤੱਕ ਸਾਡੇ ਕੋਲ ਜੋ ਸਭ ਤੋਂ ਗੁੰਝਲਦਾਰ ਪ੍ਰਣਾਲੀ ਹੈ, ਉਹ ਸਾਡਾ ਆਪਣਾ ਸਰੀਰ ਹੈ। ਮਨੁੱਖ ਦੇ ਡੀ ਐਨ ਏ ਵਿਚ ਪਿਛਲੇ ਦਸ ਹਜ਼ਾਰ ਸਾਲਾਂ ਵਿਚ ਕੋਈ ਸਾਰਥਕ ਬਦਲਾਓ ਨਹੀਂ ਹੋਇਆ ਹੈ, ਪਰ ਛੇਤੀ ਹੀ ਅਸੀਂ ਆਪਣੀਆਂ ਅੰਦਰੂਨੀ ਗੁੰਝਲਾਂ, ਆਪਣੇ ਡੀ ਐਨ ਏ ਨੂੰ ਹੋਰ ਵੀ ਵਿਕਸਤ ਕਰਨ ਵਿਚ ਕਾਮਯਾਬ ਹੋਵਾਂਗੇ, ਜੈਵਿਕ ਵਿਕਾਸ ਲੜੀ ਦੀ ਮੱਠੀ ਪ੍ਰਕਿਰਿਆ ਦਾ ਇੰਤਜ਼ਾਰ ਕੀਤੇ ਬਿਨਾਂ। ਸੰਭਵ ਹੈ ਕਿ ਅਗਲੇ ਇਕ ਹਜ਼ਾਰ ਸਾਲਾਂ ਵਿਚ ਅਸੀਂ ਇਸ ਨੂੰ ਪੂਰੀ ਤਰ੍ਹਾਂ ਦੁਬਾਰਾ ਡਿਜ਼ਾਈਨ ਕਰ ਲਈਏ। ਮਿਸਾਲ ਲਈ ਅਸੀਂ ਆਪਣੇ ਦਿਮਾਗ਼ ਦਾ ਆਕਾਰ ਵਧਾ ਕੇ ਇਸ ਤਰ੍ਹਾਂ ਕਰ ਸਕਾਂਗੇ। ਯਕੀਨੀ ਤੌਰ ‘ਤੇ ਬਹੁਤੇ ਲੋਕ ਇਸ ‘ਤੇ ਇਤਰਾਜ਼ ਕਰਨਗੇ, ਕਿਉਂਕਿ ਮਨੁੱਖ ‘ਤੇ ਜੈਨੇਟਿਕ ਇੰਜੀਨੀਅਰਿੰਗ ਦੀ ਰੋਕ ਲੱਗੀ ਹੋਵੇਗੀ, ਪਰ ਮੈਨੂੰ ਲਗਦੈ, ਅਸੀਂ ਇਸ ਨੂੰ ਰੋਕ ਸਕਾਂਗੇ। ਇਹ ਇਕ ਦਿਨ ਜ਼ਰੂਰ ਅਸਲੀਅਤ ਬਣੇਗੀ ਭਾਵੇਂ ਅਸੀਂ ਚਾਹੀਏ, ਜਾਂ ਨਾ। ਆਰਥਿਕ ਕਾਰਨਾਂ ਕਰ ਕੇ ਬਨਸਪਤੀਆਂ ਅਤੇ ਜੰਤੂਆਂ ‘ਤੇ ਜੈਨੇਟਿਕ ਇੰਜੀਨੀਅਰਿੰਗ ਦੀ ਛੋਟ ਦੇ ਦਿੱਤੀ ਜਾਵੇਗੀ। ਕੋਈ ਨਾ ਕੋਈ ਇਸ ਨੂੰ ਮਨੁੱਖ ‘ਤੇ ਵੀ ਅਜ਼ਮਾਏਗਾ, ਬਸ਼ਰਤੇ ਕਿ ਇਸ ‘ਤੇ ਕੋਈ ਸਰਬਪ੍ਰਵਾਨਿਤ ਨਿਯਮ ਨਾ ਬਣੇ।
ਸਵਾਲ: ਜੇ ਇਸ ਤਰ੍ਹਾਂ ਦੇ ਵਿਕਾਸ ਨੇ ਮਨੁੱਖ ਨੂੰ ਵਿਕਸਿਤ ਕਰ ਦਿੱਤਾ ਤਾਂ ਵਿਕਸਿਤ ਹਾਲਤ ਵਿਚ ਉਹ ਹੋਰ ਅਵਿਕਸਿਤ ਲੋਕਾਂ ਲਈ ਸਮਾਜਿਕ, ਸਿਆਸੀ ਮੁਸ਼ਕਿਲਾਂ ਪੈਦਾ ਨਹੀਂ ਕਰੇਗਾ?
ਸਟੀਫਨ ਹਾਕਿੰਗ: ਮੈਂ ਮਨੁੱਖੀ ਜੈਨੇਟਿਕ ਇੰਜੀਨੀਅਰਿੰਗ ਦੇ ਪੱਖ ਵਿਚ ਨਹੀਂ ਹਾਂ। ਮੈਂ ਸਿਰਫ ਇਹ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਹੋ ਸਕਦਾ ਹੈ ਅਤੇ ਸਾਨੂੰ ਇਸ ‘ਤੇ ਵਿਚਾਰ ਕਰਨਾ ਹੋਵੇਗਾ ਕਿ ਇਸ ਨਾਲ ਕਿਵੇਂ ਨਜਿਠਿਆ ਜਾਵੇ? ਇਕ ਤਰ੍ਹਾਂ ਨਾਲ ਮਨੁੱਖ ਜਾਤੀ ਨੂੰ ਆਪਣੀਆਂ ਮਾਨਸਿਕ ਅਤੇ ਸਰੀਰਕ ਗੁੰਝਲਾਂ ਵਧਾਉਣੀਆਂ ਪੈਣਗੀਆਂ, ਜੇ ਉਸ ਨੇ ਆਪਣੇ ਚਾਰੇ ਪਾਸੇ ਦੀ ਗੁੰਝਲਦਾਰ ਦੁਨੀਆਂ ਤੋਂ ਕੰਮ ਲੈਣਾ ਹੈ ਅਤੇ ਪੁਲਾੜ ਯਾਤਰਾ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ। ਸਾਨੂੰ ਉਦੋਂ ਹੋਰ ਵੀ ਔਖਾ (ਵਿਕਸਿਤ) ਹੋਣਾ ਪਵੇਗਾ, ਜੇ ਅਸੀਂ ਆਪਣੀ ਜੈਵਿਕ ਪ੍ਰਣਾਲੀ ਨੂੰ ਇਲੈਕਟ੍ਰਾਨਿਕ ਪ੍ਰਣਾਲੀ ਤੋਂ ਅੱਗੇ ਰੱਖਣਾ ਹੈ। ਮੌਜੂਦਾ ਸਮੇਂ ਵਿਚ ਕੰਪਿਊਟਰ ਨੂੰ ਰਫਤਾਰ ਦਾ ਲਾਭ ਮਿਲ ਰਿਹਾ ਹੈ ਪਰ ਉਸ ਵਿਚ ਮਨੁੱਖ ਵਰਗੀ ਬੁੱਧੀ ਕਿਥੇ ਹੈ? ਇਸ ਵਿਚ ਕੋਈ ਹੈਰਾਨੀ ਨਹੀਂ ਕਿ ਅੱਜ ਦੇ ਕੰਪਿਊਟਰ ਗੰਡੋਏ ਦੇ ਦਿਮਾਗ ਤੋਂ ਜ਼ਿਆਦਾ ਗੁੰਝਲਦਾਰ ਨਹੀਂ ਹਨ। ਗੰਡੋਆ ਸੂਝ ਦੇ ਮਾਮਲੇ ਵਿਚ ਬਹੁਤ ਪਛੜਿਆ ਮੰਨਿਆ ਜਾਂਦਾ ਹੈ, ਪਰ ਕੰਪਿਊਟਰ ਦੀ ਸਪੀਡ ਹਰ 18 ਮਹੀਨਿਆਂ ਵਿਚ ਦੁੱਗਣੀ ਹੋ ਜਾਂਦੀ ਹੈ ਅਤੇ ਸੰਭਵ ਹੈ ਕਿ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਉਹ ਮਨੁੱਖੀ ਦਿਮਾਗ ਦੇ ਬਰਾਬਰ ਨਾ ਪਹੁੰਚ ਜਾਵੇ।
ਸਵਾਲ: ਕੰਪਿਊਟਰ ਕਿੰਨਾ ਹੀ ਵਿਕਸਿਤ ਕਿਉਂ ਨਾ ਹੋਵੇ, ਕੀ ਉਹ ਸਹੀ ਮਾਇਨਿਆਂ ਵਿਚ ਸਹੀ ਬੁੱਧੀ ਦਾ ਪ੍ਰਦਰਸ਼ਨ ਕਰ ਸਕੇਗਾ?
ਸਟੀਫਨ ਹਾਕਿੰਗ: ਮੇਰਾ ਖਿਆਲ ਹੈ ਕਿ ਬਹੁਤ ਗੁੰਝਲਦਾਰ ਰਸਾਇਣਕ ਅਣੂ ਜਦੋਂ ਮਨੁੱਖ ਵਿਚ ਸਰਗਰਮ ਹੋ ਕੇ ਉਸ ਨੂੰ ਸੂਝਵਾਨ ਬਣਾ ਸਕਦੇ ਹਨ, ਉਸੇ ਤਰ੍ਹਾਂ ਗੁੰਝਲਦਾਰ ਬਿਜਲਈ ਸਰਕਟ (ਇਲੈਕਟ੍ਰੋਨਿਕ ਸਰਕਟ) ਕੰਪਿਊਟਰ ਨੂੰ ਬੁੱਧੀਮਾਨ ਢੰਗ ਨਾਲ ਕੰਮ ਕਰਨ ਵਿਚ ਵੀ ਸਮਰੱਥ ਬਣਾ ਸਕਦਾ ਹੈ। ਜੇ ਉਹ ਸੂਝਵਾਨ ਹੋਏ ਤਾਂ ਅਜਿਹੇ ਕੰਪਿਊਟਰ ਡਿਜ਼ਾਈਨ ਕਰ ਸਕਦੇ ਹਨ ਜਿਨ੍ਹਾਂ ਵਿਚ ਵਿਆਪਕ ਸੂਝ ਅਤੇ ਗੁੰਝਲਾਂ ਹੋਣ।
ਸਵਾਲ: ਵਧਾਈਆਂ ਗਈਆਂ ਇਹ ਜੈਵਿਕ ਅਤੇ ਬਿਜਲਈ ਗੁੰਝਲਾਂ ਕੀ ਹਮੇਸ਼ਾ ਲਈ ਹੋਣਗੀਆਂ ਜਾਂ ਫਿਰ ਇਨ੍ਹਾਂ ਦੀਆਂ ਵੀ ਕੁਦਰਤੀ ਹੱਦਾਂ ਹੋਣਗੀਆਂ?
ਸਟੀਫਨ ਹਾਕਿੰਗ: ਜੈਵਿਕ ਜਾਂ ਬਾਇਓਲੋਜੀਕਲ ਪੱਖ ਵਿਚ ਮਨੁੱਖੀ ਬੁੱਧੀ ਦੀਆਂ ਹੱਦਾਂ ਹੁਣ ਤੱਕ ਮਨੁੱਖੀ ਦਿਮਾਗ ਦੇ ਆਕਾਰ ਵਲੋਂ ਮਿਥੀਆਂ ਹੋਈਆਂ ਹਨ ਜੋ ਬਰਥ ਕੈਨਾਮ ਦੇ ਮਾਧਿਅਮ ਰਾਹੀਂ ਲੰਘਦੀਆਂ ਹਨ, ਪਰ ਅਗਲੇ 100 ਸਾਲਾਂ ਵਿਚ ਮੈਨੂੰ ਉਮੀਦ ਹੈ ਕਿ ਅਸੀਂ ਇਹ ਜਾਣ ਸਕਾਂਗੇ ਕਿ ਮਨੁੱਖੀ ਸਰੀਰ ਤੋਂ ਵੱਖ ਬੱਚਿਆਂ ਨੂੰ ਕਿਵੇਂ ਪੈਦਾ ਕਰਨਾ ਹੈ, ਵਿਕਸਤ ਕਰਨਾ ਹੈ। ਇਸ ਤਰ੍ਹਾਂ ਇਹ ਹੱਦ ਟੁੱਟ ਜਾਵੇਗੀ ਪਰ ਅਖੀਰ ਜੈਨੇਟਿਕ ਇੰਜੀਨੀਅਰਿੰਗ ਜ਼ਰੀਏ ਮਨੁੱਖੀ ਦਿਮਾਗ਼ ਦਾ ਵਾਧਾ ਸਮੱਸਿਆ ਵੀ ਪੈਦਾ ਕਰੇਗਾ, ਕਿਉਂਕਿ ਸਾਡੀ ਦਿਮਾਗੀ ਸਰਗਰਮੀ ਲਈ ਜ਼ਿੰਮੇਦਾਰ ਰਸਾਇਣਕ ਸੰਦੇਸ਼ ਆਸ ਨਾਲੋਂ ਮੱਠੀ ਰਫਤਾਰ ਨਾਲ ਚਲਦੇ ਹਨ। ਇਸ ਤਰ੍ਹਾਂ ਦਿਮਾਗ ਦੀਆਂ ਗੁੰਝਲਾਂ ਵਿਚ ਵਾਧਾ ਰਫਤਾਰ ਦੀ ਕੀਮਤ ‘ਤੇ ਹੋਵੇਗਾ। ਅਸੀਂ ਹਾਜ਼ਰ-ਜਵਾਬ ਜਾਂ ਬਹੁਤ ਬੁੱਧੀਮਾਨ ਹੋ ਸਕਦੇ ਹਾਂ ਪਰ ਦੋਵੇਂ ਨਹੀਂ।
ਦੂਜਾ ਢੰਗ, ਜਿਸ ਵਿਚ ਇਲੈਟ੍ਰਾਨਿਕ ਸਰਕਟ ਰਫਤਾਰ ਨੂੰ ਬਣਾਉਂਦੇ ਹੋਏ ਆਪਣੀ ਗੁੰਝਲ ਵਧਾ ਸਕਦੇ ਹਾਂ, ਮਨੁੱਖੀ ਦਿਮਾਗ ਦੀ ਨਕਲ ਹੈ ਜਿਸ ਵਿਚ ਇਕ ਸੀ ਪੀ ਯੂ (ਕੰਪਿਊਟਰ ਦਾ ਸੈਂਟਰਲ ਪ੍ਰੋਸੈਸਿੰਗ ਯੂਨਿਟ) ਨਹੀਂ, ਜੋ ਹਰ ਕਮਾਂਡ ਨੂੰ ਤਰਤੀਬ ਨਾਲ ਪ੍ਰਾਸੈਸ ਕਰਦਾ ਹੈ, ਜਦੋਂ ਕਿ ਇਸ (ਮਨੁੱਖੀ ਦਿਮਾਗ਼) ਵਿਚ ਲੱਖਾਂ ਪ੍ਰਾਸੈਸਰ ਹਨ, ਜੋ ਇਕ ਹੀ ਸਮੇਂ ਵਿਚ ਇਕੱਠੇ ਕੰਮ ਕਰ ਰਹੇ ਹਨ। ਇਲੈਕਟ੍ਰਾਨਿਕ (ਬਿਜਲਈ) ਸੂਝ ਦਾ ਭਵਿਖ ਇਸ ਤਰ੍ਹਾਂ ਹੀ ਵਿਆਪਕ ਸਮਾਨਾਂਤਰ ਪ੍ਰਾਸੈਸਰ ਦਾ ਹੋਵੇਗਾ।
ਸਵਾਲ: ਕੀ ਅਸੀਂ ਕਦੇ ਬ੍ਰਹਿਮੰਡੀ ਸਭਿਅਤਾ (ਏਲੀਅਨ) ਨਾਲ ਸੰਪਰਕ ਕਰ ਸਕਾਂਗੇ?
ਸਟੀਫਨ ਹਾਕਿੰਗ: ਮਨੁੱਖ ਜਾਤੀ ਆਪਣੇ ਮੌਜੂਦਾ ਰੂਪ ਵਿਚ ਪਿਛਲੇ 20 ਲੱਖ ਸਾਲਾਂ ਤੋਂ ਹੈ ਜਦੋਂ ਕਿ ਬਿੱਗ ਬੈਂਗ ਤੋਂ ਬਾਅਦ 15 ਅਰਬ ਸਾਲਾਂ ਤੋਂ ਬ੍ਰਹਿਮੰਡ ਹੋਂਦ ਵਿਚ ਹੈ। ਇਸ ਤਰ੍ਹਾਂ ਜੇ ਹੋਰ ਤਾਰਾ ਮੰਡਲਾਂ ਵਿਚ ਜੀਵਨ ਵਿਕਸਿਤ ਵੀ ਹੋਇਆ ਹੋਵੇ ਤਾਂ ਮਨੁੱਖ ਕੋਲ ਵਿਕਾਸ ਦੇ ਇਸ ਪੜਾਅ ਵਿਚ ਉਸ ਨੂੰ ਜਾਣਨ ਦੇ ਮੌਕੇ ਬਹੁਤ ਘੱਟ ਹਨ। ਏਲੀਅਨ ਸਭਿਅਤਾ ਨਾਲ ਜੇ ਕਦੀ ਸਾਡਾ ਸਾਹਮਣਾ ਹੋਇਆ ਤਾਂ ਜਾਂ ਉਹ ਬਹੁਤ ਹੀ ਅਵਿਕਸਿਤ ਹੋਵੇਗੀ ਜਾਂ ਫਿਰ ਸਾਡੇ ਤੋਂ ਬਹੁਤ ਜ਼ਿਆਦਾ ਵਿਕਸਿਤ ਹੋਵੇਗੀ।
ਸਵਾਲ: ਪਰ ਜੇ ਉਹ ਸਭਿਅਤਾ ਬਹੁਤ ਵਿਕਸਿਤ ਹੋਵੇਗੀ ਤਾਂ ਉਸ ਨੇ ਸਾਡੇ ਨਾਲ ਹਾਲੇ ਤੱਕ ਸੰਪਰਕ ਕਿਉਂ ਨਹੀਂ ਕੀਤਾ?
ਸਟੀਫਨ ਹਾਕਿੰਗ: ਹੋ ਸਕਦਾ ਹੈ, ਉਥੇ ਕੋਈ ਵਿਕਸਿਤ ਸਭਿਅਤਾ ਹੋਵੇ ਜੋ ਸਾਡੀ ਹੋਂਦ ਤੋਂ ਵੀ ਜਾਣੂ ਹੋਵੇ ਪਰ ਉਹ ਸਾਨੂੰ ਆਪਣੇ ਹੀ ਹਾਲ ‘ਤੇ (ਬੇਹਦ ਘੱਟ ਵਿਕਸਿਤ ਸਮਝ ਕੇ) ਛੱਡ ਦੇਣਾ ਚਾਹੁੰਦੀ ਹੋਵੇ। ਇਸ ਤਰ੍ਹਾਂ ਮੈਨੂੰ ਸ਼ੱਕ ਹੈ ਕਿ ਕੋਈ ਅਤਿ ਵਿਕਸਿਤ ਸਭਿਅਤਾ ਆਪਣੇ ਤੋਂ ਅਤਿਅੰਤ ਘੱਟ ਵਿਕਸਿਤ ਜੀਵਨ ਰੂਪ ਬਾਰੇ ਸੋਚਣਾ ਵੀ ਚਾਹੁੰਦੀ ਹੋਵੇ।
