ਬ੍ਰਹਿਮੰਡ ਦੀ ਰਚਨਾ, ਜੀਵ ਵਿਗਿਆਨ ਤੇ ਸਟੀਫਨ ਹਾਕਿੰਗ

ਹਰਿਸਿਮਰਨ ਸਿੰਘ
ਫੋਨ: +91-98725-91713
ਬ੍ਰਹਿਮੰਡ ਦੀ ਰਚਨਾ ਕਿਵੇਂ ਹੋਈ ਸੀ? ਇਹ ਵਿਸ਼ਾਲ ਮਾਦਾ ਪਦਾਰਥ ਕਿਵੇਂ ਹੋਂਦ ਵਿਚ ਆਇਆ ਸੀ? ਇਸ ਪਿਛੇ ਕਿਹੜੀ ਊਰਜਾ ਕਿਵੇਂ ਕੰਮ ਕਰਦੀ ਆ ਰਹੀ ਹੈ? ਵਿਸ਼ਾਲ ਅਸਤਿਤਵ ਵਿਚ ਮਾਨਵ ਜਾਤੀ ਅਤੇ ਸਗਲ ਜੀਵ ਜੰਤ ਦੀ ਹੋਂਦ ਦੇ ਕੀ ਅਰਥ ਅਤੇ ਮਕਸਦ ਹਨ? ਇਨ੍ਹਾਂ ਅਤੇ ਹੋਰ ਪ੍ਰਸ਼ਨਾਂ ਦੇ ਜਵਾਬ ਲੱਭਣ ਦੇ ਯਤਨ ਵਿਸ਼ਵ ਧਰਮ, ਫਿਲਾਸਫੀ ਅਤੇ ਵਿਗਿਆਨ ਲਗਾਤਾਰ ਕਰਦੇ ਆ ਰਹੇ ਹਨ। ਬਿੱਗ ਬੈਂਗ ਥਿਊਰੀ, ਕਣ-ਥਿਊਰੀਆਂ, ਸਮੇਂ ਤੇ ਪੁਲਾੜ ਦੀਆਂ ਵਿਸ਼ਾਲ ਵਿਆਖਿਆਵਾਂ, ਐਟਮ ਅਤੇ ਸਬ-ਐਟੋਮਿਕ ਅਣੂ, ਬਲੈਕ ਹੋਲਜ਼ (ਸਿਆਹ ਸੁਰਾਖਾਂ) ਦੀ ਹੋਂਦ ਅਤੇ ਵਿਹਾਰ, ਪੁਲਾੜ ਵਿਚ ਤੇਜ਼ ਗਤੀ ਨਾਲ ਜਾਣ ਵਾਲੇ ਸਪੇਸਸ਼ਿਪ, ਬਿਜਲਈ ਚੁੰਬਕੀ ਤਰੰਗਾਂ ਦੇ ਬ੍ਰਹਿਮੰਡ ਨੂੰ ਜਾਨਣ ਅਤੇ ਸੰਚਾਰ ਵਿਵਸਥਾ ਦੀ ਵਰਤੋਂ ਵਿਧੀਆਂ ਅਤੇ ਤਾਕਤਵਰ ਕੰਪਿਊਟਰਾਂ ਨਾਲ ਮਾਨਵ ਜਾਤੀ ਨੂੰ ਜੋੜਨ ਆਦਿ ਖੇਤਰਾਂ ਵਿਚ ਕੀਤੀਆਂ ਗਈਆਂ ਅਹਿਮ ਖੋਜਾਂ ਤੇ ਪ੍ਰਾਪਤੀਆਂ ਦਾ ਸਿਹਰਾ ਮੁੱਖ ਤੌਰ ‘ਤੇ ਭੌਤਿਕ ਵਿਗਿਆਨ ਨੂੰ ਦਿੱਤਾ ਜਾਂਦਾ ਹੈ।

ਜਿਨ੍ਹਾਂ ਵਿਗਿਆਨੀਆਂ ਨੇ ਇਸ ਖੇਤਰ ਵਿਚ ਆਪਣੇ ਆਪ ਨੂੰ ਸਮਰਪਿਤ ਕੀਤਾ, ਉਨ੍ਹਾਂ ਵਿਚ 1942 ਵਿਚ ਕੈਂਬ੍ਰਿਜ (ਇੰਗਲੈਂਡ) ਵਿਖੇ ਜਨਮੇ ਸਟੀਫਨ ਹਾਕਿੰਗ ਦਾ ਨਾਂ ਵਿਸ਼ੇਸ਼ ਪਛਾਣ ਰੱਖਦਾ ਹੈ। ਸਟੀਫਨ ਹਾਕਿੰਗ ਨੇ ਬ੍ਰਹਿਮੰਡ ਅਤੇ ਭੌਤਿਕ ਵਿਗਿਆਨ ਨਾਲ ਸਬੰਧਿਤ ਕਈ ਪਹਿਲੂਆਂ ਬਾਰੇ ਪਿਛਲੀ ਸਦੀ ਦੌਰਾਨ ਅਤੇ ਵਰਤਮਾਨ ਤਕ ਹੋਈਆਂ ਖੋਜਾਂ ਨੂੰ ਆਪਣੇ ਵਿਚਾਰਾਂ ਦਾ ਆਧਾਰ ਬਣਾਇਆ। ਉਸ ਨੇ ਇਸ ਸਮੁੱਚੇ ਵਜੂਦ ਵਿਚ ਮਨੁੱਖ ਦੀ ਹੋਂਦ ਬਾਰੇ ਕਈ ਨਵੇਂ ਪ੍ਰਸ਼ਨ ਖੜ੍ਹੇ ਕੀਤੇ ਅਤੇ ਉਨ੍ਹਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ; ਪਰ ਇਕ ਵਿਚਾਰ ਸਪਸ਼ਟ ਹੈ ਕਿ ਉਸ ਨੇ ਸਾਪੇਖਤਾ ਸਿਧਾਂਤ, ਕੁਆਂਟਮ ਮਕੈਨਿਕਸ, ਬਿੱਗ ਬੈਂਗ ਦੀ ਇਕਮਾਤਰਤਾ, ਸਮੇਂ ਦੀਆਂ ਵਿਆਖਿਆਵਾਂ ਤੋਂ ਅੱਗੇ ਜਾ ਕੇ ਬ੍ਰਹਿਮੰਡ ਦੀ ਬਣਤਰ ਅਤੇ ਇਸ ਦੇ ਵਿਹਾਰਾਂ ਬਾਰੇ ਜੋ ਵਿਚਾਰ ਦਿੱਤੇ ਹਨ, ਉਹ ਨਿਸ਼ਚੇ ਹੀ ਇਕੀਵੀਂ ਸਦੀ ਵਿਚ ਇਸ ਸਬੰਧੀ ਕੀਤੀ ਜਾਣ ਵਾਲੀ ਨਵੀਂ ਖੋਜ ਦੇ ਆਧਾਰ ਬਣ ਸਕਦੇ ਹਨ।
ਬ੍ਰਹਿਮੰਡ, ਸਮਾਂ ਅਤੇ ਪੁਲਾੜ, ਕਣ ਥਿਊਰੀ, ਨਿਯਮਾਂ ਦਾ ਰਾਜ ਅਤੇ ਹੋਰ ਕਈ ਦ੍ਰਿਸ਼ਟੀਕੋਣਾਂ ਤੋਂ ਦਿਤੇ ਗਏ ਕਈ ਗੰਭੀਰ ਵਿਚਾਰਾਂ ਤੋਂ ਬਾਅਦ ਸਟੀਫਨ ਹਾਕਿੰਗ ਇਨ੍ਹਾਂ ਪ੍ਰਸ਼ਨਾਂ ਦੇ ਠੋਸ ਉਤਰ ਲੱਭਣ ਦੀ ਤੀਬਰ ਇੱਛਾ ਰੱਖਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਸਿਰਫ ਵਿਗਿਆਨ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਨਹੀਂ ਦੇ ਸਕਦਾ। ਇਸ ਸਬੰਧੀ ਫਿਲਾਸਫੀ ਦੀ ਲੋੜ ਅਤੇ ਖੋਜ ਵਿਧੀਆਂ ਹਮੇਸ਼ਾ ਪ੍ਰਸੰਗਿਕ ਬਣੇ ਰਹਿਣਗੇ। ਉਹ ਪਿਛਲੇ ਆਲਮੀ ਦਾਰਸ਼ਨਿਕਾਂ ਅਤੇ ਧਾਰਮਿਕ ਆਗੂਆਂ ਵੱਲੋਂ ਇਸ ਸਬੰਧੀ ਪਿਛੇ ਹਟ ਜਾਣ ਅਤੇ ਵਿਗਿਆਨ ਵੱਲੋਂ ਉਠਾਏ ਪ੍ਰਸ਼ਨਾਂ ਦੇ ਜਵਾਬ ਨਾ ਦੇਣ ਲਈ ਉਨ੍ਹਾਂ ਨੂੰ ਨਿਹੋਰਾ ਵੀ ਮਾਰਦਾ ਸੀ।
ਸਟੀਫਨ ਹਾਕਿੰਗ ਇਸ ਵਿਚਾਰ ਤੋਂ ਭਲੀਭਾਂਤ ਸੁਚੇਤ ਸੀ ਕਿ ਵਿਗਿਆਨ ਇਹ ਤਾਂ ਦੱਸ ਸਕਦਾ ਹੈ ਕਿ ਇਹ ਬ੍ਰਹਿਮੰਡ ਕੀ ਹੈ, ਪਰ ਅਸਤਿਤਵ ਦੀ ਹੋਂਦ ਕਿਉਂ ਹੋਈ ਅਤੇ ਇਸ ਦੇ ਮਕਸਦ ਕੀ ਸਨ (ਹਨ), ਬਾਰੇ ਤਾਂ ਫਿਲਾਸਫੀ ਬਿਹਤਰ ਢੰਗ ਨਾਲ ਦੱਸ ਸਕਦੀ ਹੈ। ਇਸੇ ਲਈ ਸਟੀਫਨ ਹਾਕਿੰਗ ਇਹ ਮੰਨਦਾ ਸੀ ਕਿ ਵਿਗਿਆਨ ਅਤੇ ਫਿਲਾਸਫੀ ਨੂੰ ਮਿਲ ਕੇ ਇਸ ਸਬੰਧੀ ਕੰਮ ਕਰਨ ਦੀ ਲੋੜ ਹੈ। ਜੇ ਵਿਸ਼ਵ ਵਿਗਿਆਨੀਆਂ ਅਤੇ ਦਾਰਸ਼ਨਿਕਾਂ ਵਿਚਾਲੇ ਅਜਿਹੀ ਇਕਸੁਰਤਾ ਪੈਦਾ ਹੋ ਜਾਂਦੀ ਤਾਂ ਸ਼ਾਇਦ ਹਾਕਿੰਗ ਨੂੰ ਇਹ ਲਿਖਣ ਦੀ ਲੋੜ ਨਾ ਪੈਂਦੀ ਅਤੇ ਸ਼ਾਇਦ ਆਪਣੇ ਸਿਧਾਂਤਾਂ ਤੇ ਖੋਜਾਂ ਦੀ ਸੁਰ ਬਦਲਨੀ ਪੈਂਦੀ।
ਜ਼ਾਹਿਰ ਹੈ ਕਿ ਜਦੋਂ ਸਟੀਫਨ ਹਾਕਿੰਗ ਵਰਗਾ ਵਿਸ਼ਵ ਪ੍ਰਸਿਧੀ ਨੂੰ ਪ੍ਰਾਪਤ ਵਿਗਿਆਨੀ ਫਿਲਾਸਫੀ ਅਤੇ ਵਿਸ਼ਵ ਦਾਰਸ਼ਨਿਕਾਂ ਨੂੰ ਇਸ ਪ੍ਰਸੰਗ ਵਿਚ ਪਿਛੇ ਰਹਿ ਜਾਣ ਦਾ ਵਿਚਾਰ ਦਿੰਦਾ ਹੈ ਤਾਂ ਉਸ ਦੇ ਧਿਆਨ ਵਿਚ ਪੱਛਮੀ ਬੌਧਿਕ ਪਰੰਪਰਾ ਨਾਲ ਜੁੜੇ ਵਿਦਵਾਨ ਹੀ ਹਾਵੀ ਸਨ। ਪੱਛਮ ਵਿਚੋਂ ਨਿਕਲ ਕੇ ਜੇ ਉਸ ਨੇ ਪੂਰਬੀ ਚਿੰਤਨ ਦੇ ਸਿਖ਼ਰ, ਸਿੱਖ ਧਰਮ ਫਲਸਫੇ ਦੀਆਂ ਇਸ ਸਬੰਧੀ ਦਰਸਾਈਆਂ ਗਈਆਂ ਗੰਭੀਰ ਦਿਸ਼ਾਵਾਂ ਨੂੰ ਸਮੁੱਚੇ ਰੂਪ ਵਿਚ ਫਰੋਲਿਆ ਹੁੰਦਾ ਤਾਂ ਉਸ ਦੇ ਵਿਚਾਰ ਸ਼ਾਇਦ ਹੋਰ ਹੋਣੇ ਸਨ। ਇਸ ਸਭ ਦੇ ਬਾਵਜੂਦ ਸਟੀਫਨ ਹਾਕਿੰਗ ਨੇ ਜਿਨ੍ਹਾਂ ਵੀ ਵਿਚਾਰਾਂ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਇਆ, ਉਹ ਸਿੱਖ ਫਿਲਾਸਫੀ ਵਿਚ ਆਏ ਇਸ ਸਬੰਧੀ ਵਿਚਾਰਾਂ ਦਾ ਵਿਸਥਾਰ ਹੀ ਹਨ।
ਸਾਨੂੰ ਬ੍ਰਹਿਮੰਡ ਦੀ ਰਚਨਾ ਬਾਰੇ ਸਟੀਫਨ ਹਾਕਿੰਗ ਦੇ ਵਿਚਾਰਾਂ ਦੇ ਮੂਲ ਆਧਾਰਾਂ ਨੂੰ ਵੇਖਣਾ ਹੋਵੇਗਾ। ਇਹ ਵਿਗਿਆਨੀ ਆਪਣੇ ਵਿਚਾਰਾਂ ਨੂੰ ਘੁਮਾ-ਫਿਰਾ ਕੇ ਬ੍ਰਹਿਮੰਡ ਦੀ ਬਿੱਗ ਬੈਂਗ ਤੋਂ ਹੋਈ ਸ਼ੁਰੂਆਤ ਉਤੇ ਹੀ ਕੇਂਦਰਿਤ ਕਰਦਾ ਹੈ। ਸ਼ਾਇਦ ਉਸ ਦੇ ਮਨ ਉਤੇ ਇਸਾਈ ਚਰਚ ਦੇ ਡਰ ਦਾ ਪ੍ਰਭਾਵ ਬਣਿਆ ਹੋਇਆ ਸੀ। ਆਪਣੀ ਪੁਸਤਕ ‘ਏ ਬ੍ਰੀਫ ਹਿਸਟਰੀ ਆਫ ਟਾਈਮ’ ਦੇ ਪੰਨਾ ਨੰਬਰ 122 ਉਤੇ ਉਹ 1981 ਵਿਚ ਹੋਰ ਵਿਗਿਆਨੀਆਂ ਸਮੇਤ ਉਸ ਦੀ ਪੋਪ ਨਾਲ ਹੋਈ ਮਿਲਣੀ ਦਾ ਜ਼ਿਕਰ ਕਰਦਾ ਹੈ। ਪੋਪ ਨੇ ਵਿਗਿਆਨੀਆਂ ਨੂੰ ਤਾੜਨਾ ਭਰੇ ਲਹਿਜੇ ਵਿਚ ਕਿਹਾ ਸੀ ਕਿ ਵਿਗਿਆਨੀ ਬਿੱਗ ਬੈਂਗ ਤੋਂ ਪਹਿਲਾਂ ਦੀ ਖੋਜ ਨਾ ਕਰਨ, ਕਿਉਂਕਿ ਉਹ ਬ੍ਰਹਿਮੰਡ ਸਿਰਜਕ ਪਰਮਾਤਮਾ ਦਾ ਕਾਰਜ ਖੇਤਰ ਹੈ।
ਪੋਪ ਦਾ ਇਹ ਵਿਚਾਰ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਜਦੋਂ ਅਸੀਂ ਇਸ ਧਰਤੀ ਉਤੇ ਉਪਜੀ ਬਨਸਪਤੀ ਅਤੇ ਮਾਨਵ ਸਮੇਤ ਹਰ ਪ੍ਰਕਾਰ ਦੇ ਜੀਵਾਂ ਦੇ ਕੁਦਰਤ ਦੇ ਨਿਯਮਾਂ ਅਨੁਸਾਰ ਜਨਮ ਲੈਣ ਤੋਂ ਪਹਿਲਾਂ ਉਨ੍ਹਾਂ ਦੇ ਸਾਬਤ ਬੀਜ ਬਣਨ ਦੀ ਤਹਿ ਤਕ ਜਾ ਸਕਦੇ ਹਾਂ ਤਾਂ ਇਸ ਗਤੀਮਾਨ ਬ੍ਰਹਿਮੰਡ ਦੀ ਯਾਤਰਾ ਸ਼ੁਰੂ ਹੋਣ ਦੇ ਉਸ ਬਿੰਦੂ ਤਕ ਕਿਉਂ ਨਹੀਂ ਜਾ ਸਕਦੇ? ਬਿੱਗ ਬੈਂਗ ਦੀ ਮਹਾਂ-ਘਟਨਾ ਤਾਂ ਇਸ ਗਤੀਮਾਨ ਬ੍ਰਹਿਮੰਡ ਦੇ ਸਮੇਂ ਅਤੇ ਸਪੇਸ ਵਿਚ ਉਤਰਨ ਨਾਲ ਸਬੰਧ ਰੱਖਣ ਵਾਲਾ ਪੜਾਅ ਸੀ। ਬ੍ਰਹਿਮੰਡ ਦੀ ਸਿਰਜਣਾ ਇਕ ਜੀਵ ਦੇ ਗਤੀਮਾਨ ਜੀਵਨ ਯੁੱਗ ਵਾਂਗ ਹੈ। ਇਸ ਲਈ ਇਸ ਦਾ ਇਕ ਜੀਵ ਵਾਂਗ ਅਧਿਐਨ ਕਰਨਾ ਤਾਂ ਇਸ ਦੇ ਅੰਦਰ ਹੀ ਪਿਆ ਹੈ।
ਸਟੀਫਨ ਹਾਕਿੰਗ ਨੇ ਆਈਨਸਟਾਈਨ ਦੇ 1915 ਵਿਚ ਸਾਹਮਣੇ ਆਏ ਸਾਪੇਖਤਾ ਦੇ ਵਿਆਪਕ ਸਿਧਾਂਤ ਨੂੰ ਇੰਨ-ਬਿੰਨ ਮੰਨ ਕੇ ਬਿੱਗ ਬੈਂਗ ਤੋਂ ਪਾਰਲੇ ਪਾਸੇ ਦੇ ਵਰਤਾਰੇ ਨੂੰ ਉਕਾ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਅਨੁਸਾਰ ਇਹ ਥਿਊਰੀ ਕਿਉਂਕਿ ਪੁਲਾੜ ਅਤੇ ਸਮੇਂ ਵਿਚ ਸਮੁੱਚੇ ਤੌਰ ‘ਤੇ ਪੂਰਨ ਨਹੀਂ ਹੈ, ਇਸ ਲਈ ਬ੍ਰਹਿਮੰਡ ਦੀ ਬੀਜ ਰੂਪ ਤੋਂ ਬਿੱਗ ਬੈਂਗ ਤਕ ਦੀ ਸਿਰਜਣਾ ਵਿਗਿਆਨ ਦੇ ਭੌਤਿਕਤਾ ਨਿਯਮਾਂ ਦੇ ਘੇਰੇ ਤੋਂ ਹੀ ਬਾਹਰ ਹੈ। ਉਹ ਪੁਲਾੜ ਅਤੇ ਸਮੇਂ ਨੂੰ ਗਤੀਸ਼ੀਲ ਹੋਂਦ ਵਾਂਗ ਮੰਨਦਾ ਹੈ।
ਉਸ ਨੇ ਇਹ ਵਿਚਾਰ ਭਾਵੇਂ ਸਮੇਂ ਦੇ ਪ੍ਰਸੰਗ ਵਿਚ ਦਿੱਤੇ ਹਨ ਕਿ ਬ੍ਰਹਿਮੰਡ ਤੋਂ ਪਹਿਲਾਂ ਸਮੇਂ ਦੀ ਕੋਈ ਹੋਂਦ ਨਹੀਂ ਸੀ, ਪਰ ਉਹ ਇਨ੍ਹਾਂ ਵਿਚਾਰਾਂ ਦੇ ਆਧਾਰ ‘ਤੇ ਬ੍ਰਹਿਮੰਡ ਦੀ ਬਿੱਗ ਬੈਂਗ ਜਾਂ ਮਹਾਂ-ਕਵਾਓ ਤਕ ਹੋਈ ਸਿਰਜਣਾ ਬਾਰੇ ਚੁੱਪ ਹੈ। ਇਹੀ ਤਾਂ ਉਹ ਜੀਵ ਵਿਗਿਆਨੀ ਮਾਡਲ ਹੈ, ਜਿਸ ਨੂੰ ਅਪਨਾ ਕੇ ਅਸੀਂ ਬ੍ਰਹਿਮੰਡ ਦੀ ਰਚਨਾ ਅਤੇ ਵਿਹਾਰਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਾਂ। ਮੇਰਾ ਪੱਕਾ ਵਿਚਾਰ ਹੈ ਕਿ ਜੇ ਅਸੀਂ ਮਨੁੱਖੀ ਦਿਮਾਗ਼ ਦੀਆਂ ਪ੍ਰਵਿਰਤੀਆਂ ਅਤੇ ਕੰਮ ਕਰਨ ਦੇ ਢੰਗਾਂ ਦਾ ਹੀ ਬ੍ਰਹਿਮੰਡ ਦੇ ਪ੍ਰਸੰਗ ਵਿਚ ਮੰਥਨ ਕਰ ਲਈਏ ਤਾਂ ਸਰੀਰ ਦੀ ਇਹ ਪ੍ਰਯੋਗਸ਼ਾਲਾ ਹਰ ਮਨੁੱਖ ਦੇ ਅੰਗ-ਸੰਗ ਹਰ ਪਲ ਚੱਲ ਰਹੀ ਹੈ, ਜਿਸ ਨੂੰ ਸਿੱਖ ਫਲਸਫਾ ‘ਜੋ ਬ੍ਰਹਿਮੰਡੇ ਸੋਈ ਪਿੰਡੇ’ ਦੇ ਰੂਪ ਵਿਚ ਬਿਆਨ ਕਰਦਾ ਹੈ। ਕੁਆਂਟਮ ਮਕੈਨਿਕਸ ਦੇ ਸਿਧਾਂਤ ਨਾਲ ਬ੍ਰਹਿਮੰਡ ਦੇ ਕਣਤੰਤਰ ਅਤੇ ਮਾਦਾ ਪਦਾਰਥ ਦੀ ਬਣਤਰ ਅਤੇ ਵਿਹਾਰਾਂ ਨੂੰ ਜ਼ਰੂਰ ਸਮਝਿਆ ਜਾ ਸਕਦਾ ਹੈ। ਸਟੀਫਨ ਹਾਕਿੰਗ ਦੇ ਇਨ੍ਹਾਂ ਵਿਚਾਰਾਂ ਦੇ ਆਧਾਰ ‘ਤੇ ‘ਬ੍ਰਹਿਮੰਡ ਦੀ ਸੰਯੁਕਤ ਥਿਊਰੀ’ ਦੀ ਸਿਰਜਣਾ ਕੀਤੀ ਜਾ ਸਕਦੀ ਹੈ।