ਡੇਰਾਵਾਦ ਦਾ ਮੱਕੜ-ਜਾਲ ਅਤੇ ਔਰਤ

ਡੇਰਾਵਾਦ ਦੇ ਵਧਣ-ਫੁੱਲਣ ਦਾ ਵੱਡਾ ਕਾਰਨ ਅਗਿਆਨ ਹੈ। ਭਾਰਤੀ ਸਮਾਜ ਦਾ ਵਿਤਕਰੇ ਭਰਪੂਰ ਸਮਾਜਿਕ-ਆਰਥਿਕ ਤਾਣਾ-ਬਾਣਾ ਵੀ ਡੇਰਾਵਾਦ ਲਈ ਸਹਾਈ ਹੋ ਰਿਹਾ ਹੈ। ਲੇਖਕ ਨਰਿੰਦਰ ਸਿੰਘ ਢਿੱਲੋਂ ਨੇ ਲੋਕਾਂ, ਖਾਸ ਕਰ ਕੇ ਔਰਤਾਂ ਦੀ ਡੇਰਿਆਂ ਵੱਲ ਖਿੱਚ ਦੇ ਕੁਝ ਕਾਰਨਾਂ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ, ਜੋ ਪਾਠਕਾਂ ਦੀ ਨਜ਼ਰ ਹੈ।

-ਸੰਪਾਦਕ

ਨਰਿੰਦਰ ਸਿੰਘ ਢਿੱਲੋਂ
ਫੋਨ: 91-99153-58584

ਭਾਰਤ ਵਿਚ ਡੇਰਾਵਾਦ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ। ਪੰਜਾਬ ਵਿਚ ਡੇਰਿਆਂ ਦੀ ਗਿਣਤੀ ਹਜ਼ਾਰਾਂ ਵਿਚ ਦੱਸੀ ਜਾਂਦੀ ਹੈ। ਆਮ ਕਰ ਕੇ ਕਿਸੇ ਬੰਦੇ ਵਲੋਂ ਆਪਣੇ ਵਿਚਾਰਾਂ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਬਣਾਏ ਕੇਂਦਰ ਨੂੰ ਡੇਰਾ ਆਖਦੇ ਹਨ। ਉਂਜ ਤਾਂ ਜਦ ਆਸਾ ਰਾਮ ਅਤੇ ਉਸ ਦੇ ਪੁੱਤਰ ਨੂੰ ਜਬਰ ਜਨਾਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਉਸ ਵੇਲੇ ਹੀ ਡੇਰਿਆਂ ਦੀ ਕਾਰਜਸ਼ੈਲੀ ‘ਤੇ ਪ੍ਰਸ਼ਨ ਚਿੰਨ ਲੱਗ ਗਏ ਸਨ ਪਰ ਇਸ ਪਿਛੋਂ ਹਰਿਆਣਾ ‘ਚ ‘ਸੰਤ’ ਰਾਮ ਪਾਲ ਨੂੰ ਗ੍ਰਿਫਤਾਰ ਕੀਤਾ ਗਿਆ। ਹਰਿਆਣਾ ਸਰਕਾਰ ਤਾਂ ਰਾਮ ਪਾਲ ਨੂੰ ਗ੍ਰਿਫਤਾਰ ਕਰਨ ਵਿਚ ਵੀ ਢਿੱਲ੍ਹ-ਮੱਠ ਹੀ ਦਿਖਾ ਰਹੀ ਸੀ ਪਰ ਅਦਾਲਤ ਦੇ ਸਖਤ ਹੁਕਮਾਂ ‘ਤੇ ਪੁਲਿਸ ਅਤੇ ਨੀਮ ਫੌਜੀ ਦਲਾਂ ਨੂੰ ਸਖਤ ਕਾਰਵਾਈ ਕਰਦਿਆਂ ਰਾਮ ਪਾਲ ਨੂੰ ਗ੍ਰਿਫਤਾਰ ਕਰਨਾ ਪਿਆ। ਡੇਰੇ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਵਿਚ ਮੁੱਖ ਤੌਰ ‘ਤੇ ਔਰਤਾਂ ਹੀ ਸਨ। ਡੇਰੇ ਵਿਚੋਂ ਜੋ ਕੁਝ ਬਰਾਮਦ ਹੋਇਆ, ਉਸ ਤੋਂ ਸਪਸ਼ਟ ਹੋ ਗਿਆ ਸੀ ਕਿ ਉਥੇ ਔਰਤਾਂ ਦਾ ਵੱਡੀ ਪੱਧਰ ‘ਤੇ ਸਰੀਰਕ ਸ਼ੋਸ਼ਣ ਹੁੰਦਾ ਸੀ। ਇਸ ਤੋਂ ਬਾਅਦ ਜਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਅਦਾਲਤ ਨੇ ਸਜ਼ਾ ਸੁਣਾਈ ਹੈ, ਉਦੋਂ ਤੋਂ ਹੀ ਡੇਰਾਵਾਦ ਚਰਚਾ ਵਿਚ ਹੈ।
ਡੇਰਾ ਸਿਰਸਾ ਮੁਖੀ ਨੂੰ ਸਜ਼ਾ ਤੋਂ ਬਾਅਦ ਪੰਜਾਬ ਦੇ ਹੋਰ ਡੇਰਿਆਂ ਅੰਦਰ ਵੀ ਹਲਚਲ ਸੁਣੀ ਗਈ। ਸਵਾਲ ਇਹ ਵੀ ਉਠਿਆ ਕਿ ਡੇਰਿਆਂ ਅੰਦਰ ਜਦ ਤਨ, ਮਨ ਤੇ ਧਨ ਦੀ ਲੁੱਟ ਹੁੰਦੀ ਹੈ, ਉਥੇ ਜਾਣ ਤੋਂ ਲੋਕ, ਵਿਸ਼ੇਸ਼ ਤੌਰ ‘ਤੇ ਔਰਤਾਂ, ਬਾਜ਼ ਕਿਉਂ ਨਹੀਂ ਆਉਂਦੇ? ਸੁਣਿਆ ਇਹ ਵੀ ਜਾਂਦਾ ਹੈ ਕਿ ਡੇਰੇ ਤਾਂ ਚਲਦੇ ਹੀ ਔਰਤਾਂ ਦੇ ਸਿਰ ‘ਤੇ ਹਨ। ਡੇਰੇ ਜਾਣ ਵਾਲਿਆਂ ਵਿਚ ਔਰਤਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਬਾਪੂ ਕਹੇ ਜਾਂਦੇ ਆਸਾ ਰਾਮ ਨੂੰ ਜੇਲ੍ਹ ਭੇਜਿਆ ਗਿਆ ਸੀ ਤਾਂ ਕੁਝ ਦਿਨ ਬਾਅਦ ਔਰਤਾਂ ਵੱਡੀ ਗਿਣਤੀ ਵਿਚ ਜੇਲ੍ਹ ਦੇ ਦਰਵਾਜੇ ਅੱਗੇ ਜਾ ਬੈਠੀਆਂ ਸਨ।
ਇਕ ਹੋਰ ਡੇਰੇ ਬਾਰੇ ਚਰਚਾ ਹੈ ਕਿ ਉਹ ਭਰੂਣ ਟੈਸਟ ਕਰਵਾਉਂਦਾ ਹੈ। ਜੇ ਭਰੂਣ ਲੜਕੀ ਹੋਵੇ ਤਾਂ ਉਹ ਡਾਕਟਰਾਂ ਰਾਹੀਂ ਕਿਸੇ ਬਹਾਨੇ ਗਰਭਪਾਤ ਕਰਵਾ ਦਿੰਦਾ ਹੈ ਪਰ ਜੇ ਲੜਕਾ ਹੋਵੇ ਤਾਂ ਕਹਿੰਦਾ ਹੈ ਕਿ ਲੜਕਾ ਉਸ ਦੇ ਆਸ਼ੀਰਵਾਦ ਨਾਲ ਹੋਇਆ ਹੈ। ਇਹ ਡੇਰੇਦਾਰ ਔਰਤਾਂ ਦਾ ਸਰੀਰਕ ਸ਼ੋਸ਼ਣ ਵੀ ਕਰਦਾ ਹੈ। ਲੜਕਾ ਹੋਣ ‘ਤੇ ਸਬੰਧਤ ਪਰਿਵਾਰ ਡੇਰੇ ਦਾ ਸ਼ਰਧਾਲੂ ਬਣ ਜਾਂਦਾ ਹੈ। ਕਈ ਹੋਰ ਡੇਰਿਆਂ ਬਾਰੇ ਵੀ ਅਜਿਹੀ ਘੁਸਰ-ਮੁਸਰ ਚਲਦੀ ਰਹਿੰਦੀ ਹੈ।
ਇਸ ਪਿਛੋਕੜ ਵਿਚ ਇਹ ਵਿਚਾਰ ਕਰਨਾ ਬਣਦਾ ਹੈ ਕਿ ਆਖਰਕਾਰ ਵਧੇਰੇ ਔਰਤਾਂ ਹੀ ਇਸ ਪਾਸੇ ਜ਼ਿਆਦਾ ਰੁਚੀ ਕਿਉਂ ਲੈਂਦੀਆਂ ਹਨ? ਇਹ ਰੁਝਾਨ ਮੂਲ ਰੂਪ ਵਿਚ ਅੰਧਵਿਸ਼ਵਾਸ ਵਿਚੋਂ ਜਨਮ ਲੈਂਦਾ ਹੈ ਤੇ ਅੰਧਵਿਸ਼ਵਾਸ ਦੀ ਜਨਮ ਭੂਮੀ ਅਗਿਆਨ ਹੈ। ਅਗਿਆਨਤਾ ਕੇਵਲ ਬਹੁਤ ਸਾਰੀਆਂ ਔਰਤਾਂ ਵਿਚ ਹੀ ਨਹੀਂ, ਮਰਦਾਂ ਵਿਚ ਵੀ ਬਥੇਰੀ ਹੈ ਪਰ ਇਸ ਲੇਖ ਦਾ ਵਿਸ਼ਾ ਕੇਵਲ ਔਰਤਾਂ ਬਾਰੇ ਹੀ ਹੈ।
ਅਸਲ ਵਿਚ, ਅੰਧਵਿਸ਼ਵਾਸ ‘ਚ ਫਸੇ ਲੋਕ ਵਿਗਿਆਨਕ ਦ੍ਰਿਸ਼ਟੀਕੋਣ ਬਾਰੇ ਜਾਣਨ ਨੂੰ ਤਿਆਰ ਨਹੀਂ ਹੁੰਦੇ। ਉਂਜ ਵੀ ਕੁਝ ਗੱਲਾਂ ਸਾਨੂੰ ਮੁਢਲੇ ਸੰਸਕਾਰਾਂ ਵਿਚ ਹੀ ਮਿਲ ਜਾਂਦੀਆਂ ਹਨ, ਜਿਵੇਂ ਮੱਥਾ ਟੇਕਣ ‘ਤੇ ਮੁਰਾਦ ਪੂਰੀ ਹੋਣਾ। ਖੀਰ ਚੜ੍ਹਾ ਕੇ, ਪ੍ਰਸ਼ਾਦ ਕਰਵਾ ਕੇ, ਲੰਗਰ ਲਗਵਾ ਕੇ, ਕਿਸੇ ਡੇਰੇ ਦੇ ਅਖੌਤੀ ਸੰਤ ਦੇ ਪੈਰੀਂ ਹੱਥ ਲਾ ਕੇ ਜਾਂ ਡੇਰਾ ਮੁਖੀ ਨੂੰ ਪੈਸਿਆਂ ਦੀ ਥੈਲੀ ਭੇਟ ਕਰ ਕੇ ਮੁਰਾਦ ਪੂਰੀ ਹੋਣ ਦੇ ਭਰਮ ਪਾਲੇ ਜਾਂਦੇ ਹਨ। ਇਸੇ ਤਰ੍ਹਾਂ ਕਿਸੇ ਕਬਰ ‘ਤੇ ਚਾਦਰ ਚੜ੍ਹਾਉਣੀ, ਦੀਵਾ ਜਗਾਉਣਾ, ਕੁੱਕੜ ਜਾਂ ਬੱਕਰੇ ਦੀ ਬਲੀ ਦੇਣਾ, ਸ਼ਰਾਬ ਚੜ੍ਹਾਉਣੀ, ਟੇਵਾ ਲਗਾਉਣਾ ਅਤੇ ਕਿਸੇ ਅਖੌਤੀ ਫਕੀਰ ਕੋਲੋਂ ਭਬੂਤੀ (ਸੁਆਹ) ਦੀ ਪੁੜੀ ਲੈਣੀ ਤੇ ਮੁਰਾਦ ਪੂਰੀ ਹੋਣ ਦੀ ਆਸ ਰੱਖਣੀ ਆਦਿ ਪ੍ਰਚਲਿਤ ਹਨ।
ਡੇਰਿਆਂ ਦੇ ਮੁਖੀ ਅਖੌਤੀ ਬਾਬੇ ਹਰ ਔਰਤ ਅਤੇ ਮਰਦ ਸ਼ਰਧਾਲੂ ਪਾਸੋਂ ਇਹ ਵਾਅਦਾ ਲੈ ਲੈਂਦੇ ਹਨ: ਮੈਂ ਜੋ ਕਹਾਂਗਾ, ਮੰਨਣਾ ਪਵੇਗਾ। ਇਸ ਨਾਲ ਉਹ ਅਗਲਾ ਜਨਮ ਸੰਵਾਰਨ ਅਤੇ ਸਵਰਗਾਂ ਵਿਚ ਭੇਜਣ ਦੇ ਵਾਅਦੇ ਕਰ ਕੇ ਲੋਕਾਂ ਨੂੰ ਚੁੰਗਲ ਵਿਚ ਫਸਾ ਲੈਂਦੇ ਹਨ। ਉਹ ਇਹ ਵੀ ਕਹਿੰਦੇ ਹਨ: ਜੇ ਮੇਰੇ ਕਹੇ ਵਿਚ ਰਹੋਗੇ ਤਾਂ ਤੁਹਾਡੀ ਹਰ ਮੁਰਾਦ ਪੂਰੀ ਹੋਵੇਗੀ। ਜੇ ਔਰਤ ਜਾਂ ਮਰਦ ਉਸ ਬਾਬੇ ‘ਤੇ ਅੰਨ੍ਹਾ ਵਿਸ਼ਵਾਸ ਨਹੀਂ ਕਰਦੇ, ਉਹ ਡੇਰੇ ਦੇ ਸ਼ਰਧਾਲੂ ਨਹੀਂ ਰਹਿ ਸਕਦੇ। ਔਰਤ ਨੂੰ ਕੁਦਰਤ ਨੇ ਮੁਕਾਬਲਤਨ ਵਧ ਕੋਮਲਤਾ ਦਿੱਤੀ ਹੋਈ ਹੈ ਜਿਸ ਕਰ ਕੇ ਉਹ ਜਲਦੀ ਹੀ ਵਰਗਲਾਈਆਂ ਜਾਂਦੀਆਂ ਹਨ। ਔਰਤਾਂ ਦੀਆਂ ਆਪਣੀਆਂ ਘਰੇਲੂ ਜਾਂ ਸਮਾਜਿਕ ਮੁਸ਼ਕਿਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਪ ਹੱਲ ਕਰਨ ਦੀ ਥਾਂ ਉਹ ਇਧਰ-ਉਧਰ ਦੌੜਦੀਆਂ ਹਨ। ਭਾਰਤ ਦੇ ਸਮਾਜਿਕ ਤਾਣੇ-ਬਾਣੇ ਵਿਚ ਉਂਜ ਵੀ ਔਰਤ ਨੂੰ ਦਬਾਅ ਕੇ ਰੱਖਣ ਦਾ ਰੁਝਾਨ ਬਹੁਤ ਜ਼ਿਆਦਾ ਹੈ।
ਘਰੇਲੂ ਔਰਤ ਹੋਵੇ ਜਾਂ ਕੰਮਕਾਜੀ, ਇਸ ਦੀ ਜ਼ਿੰਦਗੀ ਮਰਦ ਨਾਲੋਂ ਔਖੀ ਹੈ। ਔਰਤ ਸਭ ਤੋਂ ਪਹਿਲਾਂ ਬਿਸਤਰੇ ਵਿਚੋਂ ਉਠਦੀ ਹੈ, ਘਰੇਲੂ ਜਾਂ ਨੌਕਰੀ ਆਦਿ ਕੰਮਕਾਰ ਤੋਂ ਬਾਅਦ ਸਭ ਤੋਂ ਪਿੱਛੋਂ ਬਿਸਤਰੇ ‘ਤੇ ਜਾਂਦੀ ਹੈ। ਕਈ ਔਰਤਾਂ ਦੇ ਪਤੀ ਨਸ਼ੇੜੀ, ਸ਼ਰਾਬੀ ਜਾਂ ਮਾੜਾ ਵਿਹਾਰ ਕਰਨ ਵਾਲੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਸਮਝਾ ਸਮਝਾ ਕੇ ਉਹ ਅੱਕ ਜਾਂਦੀਆਂ ਹਨ। ਉਹ ਮਾਰ-ਕੁਟਾਈ ਜਾਂ ਦੁਰਵਿਹਾਰ ਤੋਂ ਡਰਦੀਆਂ ਬੋਲ ਨਹੀਂ ਸਕਦੀਆਂ ਅਤੇ ਪਤੀ ਤੋਂ ਥੋੜ੍ਹਾ ਪਿੱਛੇ ਹਟ ਜਾਂਦੀਆਂ ਹਨ। ਇਸੇ ਕਰ ਕੇ ਉਹ ਪਤੀ ਨੂੰ ਠੀਕ ਰਸਤੇ ਉਤੇ ਲਿਆਉਣ ਲਈ ਕਬਰਾਂ, ਡੇਰਿਆਂ ਜਾਂ ਵੱਖ ਵੱਖ ਧਾਰਮਿਕ ਥਾਂਵਾਂ ‘ਤੇ ਜਾ ਕੇ ਸੁਖਣਾ ਸੁੱਖਦੀਆਂ ਹਨ। ਉਹ ਘਰੇਲੂ ਦੁਰਵਿਹਾਰ ਤੋਂ ਬਚਣ ਲਈ ਅੰਧਵਿਸ਼ਵਾਸ ਅਧੀਨ ਡੇਰਿਆਂ ‘ਤੇ ਜਾਣਾ ਜਾਰੀ ਰਖਦੀਆਂ ਹਨ।
ਸਮਾਜ ਵਿਚ ਔਰਤ ਮਾਂ, ਪਤਨੀ, ਨੂੰਹ, ਧੀ ਅਤੇ ਭੈਣ ਆਦਿ ਰੂਪਾਂ ਵਿਚ ਵਿਚਰਦੀ ਹੈ। ਪਰਿਵਾਰ ਵਿਚ ਇਨ੍ਹਾਂ ਸਾਰਿਆਂ ਨੂੰ ਬਣਦਾ ਮਾਣ ਸਨਮਾਨ ਦੇਣਾ ਚਾਹੀਦਾ ਹੈ। ਜਦ ਘਰ ਵਿਚ ਔਰਤ ਦੇ ਕਿਸੇ ਵੀ ਰੂਪ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਉਹ ਔਰਤ ਦੁਖੀ ਹੋ ਕੇ ਬਾਹਰੋਂ ਆਸਰਾ ਭਾਲਦੀ ਹੈ ਤੇ ਆਪਣੇ ਸਨਮਾਨ ਦੀ ਬਹਾਲੀ ਲਈ ਧਾਗੇ-ਤਵੀਤ ਕਰਾਉਣ ਜਾਂ ਡੇਰੇ ਜਾ ਕੇ ਸੁੱਖਣਾ ਸੁਖਣ ਅਤੇ ਬਾਬਿਆਂ ਦੀ ਸ਼ਰਨ ਵਿਚ ਜਾਣਾ ਸ਼ੁਰੂ ਕਰਦੀ ਹੈ। ਡੇਰਿਆਂ ਦੇ ਮੁਖੀ ਬਾਬਿਆਂ ਨੇ ਆਪਣੇ ਚੇਲੇ ਚਾਟੜੇ ਛੱਡੇ ਹੁੰਦੇ ਹਨ ਜੋ ਦੁਖੀ ਔਰਤਾਂ ਨੂੰ ਸਬਜ਼ ਬਾਗ ਦਿਖਾ ਕੇ ਅਤੇ ਸਭ ਮੁਸ਼ਕਿਲਾਂ ਦਾ ਹੱਲ ਬਾਬੇ ਕੋਲ ਦੱਸ ਕੇ ਆਪਣੇ ਚੁੰਗਲ ਵਿਚ ਫਸਾ ਲੈਂਦੇ ਹਨ।
ਬਹੁਤ ਸਾਰੇ ਪਰਿਵਾਰ ਗਰੀਬੀ ਦੀ ਦਲਦਲ ਵਿਚ ਫਸੇ ਹੋਏ ਹਨ। ਇਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਕੰਮਕਾਰ ਵਿਚ ਟੁੱਟ ਚੁਕੀਆਂ ਹੁੰਦੀਆਂ ਹਨ ਤੇ ਅਗਿਆਨ ਵੱਸ ਉਹ ਆਪਣੀ ਕਿਸਮਤ ਨੂੰ ਦੋਸ਼ ਦਿੰਦੀਆਂ ਹਨ। ਕਿਸਮਤ ਬਦਲਣ ਤੇ ਗਰੀਬੀ ਤੋਂ ਛੁਟਕਾਰਾ ਹਾਸਲ ਕਰ ਕੇ ਚੰਗੇ ਦਿਨਾਂ ਦੀ ਆਸ ਵਿਚ ਉਹ ਡੇਰੇ ਦੇ ਬਾਬੇ ਅੱਗੇ ਨੱਕ ਰਗੜਦੀਆਂ ਹਨ। ਉਹ ਦੇਖਦੀਆਂ ਹਨ ਕਿ ਡੇਰੇ ਵਿਚ ਦੋ ਡੰਗ ਰੋਟੀ ਤਾਂ ਮਿਲ ਹੀ ਜਾਂਦੀ ਹੈ, ਤੇ ਫਿਰ ਉਹ ਹੌਲੀ ਹੌਲੀ ਸਾਰੇ ਪਰਿਵਾਰ ਨੂੰ ਹੀ ਡੇਰੇ ਦੇ ਲੜ ਲਾ ਦਿੰਦੀਆਂ ਹਨ।
ਮਨੁੱਖੀ ਨਸਲ ਨੂੰ ਅਗਾਂਹ ਤੋਰਨ ਹਿਤ ਬੱਚੇ ਨੂੰ ਜਨਮ ਦੇਣ ਦਾ ਔਖਾ ਪਵਿਤਰ ਕਾਰਜ ਵੀ ਔਰਤ ਦੇ ਜਿੰਮੇ ਹੈ। ਔਰਤ ਦੇ ਲੜਕੀ ਨੂੰ ਜਨਮ ਦੇਣ ਤੋਂ ਬਾਅਦ ਕਈ ਲੋਕ ਔਰਤ ਨੂੰ ਦੋਸ਼ੀ ਗਰਦਾਨਦੇ ਤੇ ਉਸ ਨਾਲ ਦੁਰਵਿਹਾਰ ਕਰਦੇ ਹਨ। ਮੈਡੀਕਲ ਮਾਹਿਰਾਂ ਮੁਤਾਬਕ ਲੜਕੇ ਜਾਂ ਲੜਕੀ ਨੂੰ ਜਨਮ ਦੇਣਾ ਔਰਤ ਦੀ ਮਰਜ਼ੀ ‘ਤੇ ਨਿਰਭਰ ਨਹੀਂ ਕਰਦਾ, ਸਗੋਂ ਇਹ ਸੌ ਫੀਸਦੀ ਮਰਦ ਉਤੇ ਨਿਰਭਰ ਹੈ, ਪਰ ਅਗਿਆਨੀ ਲੋਕ ਤਾਅਨੇ-ਮਿਹਣੇ ਮਾਰ ਕੇ ਔਰਤ ਦਾ ਜਿਉਣਾ ਦੁੱਭਰ ਕਰ ਦਿੰਦੇ ਹਨ। ਅਗਲਾ ਬੱਚਾ ਲੜਕਾ ਹੋਵੇ, ਇਸ ਲਈ ਉਹ ਔਰਤ ਡੇਰੇ ‘ਚ ਬਾਬੇ ਦੇ ਚਰਨੀਂ ਜਾ ਲਗਦੀ ਹੈ। ਅਜਿਹੀਆਂ ਕੁਝ ਅੰਧਵਿਸ਼ਵਾਸੀ ਔਰਤਾਂ ਡੇਰੇ ਵਿਚ ਹਵਸ ਦਾ ਸ਼ਿਕਾਰ ਹੋ ਜਾਂਦੀਆਂ ਹਨ। ਡੇਰੇ ਵਿਚ ਲੜਕੇ ਦੀ ਮੰਗ ਲੈ ਕੇ ਆਉਂਦੀਆਂ ਜਿਨ੍ਹਾਂ ਔਰਤਾਂ ਦੇ ਕੁਦਰਤੀ ਲੜਕਾ ਹੀ ਪੈਦਾ ਹੋ ਜਾਵੇ, ਉਹ ਪੱਕੀਆਂ ਹੀ ਡੇਰੇ ਨਾਲ ਜੁੜ ਜਾਂਦੀਆਂ ਹਨ। ਅਜਿਹੀਆਂ ਔਰਤਾਂ ਦਾ ਡੇਰੇ ਨਾਲ ਜੁੜਨ ਦਾ ਮੁੱਖ ਕਾਰਨ ਘਰੇਲੂ ਦੁਰਵਿਹਾਰ ਹੈ, ਜਿਸ ਨੂੰ ਲੋਕ ਸਮਝਣ ਨੂੰ ਤਿਆਰ ਨਹੀਂ।
ਅੱਜ ਕੱਲ੍ਹ ਬਹੁਤ ਸਾਰੇ ਲੜਕੇ-ਲੜਕੀਆਂ ਬੇਰੁਜ਼ਗਾਰ ਹਨ। ਨੌਕਰੀ ਲਈ ਤਰਲੇ ਮਾਰਦਿਆਂ ਉਹ ਡੇਰੇ ਜਾ ਕੇ ਸੁੱਖਣਾ ਸੁਖਦੇ ਹਨ ਤੇ ਸੇਵਾ ਕਰਦੇ ਹਨ। ਗਰੀਬੀ ਜਾਂ ਬੇਰੁਜ਼ਗਾਰੀ ਕਰਕੇ ਲੜਕੇ-ਲੜਕੀਆਂ ਲਈ ਜੀਵਨ ਸਾਥੀ ਲੱਭਣੇ ਔਖੇ ਹੋ ਗਏ ਹਨ। ਕਈ ਗਰੀਬ ਆਪਣੀ ਲੜਕੀਆਂ ਦੀ ਸ਼ਾਦੀ ਲਈ ਖਰਚ ਨਹੀਂ ਕਰ ਸਕਦੇ। ਕਈ ਡੇਰਾ ਮੁਖੀ ਇਹੋ ਜਿਹੇ ਪਰਿਵਾਰਾਂ ਨੂੰ ਕੁਝ ਨਾ ਕੁਝ ਰਾਹਤ ਦੇਣ ਜਾਂ ਆਪਣੇ ਸ਼ਰਧਾਲੂਆਂ ਵਿਚੋਂ ਲੜਕੀ ਜਾਂ ਲੜਕੇ ਲਈ ਢੁਕਵਾਂ ਜੋੜ ਲੱਭਣ ਦਾ ਵਾਅਦਾ ਕਰਦੇ ਹਨ ਤੇ ਡੇਰੇ ਨਾਲ ਲਗਾਤਾਰ ਸੰਪਰਕ ਰੱਖਣ ਲਈ ਕਹਿੰਦੇ ਹਨ। ਕਿਸੇ ਤਰ੍ਹਾਂ ਦੀ ਥੋੜ੍ਹੀ ਬਹੁਤ ਰਾਹਤ ਮਿਲਣ ਨਾਲ ਉਹ ਡੇਰੇ ਦੇ ਪੱਕੇ ਸ਼ਰਧਾਲੂ ਬਣ ਜਾਂਦੇ ਹਨ।
ਕਈ ਡੇਰਾ ਮੁਖੀ ਕਿਸੇ ਬਿਮਾਰੀ ਦੀ ਹਾਲਤ ਵਿਚ ਦੁਖੀ ਵਿਅਕਤੀ ਦੀ ਮਦਦ ਕਰ ਦਿੰਦੇ ਹਨ ਅਤੇ ਉਹ ਪਰਿਵਾਰ ਖੁਦ ਤਾਂ ਸ਼ਰਧਾਲੂ ਬਣਦਾ ਹੀ ਹੈ, ਹੋਰਨਾਂ ਨੂੰ ਵੀ ਡੇਰੇ ਜਾਣ ਲਈ ਪ੍ਰੇਰਦਾ ਹੈ। ਇਉਂ ਡੇਰਿਆਂ ਦਾ ਘੇਰਾ ਵਧਦਾ ਜਾਂਦਾ ਹੈ। ਕਈ ਚੰਗੇ ਖਾਂਦੇ ਪੀਂਦੇ ਘਰਾਂ ਵਿਚ ਔਰਤਾਂ ਦੀ ਝਾੜ-ਝੰਭ ਅਤੇ ਮਾਰ-ਕੁਟਾਈ ਹੁੰਦੀ ਹੈ। ਦੁਖੀ ਹੋ ਕੇ ਔਰਤ ਡੇਰੇ ਤੋਂ ਆਸਰਾ ਭਾਲਦੀ ਹੈ ਅਤੇ ਪਤੀ ਦੀ ਵਧੀਕੀ ਤੋਂ ਨਿਜਾਤ ਲਈ ਤਰਲੇ ਕਰਦੀ ਹੈ। ਕਈ ਔਰਤਾਂ ਹੌਲੀ ਹੌਲੀ ਆਪਣੇ ਪਰਿਵਾਰ ਨੂੰ ਪ੍ਰੇਰ ਕੇ ਡੇਰੇ ਦੀ ਸ਼ਰਨ ਲੈ ਜਾਂਦੀਆਂ ਹਨ। ਕਈ ਸੁਭਾਅ ਵਜੋਂ ਫਿਰਤੂ ਹੁੰਦੀਆਂ ਹਨ। ਉਹ ਜਾਂ ਤਾਂ ਘਰਵਾਲਿਆਂ ਦੇ ਕੰਟਰੋਲ ਤੋਂ ਬਾਹਰ ਹੁੰਦੀਆਂ ਹਨ ਜਾਂ ਘਰ ਵਿਚ ਉਨ੍ਹਾਂ ਦੀ ਚੌਧਰ ਹੁੰਦੀ ਹੈ। ਉਹ ਵੀ ਡੇਰੇ ਜਾਣਾ ਸ਼ੁਰੂ ਕਰ ਦਿੰਦੀਆਂ ਹਨ। ਲੋਕਾਂ ਵਿਚ ਅੰਧਵਿਸ਼ਵਾਸ ਇੰਨਾ ਹੈ ਕਿ ਡੇਰਿਆਂ ਵਿਚੋਂ ਮਿਲਦੇ ਭਰੋਸਿਆਂ ਕਾਰਨ ਉਹ ਘਰ-ਬਾਰ ਲੁਟਾਉਣ ਤਕ ਚਲੇ ਜਾਂਦੇ ਹਨ। ਜਦ ਕਦੇ ਆਸਾ ਰਾਮ ਤੇ ਉਸ ਦਾ ਲੜਕਾ, ਰਾਮ ਪਾਲ, ਰਾਮ ਰਹੀਮ ਆਦਿ ਅਖੌਤੀ ਬਾਬਿਆਂ ਦਾ ਕਿਰਦਾਰ ਬੇਪਰਦ ਹੋ ਜਾਵੇ ਤਾਂ ਕਈ ਸ਼ਰਧਾਲੂ ਫਿਰ ਵੀ ਇਨ੍ਹਾਂ ਬਾਬਿਆਂ ਦੇ ਪੱਖ ਵਿਚ ਖੜ੍ਹੇ ਦਿਸਦੇ ਹਨ।
ਵਿਗਿਆਨਕ ਸੋਚ ਵਾਲੀਆਂ ਔਰਤਾਂ ਵੀ ਬਥੇਰੀਆਂ ਹਨ ਜੋ ਡੇਰਾਵਾਦ ਤੋਂ ਕੋਹਾਂ ਦੂਰ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਇਹ ਪ੍ਰੇਰਨਾ ਦੇਣ ਦੀ ਲੋੜ ਹੈ ਕਿ ਮਨੁੱਖ ਨਾ ਪਹਿਲਾਂ ਪੈਦਾ ਹੋਇਆ ਸੀ ਅਤੇ ਮੌਤ ਤੋਂ ਬਾਅਦ ਇਸ ਨੇ ਦੁਬਾਰਾ ਜਨਮ ਨਹੀਂ ਲੈਣਾ। ਇਸ ਲਈ ਇਸੇ ਜਨਮ ਵਿਚ ਚੰਗਾ ਮਨੁੱਖ ਬਣ ਕੇ ਵਿਚਰਨਾ ਚਾਹੀਦਾ ਹੈ। ਵਿਗਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਦੁਨੀਆਂ ਵਿਚ ਕੋਈ ਗੈਬੀ ਸ਼ਕਤੀ ਨਹੀਂ। ਇਸ ਲਈ ਮਨੁੱਖ ਨੂੰ ਆਪਣੇ ਦੁੱਖਾਂ ਅਤੇ ਮੁਸ਼ਕਿਲਾਂ ‘ਤੇ ਆਪ ਹੀ ਕਾਬੂ ਪਾਉਣ ਲਈ ਸੰਘਰਸ਼ ਕਰਨਾ ਪੈਣਾ ਹੈ।
ਡੇਰਾਵਾਦ ਧਾਰਮਿਕ ਆਗੂਆਂ ਦੀਆਂ ਕਮਜ਼ੋਰੀਆਂ ਅਤੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਹੇਠ ਪੈਦਾ ਹੁੰਦਾ ਅਤੇ ਵਧਦਾ ਫੁਲਦਾ ਹੈ। ਡੇਰਾਵਾਦ ਦਾ ਕਿਰਦਾਰ ਹੁਣ ਸਭ ਦੇ ਸਾਹਮਣੇ ਹੈ। ਜੋ ਸਿਆਸੀ ਨੇਤਾ ਅਜੇ ਵੀ ਡੇਰਿਆਂ ਅੰਦਰ ਬੈਠੇ ਅਖੌਤੀ ਭ੍ਰਿਸ਼ਟ ਬਾਬਿਆਂ ਦੀ ਪਿੱਠ ਪੂਰਦਾ ਹੈ, ਉਸ ਨੇਤਾ ਖਿਲਾਫ ਸਮੁੱਚੇ ਲੋਕਾਂ ਨੂੰ ਖੜ੍ਹਨਾ ਚਾਹੀਦਾ ਹੈ।