ਟੁਕੜੇ ਟੁਕੜੇ ਬਚਪਨ

‘ਉਡਣੇ ਸਿੱਖ’ ਵਜੋਂ ਸੰਸਾਰ ਭਰ ਵਿਚ ਮਸ਼ਹੂਰ ਹੋਏ ਦੌੜਾਕ ਮਿਲਖਾ ਸਿੰਘ ਦਾ ਜੀਵਨ ਬਹੁਤ ਮੁਸ਼ਕਿਲਾਂ ਭਰਿਆ ਰਿਹਾ। ਇਸ ਬਾਰੇ ਵਿਸਥਾਰ ਸਹਿਤ ਖੁਲਾਸਾ ਉਨ੍ਹਾਂ ਆਪਣੀ ਸਵੈਜੀਵਨੀ ਵਿਚ ਕੀਤਾ ਹੈ। ਉਂਜ, ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਿਲਖਾ ਸਿੰਘ ਲਈ ਇਹ ਰਚਨਾ-ਕਾਰਜ ਮਰਹੂਮ ਇਨਕਲਾਬੀ ਸ਼ਾਇਰ ਪਾਸ਼ ਨੇ ਕੀਤਾ ਸੀ। ਮਿਲਖਾ ਸਿੰਘ ਪਾਸ਼ ਨੂੰ ਆਪਣੀ ਜੀਵਨ ਵਿਥਿਆ ਸੁਣਾਉਂਦੇ ਰਹੇ ਅਤੇ ਪਾਸ਼ ਆਪਣੇ ਸ਼ਬਦਾਂ ਰਾਹੀਂ ਇਹ ਕਹਾਣੀ ਕਾਗਜ਼ ਉਤੇ ਉਤਾਰਦਾ ਰਿਹਾ।

ਮਿਲਖਾ ਸਿੰਘ ਦੇ ਜੀਵਨ ਉਤੇ ਆਧਾਰਿਤ ਫਿਲਮ ‘ਭਾਗ ਮਿਲਖਾ ਭਾਗ’ ਵੀ ਬਣ ਚੁਕੀ ਹੈ। ਇਸ ਦਿਲਚਸਪ ਅਤੇ ਵਿਲੱਖਣ ਕਹਾਣੀ ਦਾ ਇਕ ਹਿੱਸਾ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਮਿਲਖਾ ਸਿੰਘ

ਜ਼ਿੰਦਗੀ ਸ਼ਾਇਦ ਵਾਪਰਨ ਵਾਲੀ ਸਭ ਤੋਂ ਵੱਡੀ ਕਰਾਮਾਤ ਹੈ। ਅਸੰਖ ਤਾਰਿਆਂ, ਧਰਤੀਆਂ ਤੇ ਸੂਰਜਾਂ ਦੀ ਅਨੰਤ ਕਾਲ ਤੋਂ ਖੇਡੀ ਜਾ ਰਹੀ ਇਸ ਖੇਡ ਵਿਚ ਮਨੁੱਖ ਛੋਟਾ ਜਿਹਾ ਖਿਡਾਰੀ ਹੈ। ਮਨੁੱਖੀ ਹਿਰਦੇ ਦੀ ਇਕ ਇਕ ਧੜਕਣ ਵਿਚ ਓੜਕਾਂ ਦੀ ਤਾਕਤ ਹੈ, ਫੁਰਤੀ ਅਤੇ ਸੰਭਾਵਨਾਵਾਂ ਹਨ। ਕੁਦਰਤ ਦੇ ਇਸ ਭੇਤ ਨੂੰ ਸਮਝ ਕੇ ਰੂਹ ‘ਚ ਵਸਾਉਣ ਵਾਲਾ ਵਿਅਕਤੀ ਜ਼ਰੂਰੀ ਨਹੀਂ ਕਿ ਮਿਲਖਾ ਸਿੰਘ ਹੀ ਹੋਵੇ, ਕੋਈ ਵੀ ਹੋ ਸਕਦਾ ਹੈ।
ਜ਼ਿੰਦਗੀ ਦੀ ਇਹ ਖੇਡ ਨਾ ਹੀ ਮੈਂ ਸ਼ੁਰੂ ਕੀਤੀ ਹੈ ਤੇ ਨਾ ਹੀ ਇਹ ਮੇਰੇ ਨਾਲ ਖਤਮ ਹੋਣੀ ਹੈ। ਮੈਂ ਤਾਂ ਸਿਰਫ ਇਕ ਸਦੀ ਦਾ ਕੁਝ ਹਿੱਸਾ ਇਸ ਵਿਸ਼ਾਲ ਸਟੇਡੀਅਮ ਵਿਚ ਆਪਣੇ ਜਿਸਮ ਨੂੰ ਲੈ ਕੇ ਧੜਕਿਆ ਹਾਂ ਤੇ ਕਿਸੇ ਦਿਨ ਹੋਰਨਾਂ ਖਿਡਾਰੀਆਂ ਨੂੰ ਕਰਤਬਾਂ ਵਿਚ ਰੁੱਝੇ ਹੋਏ ਛੱਡ ਕੇ ਮਲਕੜੇ ਜਿਹੇ ਇਸ ਸਟੇਡੀਅਮ ਵਿਚੋਂ ਨਿਕਲ ਜਾਵਾਂਗਾ।
ਮੈਨੂੰ ਹਾਲੇ ਤਕ ਨਹੀਂ ਪਤਾ ਕਿ ਮੇਰਾ ਜਨਮ ਕਿਹੜੀ ਘੜੀ, ਕਿਹੜੇ ਦਿਨ ਤੇ ਕਿਹੜੇ ਸਾਲ ਵਿਚ ਹੋਇਆ। ਮੈਂ ਤੇਜ਼ੀ ਨਾਲ ਦੌੜ ਰਹੇ ਸਮੇਂ ਵਿਚ ਹੌਲੀ ਤੁਰ ਰਹੇ ਪਿੰਡ ਵਿਚ ਪੈਦਾ ਹੋਇਆ। ਇਕ ਅਜਿਹੇ ਪਿੰਡ ਵਿਚ ਜਿਥੋਂ ਦੇ ਲੋਕਾਂ ਲਈ ਉਨ੍ਹਾਂ ਦੀਆਂ ਜਨਮ ਮਿਤੀਆਂ ਦਾ ਕੋਈ ਮਹੱਤਵ ਨਹੀਂ ਸੀ। ਉਨ੍ਹਾਂ ਲੋਕਾਂ ਨੂੰ ਸਿਰਫ ਵਾਪਰ ਰਹੇ ‘ਹੁਣ’ ਨਾਲ ਵਾਸਤਾ ਸੀ। ਬੀਤ ਗਏ ਜਾਂ ਆਉਣ ਵਾਲੇ ਸਮੇਂ ਉਨ੍ਹਾਂ ਲਈ ਧੁੰਦਲੇ ਜਿਹੇ ਸੁਫਨਿਆਂ ਜਿੰਨੀ ਵਿਸ਼ੇਸ਼ਤਾ ਰੱਖਦੇ ਸਨ।
ਸਾਡਾ ਪਿੰਡ ਸ਼ਹਿਰ ਤੋਂ ਕੋਈ ਛੇ ਕੋਹਾਂ ਦੀ ਵਿੱਥ ‘ਤੇ ਸੀ। ਮੇਰੇ ਪਿਤਾ ਸ਼ ਸੰਪੂਰਨ ਸਿੰਘ ਜੀ ਬੜੇ ਸਿੱਧੇ ਸਾਦੇ ਤੇ ਅਨਪੜ੍ਹ ਵਿਅਕਤੀ ਸਨ। ਉਨ੍ਹਾਂ ਨੂੰ ਕੇਵਲ ਥੋੜ੍ਹੀ ਜਿਹੀ ਪੰਜਾਬੀ ਹੀ ਆਉਂਦੀ ਸੀ ਪਰ ਤਾਂ ਵੀ ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਔਲਾਦ ਕਿਸੇ ਨਾ ਕਿਸੇ ਤਰੀਕੇ ਨਾਲ ਪੜ੍ਹ ਜਾਵੇ, ਪਰ ਗਰੀਬੀ ਦਾ ਕੱਦ ਉਨ੍ਹਾਂ ਦੀਆਂ ਸੱਧਰਾਂ ਤੋਂ ਬਹੁਤ ਉਚਾ ਸੀ- ਪੜ੍ਹਨਾ, ਸਾਡੀ ਤਕਦੀਰ ਨਹੀਂ ਬਣ ਸਕਿਆ।
ਖੇਤੀਬਾੜੀ ਸਾਡਾ ਖਾਨਦਾਨੀ ਕਿੱਤਾ ਸੀ। ਸਾਡਾ ਦੋ ਕੱਚੇ ਕੋਠਿਆਂ ਦਾ ਘਰ ਸੀ। ਇਕ ਵਿਚ ਡੰਗਰ ਅਤੇ ਉਨ੍ਹਾਂ ਵਿਚ ਹੀ ਚਾਰਾ ਪਿਆ ਰਹਿੰਦਾ ਸੀ, ਦੂਜੇ ਵਿਚ ਅਸੀਂ ਆਪ ਤੇ ਸਾਡਾ ਨਿੱਕਾ ਮੋਟਾ ਸਾਮਾਨ। ਬੱਸ ਏਹੋ ਸਾਡੀ ਦੁਨੀਆਂ ਸੀ।
ਅਸੀਂ ਪੰਜ ਭਰਾ ਸਾਂ ਤੇ ਤਿੰਨ ਭੈਣਾਂ। ਪੰਜਾਂ ਭਰਾਵਾਂ ਵਿਚੋਂ ਮੇਰੇ ਇਕ ਭਰਾ ਨੂੰ ਪਿਤਾ ਜੀ ਨੇ ਦਸਵੀਂ ਜਮਾਤ ਤਕ ਪੜ੍ਹਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਦਸਵੀਂ ਵਿਚੋਂ ਛੱਡ ਕੇ ਘਰੋਂ ਦੌੜ ਗਏ ਅਤੇ ਫੌਜ ਵਿਚ ਜਾ ਭਰਤੀ ਹੋਏ। ਉਦੋਂ ਦੂਜਾ ਮਹਾਂ ਯੁੱਧ ਲੱਗਾ ਹੋਇਆ ਸੀ। ਉਸ ਮਾਹੌਲ ਵਿਚ ਵੱਡੇ ਭਰਾ ਦਾ ਫੌਜ ਵਿਚ ਚਲੇ ਜਾਣਾ ਸਾਡੇ ਪਰਿਵਾਰ ਲਈ ਵੱਡਾ ਸਦਮਾ ਬਣ ਗਿਆ। ਮਾਂ ਉਸ ਦੇ ਵੈਰਾਗ ਵਿਚ ਨੀਮ ਪਾਗਲ ਜਿਹੀ ਰਹਿੰਦੀ ਸੀ। ਪਰਿਵਾਰਕ ਸ਼ਾਂਤੀ ਕਿਤੇ ਖੰਭ ਲਾ ਕੇ ਉਡ ਗਈ ਸੀ। ਮੇਰੇ ਭਰਾ ਦੇ ਜਾਣ ਮਗਰੋਂ ਪਿਤਾ ਜੀ ਦੀ ਪੂਰੀ ਕੋਸ਼ਿਸ਼ ਸੀ ਕਿ ਔਖੇ ਸੌਖੇ ਹੋ ਕੇ ਮੈਨੂੰ ਪੜ੍ਹਾਇਆ ਜਾਵੇ ਤੇ ਕਿਸੇ ਉਚੇ ਪੱਧਰ ‘ਤੇ ਪਹੁੰਚਾਇਆ ਜਾ ਸਕੇ ਪਰ ਮੇਰਾ ਵੀ ਅਸਮਾਨ ਮੇਰੇ ‘ਤੇ ਮਿਹਰਬਾਨ ਨਹੀਂ ਸੀ। ਦੁੱਖਾਂ ਮੁਸੀਬਤਾਂ ਦੇ ਵਹਿਸ਼ੀ ਗਿਰਝ ਸਦਾ ਮੇਰੇ ਸਿਰ ਉਤੇ ਉਡਦੇ ਰਹੇ ਤੇ ਮੇਰੇ ਬਚਪਨ ਦੇ ਕੂਲੇ ਵਰ੍ਹਿਆਂ ਨੂੰ ਨੋਚਦੇ ਰਹੇ।
ਸਾਡੇ ਪਿੰਡ ਤੋਂ ਦੋ ਕੋਹ ਦੀ ਵਿੱਥ ‘ਤੇ ਨਿੱਕਾ ਜਿਹਾ ਸਕੂਲ ਸੀ। ਚੌਥੀ ਜਮਾਤ ਮੈਂ ਉਥੋਂ ਪਾਸ ਕੀਤੀ ਅਤੇ ਪੰਜਵੀਂ ਵਿਚ ਸ਼ਹਿਰ ਦੇ ਸਕੂਲ ਵਿਚ ਦਾਖਲਾ ਲੈ ਲਿਆ। ਸਾਡੇ ਪਿੰਡ ਦੇ ਦੋ ਕੁ ਸੌ ਘਰ ਸਨ ਅਤੇ ਇਨ੍ਹਾਂ ਦੋ ਸੌ ਘਰਾਂ ਵਿਚੋਂ ਇਕ ਮੁੰਡਾ ਹੋਰ ਮੇਰੇ ਨਾਲ ਸ਼ਹਿਰ ਦੇ ਸਕੂਲ ਵਿਚ ਪੜ੍ਹਨ ਜਾਂਦਾ ਸੀ। ਤੜਕੇ ਚਾਰ ਕੁ ਵਜੇ ਉਠ ਕੇ ਅਸੀਂ ਸਕੂਲ ਪਹੁੰਚਦੇ ਸਾਂ। ਉਸ ਸਮੇਂ ਲੋਕਾਂ ਕੋਲ ਘੜੀਆਂ ਨਹੀਂ ਹੁੰਦੀਆਂ ਸਨ। ਸ਼ਹਿਰ ਨੂੰ ਆਉਂਦੀ ਗੱਡੀ ਤੋਂ ਅੰਦਾਜ਼ਾ ਲਾਇਆ ਜਾਂਦਾ ਕਿ ਸਕੂਲ ਦਾ ਸਮਾਂ ਹੋ ਗਿਆ ਹੈ। ਸਿਆਲਾਂ ਵਿਚ ਸਕੂਲ ਨੂੰ ਜਾਂਦੇ ਹੋਏ ਸਾਡੇ ਹੱਥ ਪੈਰ ਸੁੰਨ ਹੋ ਜਾਂਦੇ। ਕੋਹਰਾ ਅੱਖਾਂ ਦੇ ਭਰਵੱਟਿਆਂ ਵਿਚ ਜੰਮ ਜਾਂਦਾ। ਅਸੀਂ ਸੰਘਣੀਆਂ ਧੁੰਦਾਂ ਵਿਚ ਦੀ ਆਪਣੀ ਪਗਡੰਡੀ ਲੱਭ ਕੇ ਤੁਰੇ ਜਾਂਦੇ। ਗਰਮੀਆਂ ਨੂੰ ਰੇਤ ਦੇ ਤਪਦੇ ਟਿੱਬਿਆਂ ਵਿਚ ਸਾਡੇ ਪੈਰ ਭੁੱਜ ਕੇ ਖਿੱਲਾਂ ਬਣ ਜਾਂਦੇ।
ਇਨ੍ਹਾਂ ਤਪਦੇ ਟਿੱਬਿਆਂ ਉਤੇ ਮੇਰਾ ਬਚਪਨ ਨਿੱਕੀ ਨਿੱਕੀ ਛਾਂ ਦੇ ਟੁਕੜਿਆਂ ਖਾਤਰ ਦੌੜਦਾ ਰਿਹਾ। ਗਰਮ ਗਰਮ ਰੇਤੇ ਉਤੇ ਚੁੱਕਵੇਂ ਪੱਬੀਂ ਦੌੜਨਾ ਅਤੇ ਜਿਥੇ ਕਿਤੇ ਥੋੜ੍ਹੀ ਜਿਹੀ ਛਾਂ ਲੱਭਣੀ, ਉਥੇ ਚੌਫਾਲ ਡਿੱਗ ਕੇ ਆਪਣੇ ਪੈਰਾਂ ਨੂੰ ਠੰਢੇ ਕਰਨ ਦੀ ਕੋਸ਼ਿਸ਼ ਕਰਨੀ। ਸ਼ਾਇਦ ਇਹ ਮੇਰੀ ਜ਼ਿੰਦਗੀ ਦੀਆਂ ਪਹਿਲੀਆਂ ਦੌੜਾਂ ਸਨ ਜਿਨ੍ਹਾਂ ਨੇ ਅੱਗੇ ਜਾ ਕੇ ਮੇਰੀ ਸਪੋਰਟਸਮੈਨ ਦੀ ਜ਼ਿੰਦਗੀ ਦਾ ਆਧਾਰ ਬਣਨਾ ਸੀ। ਇਸ ਤਰ੍ਹਾਂ ਮੈਂ ਦੋ ਸਾਲ ਸ਼ਹਿਰ ਦੇ ਸਕੂਲ ਵਿਚ ਪੜ੍ਹਿਆ। ਪੜ੍ਹਾਈ ਵਿਚ ਅਸੀਂ ਦੋਵੇਂ ਸ਼ਹਿਰ ਦੇ ਮੁੰਡਿਆਂ ਨਾਲੋਂ ਕਾਫੀ ਕਮਜ਼ੋਰ ਸਾਂ ਅਤੇ ਸਾਨੂੰ ਅੰਗਰੇਜ਼ੀ ਪੰਜਵੀਂ ਜਮਾਤ ਵਿਚ ਹੀ ਸਿਖਾਉਣੀ ਸ਼ੁਰੂ ਕਰਾਈ ਗਈ ਸੀ। ਮੈਨੂੰ ਇਹ ਭਾਸ਼ਾ ਆਪਣੇ ਲਈ ਕਦੇ ਨਾ ਸਰ ਹੋਣ ਵਾਲੇ ਪਹਾੜ ਵਰਗੀ ਲੱਗਦੀ।
ਮੈਨੂੰ ਸਿਰਫ ਉਰਦੂ ਦੀ ਇਕੋ ਕਹਾਣੀ ਯਾਦ ਸੀ। ਮੇਰੇ ਪਿਤਾ ਜੀ ਨੇ ਕਈ ਵਾਰ ਮੈਨੂੰ ਅੰਗਰੇਜ਼ੀ ਦੀ ਕਿਤਾਬ ਸੁਣਾਉਣ ਲਈ ਕਹਿਣਾ ਤੇ ਮੈਂ ਉਹੀ ਕਹਾਣੀ ਕੱਢ ਕੇ ਦੀਵੇ ਦੀ ਲੋ ਵਿਚ ਉਨ੍ਹਾਂ ਨੂੰ ਤੋਤੇ ਦੀ ਮੁਹਾਰਨੀ ਵਾਂਗ ਸੁਣਾ ਦੇਣੀ। ਇਸ ਤੋਂ ਮੇਰੇ ਪਿਤਾ ਜੀ ਨੇ ਸਮਝਣਾ ਕਿ ਮੇਰਾ ਬੱਚਾ ਪੜ੍ਹਾਈ ਵਿਚ ਬੜਾ ਹੁਸ਼ਿਆਰ ਹੈ।
ਫਿਰ 1947 ਦਾ ਕਹਿਰ ਸਾਡੀ ਧਰਤੀ ਉਪਰ ਵਾਪਰਿਆ। ਸਾਮਰਾਜ ਦੀ ਚਾਲ ਨੇ ਸਾਡੇ ਦੇਸ਼ ਵਾਸੀਆਂ ਦੇ ਲਹੂ ਵਿਚ ਜ਼ਹਿਰ ਘੋਲ ਦਿੱਤਾ। ਲੋਕ ਮਨੁੱਖ ਨਾ ਰਹੇ- ਹਿੰਦੂ ਜਾਂ ਮੁਸਲਮਾਨ ਬਣ ਗਏ। ਫਸਾਦਾਂ ਦੇ ਪੁੜਾਂ ਵਿਚ ਮਨੁੱਖਤਾ ਦੇ ਸੋਹਲ ਰਿਸ਼ਤੇ ਕੁਚਲੇ ਗਏ। ਧਰਤੀ ਬੇਵਸ ਜਿਹੀ ਅਸਮਾਨ ਵੱਲ ਤੱਕਦੀ ਰਹੀ ਤੇ ਅਸਮਾਨ ਇਨਸਾਨਾਂ ਦੀ ਮੂਰਖਤਾ ਉਤੇ ਹੱਸਦਾ ਰਿਹਾ। ਇਸ ਘੱਲੂਘਾਰੇ ਵਿਚ ਹਜ਼ਾਰਾਂ ਘਰ ਤਬਾਹ ਹੋ ਗਏ। ਮਾਂਵਾਂ ਆਪਣੇ ਬੱਚਿਆਂ ਤੋਂ ਤੇ ਵੀਰ ਆਪਣੀਆਂ ਭੈਣਾਂ ਤੋਂ ਵਿਛੜ ਗਏ। ਇਸੇ ਘਟਨਾ ਨੇ ਮੈਥੋਂ ਮੇਰਾ ਬਚਪਨ ਖੋਹ ਲਿਆ ਤੇ ਅੱਗੇ ਚਲ ਕੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੇ ਮੈਨੂੰ ਵਕਤੋਂ ਬਹੁਤ ਪਹਿਲਾਂ ਗੰਭੀਰ ਤੇ ਪ੍ਰੋੜ੍ਹ ਬਣਾ ਦਿੱਤਾ। ਉਦਾਸੀ ਉਮਰ ਭਰ ਮੇਰੇ ਨਾਲ ਤੁਰੀ। ਅੱਜ ਵੀ ਕਦੇ ਕਦੇ ਮੇਰੀ ਗਵਾਚੀ ਚੰਚਲਤਾ ਲਈ ਰੋਣ ‘ਤੇ ਚਿੱਤ ਕਰਦਾ ਹੈ।

ਮੇਰੀ ਸਫਲਤਾ ਦਾ ਰਾਜ਼ (ਚੈਂਪੀਅਨ ਬਣਨ ਲਈ ਕੀ ਕੀਤਾ ਜਾਵੇ): ਕਾਮਯਾਬੀ ਤਕ ਕੋਈ ਸ਼ਾਹੀ ਸੜਕ ਨਹੀਂ ਜਾਂਦੀ। ਸੰਸਾਰ ਪੱਧਰ ਤਕ ਪਹੁੰਚਣ ਲਈ ਘੱਟੋ-ਘੱਟ ਮੈਨੂੰ ਅਜਿਹੀ ਕੋਈ ਸੜਕ ਸਾਰੀ ਉਮਰ ਨਹੀਂ ਮਿਲੀ। ਕਠਿਨ ਤਪੱਸਿਆ ਬਗੈਰ ਜਿਵੇਂ ਜੋਗ ਹਾਸਿਲ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਸਖਤ ਮਿਹਨਤ ਬਿਨਾ ਦੌੜਾਂ ਵਿਚ ਜਿੱਤ ਪ੍ਰਾਪਤ ਨਹੀਂ ਹੋ ਸਕਦੀ। ਦੌੜਨਾ ਅਜਿਹੀ ਦੁਸ਼ਵਾਰ ਸਾਧਨਾ ਹੈ, ਜਿਸ ਖਾਤਰ ਤੁਹਾਨੂੰ ਐਸ਼ੋ-ਆਰਾਮ, ਅਸਫਲਤਾਵਾਂ ‘ਚੋਂ ਉਪਜੀ ਬੇ-ਦਿਲੀ ਅਤੇ ਜਿੱਤ ‘ਚੋਂ ਜਨਮੀ ਹੈਂਕੜ ਦਾ ਤਿਆਗ ਕਰਨਾ ਪੈਂਦਾ ਹੈ।
ਸਿਰਫ ਸਾਢੇ ਕੁ ਚਾਰ ਸੌ ਗਜ ਦੌੜਨ ਲਈ ਮੈਨੂੰ 11 ਸਾਲ ਲੱਗੇ ਅਤੇ 35 ਹਜ਼ਾਰ ਮੀਲ ਤੈਅ ਕਰਨਾ ਪਿਆ। ਕਮਜ਼ੋਰ ਇਰਾਦੇ ਵਾਲੇ ਥਿੜਕ ਜਾਂਦੇ ਹਨ। ਸਿਰੜੀ, ਸਿਰਲੱਥ ਅਤੇ ਸਾਧ ਬਣੇ ਬਗੈਰ, ਸੰਸਾਰ ਸੀਮਾ ਨੂੰ ਛੋਹਿਆ ਨਹੀਂ ਜਾ ਸਕਦਾ।
ਦੌੜਨਾ ਆਪਣੇ ਆਪ ਵਿਚ ਪੂਰਨ ਭਗਤੀ ਹੈ ਅਤੇ ਦੌੜ ਦੇ ਭਗਤ ਜਿੰਨੀ ਦੇਰ ਮੂੰਹ-ਹਨੇਰੇ ਉਠ ਕੇ ਆਪਣਾ ਅਭਿਆਸ ਨਹੀਂ ਕਰਨਗੇ, ਜਿੱਤ ਦੇ ਦਰਸ਼ਨ ਨਹੀਂ ਕਰ ਸਕਣਗੇ। ਦੌੜਨਾ ਮੇਰੀ ਬੇਰੋਕ ਅਤੇ ਬਿਨਾ ਨਾਗਾ ਲੰਮੀ ਪ੍ਰਕ੍ਰਿਆ ਰਹੀ ਹੈ। ਮੈਂ ਹਫਤੇ ਵਿਚ ਸੱਤੇ ਦਿਨ ਅਤੇ ਸਾਲ ਵਿਚ 365 ਦਿਨ ਦੌੜਦਾ ਸਾਂ। ਮੀਂਹ ਅਤੇ ਹਨੇਰੀਆਂ ਮੇਰੇ ਸਾਥੀ ਰਹੇ ਹਨ। ਇਸ ਲੰਮੇ ਸੰਘਰਸ਼ ਵਿਚ ਮੈਂ ਨਾ ਕਦੀ ਢਿੱਲ ਪਾਈ, ਨਾ ਆਲਸ ਨੂੰ ਹਾਵੀ ਹੋਣ ਦਿੱਤਾ ਅਤੇ ਨਾ ਮੌਸਮੀ ਪ੍ਰਭਾਵਾਂ ਨੂੰ ਆਪਣੇ ਰਾਹ ਵਿਚ ਖਲੋਣ ਦਾ ਮੌਕਾ ਦਿੱਤਾ। ਪ੍ਰੈਕਟਿਸ ਕਰਦਾ ਕਰਦਾ ਮੈਂ ਗਰਾਊਂਡ ਵਿਚ ਬੇਹੋਸ਼ ਹੋ ਕੇ ਡਿੱਗ ਪੈਂਦਾ, ਮੇਰੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਅਤੇ ਖੂਨ ਖੁਸ਼ਕ ਹੋ ਜਾਂਦਾ। ਡਾਕਟਰਾਂ ਨੇ ਕਈ ਵਾਰ ਮੈਨੂੰ ਸਲਾਹ ਦੇਣੀ ਕਿ ਮੈਂ ਜੇ ਹੋਰ ਪ੍ਰੈਕਟਿਸ ਕੀਤੀ ਤਾਂ ਢਾਂਚਾ ਹੱਡੀਆਂ ਦੀ ਮੁੱਠ ਬਣ ਜਾਵੇਗਾ ਪਰ ਮੈਨੂੰ ਅਮਲ ਲੱਗ ਚੁੱਕਾ ਸੀ ਅਤੇ ਦੌੜ ਦੇ ਇਸ ਨਸ਼ੇ ਵਿਚ ਮੈਨੂੰ ਮੇਰੀਆਂ ਹੱਡੀਆਂ ਸਟੀਲ ਵਾਂਗੂੰ ਜਾਪਦੀਆਂ। ਦੌੜਨਾ ਮੇਰੀ ਜ਼ਿੰਦਗੀ ਦੀ ਇਕੋ-ਇਕ ਪ੍ਰੇਰਨਾ ਅਤੇ ਉਤਸ਼ਾਹ ਬਣ ਚੁੱਕਾ ਸੀ। ਜੀਵਨ ਵਿਚ ਇਸ ਨਾਲੋਂ ਜ਼ਰੂਰੀ ਕੰਮ ਮੈਨੂੰ ਕਦੇ ਨਹੀਂ ਜਾਪਿਆ ਅਤੇ ਆਪਣੇ ਰੋਜ਼ਾਨਾ ਅਭਿਆਸ ਨਾਲੋਂ ਕਿਸੇ ਹੋਰ ਕੰਮ ਨੂੰ ਮੈਂ ਜ਼ਰੂਰੀ ਨਹੀਂ ਸਾਂ ਸਮਝਦਾ। ਦਿਨ ਨੂੰ ਗਰਾਊਂਡ ਵਿਚ ਅਤੇ ਰਾਤ ਨੂੰ ਸੁਪਨਿਆਂ ਵਿਚ ਮੈਨੂੰ ਆਪਣਾ ਆਪ ਦੌੜਦਾ ਹੀ ਦੌੜਦਾ ਨਜ਼ਰ ਆਉਣ ਲੱਗ ਪਿਆ ਸੀ।