15 ਫਰਵਰੀ 1915 ਦੀ ਸਿੰਘਾਪੁਰ ਬਗਾਵਤ ਦੇ ਅਣਗੌਲੇ ਫੌਜੀ

ਕੰਵਲਬੀਰ ਸਿੰਘ ਪੰਨੂ
ਫੋਨ: 91-98766-98068
ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ੀ ਸਾਸ਼ਨ ਦੌਰਾਨ ਭਾਰਤੀ ਫੌਜੀਆਂ ਦੀ ਭੂਮਿਕਾ ਬੜੀ ਅਹਿਮ ਰਹੀ ਹੈ। ਫੌਜੀ ਦੇਸ਼ ਭਗਤਾਂ ਨੇ ਜਦੋ-ਜਹਿਦ ਕਰਦਿਆਂ ਅਣਗਿਣਤ ਤਸੀਹੇ ਤੇ ਕਸ਼ਟ ਝੱਲਦਿਆਂ ਜਾਨਾਂ ਕੁਰਬਾਨ ਕੀਤੀਆਂ। ਸੈਂਕੜੇ ਫੌਜੀਆਂ ਨੂੰ ਕੋਰਟ ਮਾਰਸ਼ਲ ਕਰ ਕੇ ਗੋਲੀਆਂ ਨਾਲ ਉਡਾਇਆ ਗਿਆ, 70 ਤੋਂ ਵੱਧ ਨੂੰੂ ਫਾਂਸੀ ਦਿੱਤੀ ਗਈ ਅਤੇ 190 ਤੋਂ ਉਪਰ ਨੂੰ ਉਮਰ ਕੈਦ ਤੇ ਜਲਾਵਤਨੀ, ਜਾਇਦਾਦ ਕੁਰਕੀ ਦੀ ਸਜ਼ਾ ਦਿੱਤੀ ਗਈ।

ਸਿੰਘਾਪੁਰ ਦੀ ਛਾਉਣੀ ਵਿਚਲੀ 5ਵੀਂ ਲਾਈਟ ਇਨਫੈਂਟਰੀ (ਪਲਟਣ) ਦੇ ਬਹਾਦਰ ਫੌਜੀ ਯੋਧਿਆਂ ਨੇ ਵਿਦੇਸ਼ੀ ਧਰਤੀ ‘ਤੇ ਹੋਣ ਦੇ ਬਾਵਜੂਦ 15 ਫਰਵਰੀ 1915 ਨੂੰ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਬਗਾਵਤ ਕਰ ਕੇ ਅੰਗਰੇਜੀ ਸਾਸ਼ਨ ਨੂੰ ਭਾਜੜਾਂ ਪਾ ਦਿੱਤੀਆਂ ਸਨ।
ਆਜ਼ਾਦੀ ਦੇ ਸੰਘਰਸ਼ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੱਖ ਵੱਖ ਸਮੇਂ ਕਈ ਆਜ਼ਾਦੀ ਲਹਿਰਾਂ ਚੱਲੀਆਂ। ਉਨ੍ਹਾਂ ਵਿਚੋਂ ਇੱਕ ਆਜ਼ਾਦੀ ਲਹਿਰ ਸੀ, ਗਦਰ ਪਾਰਟੀ ਲਹਿਰ ਜਿਸ ਦਾ ਅਰੰਭ 20ਵੀਂ ਸਦੀ ਦੇ ਮੁਢਲੇ ਦਹਾਕਿਆਂ ਦੌਰਾਨ ਭਾਰਤ ਤੋਂ ਬਾਹਰ ਕੈਨੇਡਾ ਅਤੇ ਅਮਰੀਕਾ ਵਿਚ ਰੋਜ਼ੀ ਰੋਟੀ ਤੇ ਚੰਗੇ ਭਵਿੱਖ ਲਈ ਗਏ ਭਾਰਤੀਆਂ ਨੇ ਕੀਤਾ, ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਸੀ।
ਗਦਰ ਪਾਰਟੀ ਵੱਲੋਂ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਵਿਰੁਧ ਹਥਿਆਰਬੰਦ ਯੁੱਧ ਦੀਆਂ ਤਿਆਰੀਆਂ ਅਜੇ ਪੂਰੀਆਂ ਵੀ ਨਹੀਂ ਸਨ ਹੋਈਆਂ ਕਿ ਜੁਲਾਈ 1914 ਵਿਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ, ਜਿਸ ਵਿਚ ਅੰਗਰੇਜ਼ ਬੁਰੀ ਤਰ੍ਹਾਂ ਫਸ ਗਏ। ਗਦਰੀ ਆਗੂਆਂ ਨੇ ਅੰਗਰੇਜ਼ਾਂ ਨੂੰ ਭਾਰਤ ‘ਚੋਂ ਕੱਢਣ ਲਈ ਇਹ ਮੌਕਾ ਢੁਕਵਾਂ ਜਾਣਿਆ। ਪਾਰਟੀ ਨੇ 5 ਅਗਸਤ 1914 ਨੂੰ ਐਲਾਨ-ਏ-ਜੰਗ ਕਰ ਦਿੱਤਾ। ਸੈਂਕੜੇ ਗਦਰੀ ਵੱਖ ਵੱਖ ਜਹਾਜਾਂ ਰਾਹੀਂ ਭਾਰਤ ਵੱਲ ਚੱਲ ਪਏ। ਅਜੋਕੇ ਸੰਚਾਰ ਸਾਧਨਾਂ ਦੀ ਅਣਹੋਂਦ ਦੇ ਬਾਵਜੂਦ ਇਨ੍ਹਾਂ ਆਜ਼ਾਦੀ ਪਰਵਾਨਿਆਂ ਨੇ ਪੂਰਾ ਨੈਟਵਰਕ ਕਾਇਮ ਕਰ ਲਿਆ। ਬਹੁਤ ਸਾਰੇ ਗਦਰੀ ਪਲਟਣਾਂ ਵਿਚ ਭਰਤੀ ਹੋ ਗਏ। ਉਨ੍ਹਾਂ ਫੌਜੀ ਛਾਉਣੀਆਂ ਵਿਚ ਜਾ ਕੇ ਭਾਰਤੀ ਫੌਜੀਆਂ ਨੂੰ ਗਦਰ ਵਿਚ ਸਾਥ ਦੇਣ ਲਈ ਸਹਿਮਤ ਕਰ ਲਿਆ। ਹਾਂਗਕਾਂਗ, ਸਿੰਘਪੁਰ, ਰੰਗੂਨ, ਪੀਨਾਂਗ ਆਦਿ ਵਿਚਲੀਆਂ ਫੌਜਾਂ ਵਿਚ ਵੀ ਗਦਰੀਆਂ ਦਾ ਚੰਗਾ ਪ੍ਰਭਾਵ ਬਣ ਚੁਕਾ ਸੀ। ਫੌਜੀ ਛਾਉਣੀਆਂ ਵਿਚ ਹੋਈਆਂ ਬਗਾਵਤਾਂ ‘ਚੋਂ ਇੱਕ ਸੀ, ਸਿੰਗਾਪੁਰ ਵਿਚਲੀ 5ਵੀਂ ਨੇਟਿਵ ਲਾਈਟ ਇਨਫੈਂਟਰੀ ਦੀ ਬਗਾਵਤ।
ਸਰਕਾਰੀ ਰਿਕਾਰਡ ਅਨੁਸਾਰ ਸਤੰਬਰ-ਅਕਤੂਬਰ 1914 ਦੌਰਾਨ ਬਾਹਰਲੇ ਦੇਸ਼ਾਂ ਤੋਂ ਆਏ ਗਦਰੀਆਂ-ਹੀਰਾ ਸਿੰਘ ਚਰੜ, ਮੁਜਤਬਾ ਹੁਸੈਨ, ਜੀਵਨ ਸਿੰਘ ਫੇਲੋਕੇ ਤੇ ਗਿਆਨ ਚੰਦ ਮੋਰੀ ਮਰਲ ਆਦਿ ਨੇ ਸਿੰਘਾਪੁਰ ਦੀਆਂ ਪਲਟਣਾਂ ਵਿਚ ਗਦਰ ਦਾ ਪ੍ਰਚਾਰ ਕੀਤਾ, ਜਿਸ ਦੇ ਸਿੱਟੇ ਵਜੋਂ ਇਥੇ ਰਹਿੰਦੀ 5ਵੀਂ ਨੇਟਿਵ ਲਾਈਟ ਇਨਫੈਂਟਰੀ ਦੀ ਬਗਾਵਤ ਹੋਈ। ਇਸ ਪਲਟਣ ਦੇ ਬਹੁਤੇ ਜਵਾਨ ਪੰਜਾਬੀ ਮੁਸਲਮਾਨ ਸਨ।
ਅਸਲ ਵਿਚ ਬਹਾਦਰ ਫੌਜੀਆਂ ਨੇ 15 ਫਰਵਰੀ 1915 ਸ਼ਾਮ ਨੂੰ 8 ਵਜੇ ਜਦੋਂ ਅਫਸਰਾਂ ਨੇ ਖਾਣੇ ‘ਤੇ ਬੈਠਣਾ ਸੀ, ਉਸ ਸਮੇਂ ਗਦਰ ਦੀ ਯੋਜਨਾ ਬਣਾਈ। ਅਫਸਰਾਂ ਨੂੰ ਕੁਝ ਸ਼ੱਕ ਹੋ ਗਿਆ ਤੇ 15 ਫਰਵਰੀ ਦੀ ਸਵੇਰ ਨੂੰ ਹੀ ਪਲਟਣ ਨੂੰ ਹੁਕਮ ਸੁਣਾ ਦਿੱਤਾ ਕਿ ਉਨ੍ਹਾਂ ਨੂੰ ਕੱਲ ਹੀ ਹਾਂਗਕਾਂਗ ਰਵਾਨਾ ਕਰਨਾ ਹੈ, ਇਸ ਲਈ ਅੱਜ ਹੀ ਸ਼ਾਮ ਨੂੰ ਹਥਿਆਰ ਜਮਾਂ ਕਰਾ ਦੇਣ। ਇਸ ਹਾਲਤ ਨੂੰ ਦੇਖ ਕੇ ਫੌਜੀਆਂ ਨੇ ਨਿਯਤ ਸਮੇਂ ਤੋਂ ਪਹਿਲਾਂ ਹੀ ਗਦਰ ਸ਼ੁਰੂ ਕਰਨ ਦਾ ਫੈਸਲਾ ਕੀਤਾ।
15 ਫਰਵਰੀ 1915 ਸੋਮਵਾਰ ਦਾ ਦਿਨ ਸੀ ਤੇ ਚੀਨੀ ਨਵੇਂ ਸਾਲ ਦਾ ਪਹਿਲਾ ਦਿਨ ਹੋਣ ਕਾਰਨ ਸਿੰਘਾਪੁਰ ‘ਚ ਜਨਤਕ ਛੁੱਟੀ ਸੀ। ਸ਼ਹਿਰ ਦੇ ਲੋਕ ਨਵੇਂ ਸਾਲ ਦੀ ਪਟਾਕੇ ਚਲਾਉਣ ਵਿਚ ਰੁੱਝੇ ਹੋਏ ਸਨ। ਯੂਰਪੀਨ ਲੋਕ ਜਿਨ੍ਹਾਂ ਵਿਚ ਅੰਗਰੇਜ਼, ਜਰਮਨ, ਫਰੈਂਚ ਆਦਿ ਤੈਰਾਕੀ, ਟੈਨਿਸ ਜਾਂ ਪੋਲੋ ਖੇਡਣ ਲੱਗੇ ਹੋਏ ਸਨ, ਸ਼ਹਿਰ ਤੋਂ 5 ਕਿਲੋਮੀਟਰ ਦੂਰ ਅਲਗਜੈਂਡਰਾ ਬੈਰਕਾਂ ਵਿਚ ਹਾਂਗਕਾਂਗ ਭੇਜੀ ਜਾ ਰਹੀ 5ਵੀਂ ਲਾਈਟ ਇਨਫੈਂਟਰੀ ਦੇ ਜਵਾਨਾਂ ਦੀ ਵਿਦਾਇਗੀ ਦੀ ਯਾਦਗਾਰੀ ਪਰੇਡ ਸ਼ੁਰੂ ਹੋ ਚੁਕੀ ਸੀ। ਪਰੇਡ ਕਰਨਲ ਮਾਰਟਿਨ ਦੀ ਅਗਵਾਈ ਹੇਠ ਹੋ ਰਹੀ ਸੀ। ਬ੍ਰਿਗੇਡੀਅਰ ਜਨਰਲ ਰਿਡਾਊਟ ਸਲਾਮੀ ਲਈ ਪਹੁੰਚ ਚੁਕਾ ਸੀ। ਰਿਡਾਊਟ ਨੂੰ ਪਲਟਣ ‘ਤੇ ਕੁਝ ਸ਼ੱਕ ਸੀ। ਪਰੇਡ ਦੇ ਸਮੇਂ ਉਸ ਨੇ ਨੋਟ ਕੀਤਾ ਕਿ ਸੱਜੇ ਵਿੰਗ ਨੇ ਵਧੀਆ ਤਰੀਕੇ ਨਾਲ ਮਾਰਚ ਨਹੀਂ ਕੀਤਾ ਸੀ, ਜਵਾਨ ਆਪਸ ‘ਚ ਗੱਲਬਾਤ ਕਰ ਰਹੇ ਸਨ। ਇਹ ਇੰਸਪੈਕਸ਼ਨ ਇੱਕ ਘੰਟਾ ਚੱਲੀ। ਉਪਰੰਤ ਜਨਰਲ ਰਿਡਾਊਟ ਆਪਣੀ ਸਰਕਾਰੀ ਰਿਹਾਇਸ਼ ਟੈਂਗਲਿਨ ਚਲਾ ਗਿਆ ਤੇ ਇਨਫੈਂਟਰੀ ਜਵਾਨ ਆਪਣੇ ਜਾਣ ਦੀ ਤਿਆਰੀ ਕਰਨ ਚਲੇ ਗਏ।
ਹੁੰਮਸ ਭਰੀ ਸ਼ਾਮ ਜਦੋਂ ਫੌਜੀਆਂ ਤੋਂ ਹਥਿਆਰ ਜਮਾਂ ਕਰਵਾਉਣ ਲੱਗੇ ਤਾਂ ਪੂਰੀ ਪਲਟਣ ਨੇ ਵਿਦਰੋਹ ਕਰ ਦਿੱਤਾ। ਸਭ ਤੋਂ ਪਹਿਲਾਂ ਸਿਪਾਹੀ ਇਸਮਾਇਲ ਖਾਂ ਨੇ ਸੰਤਰੀ ਦੀ ਪੋਸਟ ਛੱਡ ਦਿੱਤੀ ਤੇ ਇੱਕ ਗੋਲੀ ਚਲਾ ਕੇ ਬਗਾਵਤ ਦਾ ਸਿਗਨਲ ਦੇ ਦਿੱਤਾ ਤੇ ਅਸਲਾ ਜਮ੍ਹਾਂ ਕਰਵਾਉਣ ਵਾਲੇ ਅੰਗਰੇਜ਼ ਨੂੰ ਗੋਲੀ ਮਾਰ ਦਿੱਤੀ। ਬੈਰਕਾਂ ‘ਤੇ ਕਬਜ਼ਾ ਕਰ ਕੇ ਫੌਜੀਆਂ ਨੇ ਆਪਣੇ ਆਪ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ। ਇੱਕ ਹਿੱਸਾ ਜਰਮਨ ਕੈਦੀਆਂ ਨੂੰ ਕੈਂਪ ਤੋਂ ਛੁਡਵਾਉਣ ਗਿਆ ਤਾਂ ਕਿ ਉਨ੍ਹਾਂ ਨੂੰ ਨਾਲ ਰਲਾ ਲਿਆ ਜਾਵੇ। ਇਥੇ ਬਾਗੀਆਂ ਨੇ ਦੋ ਯੂਰਪੀਨ ਅਫਸਰ ਕੈਪਟਨ ਬਾਈਸ ਤੇ ਲੈਫਟੀਨੈਂਟ ਇਲੀਅਟ ਮਾਰ ਦਿੱਤੇ। ਜਰਮਨ ਕੈਦੀ ਜੇਲ੍ਹ ਤੋਂ ਬਾਹਰ ਕੱਢ ਲਏ, ਪਰ ਉਨ੍ਹਾਂ ਨੇ ਗਦਰੀ ਫੌਜੀਆਂ ਦਾ ਸਾਥ ਨਾ ਦਿੱਤਾ। ਦੂਸਰਾ ਹਿੱਸਾ ਪਲਟਣ ਦੇ ਹੈਡ ਕਵਾਟਰ ਉਤੇ ਕਬਜ਼ਾ ਕਰਨ ਤੁਰ ਪਿਆ, ਪਰ ਕਾਮਯਾਬ ਨਾ ਹੋ ਸਕਿਆ। ਤੀਜਾ ਹਿੱਸਾ ਵਾਲੰਟੀਅਰ ਕੋਰ ਨੂੰ ਰੋਕਣ ਸ਼ਹਿਰ ਵੱਲ ਗਿਆ। ਫਿਰ ਉਨ੍ਹਾਂ ਨੇ ਸ਼ਹਿਰ ਦੇ ਥਾਣੇ ‘ਤੇ ਕਬਜ਼ਾ ਕਰ ਲਿਆ। ਇਨ੍ਹਾਂ ਝੜਪਾਂ ਵਿਚ 8 ਅੰਗਰੇਜ਼ ਅਫਸਰ, 9 ਸਿਪਾਹੀ ਅਤੇ 17 ਸਿਵਲਿਅਨ ਮਾਰੇ ਗਏ।
ਅੰਗਰੇਜ਼ਾਂ ਨੇ ਨਾਲ ਲੱਗਦੇ ਸਮੁੰਦਰੀ ਘਾਟਾਂ ਤੋਂ ਜੰਗੀ ਜਹਾਜਾਂ ਨੂੰ ਆਪਣੇ ਬਚਾ ਲਈ ਸੱਦ ਲਿਆ। 16 ਤੇ 17 ਫਰਵਰੀ ਨੂੰ ਦੋ ਜੰਗੀ ਬੇੜੇ ਵੱਡੀ ਗਿਣਤੀ ਵਿਚ ਗੋਰੇ ਫੌਜੀਆਂ ਨੂੰ ਲੈ ਕੇ ਸਿੰਘਾਪੁਰ ਪੁੱਜ ਗਏ। ਗਦਰੀ ਫੌਜੀ ਭੁੱਖੇ ਪਿਆਸੇ ਕਿੰਨਾ ਕੁ ਚਿਰ ਟਾਕਰਾ ਕਰ ਸਕਦੇ, ਕਿਸੇ ਵੀ ਪਾਸਿਓਂ ਮਦਦ ਦੀ ਆਸ ਨਹੀਂ ਸੀ। ਉਨ੍ਹਾਂ ਨੇ 16 ਫਰਵਰੀ ਰਾਤ ਡੱਟ ਕੇ ਮੁਕਾਬਲਾ ਕੀਤਾ। ਅੰਗਰੇਜਾਂ ਨੇ ਬਾਗੀ ਫੌਜੀਆਂ ਨੂੰ ਮਾਰਨ ਜਾਂ ਫੜ੍ਹਾਉਣ ਲਈ 200 ਡਾਲਰ ਦੇ ਇਨਾਮ ਐਲਾਨ ਕਰ ਦਿੱਤੇ। ਬਾਗੀਆਂ ਨੇ ਆਤਮ ਸਮਰਪਣ ਕਰ ਦਿੱਤਾ ਜਾਂ ਫੜ੍ਹ ਲਏ ਗਏ। ਫੜ੍ਹੇ ਗਏ ਬਾਗੀ ਫੌਜੀਆਂ ਦਾ ਕੋਰਟ ਮਾਰਸ਼ਲ ਕਰ ਕੇ 40 ਜਣਿਆਂ ਨੂੰ ਪਬਲਿਕ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ 3 ਨੂੰ ਫਾਂਸੀ ਦਿੱਤੀ ਗਈ। ਇਸ ਤੋਂ ਇਲਾਵਾ 162 ਨੂੰ ਉਮਰ ਕੈਦ ਅਤੇ ਵੱਖੋ ਵੱਖ ਮਿਆਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਵਿਦਰੋਹੀਆਂ ਤੋਂ ਗਲਤੀ ਇਹ ਹੋਈ ਕਿ ਕੋਤਵਾਲੀ ਦੇ ਕਬਜ਼ੇ ਨੂੰ ਸਿੰਘਾਪੁਰ ‘ਤੇ ਕਬਜ਼ਾ ਸਮਝ ਲਿਆ ਅਤੇ ਸਮੁੰਦਰੀ ਘਾਟ ‘ਤੇ ਵੀ ਸਮੇਂ ਸਿਰ ਨਾ ਪੁੱਜ ਸਕੇ।
ਗਦਰੀ ਸੂਰਬੀਰਾਂ ਵਲੋਂ 1912-13 ਵਿਚ ਭਾਰਤ ਦੀ ਪੂਰਨ ਆਜ਼ਾਦੀ ਲਈ ਸ਼ੁਰੂ ਕੀਤੇ ਸੰਘਰਸ਼ ਵਿਚ ਸਿੰਘਾਪੁਰ ਰਹਿੰਦੀ ਭਾਰਤੀ ਫੌਜ ਦੀ 5ਵੀਂ ਨੇਟਿਵ ਲਾਈਟ ਇਨਫੈਂਟਰੀ ਦੇ ਸੂਰਬੀਰਾਂ ਨੇ ਵੱਡਾ ਯੋਗਦਾਨ ਪਾਇਆ। ਪਰ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਇਤਿਹਾਸਕਾਰਾਂ ਤੇ ਰਾਜਨੀਤਕ ਲੋਕਾਂ ਨੇ ਅਣਗੌਲੇ ਕਰ ਰੱਖਿਆ ਹੈ, ਜਿਸ ਕਾਰਨ ਸਿਰਫ ਸੌ ਸਾਲ ‘ਚ ਹੀ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਭੁੱਲ ਗਈਆਂ ਹਨ।