‘ਸ਼ਹਿਰ ਪਟਿਆਲੇ ਵਾਲਾ’ ਗੀਤਕਾਰ ਗਿੱਲ ਸੁਰਜੀਤ

ਸਤਨਾਮ ਸਿੰਘ ਮੱਟੂ
ਫੋਨ: 91-97797-08257
“ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਤੇ ਸੋਹਣੇ, ਪੱਗਾਂ ਪੋਚਵੀਆਂ ਯਾਰੋ ਦਿਲ ਵੱਟੇ ਦਿਲ ਨੇ ਵਟਾਉਣੇ…।”
ਇੱਕ ਦਿਨ ਇਹ ਗੀਤ ਐਫ਼ ਐਮ. ‘ਤੇ ਚੱਲ ਪਿਆ। ਇਤਫਾਕਨ ਮੈਂ ਪਟਿਆਲਾ ਦੇ 22 ਨੰਬਰ ਫਾਟਕ ਵਾਲੇ ਫਲਾਈਓਵਰ ਤੋਂ ਲੰਘ ਰਿਹਾ ਸਾਂ ਤਾਂ ਅੱਖਾਂ ਮੂਹਰੇ ਗਿੱਲ ਹਰਦੀਪ ਦੇ ਗਾਏ ਇਸ ਗੀਤ ਦੇ ਸੀਨ ਘੁੰਮਣ ਲੱਗੇ। ਇਸ ਗੀਤ ਨੇ ਵਿਰਾਸਤੀ ਸ਼ਹਿਰ ਪਟਿਆਲਾ ਦੀ ਸ਼ੋਹਰਤ ਨੂੰ ਦੁਨੀਆਂ ਭਰ ‘ਚ ਵਿਲੱਖਣ ਥਾਂ ਦਿਵਾਈ ਹੈ। ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਪਿੜ ‘ਚ ਇਹ ਗੀਤ ਮੀਲ ਪੱਥਰ ਸਾਬਿਤ ਹੋਇਆ ਹੈ। ਗੀਤ ਸੁਣ ਕੇ ਹਰ ਪਟਿਆਲਵੀ ਮਾਣ ਤੇ ਫਕਰ ਮਹਿਸੂਸ ਕਰਦਾ ਹੈ।

ਇਸ ਗੀਤ ਦੇ ਗੀਤਕਾਰ ਨੂੰ ਮਿਲਣ ਦੀ ਦਿਲੀ ਸਿੱਕ ਉਮਡ ਪਈ। ਸ਼ਬਦਾਂ ਦੇ ਮਣਕਿਆਂ ਨੂੰ ਇਸ ਗੀਤ ਰੂਪੀ ਮਾਲਾ ‘ਚ ਪ੍ਰੋਣ ਵਾਲੇ ਜਾਦੂਗਰ ਦਾ ਨਾਮ ਹੈ, ਗਿੱਲ ਸੁਰਜੀਤ।
ਗਿੱਲ ਸੁਰਜੀਤ ਨੇ ਜਿੰਨੀ ਸ਼ਿੱਦਤ ਨਾਲ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਮੱਦੇਨਜ਼ਰ ਰੱਖ ਕੇ ਰੂਹ ਨਾਲ ਇਹ ਗੀਤ ਲਿਖਿਆ ਹੈ, ਗਾਇਕ ਗਿੱਲ ਹਰਦੀਪ ਨੇ ਇਸ ਨੂੰ ਉਨੀ ਹੀ ਸੁਰੀਲੀ, ਮਿੱਠੀ ਅਤੇ ਸੁਹਜਮਈ ਆਵਾਜ਼ ਵਿਚ ਗਾਇਆ ਹੈ।
ਪੰਜਾਬੀ ਗੀਤਕਾਰੀ ਦੇ ਥੰਮ, ਪੰਜਾਬ, ਪੰਜਾਬੀ, ਪੰਜਾਬੀਅਤ ਤੇ ਸੱਭਿਆਚਾਰ ਦੇ ਮੁੱਦਈ ਅਤੇ ਪੰਜਾਬੀਆਂ ਦੇ ਹਰਮਨ ਪਿਆਰੇ ਇਸ ਬਾਬਾ ਬੋਹੜ ਗੀਤਕਾਰ ਗਿੱਲ ਸੁਰਜੀਤ ਨੇ ਮਾਲਵੇ ਦੇ ਜਿਲ੍ਹਾ ਮੋਗਾ ਦੇ ਪਿੰਡ ਚੜਿੱਕ (ਨੇੜੇ ਬੱਧਨੀ ਕਲਾਂ) ਵਿਖੇ ਬਾਪੂ ਜਗਤ ਸਿੰਘ ਗਿੱਲ ਦੇ ਵਿਹੜੇ ਅਤੇ ਬੇਬੇ ਕਰਤਾਰ ਕੌਰ ਦੀ ਬੁੱਕਲ ‘ਚ ਇਸ ਵਾਤਾਵਰਣ ਦੀ ਖੁਸ਼ਬੋਈ ‘ਚੋਂ ਪਹਿਲੀ ਹਿਚਕੀ ਭਰੀ। ਮੁਢਲੀ ਪੜ੍ਹਾਈ ਦੌਰਾਨ ਹੀ ਉਹ ਸਕੂਲ, ਕਾਲਜ ‘ਚ ਭੰਗੜੇ ਦੀਆਂ ਤਾਲਾਂ ਦਾ ਵਣਜਾਰਾ ਬਣ ਗਿਆ। ਮਾਤ ਭਾਸ਼ਾ ਪੰਜਾਬੀ ‘ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਸਟਰ ਡਿਗਰੀ ਕਰਦਿਆਂ ਭੰਗੜੇ ਦੇ ਕਈ ਇਨਾਮ ਜਿੱਤੇ।
ਮੁਢਲੀ ਪੜ੍ਹਾਈ ਦੌਰਾਨ ਗਿੱਲ ਸੁਰਜੀਤ ਨੇ ਸਾਹਿਤ ਦੀ ਹਰ ਵੰਨਗੀ ‘ਤੇ ਜ਼ੋਰ ਅਜ਼ਮਾਇਆ ਪਰ ਪੈਰਾਂ ‘ਚ ਰਿਦਮ ਅਤੇ ਗਾਇਕ ਗੁਰਦਾਸ ਮਾਨ ਨਾਲ ਮਿਲਣੀ ਪਿਛੋਂ ਉਸ ਅੰਦਰ ਸ਼ਬਦਾਂ ਤੇ ਵਿਚਾਰਾਂ ਦਾ ਗੀਤਕਾਰ ਰੂਪੀ ਤੂਫਾਨ ਬਣ ਗਿਆ। ਉਹ ਮਨ ਅੰਦਰ ਉਠ ਰਹੇ ਵਿਚਾਰਾਂ ਤੇ ਵਲਵਲਿਆਂ ਨੂੰ ਕੋਰੇ ਕਾਗਜ਼ ਦੀ ਹਿੱਕ ‘ਤੇ ਝਰੀਟਣ ਲੱਗ ਪਿਆ ਅਤੇ ਪੰਜਾਬੀ ਗੀਤਕਾਰੀ ਦੇ ਇਸ ਤਿਲਕਣੇ ਪਿੜ ਵਿਚ ਗਿੱਲ ਸੁਰਜੀਤ ਇਕ ਅਜਿਹੇ ਸਫਲ ਦੌੜਾਕ ਵਾਂਗ ਦੌੜਿਆ ਤੇ ਪੱਕੇ ਪੈਰੀਂ ਜਮ ਗਿਆ।
ਸਫਲਤਾ ਦਾ ਪਹਿਲਾ ਸਥਾਨ ਹਮੇਸ਼ਾ ਉਸ ਦੀ ਉਡੀਕ ਕਰਦਾ ਜਾਪਿਆ। ਉਸ ਨੇ ਪਹਿਲਾ ਗੀਤ ‘ਕੁੜੀ ਦੇਖੀ ਪਤਲੀ ਪਤੰਗ ਵਰਗੀ, ਰੂਪ ਦੀ ਪਟਾਰੀ ਨਿਰੀ ਚੰਦ ਵਰਗੀ’ ਲਿਖਿਆ, ਜੋ ਗਿੱਲ ਹਰਦੀਪ ਦੀ ਆਵਾਜ਼ ‘ਚ ਰਿਕਾਰਡ ਹੋਇਆ, ਤੇ ਕਾਫੀ ਮਕਬੂਲ ਹੋਇਆ।
ਗੀਤ ‘ਸ਼ਹਿਰ ਪਟਿਆਲੇ ਦੇ’ ਨੇ ਤਾਂ ‘ਗਿੱਲ ਸੁਰਜੀਤ, ਗਿੱਲ ਸੁਰਜੀਤ’ ਕਰਵਾ ਦਿੱਤੀ। ਉਸ ਦੇ ਗੀਤਾਂ ਨੂੰ ਜਿੱਥੇ ਪੰਜਾਬ ਦੇ ਅਨੇਕਾਂ ਕਲਾਕਾਰਾਂ ਨੇ ਆਵਾਜ਼ ਦਿੱਤੀ, ਉਥੇ ਬਾਲੀਵੁੱਡ ਦੇ ਕਈ ਨਾਮਵਰ ਗਾਇਕਾਂ ਨੇ ਵੀ ਗਾਇਆ| ਉਸ ਦੇ ਗੀਤਾਂ ਨੂੰ ਪੰਜਾਬੀ ਗਾਇਕਾਂ ‘ਚੋਂ ਸੁਰਿੰਦਰ ਕੌਰ, ਸੁਰਿੰਦਰ ਛਿੰਦਾ, ਸੁਰੇਸ਼ ਵਾਡੇਕਰ, ਮਹਿੰਦਰ ਕਪੂਰ, ਹਰਭਜਨ ਮਾਨ, ਸਵਿਤਾ ਸਾਥੀ, ਗਿੱਲ ਹਰਦੀਪ ਚੰਡੀਗੜ੍ਹ, ਜਸਪਿੰਦਰ ਨਰੂਲਾ, ਗੁਰਸੇਵਕ ਮਾਨ, ਪੰਮੀ ਬਾਈ, ਗੋਲਡਨ ਸਟਾਰ ਮਲਕੀਤ ਸਿੰਘ, ਗੁਰਮੀਤ ਬਾਵਾ, ਸਰਬਜੀਤ ਚੀਮਾ, ਮਨਜੀਤ ਰੂਪੋਵਾਲੀਆ, ਸੁਖਵਿੰਦਰ ਸੁੱਖੀ, ਜੀਤ ਜਗਜੀਤ, ਰਾਜ ਬਰਾੜ, ਮਨਪ੍ਰੀਤ ਅਖਤਰ, ਅਮਰ ਨੂਰੀ, ਕੁਲਦੀਪ ਪਾਰਸ, ਮਕਬੂਲ, ਸਰਬਜੀਤ ਕੌਰ, ਭੁਪਿੰਦਰ ਕੌਰ ਮੁਹਾਲੀ, ਪਲਵਿੰਦਰ ਧਾਮੀ, ਸਰਦਾਰਾ ਗਿੱਲ, ਗੁਰਬਖਸ਼, ਚੰਨੀ ਸਿੰਘ, ਰੰਜਨਾ, ਜੱਸੀ ਜਸਪਾਲ, ਸੁਰਿੰਦਰ ਕੋਹਲੀ, ਮੰਗਲ ਸਿੰਘ, ਜਸਪਾਲ ਸਿੰਘ, ਡੌਲੀ ਗੁਲੇਰੀਆ ਆਦਿ ਗਾਇਕਾਂ ਨੇ ਸੁਰੀਲੀ ਅਤੇ ਮਧੁਰ ਆਵਾਜ਼ ਦਿੱਤੀ ਹੈ|
ਇਸ ਤੋਂ ਇਲਾਵਾ ਗਿੱਲ ਸੁਰਜੀਤ ਪੰਜਾਬੀ ਫਿਲਮਾਂ ‘ਜੀ ਆਇਆਂ ਨੂੰ’, ‘ਕੌਣ ਦਿਲਾਂ ਦੀਆਂ ਜਾਣੇ’, ‘ਜ਼ੋਰ ਜੱਟ ਦਾ’, ‘ਜੱਟ ਪੰਜਾਬੀ’, ‘ਜੱਟ ਵਲੈਤੀ’ ਅਤੇ ‘ਅਸਾਂ ਨੂੰ ਮਾਣ ਵਤਨਾਂ ਦਾ’ ਲਈ ਗੀਤ ਲਿਖ ਚੁਕਾ ਹੈ। ਗੀਤਕਾਰੀ ਦੇ ਨਾਲ ਗਿੱਲ ਸੁਰਜੀਤ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਸਿੰਗਾਪੁਰ, ਦੁਬਈ, ਥਾਈਲੈਂਡ, ਅਲਜ਼ੀਰੀਆ, ਟੁਨੇਸ਼ੀਆ, ਇਟਲੀ, ਲਿਬਨਾਨ, ਕੁਵੈਤ, ਇਰਾਕ, ਜਾਰਡਨ ਵਰਗੇ ਦੇਸ਼ਾਂ ਵਿਚ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਗਿੱਧਾ, ਭੰਗੜਾ, ਕੋਰਿਓਗ੍ਰਾਫੀ ਪੇਸ਼ ਕਰਨ ਹਿੱਤ ਦੌਰੇ ਵੀ ਕਰ ਚੁਕਾ ਹੈ|
ਗਿੱਲ ਸੁਰਜੀਤ ਦੀ ਕਲਮ ਵਿਚੋਂ ਨਿਕਲੇ ਲਫਜ਼ ਕਿਤਾਬਾਂ ਦੇ ਰੂਪ ਵਿਚ ਪਾਠਕਾਂ ਦੇ ਸਨਮੁੱਖ ਹੋ ਚੁਕੇ ਹਨ। ਉਸ ਦੇ ਗੀਤਾਂ ਦੇ ਮੁੱਖੜਿਆਂ ‘ਚੋਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦਾ ਝਲਕਾਰਾ ਪੈਂਦਾ ਹੈ। ਖੁੱਭ ਕੇ ਲਿਖੀਆਂ ਗੀਤਾਂ ਦੀਆਂ ਲਾਈਨਾਂ ਨਾਲ ਰੂਹ ਨੂੰ ਨਸ਼ਾ ਚੜ੍ਹਦਾ ਹੈ, ਸੁਹਜ ਅਤੇ ਕਲਾ ਦਾ ਜਲੌ ਪੈਦਾ ਹੁੰਦਾ ਹੈ। ਉਸ ਨੇ ਆਪਣੇ ਪਿਤਰੀ ਪਿੰਡ ਅਤੇ ਨਾਨਕੇ ਪਿੰਡ ਨੂੰ ਗੀਤ ‘ਚ ਬਾਕਮਾਲ ਲਿਖਿਆ ਹੈ:
ਗਿੱਲ ਸੁਰਜੀਤ ਕਦੇ ਭੁੱਲੇ ਨਾ ਭੁਲਾਇਆ ਮੈਨੂੰ
ਦਿਲ ਵਿਚੋਂ ਹੂਕ ਉਠੇ ਜਦੋਂ ਯਾਦ ਆਇਆ ਮੈਨੂੰ
ਚੜਿੱਕ ਪਿੰਡ ਨਾਨਕਾ ਲੁਹਾਰਾ ਯਾਦ ਆਉਂਦਾ ਏ
ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ।
ਉਸ ਦੇ ਗੀਤਾਂ ‘ਚੋਂ ਕਦੇ ਲੱਚਰਤਾ ਦੀ ਬੋਅ ਨਹੀਂ ਆਈ। ਵਲਗਣਾਂ ਵਾੜਿਆ ‘ਚ ਕੈਦ ਰਹਿਣਾ ਉਸ ਨੂੰ ਗਵਾਰਾ ਨਹੀਂ ਸੀ, ਇਸੇ ਕਾਰਨ ਉਸ ਨੂੰ ਨਾਰਥ ਜੋਨ ਕਲਚਰਲ ਸੈਂਟਰ ਦੀ ਸੀਨੀਅਰ ਪ੍ਰੋਗਰਾਮ ਦੀ ਨੌਕਰੀ ਰਾਸ ਨਾ ਆਈ।
ਗਿੱਲ ਸੁਰਜੀਤ ਦਾ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਵਲੋਂ ਫਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਵਿਚ ਗਾਇਆ ਦੋਗਾਣਾ ‘ਮਾਹੀਆ ਮੈਂ ਲੌਂਗ ਗਵਾ ਆਈ ਆਂ’ ਕਿਸੇ ਲੋਕ-ਗੀਤ ਦਾ ਭੁਲੇਖਾ ਪਾਉਂਦਾ ਹੈ। ਸੁਰਿੰਦਰ ਛਿੰਦਾ ਦੇ ਗਾਏ ਗੀਤ ‘ਯੈਂਕੀ ਲਵ ਯੂ ਲਵ ਯੂ ਕਰਦੇ’ ਨੇ ਨੌਜਵਾਨ ਪੀੜ੍ਹੀ ਦੇ ਦਿਲਾਂ ‘ਚ ਨਿਵੇਕਲੀ ਥਾਂ ਬਣਾਈ। ਉਹ ‘ਮੇਲਾ ਮੁੰਡੇ ਕੁੜੀਆਂ ਦਾ’, ‘ਵੰਗਾਂ ਦੀ ਛਣਕਾਰ’, ‘ਝਾਂਜਰ ਦਾ ਛਣਕਾਟਾ’, ‘ਚੇਤੇ ਕਰ ਬਚਪਨ ਨੂੰ’, ‘ਚੀਰੇ ਵਾਲਿਆ ਗੱਭਰੂਆ’ ਅਤੇ ‘ਏਕਮ’ ਨਾਮੀ ਸੱਭਿਆਚਾਰਕ, ਸਮਾਜਿਕ, ਪਰਿਵਾਰਕ ਗੀਤਾਂ ਦੀਆਂ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕਾ ਹੈ। ਚੰਨੀ ਨਕਲੀਆ, ਭਜਨ ਸਿੰਘ, ਬਿੰਦੀ ਬਰਾੜ ਉਸ ਦੀ ਭੰਗੜਾ ਟੀਮ ‘ਚ ਸਮਕਾਲੀ ਰਹੇ ਹਨ।
ਗੀਤਕਾਰੀ, ਭੰਗੜਾ ਅਤੇ ਸਾਹਿਤਕ ਖੇਤਰ ਦੀਆਂ ਪ੍ਰਾਪਤੀਆਂ ਸਦਕਾ ਅਨੇਕਾਂ ਐਵਾਰਡ ਗਿੱਲ ਸੁਰਜੀਤ ਦੇ ਨਾਮ ਹਨ, ਜਿਨ੍ਹਾਂ ਵਿਚੋਂ ‘ਪਟਿਆਲਾ ਰਤਨ ਐਵਾਰਡ’, ‘ਨੰਦ ਲਾਲ ਨੂਰਪੁਰੀ ਐਵਾਰਡ’, ‘ਸੁਰ ਪੰਜਾਬ ਦੇ ਐਵਾਰਡ’, ‘ਫੋਕ ਡਾਂਸ ਐਵਾਰਡ’ ਅਤੇ ‘ਹਰਭਜਨ ਸਿੰਘ ਅਣਖੀ ਐਵਾਰਡ’ ਪ੍ਰਮੁਖ ਹਨ। ਗਿੱਲ ਸੁਰਜੀਤ ਪਾਠਕਾਂ ਅਤੇ ਸਰੋਤਿਆਂ ਵਲੋਂ ਮਿਲੇ ਪਿਆਰ ਸਤਿਕਾਰ ਨੂੰ ਸਭ ਤੋਂ ਵੱਡਾ ਸਨਮਾਨ ਮੰਨਦਾ ਹੈ:
ਰੱਬ ਕਰੇ ਦਿਲ ਦਾ ਤੂੰ ਮੀਤ ਬਣ ਜੇਂ,
ਫੇਰ ਗਿੱਲ ਸੁਰਜੀਤ ਵਾਲਾ ਗੀਤ ਬਣ ਜੇਂ।