ਬੈਂਕ ਘੁਟਾਲਾ: ਤਕਨੀਕੀ ਵਿਧੀ ਨਾਲ ਲਾਇਆ ਬੈਂਕ ਨੂੰ ਚੂਨਾ

ਦਰਸ਼ਨ ਸਿੰਘ
ਫੋਨ: 614-795-3747
ਮੁੰਬਈ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਮੁੱਦਾ ਪਿਛਲੇ ਦਿਨੀਂ ਦੁਨੀਆਂ ਭਰ ਦੇ ਮੀਡੀਏ ਵਿਚ ਸਨਸਨੀਖੇਜ਼ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਇਹ ਘੁਟਾਲਾ ਮੁੰਬਈ ਦੇ ਹੀਰੇ-ਮੋਤੀਆਂ ਦੇ ਦੋ ਵਪਾਰੀਆਂ ਚਾਚਾ-ਭਤੀਜਾ ਨੀਰਵ ਮੋਦੀ ਅਤੇ ਮਾਹੁਲ ਚੋਕਸੀ ਨੇ ਕੀਤਾ ਹੈ। ਇਹ ਘੁਟਾਲਾ ਬਹੁਤ ਗੁੰਝਲਦਾਰ ਹੈ, ਜੋ ਕਿਸੇ ਦੇ ਨਜ਼ਰੀਂ ਪਏ ਬਿਨਾ ਲਗਾਤਾਰ 6-7 ਸਾਲ ਤੋਂ ਚੱਲ ਰਿਹਾ ਸੀ। ਪੰਜਾਬ ਨੈਸ਼ਨਲ ਬੈਂਕ ਭਾਰਤ ਸਰਕਾਰ ਦਾ ਸਟੇਟ ਬੈਂਕ ਆਫ ਇੰਡੀਆ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਬੈਂਕਿੰਗ ਅਦਾਰਾ ਮੰਨਿਆ ਜਾਂਦਾ ਹੈ। ਇਸ ਅਦਾਰੇ ਵਿਚ ਚੌਕਸੀ ਵਿਭਾਗ ਅਤੇ ਮੁਦਰਾ ਦੇ ਲੇਖੇ-ਜੋਖੇ ਲਈ ਪੂਰਨ ਆਡਿਟ ਵਿਭਾਗ ਮੌਜੂਦ ਹੈ।

ਇਸ ਤੋਂ ਇਲਾਵਾ ਸਾਰੇ ਬੈਂਕਾਂ ਦੇ ਸਿਰ ਉਤੇ ਭਾਰਤ ਸਰਕਾਰ ਦਾ ‘ਰਿਜ਼ਰਵ ਬੈਂਕ ਆਫ ਇੰਡੀਆ’ ਅਤੇ ਆਰਥਿਕ ਵਿਭਾਗ ਬੈਠਾ ਹੈ। ਇਸ ਦੇ ਬਾਵਜੂਦ ਪੰਜਾਬ ਨੈਸ਼ਨਲ ਬੈਂਕ ਦੀ ਮਰਾਂਡੀ ਹਾਊਸ ਬ੍ਰਾਂਚ ਮੁੰਬਈ ਰਾਹੀਂ ਪੰਜਾਬ ਨੈਸ਼ਨਲ ਬੈਂਕ ਦੇ ਸਮੁੱਚੇ ਖਾਤੇ ਵਿਚੋਂ 12717 ਕਰੋੜ ਰੁਪਏ ਦਾ ਘੁਟਾਲਾ ਕਿਵੇਂ ਹੋ ਗਿਆ? ਆਓ ਇਸ ਘੁਟਾਲੇ ਨੂੰ ਘੋਖਣ ਦੀ ਕੋਸ਼ਿਸ਼ ਕਰਦੇ ਹਾਂ।
ਹੁਣ ਤਕ ਇਹ ਮੰਨਿਆ ਜਾਂਦਾ ਹੈ ਕਿ ਇਸ ਘੁਟਾਲੇ ਵਾਸਤੇ ਪੰਜਾਬ ਨੈਸ਼ਨਲ ਬੈਂਕ ਦੀ ਮਰਾਂਡੀ ਹਾਊਸ ਬ੍ਰਾਂਚ ਮੁੰਬਈ ਦੇ ਸਿਰਫ 2 ਛੋਟੀ ਪੱਧਰ ਦੇ ਕਰਮਚਾਰੀ ਹੀ ਮੁੱਖ ਤੌਰ ‘ਤੇ ਜਿੰਮੇਵਾਰ ਹਨ। ਇਹ ਕਥਿਤ ਦੋਸ਼ੀ ਕਰਮਚਾਰੀ ਗੋਕਲ ਨਾਥ ਸ਼ੈਟੀ ਅਤੇ ਮਨੋਜ ਕਾਰਤ ਹੀ ‘ਲੈਟਰ ਆਫ ਅੰਡਰਸਟੈਂਡਿੰਗ’ (ਐਲ਼ ਓ. ਯੂ.) ਅਤੇ ‘ਫੌਰਨ ਲੈਟਰ ਆਫ ਕਰੈਡਿਟ’ (ਐਫ਼ ਐਲ਼ ਸੀ.) ਜਾਰੀ ਕਰ ਦਿੰਦੇ ਸਨ। ਦਰਅਸਲ ਬੈਂਕ ਦੀ ਇਹ ਇੱਕ ਗਾਰੰਟੀ ਹੁੰਦੀ ਹੈ, ਜਿਸ ਦੇ ਆਧਾਰ ਉਤੇ ਦੂਜੇ ਬੈਂਕ ਗਾਰੰਟੀ ਵਿਚ ਲਿਖੀ ਰਕਮ ਅਦਾ ਕਰ ਦਿੰਦੇ ਹਨ। ਇਨ੍ਹਾਂ ਗਾਰੰਟੀ ਪੱਤਰਾਂ ਦੀ ਸੂਚਨਾ ਇਹ ਦੋਵੇਂ ਕਰਮਚਾਰੀ ਕਿਸੇ ਨੂੰ ਵੀ ਨਹੀਂ ਸਨ ਦਿੰਦੇ, ਅਰਥਾਤ ਇਹ ਜਾਅਲੀ ਗਾਰੰਟੀਆਂ ਹੁੰਦੀਆਂ ਸਨ। ਇਹ ਦੋਵੇਂ ਕਰਮਚਾਰੀ ਮੋਦੀ ਅਤੇ ਚੋਕਸੀ ਦੀਆਂ ਕੰਪਨੀਆਂ ਦੇ ਨਾਂ ਉਤੇ ਉਨ੍ਹਾਂ ਦੀ ਮਿਲੀਭੁਗਤ ਨਾਲ ਅਜਿਹੀਆਂ ਗਾਰੰਟੀਆਂ ਬਣਾਇਆ ਕਰਦੇ ਸਨ। ਇਹ ਕਰਮਚਾਰੀ ਕਈ ਸੌ ਤੋਂ ਵਧੇਰੇ ਐਲ਼ ਓ. ਯੂ. ਅਤੇ ਐਫ਼ ਐਲ਼ ਸੀ. ਮੋਦੀ ਤੇ ਚੋਕਸੀ ਦੀਆਂ ਕੰਪਨੀਆਂ ਦੇ ਨਾਂ ਉਤੇ ਦਿੰਦੇ ਰਹੇ।
ਹੈਰਾਨੀ ਦੀ ਗੱਲ ਹੈ ਕਿ ਕਿਸੇ ਨੂੰ ਇਸ ਦੀ ਭਿਣਕ ਤੱਕ ਨਾ ਪਈ। ਅਜਿਹੇ ਗਾਰੰਟੀ ਪੱਤਰ ਜਾਰੀ ਕਰਨ ਲਈ ਬੈਂਕ ਨੇ ਨਾ ਤਾਂ ਕੋਈ ‘ਇੰਪੋਰਟ ਡਾਕੂਮੈਂਟ’ ਲਏ ਅਤੇ ਨਾ ਹੀ ਇਸ ਦੀ ਮਨਜ਼ੂਰੀ ਹੈਡ ਆਫਿਸ ਤੋਂ ਲਈ ਗਈ, ਜੋ ਕਿ ਬੈਂਕਾਂ ਦੀ ਕਾਰਜ-ਵਿਧੀ ਵਿਚ ਸ਼ਾਮਿਲ ਹੈ। ਅਗਲਾ ਸਵਾਲ ਹੈ ਕਿ ਬੈਂਕ ਦੇ ਸਾਰੇ ਕਰਮਚਾਰੀ/ਅਫਸਰ (ਕਰੀਬ 70 ਹਜ਼ਾਰ), ਡਿਵੀਜ਼ਨਲ ਦਫਤਰ, ਰਿਜ਼ਨਲ ਦਫਤਰ ਅਤੇ ਹੈਡ ਦਫਤਰ ਮੌਜੂਦ ਹੋਣ ਦੇ ਬਾਵਜੂਦ ਕਿਸੇ ਨੂੰ ਇਸ ਘੁਟਾਲੇ ਦੀ ਸੂਹ ਨਾ ਲੱਗੀ? ਕੀ ਜਿਸ ਵਿਅਕਤੀ ਨੂੰ ਇਸ ਦੀ ਜਾਣਕਾਰੀ ਜਾਂ ਸੂਹ ਮਿਲਦੀ, ਉਸ ਦਾ ਮੂੰਹ ਰਿਸ਼ਵਤ ਦੇ ਕੇ ਬੰਦ ਕਰ ਦਿੱਤਾ ਜਾਂਦਾ ਸੀ?
ਸਵਾਲ ਤਾਂ ਇਹ ਵੀ ਹੈ ਕਿ ਕੀ ਬੈਂਕ ਦੇ ਛੋਟੇ ਪੱਧਰ ਦੇ ਦੋ ਕਰਮਚਾਰੀ ਇਕੱਲੇ ਹੀ 12,717 ਕਰੋੜ ਰੁਪਏ ਦਾ ਘੁਟਾਲਾ ਕਰ ਸਕਦੇ ਹਨ? ਇਸ ਸਬੰਧੀ ਇਹ ਜਾਣਕਾਰੀ ਵੀ ਮਿਲੀ ਹੈ ਕਿ ਇਨ੍ਹਾਂ ਦੋਵੇਂ ਕਰਮਚਾਰੀਆਂ ਦੀ ਸੱਤ ਸਾਲਾਂ ਵਿਚ ਬਦਲੀ ਹੀ ਨਹੀਂ ਕੀਤੀ ਗਈ, ਜਦਕਿ ਬੈਂਕ ਦੇ ਨਿਯਮਾਂ ਮੁਤਾਬਕ ਕਰਮਚਾਰੀਆਂ ਦੀਆਂ ਡਿਊਟੀਆਂ ਉਸੇ ਬ੍ਰਾਂਚ ਵਿਚ ਵੀ ਬਦਲਦੀਆਂ ਰਹਿੰਦੀਆਂ ਹਨ ਤਾਂ ਕਿ ਕਿਸੇ ਕਿਸਮ ਦਾ ਘਪਲਾ ਨਾ ਹੋਵੇ। ਇਨ੍ਹਾਂ ਦੋਹਾਂ ਹੀ ਕਰਮਚਾਰੀਆਂ ਦੀ ਨਾ ਤਾਂ ਕੰਮ-ਕਾਜ ਦੀ ਡਿਊਟੀ ਬਦਲੀ ਗਈ ਅਤੇ ਨਾ ਹੀ ਬੈਂਕ ਦੀ ਬ੍ਰਾਂਚ ਵਿਚੋਂ ਬਦਲੀ ਕੀਤੀ ਗਈ। ਸੋ, ਬੈਂਕ ਦੇ ਸਮੁੱਚੇ ਪ੍ਰਬੰਧਕਾਂ ਦੀ ਇਸ ਸਾਜ਼ਿਸ਼ ਵਿਚ ਹਿੱਸੇਦਾਰੀ ਹੋ ਸਕਦੀ ਹੈ।
ਜਾਅਲੀ ਐਲ਼ ਓ. ਯੂ. ਅਤੇ ਐਫ਼ ਐਲ਼ ਸੀ. ਜਾਰੀ ਕਰਨ ਵਾਲੇ ਉਕਤ ਦੋਵੇਂ ਕਰਮਚਾਰੀ ਇੱਕ ਇੱਕ ਕਰਕੇ ਇਹ ਗਾਰੰਟੀ ਪੱਤਰ ‘ਸਵਿਫਟ ਮੈਸੇਜਜ਼’ ਰਾਹੀਂ ਵੱਖ ਵੱਖ ਦੇਸ਼ਾਂ ਅਤੇ ਭਾਰਤ ਦੇ ਵੱਖ ਵੱਖ ਬੈਂਕਾਂ ਨੂੰ ਭੇਜਦੇ ਸਨ। ਜਿਸ ਕੰਪਨੀ ਦੇ ਨਾਂ ਉਤੇ ਸਬੰਧਤ ਐਲ਼ ਓ. ਯੂ. ਜਾਂ ਐਫ਼ ਐਲ਼ ਸੀ. ਜਾਰੀ ਹੁੰਦਾ ਸੀ ਅਤੇ ਜਿਸ ਬਾਹਰਲੇ ਦੇਸ਼ ਵਿਚ ਭਾਰਤੀ ਬੈਂਕ ਦੇ ਨਾਂ ਉਤੇ ਹੁੰਦਾ ਸੀ, ਉਹ ਬੈਂਕ ਸਬੰਧਤ ਕੰਪਨੀ ਨੂੰ ਗਾਰੰਟੀ ਪੱਤਰ ਵਿਚ ਲਿਖੀ ਹੋਈ ਰਾਸ਼ੀ ਦੇ ਦਿੰਦਾ ਸੀ। ਕਈ ਸੌ ਗਾਰੰਟੀ ਪੱਤਰ ਭੇਜੇ ਗਏ ਅਤੇ ਇਨ੍ਹਾਂ ਵਿਚ ਦਰਸਾਈ ਰਾਸ਼ੀ ਦੀ ਨੀਰਵ ਮੋਦੀ ਅਤੇ ਮਾਹੁਲ ਚੋਕਸੀ ਦੀ ਜੁੰਡਲੀ ਆਪਣੀ ਇੱਛਾ ਅਨੁਸਾਰ ਡਾਲਰਾਂ ਵਿਚ ਜਾਂ ਉਸੇ ਦੇਸ਼ ਦੀ ਮੁਦਰਾ ਵਿਚ ਅਦਾਇਗੀ ਲੈ ਲਿਆ ਕਰਦੀ। ਉਹ ਉਥੋਂ ਹੀ ਸੋਨਾ/ਹੀਰੇ ਜਾਂ ਹੋਰ ਨਫੇਦਾਰ ਸਮਾਨ ਖਰੀਦ ਕੇ ਭਾਰਤ ਲੈ ਆਉਂਦੇ ਅਤੇ ਅੱਗੋਂ ਇਸ ਦੇ ਗਹਿਣੇ ਬਣਾ ਕੇ ਭਾਰਤ ਜਾਂ ਵਿਦੇਸ਼ਾਂ ਵਿਚ ਵੇਚਿਆ ਕਰਦੇ ਸਨ।
ਮਿਲੀਭੁਗਤ ਵਾਲੀ ਇਹ ਜੁੰਡਲੀ ਬੜੀ ਚਾਲਾਕੀ ਨਾਲ ਜ਼ਿਆਦਾ ਮਾਤਰਾ ਦੀ ਰਾਸ਼ੀ ਦੀਆਂ ਐਲ਼ ਓ. ਯੂ. ਜਾਂ ਐਫ਼ ਐਲ਼ ਸੀ. ਆਦਿ ਦਾ ਇੰਦਰਾਜ ਵਿਦੇਸ਼ਾਂ ਵਿਚ ਚਲਦੇ ਭਾਰਤੀ ਬੈਂਕਾਂ ਦੇ ‘ਗਲੋਬਲ ਸਵਿਫਟ ਮੈਨੇਜਿੰਗ ਸਰਵਰ’ ਵਿਚ ਸਵਿਫਟ ਮੈਸੇਜਿੰਗ ਰਾਹੀਂ ਭੇਜ ਦਿੰਦੇ ਸਨ, ਪਰ ਇਨ੍ਹਾਂ ਗਾਰੰਟੀ ਪੱਤਰਾਂ ਦਾ ਇੰਦਰਾਜ ਭਾਰਤ ਵਿਚ ਪੰਜਾਬ ਨੈਸ਼ਨਲ ਬੈਂਕਾਂ ਵਿਚ ਚੱਲਦੇ ਪੁਰਾਣੇ ‘ਫਿਨਾਕਲ ਸਾਫਟਵੇਅਰ ਸਰਵਰ’ ਵਿਚ ਨਹੀਂ ਸਨ ਕਰਦੇ। ਇੰਜ ਵੱਧ ਰਾਸ਼ੀ ਦੀਆਂ ਗਾਰੰਟੀਆਂ ਦਾ ਇੰਦਰਾਜ ਭਾਰਤ ਵਿਚ ਚੱਲਦੇ ਸਿਸਟਮ ਕਰਦੇ ਹੀ ਨਹੀਂ ਸਨ, ਜਿਸ ਨਾਲ ਆਨਲਾਈਨ ਬੈਂਕਾਂ ਦਾ ਆਪਸ ਵਿਚ ਰਕਮਾਂ ਦਾ ਲੈਣ-ਦੇਣ ਚੱਲਦਾ ਸੀ। ਇਸ ਤਰ੍ਹਾਂ ਉਪਰੋਕਤ ਗਾਰੰਟੀ ਪੱਤਰਾਂ ਦੀ ਪੂਰਨ ਰਾਸ਼ੀ ਮੋਦੀ ਅਤੇ ਚੋਕਸੀ ਵਿਦੇਸ਼ਾਂ ਵਿਚ ਚੱਲਦੇ ਭਾਰਤੀ ਬੈਂਕਾਂ ਰਾਹੀਂ ਲੈ ਗਏ, ਪਰ ਇਸ ਰਾਸ਼ੀ ਦੀ ਦੇਣਦਾਰੀ ਨਹੀਂ ਸੀ ਹੋਈ।
ਇਕ ਹੋਰ ਚਾਲਾਕੀ ਇਹ ਕੀਤੀ ਜਾਂਦੀ ਸੀ ਕਿ ਛੋਟੀ ਰਾਸ਼ੀ ਦੇ ਐਲ਼ ਓ. ਯੂ. ਜਾਂ ਐਫ਼ ਐਲ਼ ਸੀ. ਆਦਿ ਦੇ ਇੰਦਰਾਜ ਵਿਦੇਸ਼ਾਂ ਵਿਚ ਚਲਦੇ ‘ਗਲੋਬਲ ਸਵਿਫਟ ਮੈਸੇਜਿੰਗ ਸਰਵਰ’ ਵਿਚ ਸਵਿਫਟ ਮੈਸੇਜਿੰਗ ਰਾਹੀਂ ਪਾ ਦਿੱਤੇ ਜਾਂਦੇ ਅਤੇ ਇਨ੍ਹਾਂ ਦਾ ਇੰਦਰਾਜ ਬੜੀ ਇਹਤਿਆਤ ਨਾਲ ਭਾਰਤ ਵਿਚ ਚੱਲਦੇ ਪੁਰਾਣੇ ਸਾਫਟਵੇਅਰ ਸਿਸਟਮ ਵਿਚ ਪਾ ਦਿੰਦੇ। ਪਰ ਇਨ੍ਹਾਂ ਗਾਰੰਟੀ ਪੱਤਰਾਂ ਦੀ ਪੇਮੈਂਟ ਚਾਚਾ-ਭਤੀਜਾ ਬਿਲਕੁਲ ਸਮੇਂ ਸਿਰ ਬੈਂਕ ਨੂੰ ਅਦਾ ਕਰ ਕੇ ਬੈਂਕ ਦੇ ਚੰਗੇ ਗਾਹਕ ਬਣੇ ਰਹਿੰਦੇ। ਇਸ ਰਾਸ਼ੀ ਦੇ ਸਬੰਧ ਵਿਚ ਇੰਪੋਰਟ ਡਾਕੂਮੈਂਟ ਵੀ ਲਏ ਜਾਂਦੇ ਅਤੇ ਉਪਰਲੇ ਦਫਤਰਾਂ ਤੋਂ ਵੀ ਮਨਜ਼ੂਰੀ ਲਈ ਜਾਂਦੀ।
ਹੈਰਾਨੀਜਨਕ ਗੱਲ ਹੈ ਕਿ ਭਾਰਤ ਵਿਚ ਪੰਜਾਬ ਨੈਸ਼ਨਲ ਬੈਂਕ ਨੇ ਇਨਫੋਸਿਸ ਦਾ ‘ਫਿਨਾਕਲ ਸਾਫਟਵੇਅਰ ਸਰਵਰ’ 2001 ਤੋਂ ਚਾਲੂ ਕਰ ਦਿੱਤਾ ਸੀ, ਜਿਸ ਵਿਚ ਬੈਂਕਾਂ ਦਾ ਲੈਣ-ਦੇਣ ਆਨਲਾਈਨ ਕੀਤਾ ਜਾਂਦਾ ਸੀ। ਇਨਫੋਸਿਸ ਨੇ ਆਪਣਾ ਨਵਾਂ ਸਾਫਟਵੇਅਰ ‘ਗਲੋਬਲ ਮੈਸੇਜਿੰਗ ਸਰਵਰ’ 2008 ਵਿਚ ਵਿਦੇਸ਼ੀ ਬੈਂਕਾਂ ਵਿਚ ਚਾਲੂ ਕਰ ਦਿੱਤਾ ਸੀ, ਪਰ ਭਾਰਤ ਵਿਚ ਪੰਜਾਬ ਨੈਸ਼ਨਲ ਬੈਂਕ ਵਿਚ ਇਹ ਨਵਾਂ ਸਿਸਟਮ ਲਾਗੂ ਨਹੀਂ ਕੀਤਾ ਗਿਆ। ਇਹੀ ਕਾਰਨ ਹੈ, ਜਿਸ ਨੇ ਐਨੇ ਵੱਡੇ ਘੁਟਾਲੇ ਨੂੰ ਜਨਮ ਦਿੱਤਾ। ਇਸ ਲਗਾਤਾਰ 6-7 ਸਾਲ ਚੱਲੇ ਘੁਟਾਲੇ ਦੇ ਪਿੱਛੇ ਲਾਜ਼ਮੀ ਉਚ ਪੱਧਰ ਦੇ ਪੂੰਜੀਪਤੀਆਂ, ਭ੍ਰਿਸ਼ਟ ਸਿਆਸਤਦਾਨਾਂ ਅਤੇ ਭ੍ਰਿਸ਼ਟ ਨੌਕਰਸ਼ਾਹਾਂ ਦੀ ਜੁੰਡਲੀ ਦੀ ਮਿਲੀਭੁਗਤ ਰਹੀ ਹੈ।
ਸਾਲ 2017 ਵਿਚ ਅਜਿਹੀਆਂ ਬੈਂਕ ਗਾਰੰਟੀਆਂ ਦੀ ਪੜਤਾਲ ਕਰਨ ਤੋਂ ਪਤਾ ਲੱਗਾ ਕਿ ਚਾਚੇ-ਭਤੀਜੇ ਦੀ ਇਸ ਜੁੰਡਲੀ ਨੇ ਇੱਕਦਮ ਵੱਡੀ ਮਾਤਰਾ ਵਿਚ ਘੁਟਾਲਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸਮੇਂ ਹੀ 140 ਜਾਅਲੀ ਐਲ਼ ਓ. ਯੂ. ਵੱਖ ਵੱਖ ਦੇਸ਼ਾਂ ਦੇ 7 ਬੈਂਕਾਂ ਦੇ ਨਾਂ ਉਤੇ ਭੇਜੀਆਂ ਗਈਆਂ, ਜਿਨ੍ਹਾਂ ਨਾਲ ਮੋਦੀ ਅਤੇ ਚੋਕਸੀ ਦੀਆਂ ਕੰਪਨੀਆਂ ਨੂੰ 473 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਗਿਆ। ਇਨ੍ਹਾਂ ਹੀ 5 ਮਹੀਨਿਆਂ ਦੇ ਸਮੇਂ ਵਿਚ 200 ਐਫ਼ ਐਲ਼ ਸੀ. ਅਧੀਨ 359 ਮਿਲੀਅਨ ਡਾਲਰ ਦੀ ਅਦਾਇਗੀ ਕੀਤੀ ਗਈ। ਇਸ ਤਰ੍ਹਾਂ ਇਨ੍ਹਾਂ 340 ਬੈਂਕ ਗਾਰੰਟੀਆਂ ਨਾਲ ਸਿਰਫ ਪੰਜ ਮਹੀਨਿਆਂ ਵਿਚ 796 ਮਿਲੀਅਨ ਡਾਲਰ ਯਾਨਿ 2320 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ। ਇਹ 2320 ਕਰੋੜ ਰੁਪਏ ਲੈ ਕੇ ਨੀਰਵ ਮੋਦੀ ਅਤੇ ਮਾਹੁਲ ਚੋਕਸੀ ਦੇਸ਼ ਛੱਡ ਕੇ ਵਿਦੇਸ਼ ਵਿਚ ਜਾ ਵਸੇ।
ਇੰਨੀ ਜਲਦੀ 340 ਬੈਂਕ ਗਾਰੰਟੀਆਂ ਨਾਲ 2320 ਕਰੋੜ ਰੁਪਏ ਦਾ ਘੁਟਾਲਾ ਕਰਨਾ ਇੱਕ ਗਿਣੀ-ਮਿਥੀ ਸਾਜ਼ਿਸ਼ ਲੱਗਦੀ ਹੈ। ਇਸ 12,717 ਕਰੋੜ ਰੁਪਏ ਦੇ ਘੁਟਾਲੇ ਅਤੇ ਅੰਕੜਿਆਂ ਅਨੁਸਾਰ ਭਾਰਤ ਸਰਕਾਰ ਦੇ ਬੈਂਕ ਵਿਚ 31 ਦਸੰਬਰ 2017 ਨੂੰ 6,09,222 ਕਰੋੜ ਰੁਪਏ ਨਾ ਮੁੜਨ ਵਾਲੇ ਲੋਨ ਦੇ ਖੜ੍ਹੇ ਹਨ। ਅਜਿਹੇ ਹਾਲਾਤ ਵਿਚ ਭਾਰਤ ਦੀ ਅਰਥ-ਵਿਵਸਥਾ ਡਾਂਵਾਡੋਲ ਹੋਣੀ ਸੁਭਾਵਿਕ ਹੈ|