ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ ਵਿਖੇ ਚੱਲੀ ਦੋ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਨੇ ਮੈਨੂੰ ਅੱਖੀਂ ਤੱਕੀਆਂ ਵਿਸ਼ਵ ਲੇਖਕ ਮਿਲਣੀਆਂ ਚੇਤੇ ਕਰਵਾ ਦਿੱਤੀਆਂ। ਮੈਂ ਤਿੰਨ ਕਾਨਫਰੰਸਾਂ ਦੀ ਵਿਲੱਖਣਤਾ ਦੱਸਣੀ ਚਾਹਾਂਗਾ। ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ 6 ਜੂਨ ਤੋਂ 21 ਜੂਨ 1980 ਵਿਚ ਪੂਰੇ ਦੋ ਹਫਤੇ ਬਰਤਾਨੀਆ ਵਿਚ ਚੱਲੀ। ਇਸ ਵਿਚ ਦੁਨੀਆਂ ਭਰ ਤੋਂ ਤਿੰਨ ਦਰਜਨ ਲੇਖਕ ਆਏ, ਜਿਨ੍ਹਾਂ ਨੂੰ ਪ੍ਰਬੰਧਕਾਂ ਨੇ ਬਰਤਾਨੀਆ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਘੁਮਾਇਆ ਅਤੇ ਹਰ ਥਾਂ ਸਾਂਝੇ ਵਿਸ਼ੇ ਉਤੇ ਸੈਮੀਨਾਰ ਵੀ ਰਚਾਏ।
ਦਿਨ ਦੇ ਸਮੇਂ ਸੈਮੀਨਾਰ ਹੁੰਦੇ ਤੇ ਸ਼ਾਮ ਨੂੰ ਕਵੀ ਦਰਬਾਰ ਤੇ ਨਾਟਕ। ਪੰਜਾਬ ਤੋਂ ਭਾਗ ਲੈਣ ਵਾਲੇ ਸੋਹਣ ਸਿੰਘ ਜੋਸ਼, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਹਰਿਭਜਨ ਸਿੰਘ ਆਦਿ ਸਾਰੇ ਹੀ ਉਸ ਕਾਨਫਰੰਸ ਰਾਹੀਂ ਪਹਿਲੀ ਵਾਰ ਬਰਤਾਨੀਆ ਗਏ ਸਨ। ਏਨਾ ਵੱਡਾ ਮੇਲਾ ਰਚਾਉਣ ਵਾਲੀ ਬਰਤਾਨੀਆ ਦੀ ਪ੍ਰਗਤੀਸ਼ੀਲ ਲੇਖਕ ਸਭਾ ਸੀ ਜੋ ਰਣਜੀਤ ਧੀਰ, ਜੁਗਿੰਦਰ ਸ਼ਮਸ਼ੇਰ, ਅਵਤਾਰ ਜੰਡਿਆਲਵੀ ਤੇ ਸ਼ਿਵਚਰਨ ਗਿੱਲ ਦੇ ਸਾਂਝੇ ਉਦਮ ਨਾਲ ਵਿਉਂਤੀ ਗਈ।
ਇਸ ਕਾਨਫਰੰਸ ਲਈ ਆਪਣੀਆਂ ਕਾਰਾਂ, ਕੋਠੀਆਂ ਤੋਂ ਬਿਨਾ ਯੂਨੀਵਰਸਿਟੀਆਂ, ਗੁਰਦੁਆਰਿਆਂ ਤੇ ਮਸੀਤਾਂ ਦੇ ਮਹਿਮਾਨਖਾਨਿਆਂ ਦੀਆਂ ਕੁੰਜੀਆਂ ਆਪਣੇ ਕਬਜ਼ੇ ਵਿਚ ਕਰ ਰੱਖੀਆਂ ਸਨ। ਮਜ਼ਾ ਆ ਗਿਆ।
1983 ਵਿਚ ਭਾਰਤ ਸਰਕਾਰ ਨੇ ਮੈਨੂੰ ਤੇ ਤਾਮਿਲ ਲੇਖਿਕਾ ਵਾਸੰਤੀ ਸੁੰਦਰਮ ਨੂੰ ਫਰਾਂਸ ਵਿਖੇ ਹੋ ਰਹੀ ਵਿਸ਼ਵ ਲੇਖਕ ਮਿਲਣੀ ਵਿਚ ਸ਼ਾਮਲ ਹੋਣ ਲਈ ਭੇਜਿਆ।
ਫਰਾਂਸ ਦੇ ਸ਼ਹਿਰ ਨੀਸ ਵਿਖੇ ਹੋਈ ਇਸ ਲੇਖਕ ਮਿਲਣੀ ਵਿਚ ਦੁਨੀਆਂ ਭਰ ਦੇ ਕਵੀ, ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਜੀਵਨੀ ਲੇਖਕ ਤੇ ਪੱਤਰਕਾਰ-ਸਭ ਸ਼ਾਮਲ ਹੋਏ। ਮੈਨੂੰ ਤੇ ਵਾਸੰਤੀ ਨੂੰ ਵੀ ਭਾਰਤ ਦੇ ਮਹਾਨ ਲੇਖਕ ਦੱਸ ਕੇ ਪੇਸ਼ ਕੀਤਾ ਗਿਆ। ਸਾਨੂੰ ਸਮੁੰਦਰ ਦੇ ਕੰਢੇ ਆਲੀਸ਼ਾਨ ਬੈਂਡ ਵਜਾ ਕੇ ਸ਼ਾਮ ਦੇ ਖਾਣੇ ਲਈ ਲਿਜਾਇਆ ਗਿਆ। ਅਸੀਂ ਸਾਗਰ ਤੱਟ ਦੇ ਕਿਸੇ ਵੀ ਹੋਟਲ ਵਿਚ ਪਰਵੇਸ਼ ਕਰਕੇ ਕੁਝ ਵੀ ਖਾ ਪੀ ਸਕਦੇ ਸਾਂ। ਹੋਟਲਾਂ ਵਿਚ ਤਿਆਰ ਕੀਤੇ ਖਾਣਿਆਂ ਤੇ ਵਰਤਾਈਆਂ ਜਾਣ ਵਾਲੀਆਂ ਸ਼ਰਾਬਾਂ ਦੇ ਨਾਂ ਮੋਟੇ ਅੱਖਰਾਂ ਵਿਚ ਲਿਖੇ ਹੋਏ ਸਨ। ਸਾਡੇ ਰਹਿਣ ਦਾ ਪ੍ਰਬੰਧ ਪੰਜ-ਤਾਰਾ ਹੋਟਲ ਮੈਰੀਡੀਅਨ ਵਿਚ ਕੀਤਾ ਹੋਇਆ ਸੀ। ਨੀਸ ਦੇ ਮੇਅਰ ਮਾਰਸ਼ਲ ਜੂਲੀਅਨ ਦਾ ਹੁਕਮ ਸੀ ਕਿ ਕਿਸੇ ਡੈਲੀਗੇਟ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਹੋਈ ਤਾਂ ਜਿੰਮੇਵਾਰ ਵਿਅਕਤੀ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।
ਜਿਸ ਆਡੀਟੋਰੀਅਮ ਵਿਚ ਕਾਨਫਰੰਸ ਹੋਣੀ ਸੀ, ਉਹ ਨਵੀਂ ਦਿੱਲੀ ਦੀ ਖੁੱਲ੍ਹੀ ਰਾਬਿੰਦਰਾ ਰੰਗਸ਼ਾਲਾ ਜਿੰਨਾ ਵਿਸ਼ਾਲ ਸੀ। ਭਾਗ ਲੈਣ ਵਾਲਿਆਂ ਲਈ ਰੱਖੀਆਂ ਮੇਜ-ਕੁਰਸੀਆਂ ਦੀ ਕੋਈ ਤਰਤੀਬ ਨਹੀਂ ਸੀ।
ਹਰ ਮੇਜ ‘ਤੇ ਬੀਅਰ, ਜਿੰਨ ਤੇ ਠੰਡੀਆਂ ਬੋਤਲਾਂ ਵਰਤਾਈਆਂ ਜਾ ਰਹੀਆਂ ਸਨ। ਸਹਿਜੇ ਸਹਿਜੇ ਭੀੜ ਭੜੱਕਾ ਤੇ ਰੌਲਾ ਗੌਲਾ ਵੱਧ ਰਿਹਾ ਸੀ। ਮੇਜ ਵਾਲੇ ਕੀ ਕਹਿ ਰਹੇ ਸਨ ਤੇ ਕਿਸ ਨੂੰ, ਇਸ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ।
ਕਾਨਫਰੰਸ ਦੀ ਖਿੱਚ ਦਾ ਕੇਂਦਰ ਫਰਾਂਸੀਸੀ ਬੈਲੇ ਡਾਂਸਰ ਲੁਡਮਿਲਾ ਚੈਰੀਨਾ ਸੀ। ਉਹ ਜਿਸ ਮੇਜ ਉਤੇ ਜਾ ਕੇ ਬਹਿੰਦੀ, ਦੂਰੋਂ ਨੇੜਿਓਂ ਕੁਰਸੀਆਂ ਲਿਆ ਕੇ ਸਾਰੇ ਉਸ ਦੇ ਆਲੇ ਦੁਆਲੇ ਬਹਿ ਜਾਂਦੇ। ਉਹ 50ਵਿਆਂ ਦੀ ਹੋ ਕੇ ਵੀ ਪੰਝੀਆਂ ਦੀ ਲੱਗ ਰਹੀ ਸੀ।
ਮੇਰੀ ਦਾੜ੍ਹੀ, ਪਗੜੀ ਅਤੇ ਵਾਸੰਤੀ ਦੀਆਂ ਕਾਲੀਆਂ ਤੇ ਵੱਡੀਆਂ ਅੱਖਾਂ ਖਿੱਚ ਦਾ ਕਾਰਨ ਬਣੀਆਂ। ਇਕ ਯੁਵਤੀ ਮੇਰੇ ਕੋਲ ਬਹਿ ਕੇ ਖੁਸ਼ਵੰਤ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਬਾਰੇ ਗੱਲਾਂ ਕਰਨ ਲੱਗ ਪਈ; ਤੇ ਇੱਕ ਵਾਸੰਤੀ ਨਾਲ ਤਾਮਿਲ ਲੇਖਕਾਂ ਬਾਰੇ। ਉਨ੍ਹਾਂ ਦੇ ਸਾਡੇ ਕੋਲ ਆ ਕੇ ਬੈਠਣ ਨਾਲ ਸਾਡੀ ਕਾਫੀ ਇੱਜਤ ਬਣ ਗਈ ਸੀ, ਜਿਹੜੀ ਕਾਨਫਰੰਸ ਦੇ ਪੰਜੇ ਦਿਨ ਜਾਰੀ ਰਹੀ।
ਚੰਡੀਗੜ੍ਹ ਵਾਲੀ ਕਾਨਫਰੰਸ ਦੀ ਵਿਲੱਖਣਤਾ ਇਹਦੇ ਵੱਲੋਂ ਪ੍ਰਦਾਨ ਕੀਤੇ ਖਾਸ ਸੇਵਾ ਸਨਮਾਨਾਂ ਕਾਰਨ ਹੈ। ਸਰਦਾਰਾ ਸਿੰਘ ਜੌਹਲ ਨੂੰ ਅਰਥ-ਸ਼ਾਸਤਰੀ ਤੇ ਸਿਖਿਆ-ਸ਼ਾਸਤਰੀ ਵਜੋਂ ਅੰਤਰਰਾਸ਼ਟਰੀ ਪੱਧਰ ਉਤੇ ਪਾਏ ਯੋਗਦਾਨ ਲਈ ਚੁਣਿਆ ਗਿਆ। ਪਿੰਡ ਜੰਡਿਆਲਾ ਦੇ ਇੱਕ ਸਾਧਾਰਨ ਪਰਿਵਾਰ ਵਿਚੋਂ ਉਠ ਕੇ ਭਾਰਤ ਦੇ ਖੇਤੀ ਕਮਿਸ਼ਨ, ਪ੍ਰਧਾਨ ਮੰਤਰੀ ਦੇ ਆਰਥਕ ਸਲਾਹਕਾਰ, ਅਤੇ ਰਿਸ਼ਰਵ ਬੈਂਕ ਆਫ ਇੰਡੀਆ ਦੀ ਗਵਰਨਿੰਗ ਬਾਡੀ ਦੇ ਮੈਂਬਰ ਵਜੋਂ ਹੀ ਨਹੀਂ, ਪੰਜਾਬ ਸਟੇਟ ਪਲਾਨਿੰਗ ਬੋਰਡ ਦੇ ਮੈਂਬਰ ਤੱਕ ਪਹੁੰਚਣ ਵਾਲੀ ਇਸ ਹਸਤੀ ਦਾ ਸਨਮਾਨ ਕਰਨਾ ਉਚਿੱਤ ਹੈ।
ਚਾਰ ਦਹਾਕਿਆਂ ਤੋਂ ਫਿਲੀਪੀਨ, ਥਾਈਲੈਂਡ, ਕੈਨੇਡਾ ਵਿਚ ਸਮਾਜ ਸੇਵਾ ਵਿਚ ਮਗਨ Ḕਸੁੱਖੀ ਬਾਠ ਫਾਊਂਡੇਸ਼ਨḔ ਸਥਾਪਤ ਕਰਨ ਉਪਰੰਤ ਹੁਣ ਕੈਨੇਡਾ ਵਿਚ ਪੰਜਾਬ ਦੀ ਉਸਾਰੀ ਕਰ ਕੇ ਇਸ ਨੂੰ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣਾਉਣ ਵਾਲਾ ਸੁੱਖੀ ਬਾਠ ਵੀ ਇਨ੍ਹਾਂ ਵਿਚ ਸ਼ਾਮਲ ਹੈ। ਕਪੂਰਥਲਾ ਦੇ ਸ਼ਾਹੀ ਘਰਾਣੇ ਵਿਚ ਜਨਮੀ ਅਨੀਤਾ ਸਿੰਘ ਨੇ ਅਲਾਇੰਸ ਫਰਾਂਸੇ ਤੇ ਇਨਟੈਕ ਦੀ ਅਗਵਾਈ ਕਰਦਿਆਂ ਸ਼ਾਸਤਰੀ ਸੰਗੀਤ ਦੀਆਂ ਪੰਜਾਬੀ ਵਿਚ ਲਿਖੀਆਂ ਮੂਲ ਬੰਦਿਸ਼ਾਂ ਦੀ ਸਾਂਭ ਸੰਭਾਲ ਲਈ ਅਦੁੱਤੀ ਕੰਮ ਕੀਤਾ ਹੈ। ਟੋਰਾਂਟੋ ਵਿਚ ਪ੍ਰਥਮ ਰੇਡੀਓ ਸ਼ੋਅ ਸ਼ੁਰੂ ਕਰਕੇ ਇਕਬਾਲ ਮਾਹਲ ਨੇ ਜਗਜੀਤ, ਚਿੱਤਰਾ ਤੇ ਸੁਰਿੰਦਰ ਕੌਰ ਵਰਗੇ ਉਚ ਕੋਟੀ ਦੇ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਕੇ ਕੈਨੇਡਾ ਵਿਚ ਬੇਸਹਾਰਾ ਬੱਚਿਆਂ ਦੇ ਇਲਾਜ ਲਈ ਰਕਮਾਂ ਜੁਟਾਉਣ ਦਾ ਵਿਲੱਖਣ ਕੰਮ ਕੀਤਾ ਹੈ।
ਜੈਤੋ ਦੇ ਜੰਮਪਲ ਜੰਗ ਬਹਾਦਰ ਗੋਇਲ ਨੇ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲਾਂ ਨੂੰ ਚਾਰ ਜਿਲਦਾਂ ਵਿਚ ਪੇਸ਼ ਕਰਨ ਤੋਂ ਬਿਨਾ 56 ਕਲਾਸੀਕਲ ਰਚਨਾਵਾਂ ਦਾ ਪੰਜਾਬੀ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਦੀ ਅੰਤਰਰਾਸ਼ਟਰੀ ਸੋਚ ਨੂੰ ਚਮਕਾਇਆ ਤੇ ਵਧਾਇਆ ਹੈ। ਹੋਰਨਾਂ ਪ੍ਰਾਪਤੀਆਂ ਤੋਂ ਬਿਨਾ ਮੈਂ ਚੰਡੀਗੜ੍ਹ ਦੀ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਉਨ੍ਹਾਂ ਵੱਲੋਂ ਕੀਤੀ ਗਈ ਸੁਚੱਜੀ ਚੋਣ ਨੂੰ ਵਿਲਖਣ ਮੰਨਦਾ ਹਾਂ।
ਬਰਤਾਨੀਆ ਦੀ ਕਾਨਫਰੰਸ ਵਿਚ ਉਥੋਂ ਦੇ ਗੁਰਦੁਆਰਿਆਂ ਦਾ ਅਹਿਮ ਯੋਗਦਾਨ ਸੀ। ਪੈਰਿਸ ਵਾਲੀ ਕਾਨਫਰੰਸ ਵਿਚ ਪੈਰਿਸ ਸਰਕਾਰ ਦਾ ਅਤੇ ਚੰਡੀਗੜ੍ਹ ਵਾਲੀ ਕਾਨਫਰੰਸ ਵਿਚ ਨਾਮਧਾਰੀ ਦਰਬਾਰ, ਭੈਣੀ ਸਾਹਿਬ ਦਾ।
ਭਾਰਤ-ਪਾਕਿ ਆਉਣ-ਜਾਣ ਦੀ ਗੱਲ: ਅਸੀਂ ਚੰਡੀਗੜ੍ਹ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਪਾਕਿਸਤਾਨ ਦੇ ਪੰਜਾਬੀ ਪਿਆਰੇ ਫਖਰ ਜਮਾਂ ਨੂੰ ਭਾਰਤ ਸਰਕਾਰ ਵੱਲੋਂ ਲੋੜੀਂਦਾ ਵੀਜ਼ਾ ਨਾ ਦਿੱਤੇ ਜਾਣ ‘ਤੇ ਹੈਰਾਨ ਹੋ ਰਹੇ ਸਾਂ ਕਿ ਮਾਨਸਾ ਤੋਂ ਇਸ ਤਰ੍ਹਾਂ ਦੀ ਨਵੀਂ ਖਬਰ ਆਈ ਹੈ। 23 ਤੋਂ 28 ਮਾਰਚ ਤੱਕ ਸੀ. ਪੀ. ਆਈ. (ਐਮ. ਐਲ਼) ਲਿਬਰੇਸ਼ਨ ਵੱਲੋਂ ਰਚਾਏ ਜਾ ਰਹੇ 10ਵੇਂ ਮਹਾਂ ਸੰਮੇਲਨ ਵਿਚ ਸ਼ਾਮਲ ਹੋਣ ਲਈ ਉਤਾਵਲੇ ਪਾਕਿਸਤਾਨੀਆਂ ਵਿਚੋਂ ਕਿਸੇ ਇੱਕ ਨੂੰ ਵੀ ਵੀਜ਼ਾ ਨਹੀਂ ਦਿੱਤਾ ਜਾ ਰਿਹਾ। ਦੇਸ਼ ਵੰਡ ਦੇ ਸੱਤਰ ਸਾਲ ਲੰਘ ਜਾਣ ਪਿੱਛੋਂ ਵੀ ਇਸ ਤਰ੍ਹਾਂ ਦਾ ਵਰਤਾਰਾ ਨਿੰਦਣਯੋਗ ਹੈ।
ਅੰਤਿਕਾ: ਫਿਰਾਜ਼ ਗੋਰਖਪੁਰੀ
ਹੈਰਾਂ ਹੂਏ ਨਾ ਥੇ ਜੋ ਤਸੱਵੁਰ ਮੇਂ ਭੀ ਕਭੀ,
ਤਸਵੀਰ ਹੋ ਗਏ ਤੇਰੀ ਤਸਵੀਰ ਦੇਖ ਕਰ।