ਪਰਮਜੀਤ ਸਿੰਘ ਪਰਵਾਨਾ
ਭਾਰਤ ਦਾ ਮਹਾਨ ਗਾਇਕ, ਸੁਰਾਂ ਦਾ ਸ਼ਹਿਨਸ਼ਾਹ ਅਤੇ ਫਰਿਸ਼ਤਾ ਰੂਪੀ ਇਨਸਾਨ ਸੀ ਮੁਹੰਮਦ ਰਫ਼ੀ। ਇਹ ਉਹ ਆਵਾਜ਼ ਸੀ ਜਿਸ ਬਿਨਾਂ ਹਿੰਦੀ ਫ਼ਿਲਮ ਸੰਗੀਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੀ ਗਾਇਕੀ ਦਾ ਅੰਦਾਜ਼ ਅਤੇ ਅਦਾਇਗੀ ਹਰ ਫ਼ਿਲਮੀ ਨਾਇਕ ਜਾਂ ਕਲਾਕਾਰ ‘ਤੇ ਢੁੱਕਦੀ ਸੀ ਅਤੇ ਦਰਸ਼ਕ ਨੂੰ ਲੱਗਦਾ ਸੀ ਕਿ ਗੀਤ ਰਫ਼ੀ ਸਾਹਿਬ ਨਹੀਂ, ਉਹ ਕਲਾਕਾਰ ਖ਼ੁਦ ਗਾ ਰਿਹਾ ਹੈ। ਉਨ੍ਹਾਂ ਦੇ ਗਾਏ ਸੈਂਕੜੇ ਗੀਤ ਦਿਲ ਦੀਆਂ ਡੂੰਘਾਈਆਂ ਵਿਚ ਉਤਰ ਜਾਣ ਵਾਲੇ ਹਨ। ਉਨ੍ਹਾਂ ਦਾ ਜਾਦੂ ਅੱਜ ਵੀ ਹਰ ਉਮਰ ਵਰਗ ਦੇ ਸੰਗੀਤ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ।
ਮੁਹੰਮਦ ਰਫ਼ੀ ਦਾ ਜਨਮ (24 ਦਸੰਬਰ, 1924) ਪਿੰਡ ਕੋਟਲਾ ਸੁਲਤਾਨ ਸਿੰਘ (ਨੇੜੇ ਮਜੀਠਾ, ਅੰਮ੍ਰਿਤਸਰ) ਵਿਖੇ ਹੋਇਆ। ਪਰਿਵਾਰ ਦਾ ਗਾਇਕੀ ਨਾਲ ਰਿਸ਼ਤਾ ਨਹੀਂ ਸੀ, ਪਰ ਖ਼ੁਦਾ ਨੇ ਰਫ਼ੀ ਨੂੰ ਤਾਂ ਸੰਗੀਤ ਲਈ ਹੀ ਇਸ ਜਹਾਨ ਵਿਚ ਭੇਜਿਆ ਸੀ। ਉਨ੍ਹਾਂ ਜੋ ਵੀ ਗਾਇਆ, ਬਸ ਕਮਾਲ ਹੀ ਕੀਤੀ। ਬੇਸ਼ੱਕ ਉਨ੍ਹਾਂ ਆਪਣੀ ਮਾਂ ਬੋਲੀ ਪੰਜਾਬੀ ਤੇ ਮੁੱਖ ਤੌਰ ‘ਤੇ ਹਿੰਦੀ ਫ਼ਿਲਮਾਂ ਲਈ ਹੀ ਗਾਇਆ, ਪਰ ਕੋਂਕਣੀ, ਭੋਜਪੁਰੀ, ਬੰਗਲਾ, ਮਰਾਠੀ, ਸਿੰਧੀ, ਮੈਥਿਲੀ, ਤੇਲਗੂ, ਕੰਨੜ, ਗੁਜਰਾਤੀ, ਅੰਗਰੇਜ਼ੀ, ਅਰਬੀ, ਫਾਰਸੀ, ਸਿੰਹਾਲੀ ਤੇ ਡੱਚ ਭਾਸ਼ਾਵਾਂ ਵਿਚ ਵੀ ਗੀਤ ਗਾਏ। ਅਜਿਹਾ ਐਜਾਜ਼ ਕਿਸੇ ਹੋਰ ਗਾਇਕ ਦੇ ਹਿੱਸੇ ਨਹੀਂ ਆਇਆ।
ਰਫ਼ੀ ਸਾਹਿਬ ਨੇ ਪਹਿਲੀ ਵਾਰ 13 ਸਾਲ ਦੀ ਛੋਟੀ ਜਿਹੀ ਉਮਰ ਵਿਚ ਲਾਹੌਰ ਦੀ ਇੱਕ ਸਟੇਜ ‘ਤੇ ਗਾਉਣਾ ਸ਼ੁਰੂ ਕੀਤਾ ਅਤੇ 1941 ਤੋਂ 1944 ਤਕ ਲਾਹੌਰ ਰੇਡੀਓ ਸਟੇਸ਼ਨ ‘ਤੇ ਲਗਾਤਾਰ ਗਾਉਂਦੇ ਰਹੇ। ਉਨ੍ਹਾਂ ਆਪਣੀ ਪਹਿਲੀ ਫ਼ਿਲਮ ‘ਗੁਲ ਬਲੋਚ’ ਲਈ ਜ਼ੀਨਤ ਬੇਗ਼ਮ ਨਾਲ ਦੋਗਾਣਾ ਗਾਇਆ। ਬੋਲ ਸਨ ‘ਸੋਹਣੀਏ ਨੀਂ ਹੀਰੀਏ ਨੀਂ, ਤੇਰੀ ਯਾਦ ਨੇ ਬੜਾ ਸਤਾਇਆ’। 1944 ਵਿਚ ਉਹ ਮੁੰਬਈ ਆ ਗਏ ਤੇ ਇਥੇ ਆਉਂਦਿਆਂ ਹੀ ਫ਼ਿਲਮ ‘ਗਾਉਂ ਕੀ ਗੋਰੀ’ ਲਈ ਗਾਉਣ ਦਾ ਮੌਕਾ ਮਿਲ ਗਿਆ। 1950 ਤੋਂ 1960 ਵਿਚਕਾਰ ਸੰਗੀਤ ਨਿਰਦੇਸ਼ਕ ਨੌਸ਼ਾਦ ਅਲੀ ਅਤੇ ਰਫ਼ੀ ਸਾਹਿਬ ਦੀ ਜੋੜੀ ਨੇ ਅਨੇਕਾਂ ਅਮਰ ਗੀਤ ਦਿੱਤੇ। ਫ਼ਿਲਮ ‘ਬੈਜੂ ਬਾਵਰਾ’ ਦੇ ਦੋ ਮਕਬੂਲ ਸੈਮੀ-ਕਲਾਸੀਕਲ ਗੀਤਾਂ ‘ਓ ਦੁਨੀਆ ਕੇ ਰਖਵਾਲੇ’ ਤੇ ‘ਮਨ ਤਰਪਤ ਹਰੀ ਦਰਸ਼ਨ ਕੋ ਆਜ’ ਗਾ ਕੇ ਰਫ਼ੀ ਸਾਹਿਬ ਨੇ ਆਪਣੀ ਸਮਰੱਥਾ ਦਾ ਲੋਹਾ ਮਨਵਾ ਲਿਆ ਸੀ। ਇਸ ਦੌਰ ਦੀਆਂ ਫ਼ਿਲਮਾਂ ‘ਮੁਗ਼ਲ-ਏ-ਆਜ਼ਮ’, ‘ਪਹਿਲੇ ਆਪ’, ‘ਅਨਮੋਲ ਘੜੀ’, ‘ਦੁਲਾਰੀ’, ‘ਸ਼ਾਹਜਹਾਂ’, ‘ਦੀਦਾਰ’, ‘ਦੀਵਾਨਾ’, ‘ਉੜਨ ਖਟੋਲਾ’ ਤੇ ਇਸ ਤੋਂ ਬਾਅਦ ਦੀਆਂ ਫ਼ਿਲਮਾਂ ‘ਨਯਾ ਦੌਰ’, ‘ਤੁਮਸਾ ਨਹੀਂ ਦੇਖਾ’, ‘ਕਸ਼ਮੀਰ ਕੀ ਕਲੀ’, ‘ਪ੍ਰੋਫ਼ੈਸਰ’, ‘ਜੰਗਲੀ’, ‘ਕਾਲਾ ਪਾਨੀ’, ‘ਤੇਰੇ ਘਰ ਕੇ ਸਾਮਨੇ’ ਤੇ ‘ਗਾਈਡ’ ਦੇ ਮਕਬੂਲ ਗੀਤਾਂ ਨੂੰ ਕੌਣ ਭੁਲਾ ਸਕਦਾ ਹੈ।
ਰਫ਼ੀ ਸਾਹਿਬ ਨੇ ਛੇ ਤੋਂ ਵੱਧ ਵਾਰ ਫਿਲਮਫੇਅਰ ਐਵਾਰਡ, 1977 ਵਿਚ ਕੌਮੀ ਫ਼ਿਲਮ ਐਵਾਰਡ ਅਤੇ ਤਿੰਨ ਵਾਰ ਬੰਗਾਲੀ ਫ਼ਿਲਮ ਜਰਨਲਿਸਟਸ ਐਵਾਰਡ ਜਿੱਤੇ। 1967 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਵੱਕਾਰੀ ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ।
1948 ਵਿਚ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਸੰਗੀਤਕਾਰ ਹੁਸਨ ਲਾਲ ਭਗਤ ਰਾਮ, ਗੀਤਕਾਰ ਰਾਜਿੰਦਰ ਕ੍ਰਿਸ਼ਨ ਤੇ ਗਾਇਕ ਰਫ਼ੀ ਸਾਹਿਬ ਨੇ ਰਾਤੋ-ਰਾਤ ਮਕਬੂਲ ਗੀਤ ਰਚਿਆ: ‘ਸੁਨੋ ਸੁਨੋ ਐ ਦੁਨੀਆ ਵਾਲੋ ਬਾਪੂ ਕੀ ਯੇ ਅਮਰ ਕਹਾਨੀ’। ਉਸ ਵੇਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਇਹੋ ਗੀਤ ਆਪਣੇ ਬੰਗਲੇ ‘ਤੇ ਆ ਕੇ ਗਾਉਣ ਲਈ ਰਫ਼ੀ ਸਾਹਿਬ ਨੂੰ ਬੇਨਤੀ ਕੀਤੀ ਜੋ ਉਨ੍ਹਾਂ ਕਬੂਲ ਕੀਤੀ। ਜੁਲਾਈ (ਮਹਾਨ ਗਾਇਕ ਦੀ ਬਰਸੀ ਵਾਲਾ ਮਹੀਨਾ) 2011 ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਦੇਸ਼ ਭਰ ਵਿਚ 9 ਹਜ਼ਾਰ ਤੋਂ ਵੱਧ ਸੰਗੀਤਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਜੋ ਇੱਕ ਮਿਸਾਲ ਹੈ। ਰਫ਼ੀ ਸਾਹਿਬ ਦੇ ਗਾਏ ਮਕਬੂਲ ਗੀਤ ‘ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਯਾ ਹੈ’ ਨੂੰ ਬੀ ਬੀ ਸੀ ਏਸ਼ੀਆ ਨੈੱਟਵਰਕ ਵੱਲੋਂ ਕਰਵਾਈ ਚੋਣ ਵਿਚ ਸਭ ਤੋਂ ਵੱਧ ਹਰਦਿਲਅਜ਼ੀਜ਼ ਗੀਤ ਐਲਾਨਿਆ ਗਿਆ। ਸੀ ਐਨ ਐਨ ਟੀ ਵੀ ਚੈਨਲ ਵੱਲੋਂ ਕਰਵਾਏ ਗਏ ਸਰਵੇਖਣ ਵਿਚ ਰਫ਼ੀ ਸਾਹਿਬ ਦੀ ਆਵਾਜ਼ ਨੂੰ ‘ਹਿੰਦੀ ਸਿਨਮਾ ਦੀ ਮਹਾਨ ਆਵਾਜ਼’ ਐਲਾਨਿਆ ਗਿਆ।
ਰਫ਼ੀ ਦੇ ਗਾਏ ‘ਨੀਲ ਕਮਲ’ ਫ਼ਿਲਮ ਦੇ ਵਿਦਾਇਗੀ ਗੀਤ ‘ਬਾਬੁਲ ਕੀ ਦੁਆਏਂ ਲੇਤੀ ਜਾ’ ਨੂੰ ਕੌਮੀ ਐਵਾਰਡ ਮਿਲਿਆ। ਇਸ ਗੀਤ ਬਾਰੇ ਮਹਾਨ ਗਾਇਕ ਨੇ ਆਪਣੇ ਇੰਤਕਾਲ ਤੋਂ ਪਹਿਲਾਂ ਇੱਕ ਇੰਟਰਵਿਊ ਵਿਚ ਕਿਹਾ ਸੀ: “ਜਦੋਂ ਮੈਂ ਇਹ ਗੀਤ ਰਿਕਾਰਡ ਕਰਵਾ ਰਿਹਾ ਸੀ ਤਾਂ ਸੱਚੀਂ ਮੇਰੀਆਂ ਅੱਖਾਂ ਵਿਚ ਹੰਝੂ ਸਨ, ਕਿਉਂਕਿ ਦੋ ਦਿਨਾਂ ਬਾਅਦ ਮੈਂ ਖ਼ੁਦ ਆਪਣੀ ਬੇਟੀ ਨੂੰ ਉਸ ਦੇ ਸਹੁਰੇ ਘਰ ਵਿਦਾ ਕਰਨਾ ਸੀ।” ਰਫ਼ੀ ਨੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਆਪਣੀ ਗਾਇਕੀ ਦੇ ਸਫ਼ਰ ਦਾ ਆਖ਼ਰੀ ਗੀਤ ‘ਸ਼ਾਮ ਫਿਰ ਕਿਊਂ ਉਦਾਸ ਹੈ ਦੋਸਤ, ਤੂ ਕਹੀਂ ਆਸ-ਪਾਸ ਹੈ ਦੋਸਤ’ (ਫ਼ਿਲਮ ‘ਆਸ-ਪਾਸ’, ਸੰਗੀਤ ਲਕਸ਼ਮੀ ਕਾਂਤ ਪਿਆਰੇ ਲਾਲ) ਗਾਇਆ ਸੀ। ਇਸ ਮਹਾਨ ਗਾਇਕ ਨੂੰ ਸਪੁਰਦ-ਏ-ਖ਼ਾਕ ਕਰਨ ਤੋਂ ਪਹਿਲਾਂ ਮਾਨੋ ਇੰਦਰ ਦੇਵਤਾ ਵੀ ਖ਼ੂਬ ਰੋਇਆ ਸੀ; ਉਸ ਦਿਨ ਬਹੁਤ ਬਾਰਿਸ਼ ਹੋਈ। ਦਸ ਹਜ਼ਾਰ ਤੋਂ ਵੱਧ ਦਾ ਇਕੱਠ ਆਪਣੀਆਂ ਛਤਰੀਆਂ ਲੈ ਕੇ ਜਨਾਜ਼ੇ ਵਿਚ ਸ਼ਾਮਿਲ ਹੋਇਆ। ਇਹ ਕਿਸੇ ਵੀ ਜਨਾਜ਼ੇ ਵਿਚ ਸ਼ਾਮਿਲ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਦੱਸੀ ਜਾਂਦੀ ਹੈ।
ਰਫ਼ੀ ਸਾਹਿਬ ਬਹੁਤ ਹੌਲੀ ਹੌਲੀ ਬੋਲਦੇ ਸਨ, ਹਮੇਸ਼ਾ ਮੁਸਕੁਰਾਉਂਦਾ ਚਿਹਰਾ। ਐਚ ਐਮ ਵੀ ਕੰਪਨੀ ਨੇ ਰਫ਼ੀ ਸਾਹਿਬ ਦੇ ਗੀਤਾਂ ਦੀ ਐਲਬਮ ਰਿਲੀਜ਼ ਕਰਨੀ ਸੀ, ਐਲਬਮ ਦੇ ਕਵਰ ‘ਤੇ ਉਨ੍ਹਾਂ ਦੀ ਕੋਈ ਉਦਾਸ ਤਸਵੀਰ ਛਾਪਣੀ ਸੀ ਪਰ ਇਸ ਤਰ੍ਹਾਂ ਦੀ ਕੋਈ ਵੀ ਤਸਵੀਰ ਨਾ ਮਿਲੀ। ਉਹ ਪੈਸੇ ਦੇ ਪੀਰ ਵੀ ਨਹੀਂ ਸਨ। ਗਾਉਣ ਦਾ ਮਿਹਨਤਾਨਾ ਕਦੇ ਵੀ ਪਹਿਲਾਂ ਤੈਅ ਨਹੀਂ ਸੀ ਕਰਦੇ। ਉਨ੍ਹਾਂ ਕਈ ਹਿੰਦੀ ਤੇ ਪੰਜਾਬੀ ਫ਼ਿਲਮਾਂ ਲਈ ਮੁਫ਼ਤ ਵਿਚ ਗਾਇਆ। ਗਾਇਕਾ ਊਸ਼ਾ ਤਿਮੋਥੀ, ਜਿਨ੍ਹਾਂ ਨੂੰ ਮੁਹੰਮਦ ਰਫ਼ੀ ਸਾਹਿਬ ਨੇ ਆਪਣੀ ਧੀ ਦਾ ਦਰਜਾ ਦਿੱਤਾ ਹੋਇਆ ਸੀ, ਨੇ ਦੱਸਿਆ ਕਿ ਰਫੀ ਸਾਹਿਬ ਕਿਤੇ ਵੀ ਆਪਣੇ ਕੰਸਰਟ ਲਈ ਜਾਂਦੇ ਸਨ ਤਾਂ ਆਪਣੇ ਸਾਜ਼ਿੰਦਿਆਂ ਤੇ ਬਾਕੀ ਟੀਮ ਦਾ ਬਹੁਤ ਖ਼ਿਆਲ ਰੱਖਦੇ ਸਨ ਅਤੇ ਉਨ੍ਹਾਂ ਨੂੰ ਵੀ ਬਰਾਬਰ ਸਹੂਲਤਾਂ ਦੇਣ ਦੀ ਪ੍ਰਬੰਧਕਾਂ ਤੋਂ ਮੰਗ ਕਰਦੇ ਸਨ। ਰਫ਼ੀ ਸਾਹਿਬ ਤੇ ਕਿਸ਼ੋਰ ਕੁਮਾਰ ਚੰਗੇ ਦੋਸਤ ਸਨ। ਕਿਸ਼ੋਰ ਕੁਮਾਰ ਭਾਵੇਂ ਖ਼ੁਦ ਗਾਇਕ ਸਨ, ਫਿਰ ਵੀ ਦੋ ਫ਼ਿਲਮਾਂ ‘ਸ਼ਰਾਰਤ’ ਤੇ ‘ਰਾਗਿਨੀ’ ਵਿਚ ਅਭਿਨੇਤਾ ਕਿਸ਼ੋਰ ਕੁਮਾਰ ‘ਤੇ ਰਫ਼ੀ ਸਾਹਿਬ ਦੇ ਗਾਏ ਗੀਤ ਫ਼ਿਲਮਾਏ ਗਏ। ਇੰਤਕਾਲ ਵੇਲੇ ਕਿਸ਼ੋਰ ਕੁਮਾਰ ਬਹੁਤ ਦੇਰ ਤਕ ਰਫ਼ੀ ਸਾਹਿਬ ਦੇ ਪੈਰਾਂ ਵੱਲ ਬੈਠ ਕੇ ਹੰਝੂ ਵਹਾਉਂਦੇ ਰਹੇ। ਇਹ ਅਨੂਠੀ ਅਕੀਦਤ ਸੀ।