ਕਿਸਾਨ ਖੁਦਕਸ਼ੀਆਂ ਬਾਰੇ ਦਸਤਾਵੇਜ਼: ਨੀਰੋ’ਜ਼ ਗੈਸਟ

ਹਿੰਦੁਸਤਾਨ ਦੇ ਪੇਂਡੂ ਖੇਤਰ ਬਾਰੇ ਸ਼ਿੱਦਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਲਿਖਣ ਵਾਲੇ ਪੱਤਰਕਾਰ ਪੀ ਸਾਈਨਾਥ ਦੇ ਕੰਮ ਉਤੇ ਬਣੀ ਇਹ ਡਾਕੂਮੈਂਟਰੀ ‘ਨੀਰੋ’ਜ਼ ਗੈਸਟ’ (ਨੀਰੋ ਦੇ ਮਹਿਮਾਨ) ਹਿੰਦੁਸਤਾਨ ਵਿਚ ਪੈਦਾ ਹੋਏ ਖੇਤੀਬਾੜੀ ਸੰਕਟ ਕਾਰਨ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਬਾਰੇ ਬਹੁਪੱਖੀ ਜਾਣਕਾਰੀ ਮੁਹੱਈਆ ਕਰਦੀ ਹੈ। ਫਿਲਮਸਾਜ਼ ਦੀਪਾ ਭਾਟੀਆ ਵੱਲੋਂ ਬਣਾਈ ਇਸ ਡਾਕੂਮੈਂਟਰੀ ਵਿਚ ਸਾਈਨਾਥ ਬਹੁਤ ਸਪਸ਼ਟ ਅਤੇ ਸ਼ਕਤੀਸ਼ਾਲੀ ਢੰਗ ਨਾਲ ਇਹ ਦਰਸਾਉਂਦਾ ਹੈ ਕਿ ਹਿੰਦੁਸਤਾਨ ਦੇ ਪੇਂਡੂ ਇਲਾਕਿਆਂ ਵਿਚ ਵਾਪਰ ਰਹੀਆਂ ਇਨ੍ਹਾਂ ਖੁਦਕਸ਼ੀਆਂ ਦੀ ਅਸਲ ਜੜ੍ਹ ਸੰਸਾਰ ਪੱਧਰ ‘ਤੇ ਕੰਮ ਕਰ ਰਿਹਾ ਆਰਥਿਕ ਅਤੇ ਸਿਆਸੀ ਪ੍ਰਬੰਧ ਹੈ।

ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਵਿਚ ਖੁਦਕਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤੀਆਂ ਮੁਲਾਕਾਤਾਂ ਉਨ੍ਹਾਂ ਪਰਿਵਾਰਾਂ ਦੇ ਦੁੱਖ ਦਰਦ ਨੂੰ ਪੇਸ਼ ਕਰਨ ਦੇ ਨਾਲ ਨਾਲ ਹਿੰਦੁਸਤਾਨ ਦੇ ਪੇਂਡੂ ਇਲਾਕਿਆਂ ਵਿਚਲੀ ਬੇਵਸੀ, ਮਜਬੂਰੀ ਅਤੇ ਲਾਚਾਰੀ ਨੂੰ ਵੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀਆਂ ਹਨ। ਪੇਂਡੂ ਖੇਤਰ ਦੀ ਪੱਤਰਕਾਰੀ ਦੇ ਆਪਣੇ ਲੰਮੇ ਤਜਰਬੇ ਦੇ ਆਧਾਰ ‘ਤੇ ਪੀ ਸਾਈਨਾਥ ਵਲੋਂ ਇਨ੍ਹਾਂ ਖੁਦਕਸ਼ੀਆਂ ਬਾਰੇ ਕੀਤਾ ਵਿਸ਼ਲੇਸ਼ਣ ਇਨ੍ਹਾਂ ਖੁਦਕਸ਼ੀਆਂ ਨੂੰ ਵੱਡੇ ਪ੍ਰਸੰਗ ਵਿਚ ਦੇਖਣ ਵਿਚ ਸਹਾਈ ਹੁੰਦਾ ਹੈ।
ਸਾਈਨਾਥ ਆਪਣੀਆਂ ਟਿੱਪਣੀਆਂ ਵਿਚ ਪੇਂਡੂ ਖੇਤਰ ਦੇ ਸੰਕਟ ਦੇ ਨਾਲ ਨਾਲ ਹਿੰਦੁਸਤਾਨ ਦੇ ਵਸ਼ਿਸ਼ਟ ਤੇ ਅਮੀਰ ਵਰਗ ਅਤੇ ਸਰਕਾਰ ਦੀਆਂ ਨੀਤੀਆਂ ਉਪਰ ਵੀ ਵਿਅੰਗਮਈ ਅਤੇ ਕਰਾਰੀਆਂ ਚੋਟਾਂ ਕਰਦਾ ਹੈ। ਉਹ ਕਹਿੰਦਾ ਹੈ ਕਿ ਹਿੰਦੁਸਤਾਨ ਦੇ ਅਮੀਰ ਲੋਕਾਂ ਦੇ ਨੁਮਾਇੰਦੇ ਸਰਕਾਰ ਨੂੰ ਇਹ ਸੁਝਾਅ ਦਿੰਦੇ ਹਨ, ਕਿ ਜੇ ਉਸ ਨੇ “ਕਮਜ਼ੋਰਾਂ ਦੀ ਮਦਦ ਕਰਨੀ ਹੈ ਤਾਂ ਉਸ ਨੂੰ ਤਕੜਿਆਂ ਦੀ ਮਦਦ ਕਰਨੀ ਚਾਹੀਦੀ ਹੈ।” ਸਾਈਨਾਥ ਦਾ ਵਿਚਾਰ ਹੈ ਕਿ ਸਰਕਾਰ ਉਨ੍ਹਾਂ ਦੀ ਇਹ ਗੱਲ ਸੁਣ ਰਹੀ ਹੈ। ਨਤੀਜੇ ਵਜੋਂ ਸਰਕਾਰ ਦੀਆਂ ਅਜੋਕੀਆਂ ਨੀਤੀਆਂ ਹਿੰਦੁਸਤਾਨ ਵਿਚ ਅਮੀਰ ਅਤੇ ਗਰੀਬ ਵਿਚ ਪਾੜਾ ਵਧਾ ਰਹੀਆਂ ਹਨ।
ਹੁਣ ਸਵਾਲ ਉਠ ਸਕਦਾ ਹੈ ਕਿ ਜੇ ਹਿੰਦੁਸਤਾਨ ਵਿਚ ਅਜਿਹੇ ਹਾਲਤ ਹਨ ਤਾਂ ਇਹ ਗੱਲ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਆ ਰਹੇ? ਮੀਡੀਏ ਵਲੋਂ ਹਿੰਦੁਸਤਾਨ ਬਾਰੇ ਪੇਸ਼ ਕੀਤੀ ਜਾ ਰਹੀ ਤਸਵੀਰ ਵਿਚ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਹਾਕਿਆਂ ਦੌਰਾਨ ਹਿੰਦੁਸਤਾਨ ਵਿਚ ਬਹੁਤ ਖੁਸ਼ਹਾਲੀ ਆਈ ਹੈ। ਸਾਈਨਾਥ ਅਨੁਸਾਰ ਇਸ ਦਾ ਕਾਰਨ ਇਹ ਹੈ ਕਿ, ਦੁਨੀਆ ਵਿਚ ਸਭ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹਿੰਦੁਸਤਾਨ ਦਾ ਮੀਡੀਆ ਬੇਸ਼ੱਕ ਸਿਆਸੀ ਤੌਰ ‘ਤੇ ਤਾਂ ਆਜ਼ਾਦ ਹੈ ਪਰ ਉਹ ਮੁਨਾਫੇ ਦੀ ਕੈਦ ਵਿਚ ਹੈ। ਇਸ ਲਈ ਇਸ ਮੀਡੀਆ ਵਿਚ ਫੈਸ਼ਨ ਅਤੇ ਗਲੈਮਰ ਨੂੰ ਤਾਂ ਕਵਰ ਕੀਤਾ ਜਾਂਦਾ ਹੈ ਪਰ ਹਿੰਦੁਸਤਾਨ ਦੀ ਗਰੀਬੀ ਨੂੰ ਨਹੀਂ।
ਇਸ ਡਾਕੂਮੈਂਟਰੀ ਦਾ ਮੁੱਖ ਸੁਨੇਹਾ ਮੱਧਵਰਗੀ ਜਮਾਤ ਨਾਲ ਸਬੰਧਤ ਲੋਕਾਂ ਵਲ ਸੇਧਿਤ ਹੈ। ਸਾਈਨਾਥ ਦਾ ਕਹਿਣਾ ਹੈ ਕਿ ਹਿੰਦੁਸਤਾਨ ਦੇ ਪੇਂਡੂ ਖੇਤਰ ਦੀ ਸਥਿਤੀ ਇਸ ਲਈ ਕਾਇਮ ਰਹਿ ਰਹੀ ਹੈ, ਕਿਉਂਕਿ ਹਿੰਦੁਸਤਾਨ ਦੇ ਅਮੀਰ ਲੋਕਾਂ ਦੇ ਨਾਲ ਨਾਲ ਹਿੰਦੁਸਤਾਨ ਦੇ ਸ਼ਹਿਰੀ ਮੱਧਵਰਗ ਨੂੰ ਵੀ ਇਸ ਸਥਿਤੀ ਤੋਂ ਕੁਝ ਫਾਇਦਾ ਹੋ ਰਿਹਾ ਹੈ। ਨਤੀਜੇ ਵਜੋਂ ਇਹ ਸ਼ਹਿਰੀ ਮੱਧਵਰਗ ਨਾ ਇਸ ਸਥਿਤੀ ਬਾਰੇ ਕੁਝ ਜਾਣਨਾ ਚਾਹੁੰਦਾ ਹੈ ਅਤੇ ਨਾ ਹੀ ਇਸ ਬਾਰੇ ਕੁਝ ਕਰਨਾ ਚਾਹੁੰਦਾ ਹੈ। ਸਾਈਨਾਥ ਦਲੀਲ ਨਾਲ ਕਹਿੰਦਾ ਹੈ ਕਿ ਇਸ ਸਮੇਂ ਹਿੰਦੁਸਤਾਨ ਦਾ ਸ਼ਹਿਰੀ ਮੱਧਵਰਗ ਉਸ ਤਰ੍ਹਾਂ ਦੀ ਭੂਮਿਕਾ ਨਿਭਾਅ ਰਿਹਾ ਹੈ ਜਿਸ ਤਰ੍ਹਾਂ ਦੀ ਭੂਮਿਕਾ ਕਿਸੇ ਸਮੇਂ ਰੋਮ ਦੇ ਬਾਦਸ਼ਾਹ ਨੀਰੋ ਦੇ ਮਹਿਮਾਨਾਂ ਨੇ ਨਿਭਾਈ ਸੀ। ਸਾਈਨਾਥ ਦਾ ਕਹਿਣਾ ਹੈ ਕਿ ਮੱਧਵਰਗ ਨੂੰ ਇਸ ਸਥਿਤੀ ਤੋਂ ਬਾਹਰ ਨਿਕਲਣਾ ਚਾਹੀਦਾ ਹੈ।
ਹਿੰਦੁਸਤਾਨ ਵਿਚ ਕਿਸਾਨਾਂ ਦੀਆਂ ਦੀਆਂ ਖੁਦਕਸ਼ੀਆਂ ਨਾਲ ਸਬੰਧਤ ਸੰਕਟ ਨੂੰ ਸਮਝਣ ਲਈ ਇਹ ਡਾਕੂਮੈਂਟਰੀ ਜ਼ਰੂਰ ਦੇਖਣੀ ਚਾਹੀਦੀ ਹੈ। ਮੈਨੂੰ ਯਕੀਨ ਹੈ ਕਿ ਇਸ ਡਾਕੂਮੈਂਟਰੀ ਨੂੰ ਆਪ ਦੇਖਣਾ ਅਤੇ ਦੂਸਰੇ ਲੋਕਾਂ ਨੂੰ ਇਹ ਡਾਕੂਮੈਂਟਰੀ ਦੇਖਣ ਲਈ ਪ੍ਰੇਰਨਾ ਬਾਦਸ਼ਾਹ ਨੀਰੋ ਦੇ ਮਹਿਮਾਨ ਨਾ ਬਣਨ ਦੇ ਅਮਲ ਵੱਲ ਪੁੱਟਿਆ ਜਾਣ ਵਾਲਾ ਮਹੱਤਪੂਰਨ ਕਦਮ ਹੋਵੇਗਾ।
______________________________
…ਤੇ ਪੰਜਾਬ ਦੀ ਕਹਾਣੀ: ਹਾਰਵੈਸਟ ਆਫ ਗਰੀਫ
ਪੰਜਾਬ ਵਿਚ ਕਿਸਾਨਾਂ ਅਤੇ ਬੇਜ਼ਮੀਨੇ ਲੋਕਾਂ ਦੀਆਂ ਖੁਦਕਸ਼ੀਆਂ ਬਾਰੇ ਬਣੀ ਡਾਕੂਮੈਂਟਰੀ ‘ਹਾਰਵੈਸਟ ਆਫ ਗਰੀਫ’ ਦਿਲ ਨੂੰ ਟੁੰਬਣ ਵਾਲੀ ਡਾਕੂਮੈਂਟਰੀ ਹੈ। ਇਸ ਡਾਕੂਮੈਂਟਰੀ ਦਾ ਸਭ ਤੋਂ ਸ਼ਕਤੀਸ਼ਾਲੀ ਹਿੱਸਾ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨਾਲ ਕੀਤੀਆਂ ਗਈਆਂ ਇੰਟਰਵੀਊ ਹਨ ਜਿਹੜੇ ਲੋਕਾਂ ਨੇ ਕਰਜ਼ੇ ਦਾ ਭਾਰ ਨਾ ਸਹਾਰਦਿਆਂ ਹੋਇਆਂ ਪਿਛਲੇ ਕੁਝ ਸਾਲਾਂ ਦੌਰਾਨ ਖੁਦਕਸ਼ੀਆਂ ਕਰ ਲਈਆਂ ਸਨ। ਖੁਦਕਸ਼ੀਆਂ ਕਰਨ ਵਾਲੇ ਇਨ੍ਹਾਂ ਲੋਕਾਂ ਵਿਚ ਕਿਸਾਨ ਅਤੇ ਬੇਜ਼ਮੀਨੇ ਲੋਕ ਸ਼ਾਮਲ ਹਨ। ਇਹ ਇੰਟਰਵੀਊ ਦਰਸ਼ਕ ਨੂੰ ਇਨ੍ਹਾਂ ਪਰਿਵਾਰਾਂ ਦੇ ਅਥਾਹ ਦੁੱਖ ਦਾ ਅਹਿਸਾਸ ਪੂਰੀ ਸ਼ਿੱਦਤ ਨਾਲ ਕਰਵਾਉਂਦੀਆਂ ਹਨ। ਇਨ੍ਹਾਂ ਪਰਿਵਾਰਾਂ ਦੀ ਪੀੜ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਫਿਲਮ ਨਿਰਦੇਸ਼ਕ ਨੇ ਸੰਗੀਤ ਅਤੇ ਪੰਜਾਬੀ ਕਵਿਤਾਵਾਂ/ਗੀਤਾਂ ਦੇ ਟੋਟਿਆਂ ਦੀ ਵਰਤੋਂ ਬਹੁਤ ਖੂਬਸੂਰਤੀ ਨਾਲ ਕੀਤੀ ਹੈ।
ਇਸ ਤੋਂ ਬਿਨਾਂ ਖੇਤੀਬਾੜੀ ਨਾਲ ਸਬੰਧਤ ਵੱਖ ਵੱਖ ਮਾਹਿਰਾਂ ਅਤੇ ਕਾਰਕੁਨਾਂ ਨਾਲ ਕੀਤੀਆਂ ਇੰਟਰਵੀਊ ਰਾਹੀਂ ਪੰਜਾਬ ਵਿਚ ਵਾਪਰ ਰਹੇ ਇਸ ਦੁਖਾਂਤ ਨੂੰ ਆਲੋਚਨਾਤਮਕ ਨਜ਼ਰ ਨਾਲ ਦੇਖਣ ਦੀ ਵੀ ਕੋਸ਼ਿਸ ਕੀਤੀ ਗਈ ਹੈ। ਸਮੁੱਚੇ ਰੂਪ ਵਿਚ ਇਹ ਡਾਕੂਮੈਂਟਰੀ ਪੰਜਾਬ ਵਿਚ ਖੇਤੀਬਾੜੀ ਦੇ ਸੈਕਟਰ ਨਾਲ ਸਬੰਧਤ ਸੰਕਟ ਨੂੰ ਸਮਝਣ ਲਈ ਪਹਿਲਾਂ ਤੋਂ ਮੌਜੂਦ ਸਮੱਗਰੀ ਵਿਚ ਇਕ ਹੋਰ ਗੌਲਣਯੋਗ ਵਾਧਾ ਹੈ। ਇਸ ਫਿਲਮ ਦੇ ਨਿਰਮਾਤਾ ਰਸਿਲ ਬਾਸੂ ਅਤੇ ਡਾਇਰੈਕਟਰ ਅਨਵਰ ਜਮਾਲ ਹਨ। -ਸੁਖਵੰਤ ਹੁੰਦਲ