ਪਾਏਦਾਰ ਫਿਲਮਾਂ ਦੀ ਤਲਾਸ਼ ‘ਚ ਪ੍ਰਿਅੰਕਾ ਚੋਪੜਾ

ਆਪਣੀ ਆਕਰਸ਼ਕ ਮੁਸਕਰਾਹਟ ਤੇ ਪ੍ਰਭਾਵਸ਼ਾਲੀ ਅਭਿਨੈ ਸ਼ੈਲੀ ਸਦਕਾ ਹਰ ਉਮਰ ਵਰਗ ਦੇ ਦਰਸ਼ਕਾਂ ਦੀ ਚਹੇਤੀ ਅਭਿਨੇਤਰੀ ਬਣ ਚੁੱਕੀ ਪ੍ਰਿਅੰਕਾ ਚੋਪੜਾ ਭਾਵੇਂ ਇਸ ਸਮੇਂ ਇੰਡਸਟਰੀ ਦੀਆਂ ਮਹਿੰਗੀਆਂ ਤੇ ਚਰਚਿਤ ਹੀਰੋਇਨਾਂ ਵਿਚੋਂ ਇਕ ਹੈ ਪਰ ਇਸ ਦੇ ਬਾਵਜੂਦ ਉਸ ਦਾ ਆਖਣਾ ਹੈ ਕਿ ਆਪਣੇ ਕੈਰੀਅਰ ਦੀ ਸਥਿਤੀ ਨੂੰ ਲੈ ਕੇ ਉਹ ਹਮੇਸ਼ਾ ਫਿਕਰਮੰਦ ਰਹਿੰਦੀ ਹੈ ਤੇ ਇਸ ਨੂੰ ਮਜ਼ਬੂਤ ਰੱਖਣ ਲਈ ਪਾਏਦਾਰ ਫ਼ਿਲਮਾਂ ਦੀ ਭਾਲ ਵਿਚ ਰਹਿੰਦੀ ਹੈ। ਬਹੁਤੇ ਹੋਰਾਂ ਕਲਾਕਾਰਾਂ ਵਾਂਗ ਸਿਆਣਪ ਵਰਤਦੇ ਹੋਏ ਪ੍ਰਿਅੰਕਾ ਵੀ ਐਕਟਿੰਗ ਜ਼ਰੀਏ ਕਮਾਈ ਕਰਨ ਦੇ ਨਾਲ-ਨਾਲ ਨਾਲ ਹੋਰ ਸਾਧਨਾਂ ਰਾਹੀਂ ਵੀ ਮਾਇਆ ਇਕੱਠੀ ਕਰਨ ਵੱਲ ਤਵੱਜੋ ਦੇ ਰਹੀ ਹੈ।
ਇਸ ਸਬੰਧ ਵਿਚ ਉਸ ਦਾ ਕਹਿਣਾ ਹੈ ਕਿ ਨੇੜ-ਭਵਿੱਖ ਵਿਚ ਜਦੋਂ ਉਸ ਕੋਲ ਫ਼ਿਲਮਾਂ ਦਾ ਕੰਮ ਘੱਟ ਹੋਵੇਗਾ ਤਾਂ ਇਹ ਪੈਸਾ ਉਸ ਦੇ ਜੀਵਨ ਨਿਰਬਾਹ ਲਈ ਕੰਮ ਆਵੇਗਾ। ਆਪਣੀਆਂ ਹੋਰ ਨਿਰਮਾਣ ਅਧੀਨ ਫ਼ਿਲਮਾਂ ਤੋਂ ਇਲਾਵਾ ਪ੍ਰਿਅੰਕਾ ਇਨ੍ਹੀਂ ਦਿਨੀਂ ਨਿਰਦੇਸ਼ਕ ਅਪੂਰਵ ਲਖੀਆ ਦੀ ਫ਼ਿਲਮ ‘ਜੰਜ਼ੀਰ’ ਨਾਲ ਵੀ ਦਰਸ਼ਕਾਂ ਦੇ ਧਿਆਨ ਵਿਚ ਹੈ। ਅਮਿਤਾਬ ਬਚਨ ਦੀ ਮੁੱਖ ਭੂਮਿਕਾ ਵਾਲੀ ‘ਜੰਜ਼ੀਰ’ ਦੀ ਰਿਮੇਕ ਇਸ ਨਵੀਂ ਫ਼ਿਲਮ ਵਿਚ ਉਸ ਨਾਲ ਅਰਜੁਨ ਰਾਮਪਾਲ ਤੇ ਬਾਲੀਵੁੱਡ ਦੇ ਕਈ ਹੋਰ ਨਾਮਚੀਨ ਸਿਤਾਰੇ ਅਹਿਮ ਕਿਰਦਾਰਾਂ ਵਿਚ ਵਿਖਾਈ ਦੇਣਗੇ।
________________________________
ਕੈਟਰੀਨਾ ਕੈਫ ਦੀ ਕਾਮਯਾਬੀ
ਕੈਟਰੀਨਾ ਕੈਫ਼ 2012 ਵਿਚ ਕਾਮਯਾਬ ਰਹੀ ਸੀ। ਵੱਡੀ ਗੱਲ ਇਹ ਸੀ ਕਿ ਦੋ ਵਪਾਰਕ ਦੁਸ਼ਮਣ ਸਲਮਾਨ ਤੇ ਸ਼ਾਹਰੁਖ ਨਾਲ ਉਸ ਨੇ ਫ਼ਿਲਮਾਂ ਕੀਤੀਆਂ ਤੇ ਉਹ ਹਿੱਟ ਰਹੀਆਂ। ਮਤਭੇਦ ਆਮ ਗੱਲ ਹੈ ਪਰ ਕੈਟੀ ਨਹੀਂ ਚਾਹੁੰਦੀ ਕਿ ਨਿੱਜੀ ਪੱਧਰ ‘ਤੇ ਵੀ ਦਿਲੋਂ ਇਸ ਨਾਲ ਨਫ਼ਰਤ ਹੋ ਜਾਵੇ। ਆਪਣੇ ਅਨੁਸਾਰ ਚੱਲਣ ਵਾਲੀ ਕੈਟਰੀਨਾ ਸਰੀਰਕ ਸੁੰਦਰਤਾ ਤੇ ਮੁਸਕਰਾਹਟ ਨਾਲ ਹਰ ਕਿਸੇ ਨੂੰ ਖਿੱਚ ਲੈਂਦੀ ਹੈ। ਹੁਣ ਕੈਟਰੀਨਾ ਫ਼ਿਲਮਾਂ ਦੀ ਮਾਰਕੀਟਿੰਗ ਵੀ ਕਰਨਾ ਚਾਹੁੰਦੀ ਹੈ।
ਡਾਂਸ ਦਾ ਅਭਿਆਸ ਉਹ ਰੋਜ਼ ਕਰ ਰਹੀ ਹੈ। ਡਾਂਸ ਕਰਨ ਦੇ ਨਾਲ-ਨਾਲ ਸਰੀਰਕ ਫਿਟਨੈੱਸ ਵੀ ਕਾਇਮ ਰੱਖਦੀ ਹੈ। ਗ਼ਲਤੀਆਂ ਦੇ ਸਬੰਧ ਵਿਚ ਉਹ ਕਹਿ ਰਹੀ ਹੈ ਕਿ ਉਹ ਵੀ ਇਨਸਾਨ ਹਨ, ਗ਼ਲਤੀ ਹੋ ਜਾਂਦੀ ਹੈ। ਅਸਲ ਵਿਚ ਆਪਣੀ ਨਵੀਂ ਫੋਟੋ ਦੇ ਸਬੰਧ ਵਿਚ ਉਹ ਸਪੱਸ਼ਟੀਕਰਨ ਦੇ ਰਹੀ ਹੈ। ‘ਬੂਮ’ ਵਾਲੀ ਕੈਟੀ ਅੱਜ ਹਰ ਸਟਾਰ ਨਾਲ ਫ਼ਿਲਮਾਂ ਕਰ ਰਹੀ ਹੈ। ਕੈਟ ਇਸ ਸਮੇਂ ‘ਪਾਰਟਨਰ-2’, ‘ਦੋਸਤਾਨਾ-2’ ਤੇ ‘ਧੂਮ-3’ ਤੋਂ ਇਲਾਵਾ ‘ਆਸਮਾਨ’ ਫ਼ਿਲਮਾਂ ਵੀ ਕਰ ਰਹੀ ਹੈ। ਫ਼ਿਲਮਾਂ ਤੋਂ ਇਲਾਵਾ ਸ਼ੋਅ ਵੀ ਜਾਰੀ ਹਨ।

Be the first to comment

Leave a Reply

Your email address will not be published.