ਹਿੰਦੀ ਫਿਲਮੀ ਦੁਨੀਆਂ ਵਿਚ ਲਾਇਨ (ਬੱਬਰ ਸ਼ੇਰ) ਦੇ ਫਿਲਮੀ ਨਾਮ ਨਾਲ ਪ੍ਰਸਿੱਧ ਰਹੇ ਖਲਨਾਇਕ ਅਜੀਤ ਦਾ ਅਸਲੀ ਨਾਂ ਹਾਮਿਦ ਅਲੀ ਖਾਂ ਸੀ। ਉਸ ਦੇ ਪਿਤਾ ਬਸ਼ੀਰ ਅਲੀ ਖਾਂ ਹੈਦਰਾਬਾਦ ਰਿਆਸਤ ਦੇ ਨਵਾਬ ਹੈਦਰ ਅਲੀ ਦੇ ਵਜ਼ੀਰ ਸਨ। ਅਜੀਤ ਦਾ ਜਨਮ 27 ਜਨਵਰੀ 1922 ਨੂੰ ਹੈਦਰਾਬਾਦ ਵਿਖੇ ਹੋਇਆ। ਅਜੀਤ ਦੇ ਘਰ ਤਿੰਨ ਬੇਟੇ ਪੈਦਾ ਹੋਏ ਜਿਨ੍ਹਾਂ ਨੂੰ ਉੱਚ ਸਿੱਖਿਆ ਦਿਵਾਈ ਗਈ। ਉਸ ਦੇ ਇਕ ਬੇਟੇ ਸਹਿਜ਼ਾਦ ਅਲੀ ਖਾਂ ਨੇ ਫਿਲਮਾਂ ਦਾ ਰਾਹ ਫੜਿਆ ਪਰ ਉਸ ਨੂੰ ਉਹ ਸਫ਼ਲਤਾ ਨਹੀਂ ਮਿਲੀ ਜੋ ਪਿਤਾ ਅਜੀਤ ਨੂੰ ਮਿਲੀ ਸੀ। ਅਜੀਤ ਦਾ ਕਈ ਫਿਲਮਾਂ ਵਿਚ ਬਤੌਰ ਖਲਨਾਇਕ ਬੋਲਿਆ ਫਿਲਮੀ ਸੰਵਾਦ ‘ਡਾਰਲਿੰਗ ਮੋਨਾ, ਨਾਂ ਹੈ ਸੋਨਾ’ ਅਤੇ ‘ਦੁਨੀਆ ਮੁਝੇ ਲਾਇਨ ਕੇ ਨਾਮ ਸੇ ਜਾਨਤੀ ਹੈ’ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਚੜ੍ਹ ਗਿਆ ਸੀ।
ਅਜੀਤ ਨੇ ਫਿਲਮੀ ਸ਼ੁਰੂਆਤ ਛੋਟੀਆਂ ਫਿਲਮਾਂ ਰਾਹੀਂ ਘੱਟ ਚਰਚਿੱਤ ਹੀਰੋਇਨਾਂ ਨਾਲ ਬਤੌਰ ਹੀਰੋ ਕੀਤੀ ਜੋ ਅਸਫ਼ਲ ਹੀ ਰਹੀਆਂ। ਫਿਰ ਸਾਈਡ ਹੀਰੋ ਤੋਂ ਬਾਅਦ ਜਦੋਂ ਅਜੀਤ ਖਨਨਾਇਕ ਵਜੋਂ ਆਏ ਤਾਂ ਛਾ ਗਏ। ਉਸ ਨੇ ਉਸ ਸਮੇਂ ਦੀ ਤਕਰੀਬਨ ਹਰ ਪ੍ਰਸਿੱਧ ਹੀਰੋਇਨ ਨਾਲ ਯਾਦਗਾਰੀ ਅਤੇ ਖਤਰਨਾਕ ਭੂਮਿਕਾਵਾਂ ਨਿਭਾਈਆਂ। ‘ਮੁਗਲ-ਏ-ਆਜ਼ਮ’ ਦਾ ਸੈਨਾਪਤੀ ਮਾਨ ਸਿੰਘ ਅਨਾਰਕਲੀ ਨੂੰ ਕੈਦ ਵਿਚੋਂ ਬਚਾ ਕੇ ਸਹਿਜ਼ਾਦੇ ਸਲੀਮ (ਦਲੀਪ ਕੁਮਾਰ) ਕੋਲ ਲੈ ਕੇ ਤਾਂ ਆ ਜਾਂਦਾ ਹੈ ਪਰ ਵਿਰੋਧੀ ਫੌਜ ਤੋਂ ਸਖ਼ਤ ਜ਼ਖ਼ਮੀ ਹੋਣ ਕਾਰਨ ਪ੍ਰਾਣ ਤਿਆਗ ਕੇ ਵੀ ਦਿੱਤਾ ਵਚਨ ਪੂਰਾ ਕਰਦਾ ਹੈ। ਫਿਲਮ ‘ਨਯਾ ਦੌਰ’ ਦੇ ਗੀਤ ‘ਯੇ ਦੇਸ਼ ਹੈ, ਵੀਰ ਜਵਾਨੋਂ ਕਾæææ’ ਵਿਚ ਹੀਰੋ ਦਲੀਪ ਕੁਮਾਰ ਤੋਂ ਵੀ ਵਧੀਆ ਭੰਗੜਾ ਪਾ ਕੇ ਅਜੀਤ ਨੇ ਦਰਸ਼ਕਾਂ ਤੋਂ ਤਾੜੀਆਂ ਦੀ ਦਾਦ ਪ੍ਰਾਪਤ ਕੀਤੀ। ਅਜੀਤ ਦੀ ਮੌਤ 76 ਸਾਲ ਦੀ ਉਮਰ ਵਿਚ ਹੈਦਰਾਬਾਦ ਵਿਚ 1998 ਨੂੰ ਦਿਲ ਫੇਲ੍ਹ ਹੋਣ ਕਾਰਨ ਹੋਈ। ਅਜੀਤ ਦੀ ਪਹਿਲੀ ਫਿਲਮ ‘ਬੇਕਸੂਰ’ (1940) ਸੀ ਜਿਸ ਦੇ ਨਿਰਦੇਸ਼ਕ ਕੇæ ਅਮਰਨਾਥ ਸਨ ਤੇ ਇਸ ਦਾ ਗੀਤ ‘ਐ ਹਸੀਨਾ ਐ ਬੇਖਬਰ, ਮੁਝੇ ਤੁਝ ਸੇ ਪਿਆਰ ਹੈ’ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਫ਼ਿਲਮ ‘ਬਾਰਾਂਦਰੀ’ (1955) ਦਾ ਗੀਤ ‘ਜ਼ਮਾਨਾ ਖਰਾਬ ਹੈ, ਭੁਲਾ ਨਹੀਂ ਦੇਨਾ ਜੀ ਭੁਲਾ ਨਹੀਂ ਦੇਨਾ’, ਫਿਲਮ ‘ਹਲਾਕ’ (1956) ਦਾ ਗੀਤ ‘ਆ ਜਾ ਕਿ ਇੰਤਜ਼ਾਰ ਹੈ, ਜਾਨੇ ਕੋ ਭੀ ਬਹਾਰ ਹੈ’, ਫਿਲਮ ‘ਬਾਰਾਤ’ (1960) ਦਾ ਗੀਤ ‘ਮੁਫ਼ਤ ਹੂਏ ਬਦਨਾਮ ਕਿਸੀ ਸੇ ਦਿਲ ਕੋ ਲਗਾ ਕੇ’, ਫਿਲਮ ‘ਟਾਵਰ ਹਾਊਸ’ (1962) ਵਿਚਲਾ ਗੀਤ ‘ਮੈਂ ਖੁਸ਼ਨਸੀਬ ਹੂੰ, ਮੁਝ ਕੋ ਕਿਸੀ ਕਾ ਪਿਆਰ ਮਿਲਾ’, ਫਿਲਮ ‘ਸ਼ਿਕਾਰੀ’ (1963) ਦੇ ਨਿਰਦੇਸ਼ਕ ਮੁਹੰਮਦ ਹੁਸੈਨ ਦੁਆਰਾ ਅਜੀਤ ਉਤੇ ਫਿਲਮਾਇਆ ਗੀਤ ‘ਅਗਰ ਮੈਂ ਪੁਛੂੰ ਜਵਾਬ ਦੋਗੇ’ ਆਦਿ ਸਾਰੇ ਗੀਤ ਅਜੀਤ ਉਪਰ ਬਤੌਰ ਹੀਰੋ ਫਿਲਮਾਏ ਗਏ।
-ਜੁਗਰਾਜ ਗਿੱਲ, ਸ਼ਾਰਲਟ
ਫ਼ੋਨ: 704-257-6693
Leave a Reply