ਫਰਾਂਸ ਵਿਚ ਦਸਤਾਰ ਦਾ ਮਸਲਾ ਫਿਰ ਖੁੰਝਿਆ

ਭਾਰਤ ਪਹੁੰਚੇ ਫਰਾਂਸੀਸੀ ਰਾਸ਼ਟਰਪਤੀ ਕੋਲ ਕਿਸੇ ਨਾ ਕੀਤੀ ਪਹੁੰਚ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੌਨ ਦੇ ਚਾਰ ਰੋਜ਼ਾ ਭਾਰਤੀ ਦੌਰੇ ਮੌਕੇ ਸਿੱਖ ਮਸਲਿਆਂ ਨੂੰ ਅਣਗੌਲਣ ਕਾਰਨ ਫਰਾਂਸ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਵੱਡਾ ਧੱਕਾ ਲੱਗਾ ਹੈ। ਆਸ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੇ ਭਾਰਤ ਦੌਰੇ ਨਾਲ ਫਰਾਂਸ ਵਿਚ ਸਿੱਖ ਮਸਲਿਆਂ, ਖਾਸਕਰ ਦਸਤਾਰ ਬਾਰੇ ਪਾਬੰਦੀਆਂ ਬਾਰੇ ਅਸਰਦਾਰ ਗੱਲਬਾਤ ਹੋਵੇਗੀ, ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਾਂ ਕੀ, ਸਿੱਖ ਜਥੇਬੰਦੀਆਂ ਨੇ ਵੀ ਇਸ ਮਸਲੇ ਤੋਂ ਮੂੰਹ ਫੇਰ ਲਿਆ। ਕਿਸੇ ਵੀ ਜਥੇਬੰਦੀ ਨੇ ਭਾਰਤ ਸਰਕਾਰ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਥੋਂ ਤੱਕ ਕਿ ਦਸਤਾਰ ਦਾ ਮਸਲਾ ਹੱਲ ਕਰਵਾਉਣ ਲਈ ਫਰਾਂਸ ਵਿਚ ਵਫਦ ਭੇਜਣ ਦੀ ਰਣਨੀਤੀ ਬਣਾਈ ਬੈਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਚੁੱਪ ਧਾਰੀ ਰੱਖੀ।

ਸਿੱਖ ਜਗਤ ਅੰਦਰ ਰੋਸ ਹੈ ਕਿ ਭਾਰਤ ਦੀ ਭਗਵਾ ਸਰਕਾਰ ਤੋਂ ਉਨ੍ਹਾਂ ਨੂੰ ਪਹਿਲਾਂ ਹੀ ਆਸ ਨਹੀਂ ਸੀ, ਪਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ (ਬਾਦਲ) ਵੱਲੋਂ ਵੀ ਇਸ ਪਾਸਿਉਂ ਵੱਟੀ ਚੁੱਪ ਨੇ ਵੱਡੀ ਨਿਰਾਸ਼ਾ ਪੱਲੇ ਪਾਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਭਾਵੇਂ ਦਸਤਾਰ ਦਾ ਮਸਲਾ ਏਜੰਡੇ ਵਿਚ ਰੱਖਣ ਦੀ ਗੱਲ ਕੀਤੀ, ਪਰ ਇਹ ਮੋਦੀ ਸਰਕਾਰ ਤੱਕ ਅਸਰਦਾਰ ਢੰਗ ਨਾਲ ਪਹੁੰਚ ਕਰਨ ਵਿਚ ਨਾਕਾਮ ਰਹੇ। ਇਹ ਸਿਲਸਿਲਾ ਕੇਂਦਰ ਨੂੰ ਅਪੀਲਾਂ ਤੱਕ ਹੀ ਸੀਮਤ ਰਹਿ ਗਿਆ।
ਦੱਸ ਦਈਏ ਕਿ ਫਰਾਂਸ ਦੇ ਪ੍ਰਧਾਨ ਮੰਤਰੀ ਚਾਰ ਦਿਨ ਭਾਰਤ ਰਹੇ ਅਤੇ ਉਨ੍ਹਾਂ ਨੇ ਭਾਰਤ ਤੇ ਫਰਾਂਸ ਵਿਚਕਾਰ ਆਪਸੀ ਰਣਨੀਤਕ ਸਬੰਧਾਂ ਦਾ ਵਿਸਥਾਰ ਕਰਦਿਆਂ ਰੱਖਿਆ, ਸੁਰੱਖਿਆ, ਪਰਮਾਣੂ ਊਰਜਾ ਅਤੇ ਗੁਪਤ ਜਾਣਕਾਰੀ ਦੇ ਬਚਾਅ ਸਮੇਤ ਅਹਿਮ ਖੇਤਰਾਂ ਵਿਚ 14 ਸਮਝੌਤਿਆਂ ਉਤੇ ਦਸਤਖਤ ਕੀਤੇ, ਪਰ ਫਰਾਂਸ ਵਿਚ ਵੱਸਦੇ ਵੱਡੀ ਗਿਣਤੀ ਸਿੱਖਾਂ ਦੇ ਅਹਿਮ ਮਸਲੇ ਏਜੰਡੇ ਉਤੇ ਹੀ ਨਹੀਂ ਸਨ। ਕੁਝ ਸਿੱਖ ਆਗੂਆਂ ਦਾ ਕਹਿਣਾ ਹੈ ਇਹ ਸਿੱਖ ਜਥੇਬੰਦੀਆਂ ਦੀ ਢਿੱਲ ਦਾ ਨਤੀਜਾ ਹੈ। ਸਿੱਖਾਂ ਦੀਆਂ ਮੰਗਾਂ ਏਜੰਡੇ ਵਿਚ ਸ਼ਾਮਲ ਕਰਵਾਉਣ ਲਈ ਦਬਾਅ ਬਣਾਉਣਾ ਚਾਹੀਦਾ ਸੀ, ਪਰ ਇਸ ਪਾਸੇ ਸੁੱਕੀਆਂ ਅਪੀਲਾਂ ਨਾਲ ਹੀ ਬੁੱਤ ਸਾਰ ਦਿੱਤਾ ਗਿਆ।
ਯਾਦ ਰਹੇ ਕਿ ਫਰਾਂਸ ਵਿਚ ਸਿੱਖਾਂ ਲਈ ਦਸਤਾਰ ਦਾ ਵੱਡਾ ਮਸਲਾ ਹੈ। 2006 ਵਿਚ ਫਰਾਂਸ ਸਰਕਾਰ ਨੇ ਸਾਰੇ ਸਰਕਾਰੀ ਤੇ ਜਨਤਕ ਅਦਾਰਿਆਂ ਵਿਚ ਕੰਮ ਕਰਨ, ਸਕੂਲਾਂ ਵਿਚ ਪੜ੍ਹਨ ਜਾਣਾ ਅਤੇ ਕਿਸੇ ਵੀ ਤਰ੍ਹਾਂ ਦਾ ਸ਼ਨਾਖਤੀ ਕਾਰਡ ਬਣਾਉਂਦੇ ਸਮੇਂ ਦਸਤਾਰ ਬੰਨ੍ਹਣ ਦੀ ਮਨਾਹੀ ਦਾ ਕਾਨੂੰਨ ਪਾਸ ਕਰ ਦਿੱਤਾ ਸੀ। ਇਸ ਕਾਨੂੰਨ ਤਹਿਤ ਡਰਾਈਵਿੰਗ ਲਾਈਸੈਂਸ, ਪਾਸਪੋਰਟ ਤੇ ਹੋਰ ਕੋਈ ਵੀ ਸਰਕਾਰੀ ਕਾਰਡ ਬਣਾਉਣ ਲਈ ਤਸਵੀਰ ਬਗੈਰ ਪੱਗ, ਭਾਵ ਨੰਗੇ ਸਿਰ ਖੁੱਲ੍ਹੇ ਵਾਲਾਂ ਵਾਲੀ ਹੋਣੀ ਚਾਹੀਦੀ ਹੈ। ਫਰਾਂਸ ਵਿਚ ਦਸਤਾਰਧਾਰੀ ਸਿੱਖ ਭਾਵੇਂ ਕਿੰਨੀ ਵੀ ਉਚ ਵਿੱਦਿਆ ਹਾਸਲ ਕਰ ਲਏ, ਪਰ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਤੇ ਨਾ ਹੀ ਉਹ ਵਕਾਲਤ ਕਰ ਸਕਦਾ ਹੈ। ਫਰਾਂਸ ਵਿਚ ਪੜ੍ਹ-ਲਿਖ ਕੇ ਸਿੱਖ ਨੌਜਵਾਨ ਇਸ ਵੇਲੇ ਸਰਕਾਰੀ ਨੌਕਰੀਆਂ ਜਾਂ ਵਕਾਲਤ ਆਦਿ ਲਈ ਇੰਗਲੈਂਡ, ਕੈਨੇਡਾ ਜਾਂ ਹੋਰ ਮੁਲਕਾਂ ਵਿਚ ਜਾ ਰਹੇ ਹਨ। ਪਹਿਲੀ ਸੰਸਾਰ ਜੰਗ ਵਿਚ ਸਿੱਖਾਂ ਨੇ ਫਰਾਂਸ ਦੀ ਆਜ਼ਾਦੀ ਨੂੰ ਬਚਾਉਣ ਲਈ ਸਿੱਖੀ ਸਰੂਪ ਵਿਚ ਹੀ ਜੰਗ ਲੜੀ ਸੀ, ਪਰ ਫਰਾਂਸ ਸਰਕਾਰ ਦੀ ਅੜੀ ਬਰਕਰਾਰ ਹੈ।
——————————–
ਫਰਾਂਸ ਦੇ ਸੰਸਦ ਮੈਂਬਰ ਦੀ ਅਪੀਲ ਵੀ ਅਣਸੁਣੀ
ਪੈਰਿਸ: ਫਰਾਂਸ ਦੀ ਯੂæਡੀæਆਈæ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਬੋਬੀਨੀ, ਡਰੰਸੀ ਅਤੇ ਲਾ ਬੁਰਜੇ ਦੇ ਐਮæਪੀæਜੌਨ ਕਰਿਸਟੋਫ ਲਗਾਰਡ ਨੇ ਰਾਸ਼ਟਰਪਤੀ ਮੈਕਰੌਨ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਭਾਰਤ ਫੇਰੀ ਮੌਕੇ ਘੱਟ ਗਿਣਤੀਆਂ ਉਤੇ ਹੋ ਰਹੇ ਜ਼ੁਲਮਾਂ ਸਬੰਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਕਰਨ। ਮੈਕਰੌਨ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਕਿਹਾ ਕਿ ਭਾਰਤ ਵਿਚ ਕਈ ਧਾਰਮਿਕ ਘੱਟ ਗਿਣਤੀਆਂ ਦੇ ਕਤਲੇਆਮ ਹੋਏ ਹਨ, ਪਰ ਇਸ ਨੂੰ ਵੀ ਅਣਗੌਲਿਆ ਕਰ ਦਿੱਤਾ ਗਿਆ।