ਉਘੇ ਵਿਗਿਆਨੀ ਸਟੀਫਨ ਹਾਕਿੰਗ ਦਾ ਦੇਹਾਂਤ

ਕੈਂਬਰਿਜ: ਉਘੇ ਵਿਗਿਆਨੀ ਸਟੀਫਨ ਹਾਕਿੰਗ ਦਾ 76 ਵਰ੍ਹਿਆਂ ਦੀ ਉਮਰ ਵਿਚ ਇਥੇ ਦਿਹਾਂਤ ਹੋ ਗਿਆ। ਉਨ੍ਹਾਂ ‘ਬਲੈਕ ਹੋਲ’ ਦੇ ਵਿਸ਼ੇ ਉਤੇ ਬ੍ਰਹਿਮੰਡ ਬਾਰੇ ਕਈ ਅਹਿਮ ਖੋਜਾਂ ਕੀਤੀਆਂ। ਅੰਤਾਂ ਦੇ ਬਿਮਾਰ ਹੋਣ ਦੇ ਬਾਵਜੂਦ ਉਹ ਆਪਣੇ ਇਸ ਕਾਰਜ ਵਿਚ ਲਗਾਤਾਰ ਲੱਗੇ ਰਹੇ।

ਸਟੀਫਨ ਵਿਲੀਅਮ ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਆਕਸਫੋਰਡ (ਇੰਗਲੈਂਡ) ਵਿਚ ਹੋਇਆ ਸੀ। 1988 ਵਿਚ ਆਈ ਉਨ੍ਹਾਂ ਦੀ ਕਿਤਾਬ ‘ਏ ਬਰੀਫ਼ ਹਿਸਟਰੀ ਆਫ ਟਾਈਮ’ ਨੇ ਦੁਨੀਆਂ ਭਰ ਵਿਚ ਤਰਥੱਲੀ ਮਚਾ ਦਿੱਤੀ ਸੀ। ਇਹ ਕਿਤਾਬ ਅੰਗਰੇਜ਼ੀ ਰਸਾਲੇ ‘ਸੰਡੇ ਟਾਈਮਜ਼’ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਦੀ ਸੂਚੀ ਵਿਚ ਲਗਾਤਾਰ 237 ਹਫਤੇ ਸ਼ਾਮਿਲ ਰਹੀ ਸੀ। ਇਸ ਅਹਿਮ ਕਿਤਾਬ ਤੋਂ ਇਲਾਵਾ ਉਨ੍ਹਾਂ ‘ਬਲੈਕ ਹੋਲਜ਼ ਐਂਡ ਬੇਬੀ ਯੂਨੀਵਰਸਜ਼’ (1993), ‘ਯੂਨੀਵਰਸ ਇੰਨ ਏ ਨੱਟਸ਼ੈਲ’ (2001), ‘ਆਨ ਦਿ ਸ਼ੋਲਡਰਜ਼ ਆਫ਼ ਜਾਇੰਟਸ’ (2002) ਅਤੇ ‘ਮਾਈ ਬਰੀਫ ਹਿਸਟਰੀ’ (2013) ਵਰਗੀਆਂ ਕਿਤਾਬਾਂ ਲਿਖੀਆਂ। ਉਨ੍ਹਾਂ ਦੀਆਂ ਕਈ ਲਿਖਤਾਂ ਅਤੇ ਖੁਦ ਉਨ੍ਹਾਂ ਬਾਰੇ ਕਈ ਦਸਤਾਵੇਜ਼ੀ ਫਿਲਮਾਂ ਵੀ ਬਣੀਆਂ। ਪਿਛਲੇ ਲੰਮੇ ਸਮੇਂ ਤੋਂ ਉਹ ਮਸ਼ੀਨਾਂ ਰਾਹੀਂ ਹੀ ਆਪਣਾ ਕਾਰਜ ਜਾਰੀ ਰੱਖ ਰਹੇ ਸਨ ਅਤੇ 14 ਮਾਰਚ 2018 ਨੂੰ ਉਨ੍ਹਾਂ ਆਖਰੀ ਸਾਹ ਲਿਆ।