ਨਾਜਾਇਜ਼ ਖਣਨ: ਕਾਂਗਰਸੀਆਂ ਨੇ ਬਾਦਲਾਂ ਦੀ ਬੁਰਛਾਗਰਦੀ ਨੂੰ ਪਾਈ ਮਾਤ

ਚੰਡੀਗੜ੍ਹ: ਰੇਤ ਦੀ ਨਾਜਾਇਜ਼ ਨਿਕਾਸੀ ਦੇ ਧੰਦੇ ਵਿਚ ਕਾਂਗਰਸੀ ਵਿਧਾਇਕਾਂ ਤੇ ਕੁਝ ਮੰਤਰੀਆਂ ਨੇ ਵੀ ਖੁੱਲ੍ਹ ਕੇ ਹੱਥ ਰੰਗੇ ਹਨ। ਇੰਟੈਲੀਜੈਂਸ ਅਤੇ ਮਾਈਨਿੰਗ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਸੂਚੀ ਵਿਚ 32 ਜਣਿਆਂ ਦੇ ਨਾਂ ਹਨ। ਇਨ੍ਹਾਂ ਵਿਚੋਂ 18 ਕਾਂਗਰਸੀ ਵਿਧਾਇਕ, ਦੋ ਸਾਬਕਾ ਵਿਧਾਇਕ, 4 ਅਕਾਲੀ ਅਤੇ ਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਸਮੇਤ 7 ਕਾਂਗਰਸੀ ਆਗੂਆਂ ਦੇ ਕਰੀਬੀ ਰੇਤੇ ਦੇ ਨਾਜਾਇਜ਼ ਕਾਰੋਬਾਰ ਵਿਚ ਜੁਟੇ ਹੋਏ ਹਨ।

ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਪਿੱਛੋਂ ਸੂਬੇ ਦੇ ਇਕ ਹੋਰ ਮੰਤਰੀ ਉਤੇ ਰੇਤੇ ਦੇ ਨਾਜਾਇਜ਼ ਕਾਰੋਬਾਰ ਵਿਚ ਹੱਥ ਹੋਣ ਦਾ ਖੁਲਾਸਾ ਹੋਇਆ ਹੈ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਦੋਸ਼ ਲੱਗੇ ਹਨ ਕਿ ਉਹ ਆਪਣੇ ਭਾਣਜੇ ਰਾਹੀਂ ਸੂਬੇ ਵਿਚ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਨੂੰ ਰੇਤੇ ਦੇ ਨਾਜਾਇਜ਼ ਕਾਰੋਬਾਰ ਦੇ ਦੋਸ਼ਾਂ ਕਾਰਨ ਹੀ ਆਪਣੀ ਮੰਤਰੀ ਦੀ ਕੁਰਸੀ ਗਵਾਉਣੀ ਪਈ ਸੀ। ਯਾਦ ਰਹੇ ਕਿ ਪਿਛਲੇ ਹਫਤੇ ਚੰਡੀਗੜ੍ਹ ਤੋਂ ਕਰਤਾਰਪੁਰ (ਜਲੰਧਰ) ਜਾਂਦਿਆਂ ਮੁੱਖ ਮੰਤਰੀ ਨੇ ਸਤਲੁਜ ਵਿਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਅੱਖੀਂ ਦੇਖਿਆ ਸੀ। ਇਸ ਪਿੱਛੋਂ ਮੁੱਖ ਮੰਤਰੀ ਦੀ ਹਦਾਇਤ ‘ਤੇ ਤਿੰਨ ਜ਼ਿਲ੍ਹਿਆਂ- ਨਵਾਂ ਸ਼ਹਿਰ, ਜਲੰਧਰ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰਾਂ ਤੇ ਹੋਰ ਸਬੰਧਤ ਅਧਿਕਾਰੀਆਂ ਨੇ ਥਾਂ-ਥਾਂ ਛਾਪੇ ਮਾਰੇ। ਇਕੱਲੇ ਜਲੰਧਰ ਜ਼ਿਲ੍ਹੇ ਵਿਚ ਪੰਜ ਜੇæਸੀæਬੀæ ਮਸ਼ੀਨਾਂ, 21 ਹੋਰ ਮਸ਼ੀਨਾਂ ਤੇ 30 ਟਿੱਪਰ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ ਗਿਆ। ਉਂਜ, ਚਰਚਾ ਹੈ ਕਿ ਕੈਪਟਨ ਸਰਕਾਰ ਦੀ ਇਹ ਕਾਰਵਾਈ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ ਵਾਲੀ ਨਹੀਂ ਸੀ। ਸਿਰਫ ਟਿੱਪਰਾਂ ਦੇ ਡਰਾਈਵਰਾਂ ਅਤੇ ਕਰਿੰਦਿਆਂ ਵਿਰੁਧ ਐਫ਼ਆਈæਆਰæ ਦਰਜ ਕਰ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਹੁਣ ਇਸ ਗੋਰਖਧੰਦੇ ਨੂੰ ਜੜ੍ਹੋਂ ਪੁੱਟਣ ਲਈ ਗੰਭੀਰ ਹੈ।
ਇਸੇ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੁਝ ਸਬੂਤਾਂ ਸਮੇਤ ਦਾਅਵਾ ਕੀਤਾ ਹੈ ਕਿ ਨਵਾਂ ਸ਼ਹਿਰ ਦੇ ਮਲਕਪੁਰ ਪਿੰਡ ਦੀ ਖੱਡ ਚੰਨੀ ਦੇ ਭਾਣਜੇ ਦੇ ਨਜ਼ਦੀਕੀ ਨੂੰ ਅਲਾਟ ਹੋਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਜਿਸ ਤਰ੍ਹਾਂ ਰਾਣਾ ਗੁਰਜੀਤ ਨੇ ਆਪਣੇ ਰਸੋਈਏ ਅਮਿਤ ਬਹਾਦਰ ਰਾਹੀਂ ਆਪਣਾ ਪੈਸੇ ਰੇਤ ਦੀਆਂ ਖੱਡਾਂ ਵਿਚ ਲਾਇਆ ਸੀ, ਉਸੇ ਤਰ੍ਹਾਂ ਹੀ ਚੰਨੀ ਨੇ ਆਪਣੇ ਭਾਣਜੇ ਰਾਹੀਂ ਲਗਾਇਆ ਹੈ। ਇਨ੍ਹਾਂ ਖੁਲਾਸਿਆਂ ਪਿੱਛੋਂ ਵਿਰੋਧੀ ਧਿਰਾਂ ਬਜਟ ਸੈਸ਼ਨ ਵਿਚ ਕਾਂਗਰਸ ਸਰਕਾਰ ਨੂੰ ਘੇਰਨ ਲਈ ਤਿਆਰ ਬਰ ਤਿਆਰ ਬੈਠੀਆਂ ਹਨ। ਵਿਰੋਧੀ ਧਿਰਾਂ, ਖਾਸ ਕਰ ‘ਆਪ’ ਆਗੂਆਂ ਦਾ ਦੋਸ਼ ਹੈ ਕਿ ਜਦ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਨਾਜਾਇਜ਼ ਧੰਦੇ ਵਿਚ ਲੱਗੇ ਲੋਕਾਂ ਦੀ ਜਾਣਕਾਰੀ ਹੈ ਤਾਂ ਫਿਰ ਕਾਰਵਾਈ ਟਿੱਪਰ ਜ਼ਬਤ ਕਰਨ ਤੇ ਉਨ੍ਹਾਂ ਦੇ ਡਰਾਈਵਰਾਂ ਖਿਲਾਫ ਮਾਮਲੇ ਦਰਜ ਕਰਨ ਤੱਕ ਹੀ ਕਿਉਂ ਸੀਮਤ ਹੈ। ਦੱਸ ਦਈਏ ਕਿ ਰੇਤ ਦੇ ਗੈਰ ਕਾਨੂੰਨੀ ਕਾਰੋਬਾਰ ਦਾ ਮਸਲਾ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੁੱਦਾ ਸੀ ਤੇ ਇਹੀ ਕਾਰੋਬਾਰ ਪਿਛਲੀ ਬਾਦਲ ਸਰਕਾਰ ਦੀਆਂ ਜੜ੍ਹਾਂ ਵਿਚ ਬੈਠ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਦਿਆਂ ਹੀ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇਗੀ, ਪਰ ਸਰਕਾਰ ਬਣਨ ਪਿੱਛੋਂ ਕਾਂਗਰਸ ਦੇ ਆਪਣੇ ਵਿਧਾਇਕ ਤੇ ਮੰਤਰੀ ਇਸ ਧੰਦੇ ਵਿਚ ਜੁਟ ਗਏ। ਸਰਕਾਰ ਬਣਨ ਤੋਂ ਤੁਰਤ ਪਿੱਛੋਂ ਕੈਪਟਨ ਨੇ ਵਿਧਾਨ ਸਭਾ ਸੈਸ਼ਨ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਨਾਜਾਇਜ਼ ਕਾਰੋਬਾਰ ਕਰਨ ਵਾਲੇ ਅਕਾਲੀ ਆਗੂਆਂ ਦੀਆਂ ਲਿਸਟਾਂ ਹਨ ਪਰ ਇਕ ਸਾਲ ਪਿੱਛੋਂ ਵੀ ਕਾਂਗਰਸ ਸਰਕਾਰ ਅੱਖਾਂ ਬੰਦ ਕਰੀ ਤਮਾਸ਼ਾ ਵੇਖ ਰਹੀ ਹੈ। ਹੁਣ ਕੈਪਟਨ ਕੋਲ ਅਜਿਹੇ ਕਾਰੋਬਾਰੀਆਂ ਦੀਆਂ ਨਵੀਆਂ ਲਿਸਟਾਂ ਵੀ ਆ ਗਈਆਂ ਹਨ ਤੇ ਇਨ੍ਹਾਂ ਵਿਚ ਕਾਂਗਰਸੀ ਆਗੂਆਂ ਦੇ ਨਾਂ ਸਿਖਰ ‘ਤੇ ਹਨ। ਇਸੇ ਲਈ ਕੈਪਟਨ ਸਰਕਾਰ ਕਾਰਵਾਈ ਦੇ ਨਾਂ ‘ਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਿਚ ਜੁਟੀ ਹੋਈ ਹੈ।
——————————-
ਟਿੱਕਾ ਸ਼ਿਵ ਚੰਦ ਨੂੰ ਸੱਚ ਬੋਲਣ ਦੀ ਸਜ਼ਾ
ਚੰਡੀਗੜ੍ਹ: ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਗੈਰ ਕਾਨੂੰਨੀ ਖਣਨ ਦਾ ਮੁੱਦਾ ਉਭਾਰਨ ਵਾਲੇ ਟਿੱਕਾ ਸ਼ਿਵ ਚੰਦ ਨੂੰ ਰਾਜ ਜੰਗਲੀ ਜੀਵ ਬੋਰਡ ਤੋਂ ਲਾਂਭੇ ਕਰ ਦਿੱਤਾ ਗਿਆ। ਸ਼ਿਵ ਚੰਦ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਆਨੰਦਪੁਰ ਸਾਹਿਬ ਖੇਤਰ ਵਿਚ ਅਜਿਹੇ ਧੰਦੇ ਦਾ ਪਰਦਾਫਾਸ਼ ਕੀਤਾ ਸੀ। ਇਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਪਰਿਵਾਰ ਵੱਲ ਉਂਗਲ ਚੁੱਕੀ ਗਈ ਸੀ। ਇਸ ਖੁਲਾਸੇ ਪਿੱਛੋਂ ਸ਼ਿਵ ਚੰਦ ਨੂੰ ਬੋਰਡ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ।