‘ਬਾਊਂਸਰਾਂ’ ਵਾਲੇ ਕਲਾਕਾਰਾਂ ਦੀ ਗੱਲ ਕਰਦਿਆਂ…

ਸਵਰਨ ਸਿੰਘ ਟਹਿਣਾ
ਫੋਨ: 91-98141-78883
ਆਪਣੀ ਸੁਰੱਖਿਆ ਦਾ ਹਰ ਕਿਸੇ ਨੂੰ ਫਿਕਰ ਹੁੰਦਾ ਹੈ। ਇਹ ਵੀ ਠੀਕ ਹੈ ਕਿ ਅੱਜ ਕੱਲ੍ਹ ਵੀ ਆਈ ਪੀ ਅਖਵਾਉਂਦੇ ਲੋਕਾਂ ਵਿਚ ਸਕਿਉਰਿਟੀ ਗਾਰਡ ਰੱਖਣ ਦਾ ਫੈਸ਼ਨ ਬਣ ਤੁਰਿਆ ਹੈ। ਪਰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਅੰਗ ਰੱਖਿਅਕ ਰੱਖਣ ਵਾਲੇ ਉਨ੍ਹਾਂ ਕਲਾਕਾਰਾਂ ‘ਤੇ ਹੈਰਾਨੀ ਹੁੰਦੀ ਏ, ਜਿਹੜੇ ਸੰਘਰਸ਼ ਵੇਲ਼ੇ ਲੋਕਾਂ ਦੇ ਪਿੱਛੇ-ਪਿੱਛੇ ਦੌੜਦੇ ਨੇ, ਤੇ ਜਦੋਂ ਦੋ-ਚਾਰ ਐਲਬਮਾਂ ਚੱਲ ਨਿਕਲਦੀਆਂ ਨੇ ਤਾਂ ਲੋਕਾਂ ਮੂਹਰੇ ਦੌੜਨ ਲੱਗਦੇ ਨੇ। ਪਿਛਲੇ ਦਿਨੀਂ ਇੱਕ ਵਿਆਹ ‘ਤੇ ਜਾਣ ਦਾ ਮੌਕਾ ਮਿਲਿਆ। ਜਿਹੜੇ ਕਲਾਕਾਰ ਨੂੰ ਉਥੇ ਗਾਉਣ ਲਈ ਸੱਦਿਆ ਗਿਆ ਸੀ, ਉਸ ਦੀ ਪ੍ਰਾਈਵੇਟ ਸਕਿਉਰਿਟੀ ਨੇ ਸਟੇਜ ਨੂੰ ਇਉਂ ਘੇਰਾ ਘੱਤ ਲਿਆ, ਜਿਵੇਂ ਕਿਸੇ ਵੇਲ਼ੇ ਵੀ ਹਮਲਾ ਹੋ ਸਕਦਾ ਏ। ਸਟੇਜ ਮੂਹਰੇ ਨੱਚਣ ਵਾਲਿਆਂ ‘ਚੋਂ ਕਿਸੇ ਨੂੰ ਕਲਾਕਾਰ ਦੇ ਨੇੜੇ ਤੱਕ ਨਾ ਜਾਣ ਦਿੱਤਾ ਗਿਆ। ਜੇ ਕੋਈ ਜਾਣ ਦੀ ਕੋਸ਼ਿਸ਼ ਕਰਦਾ ਸੀ ਤਾਂ ਮੂਹਰੇ ਖੜ੍ਹੇ ਅੰਗ ਰੱਖਿਅਕ ਇਉਂ ਸਲੂਕ ਕਰਦੇ, ਜਿਵੇਂ ਉਹ ਮਨੁੱਖੀ ਬੰਬ ਹੋਵੇ ਜੋ ਕਲਾਕਾਰ ਦੇ ਨੇੜੇ ਜਾ ਕੇ ਫਟ ਜਾਏਗਾ।
ਪ੍ਰੋਗਰਾਮ ਤੋਂ ਬਾਅਦ ਉਸ ਕਲਾਕਾਰ ਨਾਲ ਗੱਲ ਹੋਈ ਤਾਂ ਜਵਾਬ ਸੀ, ‘ਇਹ ਸਕਿਉਰਿਟੀ ਮੇਰੀ ਪਰਸਨਲ ਏ, ਇਨ੍ਹਾਂ ‘ਬਾਊਂਸਰਾਂ’ ਨੂੰ ਪੱਚੀ-ਪੱਚੀ ਸੌ ਰੁਪਿਆ ਪ੍ਰਤੀ ਪ੍ਰੋਗਰਾਮ ਦੇਈਦਾæææਇਨ੍ਹਾਂ ਦਾ ਕੰਮ ਕਿਸੇ ਨੂੰ ਵੀ ਮੇਰੇ ਨੇੜੇ ਨਾ ਆਉਣ ਦੇਣਾ ਹੁੰਦੈæææਕਈ ਵਾਰ ਲੋਕ ਫੋਟੋ ਖਿਚਾਉਣ ਦੇ ਚੱਕਰ ‘ਚ ਕਲਾਕਾਰ ਦੇ ਕੱਪੜੇ ਪਾੜ ਛੱਡਦੇ ਨੇ, ਆਟੋਗ੍ਰਾਫ਼ ਲੈਣ ਦੇ ਚੱਕਰ ‘ਚ ਕਲਾਕਾਰ ਦੀ ਖਿੱਚ ਧੂਹ ਸ਼ੁਰੂ ਹੋ ਜਾਂਦੀ ਏ। ਇਹ ਛੇ ਬਾਊਂਸਰ ਮੇਰੀ ਰਾਖੀ ਕਰਦੇ ਨੇ।’
ਮੈਂ ਪੁੱਛਿਆ, ‘ਲਾਲ ਚੰਦ ਯਮਲਾ ਜੱਟ, ਹਰਚਰਨ ਗਰੇਵਾਲ, ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਕੁਲਦੀਪ ਮਾਣਕ ਤੇ ਇਨ੍ਹਾਂ ਵਰਗੇ ਹੋਰ ਮਹਾਨ ਕਲਾਕਾਰ ਤੁਹਾਡੇ ਨਾਲੋਂ ਕਿਤੇ ਵੱਧ ਮਕਬੂਲ ਹੋਏ, ਉਨ੍ਹਾਂ ਨੇ ਕਈ-ਕਈ ਦਹਾਕੇ ਲੋਕ ਮਨਾਂ ‘ਤੇ ਰਾਜ ਕੀਤਾ, ਪਰ ਉਨ੍ਹਾਂ ਨੂੰ ਤਾਂ ਕਦੇ ਸਰੋਤਿਆਂ ਤੋਂ ਡਰ ਨਹੀਂ ਲੱਗਾ ਤੇ ਨਾ ਹੀ ਉਨ੍ਹਾਂ ਕਦੇ ਸੁਰੱਖਿਆ ਲਈæææਫਿਰ ਤੁਹਾਨੂੰ ਕਾਹਦਾ ਡਰ ਪੈ ਗਿਆ?’
ਉਸ ਕਲਾਕਾਰ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਜਦੋਂ ਲੋਕ ਸ਼ਰਾਬੀ ਹੋ ਜਾਂਦੇ ਨੇ ਤਾਂ ਕਈ ਵਾਰ ਕਲਾਕਾਰ ਨਾਲ ਬਦਤਮੀਜ਼ੀ ‘ਤੇ ਉਤਰ ਆਉਂਦੇ ਨੇ, ਨਾਲੇ ਵਕਤ ਦਾ ਪਤਾ ਨਹੀਂ ਹੁੰਦਾ, ਕਿਹੜੇ ਵੇਲ਼ੇ ਕੀਹਦੇ ਨਾਲ ਕੀ ਚੱਕਰ ਪੈ ਜਾਵੇ?’ ਉਤਰ ਸੁਣ ਮੈਂ ਸੋਚਣ ਲੱਗਾ ਕਿ ਜਿਹੜੇ ਲੋਕਾਂ ਨੇ ਇਨ੍ਹਾਂ ਨੂੰ 4-5 ਲੱਖ ਰੁਪਿਆ ਦੋ ਘੰਟੇ ਗਾਉਣ ਲਈ ਦੇ ਕੇ ਸੱਦਿਆ ਹੋਵੇ, ਕੀ ਉਹ ਸੱਚਮੁੱਚ ਇਨ੍ਹਾਂ ਨਾਲ ਬਦਸਲੂਕੀ ਕਰ ਸਕਦੇ ਨੇ?
ਇਕ ਨਿੱਜੀ ਸੰਗੀਤ ਚੈਨਲ ਵਲੋਂ ਹਰ ਸਾਲ ਜਲੰਧਰ ਵਿਚ ਸਾਲਾਨਾ ਐਵਾਰਡ ਵੰਡ ਸਮਾਰੋਹ ਕਰਾਇਆ ਜਾਂਦੈ ਤੇ ਉਹ ਸਮਾਗਮ ਰਾਤ ਦੇ ਦੋ-ਢਾਈ ਵਜੇ ਤੱਕ ਚੱਲਦਾ ਰਹਿੰਦੈ। ਜਦੋਂ ਤੱਕ ਸਮਾਗਮ ਖਤਮ ਹੁੰਦੈ, ਉਦੋਂ ਤੱਕ ਜਲੰਧਰ ਦੇ ਸਾਰੇ ਢਾਬੇ ਬੰਦ ਹੋ ਚੁੱਕੇ ਨੇ, ਸੋ ਭੁੱਖ ਮਿਟਾਉਣ ਦੀ ਇਕੋ ਇਕ ਥਾਂ ‘ਹਵੇਲੀ’ ਬਚੀ ਹੁੰਦੀ ਏ ਤੇ ਸਾਰੇ ਕਲਾਕਾਰ ਆਪਣੇ ਸਾਥੀਆਂ ਸਮੇਤ ਉਥੇ ਪਹੁੰਚ ਜਾਂਦੇ ਨੇ। ਕੁਝ ਸਾਲ ਪਹਿਲਾਂ ਉਥੇ ਹਨੀ ਸਿੰਘ ਆਪਣੇ ਸਾਥੀਆਂ ਸਮੇਤ ਰੋਟੀ ਖਾਣ ਪੁੱਜਾ ਤਾਂ ਛੇ-ਸੱਤ ਇਕੋ ਜਹੀਆਂ ਵਰਦੀਆਂ ਵਾਲੇ ‘ਬਾਊਂਸਰਾਂ’ ਨੇ ਖਾਣੇ ਵਾਲੇ ਮੇਜ਼ ਨੂੰ ਘੇਰਾ ਪਾਈ ਰੱਖਿਆ ਤਾਂ ਜੁ ਕੋਈ ਉਨ੍ਹਾਂ ਵੱਲ ਨਾ ਆ ਸਕੇ। ਕੋਈ ਪੁੱਛਣ ਵਾਲਾ ਹੋਵੇ ਕਿ ਕਿਸੇ ਨੇ ਇਹੋ ਜਹਿਆਂ ਨੂੰ ਮਿਲ ਕੇ ਕੀ ਕਰਨੈ?
ਪੰਜਾਬ ਦੇ ਕਈ ਕਲਾਕਾਰ ਅਜਿਹੇ ਨੇ, ਜਿਨ੍ਹਾਂ ਨੂੰ ਇੱਕ-ਇੱਕ ਦੋ-ਦੋ ਪੁਲਿਸ ਮੁਲਾਜ਼ਮ ਮਿਲੇ ਹੋਏ ਨੇ ਤੇ ਉਹ ਵਿਚਾਰੇ ਸਾਊ ‘ਪੁੱਤਾਂ’ ਵਾਂਗ ਕਲਾਕਾਰ ਦੇ ਪਿੱਛੇ-ਪਿੱਛੇ ਤੁਰਦੇ ਰਹਿੰਦੇ ਨੇ। ਸਾਰੇ ਕਲਾਕਾਰਾਂ ਨੂੰ ਤਾਂ ਸਰਕਾਰੀ ਮੁਲਾਜ਼ਮ ਮਿਲ ਨਹੀਂ ਸਕਦੇ, ਸੋ ਉਨ੍ਹਾਂ ਨੇ ਆਪਣਾ ਰੋਅਬ ਬਣਾਉਣ ਲਈ ਬੰਬੇ ਮਾਰਕਾ ਕਲਾਕਾਰਾਂ ਦੀ ਰੀਸ ਸ਼ੁਰੂ ਕਰ ਦਿੱਤੀ। ਨਿੱਜੀ ਸੁਰੱਖਿਆ ਗਾਰਡਾਂ ਦੇ ਨਾਂ ‘ਤੇ ‘ਬਾਊਂਸਰ’ ਨਾਲ ਲੈ ਕੇ ਚੱਲਣਾ ਸ਼ੁਰੂ ਕਰ ਦਿੱਤਾ। ਇਹ ਉਹ ਕਲਾਕਾਰ ਨੇ, ਜਿਨ੍ਹਾਂ ਬਹੁਗਿਣਤੀ ਗੀਤ ਔਰਤਾਂ ਦੀ ਬੇਪੱਤੀ ਕਰਨ ਵਾਲੇ ਤੇ ਜਵਾਨੀ ਨੂੰ ਕੁਰਾਹੇ ਪਾਉਂਦੇ ਗਾਏ ਨੇ। ਇਨ੍ਹਾਂ ਗੀਤਾਂ ਕਰਕੇ ਉਨ੍ਹਾਂ ਦੀ ਚੜ੍ਹਤ ਏਨੀ ਜ਼ਿਆਦਾ ਹੋ ਗਈ ਕਿ ਉਹ ਦਿਨਾਂ ‘ਚ ਹੀ ਕਰੋੜਪਤੀ ਬਣ ਗਏ। ਜਦੋਂ ਗਾਣੇ ਮਾੜੇ ਗਾਉਣੇ ਨੇ ਤਾਂ ਗਿਣਵੇਂ-ਚੁਣਵੇਂ ਲੋਕਾਂ ਵਿਰੋਧ ਵੀ ਕਰਨੈ ਤੇ ਉਸ ਵਿਰੋਧ ਤੋਂ ਡਰਦਿਆਂ ਜਾਂ ਟੌਹਰ ਖਾਤਰ ਇਨ੍ਹਾਂ ‘ਬਾਊਂਸਰ’ ਰੱਖਣ ਦਾ ਸਿਲਸਿਲਾ ਸ਼ੁਰੂ ਕਰ ਲਿਆ। ਅੱਜ ਇਹ ਸਿਲਸਿਲਾ ਏਨਾ ਵਧ ਚੁੱਕੈ ਕਿ ਜਿਸ ਕੋਲ ਮਹੀਨੇ ਦੇ 20-22 ਪ੍ਰੋਗਰਾਮ ਨੇ ਉਹ ਕਾਲੇ ਰੰਗ ਦੀ ਵਰਦੀ ਵਾਲੇ ਇਨ੍ਹਾਂ ‘ਬਾਊਂਸਰਾਂ’ ਨੂੰ ਨਾਲ ਰੱਖ ਕੇ ‘ਰੋਅਬਦਾਰ’ ਬਣਨ ਦੀ ਪੂਰੀ ਕੋਸ਼ਿਸ ਕਰਦੈ।
ਸਿਆਣੇ ਕਲਾਕਾਰ, ਜਿਹੜੇ ਜਾਣਦੇ ਨੇ ਕਿ ਇਹ ਦਿਨ ਸਦਾ ਨਹੀਂ ਰਹਿਣੇ, ਉਹ ਕਿਸੇ ਦੇ ਵੀ ਵਿਆਹ ‘ਤੇ ਗਾਉਣ ਵੇਲ਼ੇ ਸਟੇਜ ‘ਤੇ ਅੱਧਾ-ਪੌਣਾ ਘੰਟਾ ਵੱਧ ਲਾਉਂਦੇ ਨੇ ਤੇ ਫੇਰ ਪਰਿਵਾਰ ਦੇ ਸਾਰੇ ਜੀਆਂ ਨੂੰ ਮਿਲ ਕੇ ਵਿਦਾਈ ਲੈਂਦੇ ਨੇ। ਸਾਰੇ ਮੇਲ-ਗੇਲ ਨੂੰ ਕਲਾਕਾਰ ਨੂੰ ਮਿਲਣ ਦਾ ਚਾਅ ਹੁੰਦੈ ਤੇ ਉਹ ਕਲਾਕਾਰ ਸਭ ਨਾਲ ਫੋਟੋਆਂ ਖਿਚਾ ਕੇ ਵਾਪਸ ਆਉਂਦੇ ਨੇ। ਸਬੰਧਤ ਪਰਿਵਾਰ ਉਨ੍ਹਾਂ ਦੀ ਨਿਮਰਤਾ ਸਦਕਾ ਉਨ੍ਹਾਂ ਨੂੰ ਆਪਣਾ ਸਮਝਦੈ ਤੇ ਦੂਰ-ਨੇੜੇ ਕਿਸੇ ਹੋਰ ਦਾ ਵਿਆਹ ਹੁੰਦੈ ਤਾਂ ਉਸੇ ਕਲਾਕਾਰ ਨੂੰ ਸੱਦਣ ਦੀ ਸਲਾਹ ਦਿੰਦੈ। ਪਰ ਨਵੇਂ ਪੋਚ ਦੇ ਜਿਹੜੇ ਕਲਾਕਾਰਾਂ ਨੂੰ ਇਕਦਮ ਸ਼ੋਹਰਤ ਮਿਲੀ ਏ ਤੇ ਜਿਹੜੇ ਖੁਦ ਨੂੰ ਇਕਦਮ ਜ਼ਮੀਨ ਨਾਲੋਂ ਤੋੜ ਬੈਠੇ ਨੇ, ਉਹ ਨਹੀਂ ਚਾਹੁੰਦੇ ਕਿ ਆਮ ਲੋਕਾਂ ਨਾਲ ਉਨ੍ਹਾਂ ਦਾ ਵਾਹ ਪਵੇ, ਪ੍ਰੋਗਰਾਮ ਖਤਮ ਕਰਕੇ ਦੌੜ ਕੇ ਗੱਡੀ ‘ਚ ਵੜਦੇ ਨੇ। ਜਿਹੜੇ ਲੋਕਾਂ ਕਲਾਕਾਰ ਨੂੰ ਸੱਦਿਆ ਹੁੰਦੈ, ਉਹ ਤਰਲੇ ਕੱਢਦੇ ਰਹਿ ਜਾਂਦੇ ਨੇ ਕਿ ਸਾਡੇ ਬੱਚਿਆਂ ਤੁਹਾਡੇ ਨਾਲ ਫੋਟੋ ਕਰਾਉਣੀ ਏ।
ਸਮਝ ਨਹੀਂ ਆਉਂਦੀ ਕਿ ਕਲਾਕਾਰ ਭਾਈਚਾਰਾ ਆਖਰ ਸਾਬਤ ਕੀ ਕਰਨਾ ਚਾਹੁੰਦਾ ਏ। ਜੇ ਕਿਸੇ ਨਾਲ ਕੋਈ ਮਾੜੀ ਘਟਨਾ ਵਾਪਰਨੀ ਹੋਵੇ ਤਾਂ ਉਹ ਕਿਤੇ ਵੀ, ਕਿਵੇਂ ਵੀ ਵਾਪਰ ਸਕਦੀ ਏ। ਬਹੁਤ ਸਾਰੇ ਅਜਿਹੇ ਕਲਾਕਾਰਾਂ ਦੇ ਨਾਂ ਲਏ ਜਾ ਸਕਦੇ ਨੇ, ਜਿਹੜੇ ਅੱਜ ਵੀ ਲੋਕਾਂ ‘ਚ ਵਿਚਰਦੇ ਨੇ ਤੇ ਲੋਕ ਉਨ੍ਹਾਂ ਨੂੰ ਇਕ ਵਾਰ ਛੂਹਣ ਵਿਚ ਹੀ ਮਾਣ ਮਹਿਸੂਸਦੇ ਨੇ ਤੇ ਇਹ ਕੋਈ ਮਾੜੀ ਗੱਲ ਵੀ ਤਾਂ ਨਹੀਂ ਕਿ ਕੋਈ ਕਲਾਕਾਰ ਕੋਲ ਜਾਵੇ। ਪਰ ਨਵੇਂ ਕਲਾਕਾਰ, ਜਿਹੜੇ ਚੈਨਲਾਂ ‘ਤੇ ਸਰੋਤਿਆਂ ਨੂੰ ‘ਰੱਬ ਰੂਪੀ’ ਦਰਜਾ ਦਿੰਦੇ ਨੇ, ਉਹ ‘ਰੱਬ’ ਨੂੰ ਹੀ ਕਿਉਂ ਨਹੀਂ ਮਿਲਣਾ ਚਾਹੁੰਦੇ, ਇਹ ਗੱਲ ਸਾਡੀ ਸੋਚ ਤੋਂ ਪਰ੍ਹੇ ਦੀ ਹੈ।
ਅਸਲ ਗੱਲ ਇਹ ਹੈ ਕਿ ਕਲਾਕਾਰਾਂ ਦੀ ਸੋਚ ਹੱਦੋਂ ਵੱਧ ਸਵਾਰਥੀ ਹੋ ਚੁੱਕੀ ਏ। ਇਹੀ ਕਲਾਕਾਰ, ਜਦੋਂ ਕੋਈ ਪੁੱਛਦਾ ਨਹੀਂ ਹੁੰਦਾ ਤਾਂ ਲੋਕਾਂ ਵਿਚ ਧੱਕੇ ਨਾਲ ਵਿਚਰਦੇ ਨੇ, ਮੇਲਿਆਂ ‘ਤੇ ਗਾਉਣ ਲਈ ਪੰਦਰਾਂ-ਪੰਦਰਾਂ ਮਿੰਟ ਦਾ ਵਕਤ ਮੰਗਦੇ ਨੇ, ਪਰ ਜਦੋਂ ਗੱਲ ਬਣ ਜਾਂਦੀ ਏ ਤਾਂ ਉਨ੍ਹਾਂ ਮੇਲੇ ਵਾਲਿਆਂ ਨੂੰ ਹੀ ਨਾਂਹ ਕਰਦੇ ਨੇ ਕਿ ਤੁਹਾਡੇ ਇਕੱਠ ਬਹੁਤ ਹੁੰਦੈ ਤੇ ਉਥੇ ਸਕਿਉਰਿਟੀ ਦਾ ਖਾਸ ਪ੍ਰਬੰਧ ਨਹੀਂ ਹੁੰਦਾ।
ਸਾਡਾ ਕਲਾਕਾਰ ਭਾਈਚਾਰਾ ਲੀਡਰਾਂ ਵਾਂਗ ਰੰਗ ਬਦਲਣ ਲਈ ਮਸ਼ਹੂਰ ਹੋ ਚੁੱਕੈ। ‘ਬਾਊਂਸਰ’ ਰੱਖਣ ਵਾਲੀ ਗੱਲ ਇਸ ਪੱਖੋਂ ਥੋੜ੍ਹੀ ਕੁ ਚੰਗੀ ਵੀ ਏ ਕਿ ਜਿੰਮ ਵਿਚ ਜਾ ਕੇ ਕਸਰਤੀ ਸਰੀਰ ਬਣਾਉਣ ਵਾਲਿਆਂ ਨੂੰ ਰੁਜ਼ਗਾਰ ਮਿਲਣ ਲੱਗਾ ਏ, ਪਰ ਇਸ ਸਭ ਨਾਲ ਕਲਾਕਾਰਾਂ ਪ੍ਰਤੀ ਲੋਕਾਂ ਦੀ ਧਾਰਨਾ ਬਦਲਦੀ ਜਾ ਰਹੀ ਏ। ਹੁਣ ਤਾਂ ਲੋਕ ਇਹ ਗੱਲਾਂ ਵੀ ਕਰਦੇ ਸੁਣੀਂਦੇ ਨੇ ਕਿ ਜੇ ਕਲਾਕਾਰਾਂ ਦਾ ਆਮ ਲੋਕਾਂ ਨੂੰ ਬਿਨਾਂ ਮਿਲੇ ਸਰਦੈ ਤਾਂ ਲੋਕਾਂ ਦਾ ਵੀ ਇਨ੍ਹਾਂ ਬਿਨਾਂ ਕਿਹੜਾ ਗੱਡਾ ਖੜ੍ਹੈ।

Be the first to comment

Leave a Reply

Your email address will not be published.