ਵੈਨਕੂਵਰ: ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਿਛਲੇ ਮਹੀਨੇ ਭਾਰਤ ਫੇਰੀ ਦੌਰਾਨ ਚਰਚਾ ਵਿਚ ਆਏ ਸਰੀ ਦੇ ਕਾਰੋਬਾਰੀ ਅਤੇ ਸਜ਼ਾਯਾਫਤਾ ਖਾੜਕੂ ਜਸਪਾਲ ਅਟਵਾਲ ਨੇ ਉਸ ਕਰ ਕੇ ਜਸਟਿਸ ਟਰੂਡੋ ਅਤੇ ਭਾਰਤ ਨੂੰ ਝੱਲਣੀ ਪਈ ਨਮੋਸ਼ੀ ਲਈ ਮੁਆਫੀ ਮੰਗੀ ਹੈ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਹੁਣ ਖਾਲਿਸਤਾਨ ਦੀ ਲਹਿਰ ਦਾ ਸਮਰਥਨ ਨਹੀਂ ਕਰਦਾ।
ਦੱਸਣਯੋਗ ਹੈ ਕਿ ਇਹ ਮਾਮਲਾ ਉਦੋਂ ਭਖਿਆ ਜਦੋਂ ਮੁੰਬਈ ਵਿਚ ਇਕ ਸਮਾਗਮ ਦੌਰਾਨ ਅਟਵਾਲ ਦੀਆਂ ਟਰੂਡੋ ਦੀ ਪਤਨੀ ਸੋਫੀ ਅਤੇ ਹੋਰ ਅਧਿਕਾਰੀਆਂ ਨਾਲ ਫੋਟੋਆਂ ਖਿੱਚੀਆਂ ਗਈਆਂ। ਉਸ ਨੂੰ ਟਰੂਡੋ ਦੀ ਇਕ ਹਫਤੇ ਦੀ ਭਾਰਤ ਫੇਰੀ ਦੌਰਾਨ ਦਿੱਲੀ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਦੀ ਰਿਹਾਇਸ਼ ਉਤੇ ਰੱਖੇ ਰਾਤਰੀ ਭੋਜ ਲਈ ਵੀ ਸੱਦਾ ਦਿੱਤਾ ਗਿਆ ਸੀ। ਬਾਅਦ ਵਿਚ ਇਹ ਸੱਦਾ ਵਾਪਸ ਲੈ ਲਿਆ ਗਿਆ ਸੀ। 62 ਸਾਲਾ ਅਟਵਾਲ ਨੇ ਕਈ ਦਿਨਾਂ ਦੀ ਚੁੱਪੀ ਮਗਰੋਂ ਇਥੇ ਆਪਣੇ ਵਕੀਲ ਦੇ ਦਫਤਰ ਵਿਚ ਰੱਖੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਸ ਨੂੰ ਭਾਰਤੀ ਅਫਸਰਾਂ ਵੱਲੋਂ ਵਰਤੇ ਜਾਣ ਵਿਚ ਰਤਾ ਵੀ ਸੱਚਾਈ ਨਹੀਂ ਹੈ। ਉਸ ਨੂੰ ਜਸਟਿਨ ਟਰੂਡੋ ਨਾਲ ਖਾਣੇ ਦੀ ਦਾਅਵਤ ਦਾ ਸੱਦਾ ਭਾਰਤ ਵਿਚ ਕੈਨੇਡੀਅਨ ਸਫੀਰ ਵੱਲੋਂ ਦਿੱਤਾ ਗਿਆ ਸੀ, ਜਿਸ ਦੀ ਸਿਫਾਰਸ਼ ਉਸ ਨੇ ਸਰੀ ਸੈਂਟਰਲ ਹਲਕੇ ਤੋਂ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਤੋਂ ਕਰਵਾਈ ਸੀ। ਉਸ ਨੇ ਕਿਹਾ ਕਿ ਬੇਸ਼ੱਕ ਉਸ ਨੇ 1986 ਵਿਚ ਕੈਨੇਡਾ ਆਏ ਪੰਜਾਬ ਦੇ ਰਾਜ ਮੰਤਰੀ ਉਤੇ ਹਮਲਾ ਕੀਤਾ ਸੀ ਪਰ ਉਹ ਪੰਜਾਬ ਦੇ ਤਤਕਾਲੀ ਹਾਲਾਤ ਵਿਚੋਂ ਉਪਜੇ ਗੁੱਸੇ ਦਾ ਨਤੀਜਾ ਸੀ, ਜਿਸ ਦਾ ਉਸ ਨੂੰ ਪਛਤਾਵਾ ਵੀ ਹੈ।
ਪੱਤਰਕਾਰਾਂ ਵੱਲੋਂ ਸਵਾਲ ਵਕੀਲ ਦੀ ਥਾਂ ਅਟਵਾਲ ਤੋਂ ਪੁੱਛੇ ਜਾਣ ਦੇ ਯਤਨਾਂ ਦੌਰਾਨ ਉਸ ਦੇ ਵਕੀਲ ਦੀ ਇਕ ਪੱਤਰਕਾਰ ਨਾਲ ਤਲਖਕਲਾਮੀ ਵੀ ਹੋ ਗਈ। ਅਟਵਾਲ ਵੱਲੋਂ ਆਪਣਾ ਬਿਆਨ ਆਪ ਪੜ੍ਹ ਕੇ ਸੁਣਾਇਆ ਗਿਆ। ਉਸ ਨੇ ਕਿਹਾ ਕਿ ਉਹ Ḕਹੈਰਾਨ ਅਤੇ ਪਰੇਸ਼ਾਨ’ ਹੋ ਗਿਆ ਜਦੋਂ ਉਸ ਦੀ ਦਾਅਵਤ ਵਿਚ ਸ਼ਿਰਕਤ ਕਾਰਨ ਵਿਵਾਦ ਖੜ੍ਹਾ ਹੋ ਗਿਆ। ਉਸ ਨੇ ਕਿਹਾ ਕਿ ਇਸ ਮਸਲੇ ਕਾਰਨ ਕੈਨੇਡਾ, ਭਾਰਤ, ਮੇਰੇ ਭਾਈਚਾਰੇ, ਪਰਿਵਾਰ ਅਤੇ ਦੋਸਤਾਂ ਨੂੰ ਝੱਲਣੀ ਪਈ ਨਮੋਸ਼ੀ ਲਈ ਮੈਂ ਮੁਆਫੀ ਮੰਗਦਾ ਹਾਂ। ਉਸ ਦੇ ਹਾਵ-ਭਾਵ ਦਰਸਾ ਰਹੇ ਸਨ ਕਿ ਉਸ ਨੇ ਕਾਨੂੰਨੀ ਦਾਅ ਪੇਚਾਂ ਤੋਂ ਬਚਣ ਲਈ ਵਕੀਲ ਦੀ ਮਦਦ ਲਈ ਹੋ ਸਕਦੀ ਹੈ। ਉਸ ਨੇ ਵਾਰ-ਵਾਰ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਵੀਜ਼ੇ ਉਤੇ ਹੀ ਪਿਛਲੇ ਸਾਲ ਦੋ ਵਾਰ ਭਾਰਤ ਗਿਆ ਅਤੇ ਇਸ ਵਾਰ ਵੀ ਗਿਆ। ਜੇਕਰ ਉਸ ਦੇ ਭਾਰਤ ਵਿਰੋਧੀ ਕਿਸੇ ਜਥੇਬੰਦੀ ਨਾਲ ਸਬੰਧ ਹੁੰਦੇ ਤਾਂ ਭਾਰਤ ਸਰਕਾਰ ਉਸ ਨੂੰ ਵੀਜ਼ਾ ਨਾ ਦਿੰਦੀ।
_________________________________________
ਜਾਇਜ਼ ਵੀਜ਼ੇ ਉਤੇ ਆਇਆ ਅਟਵਾਲ: ਭਾਰਤ
ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੁਜਰਮ ਕਰਾਰ ਦਿੱਤਾ ਗਿਆ ਖਾਲਿਸਤਾਨੀ ਜਸਪਾਲ ਅਟਵਾਲ ਆਪਣੇ ਜਾਇਜ਼ ਵੀਜ਼ੇ ਰਾਹੀਂ ਭਾਰਤ ਆਇਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਪਰਵਾਸੀ ਭਾਰਤੀਆਂ ਤੱਕ ਪਹੁੰਚ ਦੀ ਨੀਤੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ, ਜਿਨ੍ਹਾਂ ਵਿਚ ਗੁੰਮਰਾਹਕੁਨ ਤੱਤ ਵੀ ਸ਼ਾਮਲ ਹਨ, ਜੋ ਅਤੀਤ ‘ਚ ਭਾਵੇਂ ਭਾਰਤ-ਵਿਰੋਧੀ ਸਨ, ਪਰ ਬਾਅਦ ਵਿਚ ਉਨ੍ਹਾਂ ਇਹ ਰਾਹ ਤਿਆਗ ਦਿੱਤਾ।
