ਕੈਨੇਡਾ ਦੇ ਡਾਕਟਰਾਂ ਦੇ ‘ਸਬਰ’ ਦੀ ਚਰਚਾ

ਤਨਖਾਹਾਂ ਵਧਾਉਣ ਦੀ ਥਾਂ ਮਰੀਜ਼ਾਂ ਨੂੰ ਸਹੂਲਤਾਂ ਦੀ ਵਕਾਲਤ
ਟੋਰਾਂਟੋ: ਕੈਨੇਡਾ ਵਿਚ ਸੈਂਕੜੇ ਡਾਕਟਰਾਂ ਤੇ ਮੈਡੀਕਲ ਵਿਦਿਆਰਥੀਆਂ ਨੇ ਵਿਲੱਖਣ ਪਟੀਸ਼ਨ ਉਤੇ ਦਸਤਖਤ ਕੀਤੇ ਹਨ। ਇਹ ਪਟੀਸ਼ਨ ਇਨ੍ਹਾਂ ਡਾਕਟਰਾਂ ਦੀ ਤਨਖਾਹ ਵਧਾਏ ਜਾਣ ਖਿਲਾਫ਼ ਹੈ। ਇਨ੍ਹਾਂ ਡਾਕਟਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਤਨਖਾਹ ਵਿਚ ਵਧਾਈ ਰਕਮ ਨੂੰ ਨਰਸਾਂ ਦੀਆਂ ਤਨਖਾਹਾਂ ਤੇ ਜ਼ਰੂਰਤਮੰਦ ਮਰੀਜ਼ਾਂ ਦੀ ਸਹਾਇਤਾ ਲਈ ਵਰਤਿਆ ਜਾਣਾ ਚਾਹੀਦਾ ਹੈ।

ਕੈਨੇਡਾ ਦੇ ਜਿਸ ਸੂਬੇ ਦੇ ਡਾਕਟਰਾਂ ਦੀ ਇਹ ਮੰਗ ਹੈ, ਉਥੋਂ ਦੀ ਦਫਤਰੀ ਭਾਸ਼ਾ ਫਰੈਂਚ ਹੈ। ਇਸੇ ਭਾਸ਼ਾ ਵਿਚ ਲਿਖੀ ਗਈ ਚਿੱਠੀ ਵਿਚ ਲਿਖਿਆ ਹੈ, “ਅਸੀਂ ਕਿਊਬਿਕ ਡਾਕਟਰ ਮਜ਼ਬੂਤ ਪਬਲਿਕ ਸਿਸਟਮ ਵਿਚ ਵਿਸ਼ਵਾਸ ਰੱਖਦੇ ਹਾਂ ਤੇ ਮੈਡੀਕਲ ਫੈਡਰੇਸ਼ਨ ਨੇ ਸਾਡੇ ਪੈਸੇ ਵਧਵਾਏ ਜਾਣ ਦੀ ਮੰਗ ਨੂੰ ਪਾਸ ਕਰਵਾਇਆ ਹੈ, ਅਸੀਂ ਉਸ ਦਾ ਵਿਰੋਧ ਕਰ ਰਹੇ ਹਾਂ।”ਬੀਤੀ 25 ਫਰਵਰੀ ਨੂੰ ਪੋਸਟ ਕੀਤੀ ਗਈ ਇਸ ਪਟੀਸ਼ਨ ਉਤੇ ਹੁਣ ਤੱਕ 700 ਤੋਂ ਜ਼ਿਆਦਾ ਡਾਕਟਰਾਂ ਨੇ ਦਸਤਖਤ ਕੀਤੇ ਹਨ। ਇਨ੍ਹਾਂ ਵਿਚ ਜਨਰਲ ਪ੍ਰੈਕਟੀਸ਼ਨਰ, ਸਪੈਸ਼ਲਿਸਟ, ਰੈਜੀਡੈਂਟ ਮੈਡੀਕਲ ਡਾਕਟਰ ਤੋਂ ਲੈ ਕੇ ਮੈਡੀਕਲ ਵਿਦਿਆਰਥੀ ਸ਼ਾਮਲ ਹਨ। ਡਾਕਟਰਾਂ ਦੀਆਂ ਤਨਖਾਹਾਂ ਵਧਾਉਣ ਲਈ ਦੇਸ਼ ਦੇ ਹੈਲਥ ਬਜਟ ਵਿਚੋਂ ਇਕ ਵੱਡਾ ਹਿੱਸਾ ਕੱਢਣਾ ਪਿਆ ਹੈ, ਜਿਸ ਕਾਰਨ ਨਰਸਾਂ ਤੇ ਕਲਰਕਾਂ ‘ਤੇ ਬਹੁਤ ਜ਼ਿਆਦਾ ਵਜ਼ਨ ਪੈ ਗਿਆ ਹੈ। ਇਸ ਦੇ ਨਾਲ-ਨਾਲ ਮਰੀਜ਼ਾਂ ਨੂੰ ਵੀ ਸਿਹਤ ਸੇਵਾਵਾਂ ਵਿਚ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ।
ਕੈਨੇਡਾ ਇੰਸਟੀਚਿਊਟ ਫਾਰ ਹੈਲਥ ਇਨਫਾਰਮੇਸ਼ਨ ਦੀ ਸਾਲ 2017 ਦੀ ਰਿਪੋਰਟ ਮੁਤਾਬਕ ਇਕ ਆਮ ਕੈਨੇਡਾਈ ਡਾਕਟਰ 260,925 ਡਾਲਰ ਯਾਨੀ 1,31,67,790æ58 ਰੁਪਏ ਕਮਾਉਂਦਾ ਹੈ। ਰਿਪੋਰਟ ਨੇ ਇਹ ਗੱਲ ਸਾਫ ਕੀਤੀ ਹੈ ਕਿ ਇਹ ਸਿਰਫ ਡਾਕਟਰਾਂ ਨੂੰ ਸਿੱਧੇ ਤੌਰ ‘ਤੇ ਮਿਲਣ ਵਾਲੀ ਰਕਮ ਹੈ ਜਿਸ ਵਿਚ ਉਨ੍ਹਾਂ ਦੀ ਬਾਕੀ ਕੀ ਕਮਾਈ ਸ਼ਾਮਲ ਨਹੀਂ ਹੋ ਸਕਦੀ। ਡਾਕਟਰਾਂ ਨੇ 25 ਫਰਵਰੀ ਨੂੰ ਇਕ ਹੋਰ ਪਟੀਸ਼ਨ ਜਾਰੀ ਕੀਤੀ ਸੀ ਜਿਸ ਵਿਚ ਉਨ੍ਹਾਂ ਨੂੰ 500 ਮਿਲੀਅਨ ਡਾਲਰ ਯਾਨੀ 25,25,32,52,925æ00 ਰੁਪਏ ਦੀ ਰਕਮ ਨੂੰ ਸਪੈਸ਼ਲਿਸਟ ਡਾਕਟਰਾਂ ਦੀ ਤਨਖਾਹ ਵਿਚ ਵਧਾਏ ਜਾਣ ਨੂੰ ਭੱਦਾ ਕਰਾਰ ਦਿੱਤਾ। ਡਾਕਟਰਾਂ ਦਾ ਇਹ ਕਦਮ ਨਰਸਾਂ ਦੇ ਉਸ ਕਦਮ ਤੋਂ ਬਾਅਦ ਆਇਆ ਹੈ ਜੋ ਇਨ੍ਹਾਂ ਡਾਕਟਰਾਂ ਦੀ ਤਨਖਾਹ ਵਧਾਏ ਜਾਣ ਦੇ ਵਿਰੋਧ ਵਿਚ ਚੁੱਕਿਆ ਸੀ।