‘ਆਪ’ ਵੱਲੋਂ ਪੈਰਾਂ ਸਿਰ ਹੋਣ ਲਈ ਮੁੜ ਹੰਭਲਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਵਿਚ ਪੈਰਾਂ ਸਿਰ ਹੋਣ ਲਈ ਕੋਰ ਕਮੇਟੀ ਬਣਾਉਣ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜਨ ਦੇ ਫੈਸਲੇ ਲਏ ਗਏ ਹਨ। ਸੂਤਰਾਂ ਅਨੁਸਾਰ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੂਬੇ ਦੀ ਚੋਣਵੀਂ ਲੀਡਰਸ਼ਿਪ ਨਾਲ ਮੀਟਿੰਗ ਕਰ ਕੇ ਇਹ ਫੈਸਲੇ ਲਏ ਹਨ। ਸ੍ਰੀ ਸਿਸੋਦੀਆ ਨੇ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਸੂਬੇ ਦੇ ਸਹਿ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਆਪਸੀ ਸਹਿਮਤੀ ਨਾਲ ਕੋਰ ਕਮੇਟੀ ਲਈ ਆਗੂਆਂ ਦੀ ਸੂਚੀ ਭੇਜਣ ਲਈ ਕਿਹਾ ਹੈ।

ਉਨ੍ਹਾਂ ਪੰਜਾਬ ਦੀ ਲੀਡਰਸ਼ਿਪ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਲਈ ਸਿਆਸੀ ਫੈਸਲੇ ਸਥਾਨਕ ਲੀਡਰਸ਼ਿਪ ਹੀ ਕਰੇ ਅਤੇ ਉਹ (ਸਿਸੋਦੀਆ) ਫਾਲਤੂ ਦੀ ਕੋਈ ਦਖਲਅੰਦਾਜ਼ੀ ਨਹੀਂ ਦੇਣਾ ਚਾਹੁੰਦੇ। ਉਂਜ ਹਰੇਕ ਨੇਤਾ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਜ਼ਰੂਰ ਤੈਅ ਹੋਵੇਗੀ। ਜ਼ਿਕਰਯੋਗ ਹੈ ਕਿ Ḕਆਪ’ ਦੀ ਬਹੁਤੀ ਲੀਡਰਸ਼ਿਪ ਪਾਰਟੀ ਦੇ ਤਿੰਨ ਮੁੱਖ ਆਗੂਆਂ ਭਗਵੰਤ ਮਾਨ, ਅਮਨ ਅਰੋੜਾ ਅਤੇ ਸੁਖਪਾਲ ਖਹਿਰਾ ਦੇ ਇਕਸੁਰ ਨਾ ਹੋਣ ਕਰ ਕੇ ਦੁਖੀ ਹੈ ਅਤੇ ਇਸ ਦੀ ਪੂਰੀ ਜਾਣਕਾਰੀ ਹਾਈਕਮਾਂਡ ਕੋਲ ਵੀ ਹੈ। ਸੂਤਰਾਂ ਅਨੁਸਾਰ ਅਜਿਹੇ ਹਾਲਾਤ ਕਰ ਕੇ ਹੀ ਹਾਈਕਮਾਂਡ ਪੰਜਾਬ ‘ਚ ਕੋਰ ਕਮੇਟੀ ਦਾ ਗਠਨ ਕਰਨਾ ਜ਼ਰੂਰੀ ਸਮਝ ਰਹੀ ਹੈ ਤਾਂ ਜੋ ਪਾਰਟੀ ਦੀ ਸਾਰੀ ਕਮਾਂਡ ਇਕ-ਦੋ ਆਗੂਆਂ ਦੇ ਹੱਥਾਂ ਵਿਚ ਨਾ ਰਹੇ।
ਸ੍ਰੀ ਸਿਸੋਦੀਆ ਨੇ ਪਿਛਲੇ ਦਿਨੀਂ ਦਿੱਲੀ ਵਿਚ ਸੱਦੀ ਮੀਟਿੰਗ ਵਿਚ ਸਭ ਤੋਂ ਵਧ ਤਰਜੀਹ ਪੰਜ ਜ਼ੋਨ ਪ੍ਰਧਾਨਾਂ ਨੂੰ ਦਿੱਤੀ। ਪਹਿਲਾਂ ਉਨ੍ਹਾਂ ਪੰਜ ਜ਼ੋਨ ਪ੍ਰਧਾਨਾਂ ਨਾਲ ਵੱਖਰੇ ਤੌਰ ਉਤੇ ਮੀਟਿੰਗ ਕੀਤੀ। ਮੀਟਿੰਗ ਵਿਚ ਮਾਝੇ ਦੇ ਕੁਲਦੀਪ ਧਾਲੀਵਾਲ, ਦੁਆਬੇ ਦੇ ਪਰਮਜੀਤ ਸਿੰਘ ਸਚਦੇਵਾ ਅਤੇ ਮਾਲਵੇ ਦੇ ਗੁਰਦਿੱਤ ਸਿੰਘ ਸੇਖੋਂ, ਅਨਿਲ ਠਾਕੁਰ ਤੇ ਦਲਬੀਰ ਸਿੰਘ ਢਿੱਲੋਂ ਤੋਂ ਇਲਾਵਾ ਭਗਵੰਤ ਮਾਨ, ਅਮਨ ਅਰੋੜਾ, ਸੁਖਪਾਲ ਖਹਿਰਾ, ਕੰਵਰ ਸੰਧੂ, ਕੁਲਤਾਰ ਸਿੰਘ ਸੰਧਵਾਂ, ਹਰਜੋਤ ਬੈਂਸ ਅਤੇ ਗੈਰੀ ਵੜਿੰਗ ਹਾਜ਼ਰ ਸਨ। ਸੰਕੇਤਾਂ ਮੁਤਾਬਕ ਕੋਰ ਕਮੇਟੀ ਤਕਰੀਬਨ ਇਨ੍ਹਾਂ ਆਗੂਆਂ ਉਤੇ ਅਧਾਰਤ ਹੀ ਬਣੇਗੀ। ਮੀਟਿੰਗ ਵਿਚ ਪਾਰਟੀ ਦੇ ਵੱਖ-ਵੱਖ ਵਿੰਗਾਂ ਦਾ ਵੀ ਛੇਤੀ ਗਠਨ ਕਰਨ ਦਾ ਫੈਸਲਾ ਹੋਇਆ ਹੈ। ਕੁਝ ਵਿਧਾਇਕਾਂ ਵੱਲੋਂ ਵਿੰਗਾਂ ਦੇ ਮੁਖੀ ਲੱਗਣ ਲਈ ਕੀਤੀ ਜਾ ਰਹੀ ਖਿੱਚ-ਧੂਹ ਕਾਰਨ ਇਹ ਮਾਮਲਾ ਉਲਝਿਆ ਪਿਆ ਹੈ।