ਸ਼੍ਰੋਮਣੀ ਕਮੇਟੀ ਵੱਲੋਂ ‘ਇਕ ਨਗਰ ਇਕ ਗੁਰਦੁਆਰਾ’ ਮੁਹਿੰਮ ਦਾ ਆਗਾਜ਼

ਜਗਰਾਉਂ: ਜਾਤ-ਬਰਾਦਰੀ ਅਧਾਰਤ ਗੁਰਦੁਆਰਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ Ḕਇਕ ਨਗਰ ਇਕ ਗੁਰਦੁਆਰਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪਿੰਡ ਚਕਰ ਨੂੰ ਢਾਈ ਲੱਖ ਰੁਪਏ ਦਾ ਨਗਦ ਇਨਾਮ ਤੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪਿੰਡ ਚਕਰ ਦੇ ਸਰਪੰਚ ਮੇਜਰ ਸਿੰਘ ਸਮੇਤ ਪਿੰਡ ਦੇ ਹਰੇਕ ਪਾਰਟੀ ਨਾਲ ਸਬੰਧਤ ਮੋਹਤਬਰਾਂ ਨੂੰ ਜਿਲ੍ਹੇ ਦੇ 15 ਹਜ਼ਾਰ ਆਬਾਦੀ ਵਾਲੇ ਵੱਡੇ ਪਿੰਡ ਵਿਚ ਇਕੋ ਗੁਰਦੁਆਰਾ ਰੱਖਣ ਲਈ ਸਿਰੋਪੇ ਬਖਸ਼ਿਸ਼ ਕੀਤੇ ਗਏ।

ਗੁਰਮਤਿ ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਹਰੇਕ ਧਿਰ ਨਾਲ ਸਬੰਧਤ ਆਗੂਆਂ ਨੇ ਇਸ ਵਿਚ ਸ਼ਿਰਕਤ ਕੀਤੀ। ਭਾਈ ਲੌਂਗੋਵਾਲ ਨੇ ਇਕੱਠ ਨੂੰ ਸੰਬੋਧਨ ਕਰਨ ਮੌਕੇ ਵੀ ਇਸ ਦਾ ਜ਼ਿਕਰ ਕਰਦਿਆਂ ਆਖਿਆ ਕਿ ਪਾਰਟੀ ਕੋਈ ਵੀ ਰੱਖੋ, ਪਰ ਪਿੰਡ ਵਿਚ ਗੁਰਦੁਆਰਾ ਇਕੋ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਉਸ ਨੂੰ ਗੁਰੂਆਂ ਦੇ ਸਿਧਾਂਤ ‘ਤੇ ਕਾਇਮ ਰਹਿਣਾ ਚਾਹੀਦਾ ਹੈ। ਧੜੇਬੰਦੀ, ਪ੍ਰਧਾਨਗੀ ਤੇ ਚੌਧਰ ਖਾਤਰ ਜਾਤ ਬਰਾਦਰੀ ਅਧਾਰਤ ਵੱਖਰੇ ਗੁਰਦੁਆਰੇ ਹੋਂਦ ਵਿਚ ਆਉਣੇ ਸਿੱਖੀ ਸਿਧਾਂਤ ਦੇ ਉਲਟ ਹੈ। ਇਸ ਦਿਸ਼ਾ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਜੇਕਰ ਕਿਸੇ ਪਿੰਡ ਦੇ ਲੋਕ ਇਕ ਗੁਰਦੁਆਰੇ ਲਈ ਸਹਿਮਤ ਹੁੰਦੇ ਹਨ ਤਾਂ ਸ਼੍ਰੋਮਣੀ ਕਮੇਟੀ ਦੂਸਰੇ ਗੁਰਦੁਆਰਿਆਂ ਵਿਚ ਗੁਰਮਤਿ ਵਿਦਿਆਲਾ, ਲਾਇਬਰੇਰੀ ਆਦਿ ਖੋਲ੍ਹ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੇਂ ਗੁਰਦੁਆਰੇ ਬਣਾਉਣ ਉਤੇ ਰੋਕ ਤਾਂ ਨਹੀਂ ਲਗਾਈ ਗਈ ਪਰ ਲੋਕਾਂ ਨੂੰ ਇਸ ਪਾਸੇ ਸੋਚਣਾ ਜ਼ਰੂਰ ਚਾਹੀਦਾ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀ ਮੰਗ ਉਤੇ ਉਥੇ ਸ਼੍ਰੋਮਣੀ ਕਮੇਟੀ ਵੱਲੋਂ ਅੰਗਰੇਜ਼ੀ ਬੋਲਣ ਵਾਲੇ ਪ੍ਰਚਾਰਕ ਭੇਜੇ ਜਾਣਗੇ। ਵਿਦੇਸ਼ਾਂ ਦੇ ਜੰਮੇ ਪਲੇ ਸਿੱਖ ਬੱਚਿਆਂ ਦੀ ਲੋੜ ਅਤੇ ਮਾਪਿਆਂ ਦੀ ਮੰਗ ਉਤੇ ਇਹ ਫੈਸਲਾ ਹੋਇਆ ਹੈ। ਇਹ ਪ੍ਰਚਾਰਕ ਅੰਗਰੇਜ਼ੀ ਭਾਸ਼ਾ ਵਿਚ ਗੁਰਬਾਣੀ ਦਾ ਪ੍ਰਚਾਰ ਕਰਨਗੇ।
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਡੇਰਾ ਸਿਰਸਾ ਜਾ ਕੇ ਵੋਟਾਂ ਮੰਗਣ ਦੇ ਮਾਮਲੇ ਵਿਚ ਅਕਾਲ ਤਖਤ ਉਤੇ ਪੇਸ਼ ਹੋਣ ਬਾਰੇ ਕੋਈ ਫੈਸਲਾ ਨਾ ਕੀਤਾ ਹੋਣ ਦੇ ਦਿੱਤੇ ਬਿਆਨ ਦਾ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੀਬੀ ਭੱਠਲ ਸਮੇਤ ਹਰੇਕ ਉਸ ਆਗੂ ਨੂੰ ਪੇਸ਼ ਹੋਣਾ ਪਵੇਗਾ, ਜਿਸ ਨੂੰ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਹੇਠ ਤਨਖਾਹ ਲਾਈ ਗਈ ਸੀ। ਧਰਮ ਨਿਰਪੱਖ ਪਾਰਟੀ ਦੀ ਆਗੂ ਆਖ ਕੇ ਕੋਈ ਬਚ ਨਹੀਂ ਸਕਦਾ ਅਤੇ ਪੇਸ਼ ਨਾ ਹੋਣ ਦਾ ਖਮਿਆਜ਼ਾ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਦੇ ਰੂਪ ਵਿਚ ਭੁਗਤਣਾ ਪਵੇਗਾ।
_________________________________________
ਹਜ਼ਾਰ ਨਵੇਂ ਪ੍ਰਚਾਰਕ ਭਰਤੀ ਕਰੇਗੀ ਸ਼੍ਰੋਮਣੀ ਕਮੇਟੀ
ਸੰਗਰੂਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਹੈ ਕਿ ਧਰਮ ਪ੍ਰਚਾਰ ਲਹਿਰ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਜਲਦੀ ਹੀ ਇਕ ਹਜ਼ਾਰ ਨਵੇਂ ਪ੍ਰਚਾਰਕਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਐਸ਼ਜੀæਪੀæਸੀæ ਦੇ ਸਾਲਾਨਾ ਬਜਟ ਇਜਲਾਸ ਵਿਚ ਧਰਮ ਪ੍ਰਚਾਰ ਲਹਿਰ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ਼ਜੀæਪੀæਸੀæ ਵੱਲੋਂ ਧਰਮ ਪ੍ਰਚਾਰ ਲਹਿਰ ਦੀ ਸਰਗਰਮੀ ਵਧਾਉਣ ਲਈ ਸਬ ਆਫਿਸ ਖੋਲ੍ਹੇ ਗਏ ਸਨ।
ਧਰਮ ਪ੍ਰਚਾਰ ਲਈ ਸ਼ੁਰੂ ਕੀਤੀ ਮੁਹਿੰਮ ਦੇ ਬਿਹਤਰ ਨਤੀਜੇ ਪ੍ਰਾਪਤ ਹੋ ਰਹੇ ਹਨ। ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ 10 ਹਜ਼ਾਰ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗੇ ਹਨ। ਨਵੇਂ ਭਰਤੀ ਕੀਤੇ ਜਾਣ ਵਾਲੇ ਧਰਮ ਪ੍ਰਚਾਰਕਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇਲ ਭੱਤਾ ਵੀ ਦਿੱਤਾ ਜਾਵੇਗਾ। ਲੋੜ ਅਨੁਸਾਰ ਢਾਡੀ, ਰਾਗੀ ਅਤੇ ਗ੍ਰ੍ਰੰਥੀ ਵੀ ਭਰਤੀ ਕੀਤੇ ਜਾਣਗੇ।