ਸਿਫਾਰਸ਼ੀ ਨਿਯੁਕਤੀ ‘ਤੇ ਸ਼੍ਰੋਮਣੀ ਕਮੇਟੀ ਦੀ ਸਖਤੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ 2017 ਦੌਰਾਨ ਹੋਈਆਂ 700 ਤੋਂ ਵੱਧ ਨਿਯੁਕਤੀਆਂ ਵਿਚੋਂ ਤਕਰੀਬਨ 523 ਨੂੰ ਨਿਯਮਾਂ ਅਨੁਸਾਰ ਨਾ ਹੋਣ ਕਾਰਨ ਛੇਤੀ ਹੀ ਰੱਦ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਮੁੜ ਨਿਯਮਾਂ ਅਤੇ ਲੋੜ ਮੁਤਾਬਕ ਨਵੀਂ ਭਰਤੀ ਹੋਵੇਗੀ।

ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਇਸ ਫੈਸਲੇ ਉਤੇ ਮੋਹਰ ਲਾਈ ਗਈ ਹੈ। ਮੀਟਿੰਗ ਦੌਰਾਨ ਪਿਛਲੇ ਵਰ੍ਹੇ ਵਿਚ ਹੋਈਆਂ ਨਿਯੁਕਤੀਆਂ ਦੀ ਜਾਂਚ ਵਾਸਤੇ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਪੇਸ਼ ਹੋਈ ਸੀ। ਇਸ ਰਿਪੋਰਟ ਨੂੰ ਅੰਤ੍ਰਿੰਗ ਕਮੇਟੀ ਵਿਚ ਪ੍ਰਵਾਨ ਕੀਤਾ ਗਿਆ ਅਤੇ ਇਸ ਵੱਲੋਂ ਕੀਤੀ ਗਈ ਸਿਫਾਰਸ਼ ਅਨੁਸਾਰ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਰਿਪੋਰਟ ਵਿਚ ਜਾਂਚ ਟੀਮ ਨੇ ਦਾਅਵਾ ਕੀਤਾ ਕਿ ਬੀਤੇ ਵਰ੍ਹੇ ਦੌਰਾਨ ਹੋਈਆਂ ਨਿਯੁਕਤੀਆਂ ਸਿੱਖ ਗੁਰਦੁਆਰਾ ਐਕਟ ਵਿਚ ਦਿੱਤੇ ਗਏ ਨਿਯਮਾਂ ਤੇ ਸ਼ਰਤਾਂ ਮੁਤਾਬਕ ਨਹੀਂ ਹੋਈਆਂ ਅਤੇ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ। ਜਾਂਚ ਟੀਮ ਨੇ ਲਗਭਗ 523 ਨਿਯੁਕਤੀਆਂ ਨੂੰ ਨਿਯਮਾਂ ਦੀ ਅਣਦੇਖੀ ਕਰ ਕੇ ਕੀਤਾ ਗਿਆ ਕਰਾਰ ਦਿੱਤਾ ਹੈ ਅਤੇ ਇਹ ਸਾਰੀਆਂ ਨਿਯੁਕਤੀਆਂ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵਿਚ ਜਾਂਚ ਟੀਮ ਦੀ ਰਿਪੋਰਟ ਨੂੰ ਪ੍ਰਵਾਨ ਕੀਤਾ ਗਿਆ ਹੈ ਅਤੇ ਉਸ ਵੱਲੋਂ ਕੀਤੀ ਸਿਫਾਰਸ਼ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਲਗਭਗ 523 ਨਿਯੁਕਤੀਆਂ ਨੂੰ ਜਾਂਚ ਕਮੇਟੀ ਦੀ ਰਿਪੋਰਟ ਮੁਤਾਬਕ ਜਲਦੀ ਹੀ ਰੱਦ ਕੀਤਾ ਜਾਵੇਗਾ। ਇਸ ਸਬੰਧੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਸਿੱਖ ਸੰਸਥਾ ਵੱਲੋਂ ਬਜਟ ਇਜਲਾਸ ਤੋਂ ਬਾਅਦ ਨਵੀਂ ਭਰਤੀ ਕੀਤੀ ਜਾਵੇਗੀ। ਨਵੀਂ ਭਰਤੀ ਨਿਯਮਾਂ ਅਨੁਸਾਰ ਅਤੇ ਲੋੜ ਮੁਤਾਬਕ ਹੋਵੇਗੀ। ਉਨ੍ਹਾਂ ਆਖਿਆ ਕਿ ਰੱਦ ਕੀਤੇ ਕਰਮਚਾਰੀ ਵੀ ਮੁੜ ਬਿਨੈ ਪੱਤਰ ਦੇ ਸਕਦੇ ਹਨ। ਜੇਕਰ ਕੋਈ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਸ ਨੂੰ ਸਿੱਖ ਸੰਸਥਾ ਵਿਚ ਕੀਤੀ ਨੌਕਰੀ ਦੇ ਤਜਰਬੇ ਦਾ ਲਾਭ ਮਿਲੇਗਾ। ਇਹ ਸਾਰੀਆਂ ਨਿਯੁਕਤੀਆਂ ਪਿਛਲੇ ਵਰ੍ਹੇ ਪ੍ਰੋæ ਕਿਰਪਾਲ ਸਿੰਘ ਬਡੂੰਗਰ ਸਮੇਂ ਵਿਚ ਹੋਈਆਂ ਸਨ। ਪ੍ਰੋæ ਬਡੂੰਗਰ ਨੇ ਅੰਤ੍ਰਿੰਗ ਕਮੇਟੀ ਦੇ ਇਸ ਫੈਸਲੇ ਉਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਆਖਿਆ ਕਿ ਜਦੋਂ ਤੱਕ ਅੰਤ੍ਰਿੰਗ ਕਮੇਟੀ ਦੇ ਫੈਸਲੇ ਜਾਂ ਮਤੇ ਬਾਰੇ ਸਪੱਸ਼ਟਤਾ ਨਹੀਂ ਹੁੰਦੀ, ਉਹ ਕੋਈ ਟਿੱਪਣੀ ਕਰਨਾ ਜਾਇਜ਼ ਨਹੀਂ ਸਮਝਦੇ।
_________________________________________
ਜਥੇਦਾਰਾਂ ਦੇ ਰਿਸ਼ਤੇਦਾਰ ਮੁਲਾਜ਼ਮਾਂ ਦੀ ਵੀ ਛਾਂਟੀ
ਸ੍ਰੀ ਆਨੰਦਪੁਰ ਸਾਹਿਬ: ਮੁਲਾਜ਼ਮਾਂ ਦੀ ਛਾਂਟੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਹੁਣ ਇਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿਚ ਇਕ ਤੋਂ ਵੱਧ ਖੂਨ ਦੇ ਰਿਸ਼ਤੇ ਵਾਲੇ ਭਰਤੀ ਹੋਏ ਸੈਂਕੜੇ ਮੁਲਾਜ਼ਮਾਂ ਦੇ ਨਾਂ ਵੀ ਸ਼ਾਮਲ ਹਨ। ਇਸ ਸੂਚੀ ਵਿਚ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਦਰਜਨਾਂ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ‘ਚ ਕੰਮ ਕਰਦੇ ਰਿਸ਼ਤੇਦਾਰ ਜਾਂ ਪਰਿਵਾਰਕ ਜੀਅ, ਹੈੱਡਗ੍ਰੰਥੀ, ਮੈਨੇਜਰਾਂ ਦੇ ਜਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਰਿਵਾਰਕ ਮੈਂਬਰ, ਥੋਕ ਵਿਚ ਕੀਤੀਆਂ ਗਈਆਂ ਤਰੱਕੀਆਂ ਵਾਲੇ ਸੈਂਕੜੇ ਮੁਲਾਜ਼ਮਾਂ ਦੇ ਨਾਂ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਬੰਧੀ ਕੋਈ ਵੀ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਅੰਤ੍ਰਿੰਗ ਕਮੇਟੀ ਕੋਲ ਹੈ। ਜਿਉਂ ਹੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਜਾਰੀ ਹੋਵੇਗੀ, ਉਸ ਤੋਂ ਬਾਅਦ ਨਵੀਂ ਸੂਚੀ ਉਤੇ ਅਮਲ ਸ਼ੁਰੂ ਹੋ ਜਾਵੇਗਾ। ਸ੍ਰੀ ਵਿਰਕ ਨੇ ਇਹ ਵੀ ਪੁਸ਼ਟੀ ਕੀਤੀ ਕਿ 523 ਮੁਲਾਜ਼ਮਾਂ ਦੀ ਛਾਂਟੀ ਜ਼ਰੂਰ ਕੀਤੀ ਜਾ ਰਹੀ ਹੈ ਪਰ ਅਸਾਮੀਆਂ ਖਤਮ ਨਹੀਂ ਕੀਤੀਆਂ ਜਾ ਰਹੀਆਂ। ਇਸ ਲਈ ਲੋੜ ਅਨੁਸਾਰ ਮੁੜ ਤੋਂ ਇਸ਼ਤਿਹਾਰ ਦੇ ਕੇ ਨਿਯਮਾਂ ਅਨੁਸਾਰ ਭਰਤੀ ਕੀਤੀ ਜਾਵੇਗੀ।
_________________________________________
ਆਪੇ ਅਸਤੀਫੇ ਦੇਣ ਲੱਗੇ ਸਿਫਾਰਸ਼ੀ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਭਰਤੀ ਕੀਤੇ 523 ਮੁਲਾਜ਼ਮਾਂ ਨੂੰ ਘਰ ਤੋਰਨ ਦੀਆਂ ਤਿਆਰੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਵੇਲੇ ਇਕ ਅੰਤ੍ਰਿੰਗ ਕਮੇਟੀ ਦੇ ਮੈਂਬਰ ਵੱਲੋਂ ਸੁਪਰਵਾਈਜ਼ਰ ਭਰਤੀ ਕਰਵਾਏ ਉਸ ਦੇ ਬੇਟੇ ਨੇ ਚੁੱਪਚਾਪ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਨੇ ਇਸ ਦੀ ਦਬੀ ਜ਼ੁਬਾਨ ‘ਚ ਪੁਸ਼ਟੀ ਕਰਦਿਆਂ ਦੱਸਿਆ ਕਿ ਸੂਚਨਾ ਕੇਂਦਰ ਵਿਖੇ ਤਾਇਨਾਤ ਇਕ ਸੁਪਰਵਾਈਜ਼ਰ ਵੱਲੋਂ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜਿਆ ਗਿਆ ਸੀ ਜੋ ਪ੍ਰਵਾਨ ਹੋ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਮੁਲਾਜ਼ਮ ਜੋ ਕਿ ਡਰਾਈਵਰ ਵਜੋਂ ਤਾਇਨਾਤ ਸੀ, ਵੱਲੋਂ ਵੀ ਸੀਨੀਅਰ ਅਧਿਕਾਰੀਆਂ ਵੱਲੋਂ ਮਿਲੀ ਹਦਾਇਤ ‘ਤੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ।