ਮਹਿਕਾਂ ਦੀ ਗਾਨੀ ਵਾਲਾ ਚੇਤਰ

ਚੇਤਰ ਦੇਸੀ ਸਾਲ ਦਾ ਪਹਿਲਾ ਮਹੀਨਾ ਹੈ। ਸਾਲ ਦਾ ਪਹਿਲਾ ਮਹੀਨਾ ਹੋਣ ਕਰ ਕੇ ਇਕ ਵਾਰ ਫਿਰ ਉਮੀਦਾਂ ਨਿਸਰਦੀਆਂ ਹਨ। ਉਡੀਕਾਂ ਮਾਰਿਆਂ ਲਈ ਇਹ ਬੀਤ ਚੁੱਕੇ ਦੇ ਨਾਲ ਨਾਲ ਆਉਣ ਵਾਲੇ ਭਵਿੱਖ ਦੀਆਂ ਸੰਭਾਵੀ ਉਡਾਰੀਆਂ ਨੂੰ ਵੀ ਹਵਾ ਦਿੰਦਾ ਹੈ। ਚੇਤਰ ਮਹੀਨੇ ਸਾਰੀ ਕਾਇਨਾਤ ਖੇੜੇ ਵਿਚ ਹੁੰਦੀ ਹੈ। ਲੇਖਕ ਨੇ ਆਪਣੇ ਇਸ ਲੇਖ ਵਿਚ ਚੇਤਰ ਦੀ ਚੌਧਰ ਬਾਰੇ ਚਰਚਾ ਨਿੱਠ ਕੇ ਕੀਤੀ ਹੈ।

-ਸੰਪਾਦਕ

ਆਸਾ ਸਿੰਘ ਘੁਮਾਣ
ਫੋਨ: 91-98152-53245

ਦਿਨ-ਰਾਤ ਦਾ, ਚਾਨਣ-ਹਨੇਰੇ ਦਾ ਕੁਦਰਤ ਵੱਲੋਂ ਰਚਾਇਆ ਖੇਲ ਵਾਕਿਆ ਹੀ ਅਦਭੁਤ ਵਰਤਾਰਾ ਹੈ। ਰਹੱਸਮਈ ਵੀ ਅਤੇ ਸਹਿਜ ਭਰਪੂਰ ਵੀ। ਬੜੇ ਅਰਾਮ ਨਾਲ ਸੂਰਜ ਨਿਕਲਦਾ ਹੈ, ਦਿਨ ਦਾ ਆਗਾਜ਼ ਹੁੰਦਾ ਹੈ। ਚਾਨਣ ਫੈਲਦਾ ਹੈ। ਰਵਾਂ-ਰਵੀ ਇਹ ਦਿਨ ਰਾਤ ਦੀ ਬੁੱਕਲ ਵਿਚ ਛੁਪ ਜਾਂਦਾ ਹੈ। ਜਿਉਂ ਹੀ ਪੂਰਬ ‘ਚੋਂ ਨਿਕਲਿਆ ਸੂਰਜ ਪੱਛਮ ਦੀ ਗੋਦ ਵਿਚ ਲੋਪ ਹੁੰਦਾ ਹੈ, ਹਨੇਰਾ ਵਧਣ ਅਤੇ ਫੈਲਣ ਲੱਗਦਾ ਹੈ। ਵਿਸ਼ਾਲ ਧਰਤੀ ਉਤੇ ਰਾਤ ਅਤੇ ਹਨੇਰੇ ਦਾ ਇਹ ਖੇਲ ਨਿਰੰਤਰ ਚੱਲਦਾ ਆਇਆ ਹੈ ਅਤੇ ਚੱਲ ਰਿਹਾ ਹੈ। ਇਨ੍ਹਾਂ ਗੇੜਿਆਂ ਦੇ ਸਬੱਬ ਹਫਤੇ, ਮਹੀਨੇ, ਸਾਲ ਗੁਜ਼ਰੀ ਜਾਂਦੇ ਹਨ। ਸਾਲਾਂ ਦੇ ਸਾਲ ਬੀਤੀ ਜਾਂਦੇ ਹਨ। ਰੁੱਤਾਂ-ਥਿਤਾਂ ਦਾ ਕਾਫਲਾ ਆਪੋ-ਆਪਣੇ ਰੰਗ ਬਖੇਰੀ ਜਾਂਦਾ ਹੈ ਅਤੇ ਸਾਡੇ ਜੀਵਨ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਅੱਗੇ ਤੁਰੀ ਜਾਂਦਾ ਹੈ।
ਮਨੁੱਖੀ ਮਨ ਦੇ ਹਾਵ-ਭਾਵ ਵੀ ਇਸੇ ਤਰ੍ਹਾਂ ਹੀ ਜੀਵਨ ਰਾਸ ਰਚਾਉਂਦੇ ਹਨ। ਕਦੀ ਮਨਾਂ ਵਿਚ ਖੇੜੇ ਆਉਂਦੇ ਹਨ ਅਤੇ ਕਦੀ ਉਦਾਸੀਆਂ ਦੇ ਬੱਦਲ ਛਾ ਜਾਂਦੇ ਹਨ। ਕਦੀ ਸਰੀਰਾਂ ਵਿਚ ਮੌਲ-ਸਰੀ ਮਹਿਕਦੀ ਹੈ ਅਤੇ ਕਦੀ ਸੁੱਤੇ ਫੁੱਲਾਂ ਤੇ ਕਲੀਆਂ ਵਾਂਗ ਸਰੀਰ ਨਿਤਾਣਾ ਹੋਇਆ ਰਹਿੰਦਾ ਹੈ। ਕੋਈ ਰੁੱਤ ਭਖਦੇ ਅੰਗਿਆਰਾਂ ਦੀ ਆਉਂਦੀ ਹੈ ਅਤੇ ਕੋਈ ਕੋਰੇ ਵਰਗੀ ਠੰਢੀ ਗਤੀ-ਹੀਣ ਤੇ ਨਿਰ-ਉਤਸ਼ਾਹਤ; ਪਰ ਚੇਤਰ ਦੇ ਮਹੀਨੇ ਦੀ ਰੁੱਤ ਉਹ ਰੁੱਤ ਹੈ ਜਦੋਂ ਸਾਹੀਂ ਚੰਬਾ ਘੁਲਦਾ ਹੈ ਅਤੇ ਮਸਤਕ ਵਿਚੋਂ ਮਹਿਕਾਂ ਫੁੱਟਦੀਆਂ ਹਨ। ਚੇਤਰ ਦੋ ਗੈਰ-ਅਨੁਕੂਲ ਮੌਸਮਾਂ ਦਾ ਬਿਹਤਰੀਨ ਅਤੇ ਖੁਸ਼-ਗਵਾਰ ਸੰਤੁਲਨ ਹੈ। ਚੇਤਰ ਸੁਹਾਵਣੇ ਅਤੇ ਸੁਹਜ ਭਰੇ ਅਹਿਸਾਸ ਦਾ ਨਾਂ ਹੈ। ਚੇਤਰ ਦਾ ਸਬੰਧ Ḕਬਨ ਫੂਲੇḔ ਨਾਲ ਹੈ, Ḕਭਵਰ ਸੁਹਾਵੜੇḔ ਨਾਲ ਹੈ, Ḕਕੋਕਿਲ ਅੰਬ ਸੁਹਾਵੀ ਬੋਲੇḔ ਨਾਲ ਹੈ। ਮੋਟੇ-ਠੁੱਲ੍ਹੇ ਅਹਿਸਾਸ ਵਾਲੇ ਲੋਕਾਂ ਉਤੇ ਭਾਵੇਂ ਇਹਦਾ ਕੋਈ ਅਸਰ ਨਾ ਹੋਵੇ ਪਰ ਸੁਹਜਾਤਮਕ ਬਿਰਤੀਆਂ ਅਤੇ ਸੰਵੇਦਨਸ਼ੀਲ ਚੇਤਨਾ ਵਾਲੇ ਲੋਕਾਂ ਦੀਆਂ ਰੂਹਾਂ ਵਿਚ ਇਹ ਅਨਾਦੀ ਤਰੰਗਾਂ ਛੇੜਦਾ ਹੈ। ਤਨ, ਮਨ ਅਤੇ ਰੂਹ ਝੂਮ ਉਠਦੀ ਹੈ। ਵੇਖਣ, ਸੁਣਨ, ਸੁੰਘਣ ਅਤੇ ਮਹਿਸੂਸ ਕਰਨ ਦੀਆਂ ਸਾਰੀਆਂ ਇੰਦਰੀਆਂ ਮੌਲ ਉਠਦੀਆਂ ਹਨ। ਅੰਬਾਂ ਦੀਆਂ ਟਾਹਣੀਆਂ ‘ਤੇ ਬੂਰ ਪੈਂਦਾ ਹੈ। ਕੋਇਲ ਆਪਣੀ ਮਿੱਠੀ ਪਿਆਰੀ ਆਵਾਜ਼ ਵਿਚ ਕੂ-ਕੂ ਕਰਨ ਲੱਗਦੀ ਹੈ। ਕੋਇਲ ਦੀ ਵੇਦਨਾ ਭਰੀ ਆਵਾਜ਼ ਇੰਨੀ ਭਰਵੀਂ ਹਾਜ਼ਰੀ ਲਗਾਉਂਦੀ ਹੈ ਕਿ ਇਸ ਦੀ ਕੂਕ ਤੋਂ ਕੋਈ ਵੀ ਬੇ-ਨਿਆਜ਼ ਨਹੀਂ ਰਹਿ ਸਕਦਾ। ਆਪਣੇ ਪ੍ਰੀਤਮ ਦੇ ਵਿਛੋੜੇ ਵਿਚ ਤਰਲੋਮੱਛੀ ਹੋ ਰਹੀ ਆਪਣੀ ਵੇਦਨਾ ਨੂੰ ਉਚਾ ਸੁਰ ਦੇ ਰਹੀ ਕੋਇਲ ਪੰਜਾਬੀ ਸਾਹਿਤ ਵਿਚ ਵਿਛੋੜੇ ਦਾ ਮੋਟਿਫ ਬਣ ਜਾਂਦੀ ਹੈ।
ਸਰਦੀ ਤੋਂ ਬਾਅਦ ਫਗਣ ਵਿਚ ਮੱਠਾ ਮੱਠਾ ਨਿੱਘ ਮਿਲਣ ਨਾਲ ਚੇਤਰ ਵਿਚ ਫੁੱਲ-ਬੂਟੇ ਭਰ ਜੋਬਨ ਵਿਚ ਹੁੰਦੇ ਹਨ। ਹਰ ਪਾਸੇ ਫੁੱਲ ਹੀ ਫੁੱਲ ਨਜ਼ਰੀਂ ਪੈਂਦੇ ਹਨ। ਖੇਤਾਂ ਵਿਚ ਅਲਸੀ ਅਤੇ ਸਰੋਂ ਦੇ ਫੁੱਲ ਗਜ਼ਬ ਦਾ ਨਜ਼ਾਰਾ ਪੇਸ਼ ਕਰਦੇ ਹਨ, ਜਦੋਂ ਕਿ ਰੁੱਖਾਂ ‘ਤੇ ਹਜ਼ਾਰਾਂ ਹੀ ਨਿੱਕੇ ਨਿੱਕੇ ਫੁੱਲ ਕੁਦਰਤ ਦਾ ਸ਼ਾਹਕਾਰ ਬਣ ਉਠਦੇ ਹਨ। ਖਾਸ ਤੌਰ ‘ਤੇ ਧਰੇਕਾਂ ਉਤੇ ਹਜ਼ਾਰਾਂ ਹੀ ਫੁੱਲ ਰੁੱਖਾਂ ਨੂੰ ਭਾਗ ਲਾ ਦਿੰਦੇ ਹਨ। ਪੰਜਾਬਣ ਮੁਟਿਆਰ ਆਪ ਮੁਹਾਰੇ ਧਰੇਕ ਨੂੰ ਮੁਖਾਤਬ ਹੋ ਕੇ ਕਹਿੰਦੀ ਹੈ:
ਹਰੀਏ-ਭਰੀਏ ਧੇਕੇ, ਨੀ ਫੁੱਲ ਦੇ ਦੇ
ਅੱਜ ਮੈਂ ਜਾਣਾ ਪੇਕੇ, ਨੀ ਫੁੱਲ ਦੇ ਦੇ।
ਕੁਦਰਤ ਪ੍ਰੇਮੀ ਧੁਰ ਅੰਦਰ ਤੱਕ ਉਸ ਕਾਦਰ ਦੇ ਰੰਗ ਵਿਚ ਖੀਵੇ ਹੋ ਹੋ ਜਾਂਦੇ ਹਨ। ਮਨ ਇਕ ਅਜੀਬ ਜਿਹੇ ਅਹਿਸਾਸ ਦਾ ਭਾਈਵਾਲ ਬਣਦਾ ਹੈ। ਹਰ ਚੰਗੇ ਮੌਸਮ ਵਿਚ ਕੋਈ ਆਪਣਾ ਹਮਰਾਜ਼, ਹਮਨਵਾ, ਹਮਰਾਹੀ, ਹਮਦਰਦ, ਹਮਜੋਲੀ ਯਾਦ ਆਉਣਾ ਸੁਭਾਵਕ ਹੈ। ਵਿਛੋੜਾ ਹੰਢਾ ਰਹੇ ਵਿਯੋਗੀਆਂ ਨੂੰ ਇਹ ਰੁੱਤ ਜ਼ਿਆਦਾ ਦੁਖਦਾਈ ਮਹਿਸੂਸ ਹੁੰਦੀ ਹੈ। ਮਨ ਵਾਰ ਵਾਰ ਵਿਆਕੁਲ ਹੋ ਉਠਦਾ ਹੈ:
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ।
ਜਦੋਂ ਬਾਗੀਂ ਫੁੱਲ ਕਮਲਾਏ
ਮੇਰੇ ਰਾਮ ਜੀਓ।
ਕਿਥੇ ਸਉ ਜਦ ਸਾਹ ਵਿਚ ਚੰਬਾ
ਚੇਤਰ ਬੀਜਣ ਆਏ
ਮੇਰੇ ਰਾਮ ਜੀਓ।
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ।
ਚੇਤਰ ਦਾ ਆਉਣਾ ਯਾਦ ਕਰਾਉਂਦਾ ਹੈ ਕਿ ਇਕ ਸਾਲ ਹੋਰ ਲੰਘ ਚੁੱਕੇ ਦਾ ਹਿੱਸਾ ਹੋ ਗਿਆ ਹੈ। ਸਾਲ ਦਾ ਪਹਿਲਾ ਮਹੀਨਾ ਹੋਣ ਕਰ ਕੇ ਇਕ ਵਾਰ ਫਿਰ ਉਮੀਦਾਂ ਨਿਸਰਦੀਆਂ ਹਨ। ਦੁਖੀਏ ਵਿਅਕਤੀ ਲਈ, ਵਿਯੋਗਣ ਲਈ, ਉਡੀਕਾਂ ਮਾਰਿਆਂ ਲਈ-ਇਹ ਬੀਤ ਚੁਕੇ ਦੇ ਨਾਲ ਨਾਲ ਆਉਣ ਵਾਲੇ ਭਵਿੱਖ ਦੀਆਂ ਸੰਭਾਵੀ ਉਡਾਰੀਆਂ ਨੂੰ ਵੀ ਹਵਾ ਦਿੰਦਾ ਹੈ, ਨਵੀਆਂ ਉਮੀਦਾਂ ਪੁੰਗਰਦੀਆਂ ਹਨ, ਨਵੇਂ ਅਹਿਸਾਸ ਜਾਗਦੇ ਹਨ, ਮਨ ਭਵਿੱਖ ਦੀ ਚਿੰਤਾ ਵੀ ਕਰਨ ਲੱਗਦਾ ਹੈ ਅਤੇ ਚੰਗੇ ਦੀ ਕਾਮਨਾ ਵੀ। ਭਵਿਖ ਅਨਿਸ਼ਚਿਤ ਹੋਣ ਕਰ ਕੇ ਮਨ ਪ੍ਰਭੂ ਅੱਗੇ ਅਰਦਾਸਾਂ ਵੀ ਕਰਦਾ ਹੈ।
ਚੇਤਰ ਦਾ ਮਹੀਨਾ ਬੜੇ ਸਹਿਜ ਦਾ ਮਹੀਨਾ ਹੈ। ਮੌਸਮ ਪੱਖੋਂ ਵੀ ਅਤੇ ਮਾਨਵੀ ਗਤੀਵਿਧੀਆਂ ਪੱਖੋਂ ਵੀ। ਇਸ ਦਾ ਪਹਿਲਾ ਅੱਧ ਖਾਸ ਤੌਰ ‘ਤੇ ਬਹੁਤ ਅਨੰਦਮਈ ਹੁੰਦਾ ਹੈ। ਸਵੇਰ ਦਾ ਵਕਤ ਬੜੇ ਪਿਆਰੇ ਅਹਿਸਾਸ ਜਗਾਉਂਦਾ ਹੈ। ਪਹਿਲੇ ਸਮਿਆਂ ਵਿਚ ਇਨ੍ਹਾਂ ਦਿਨਾਂ ਵਿਚ ਲੋਕ ਬਾਹਰ ਸੌਣ ਲੱਗਦੇ ਸਨ, ਭਾਵੇਂ ਤਰੇਲ ਪੈਣ ਕਰ ਕੇ ਸਵੇਰ ਵੇਲੇ ਤੱਕ ਉਤੇ ਲਈ ਚਾਦਰ ਸੇਜਲ ਹੋ ਜਾਂਦੀ ਸੀ, ਪਰ ਸਵੇਰ ਵੇਲੇ ਦੀ ਮਿੱਠੀ ਮਿੱਠੀ ਠੰਢ ਚੰਗੀ ਲੱਗਦੀ ਸੀ। ਨਿੱਕੀ ਨਿੱਕੀ ਠੰਢ ਅਤੇ ਨਿੱਕਾ ਨਿੱਕਾ ਨਿੱਘ, ਇਹੋ ਤਾਂ ਇਸ ਮਹੀਨੇ ਦੀ ਅਨੰਦਤਾ ਹੈ। ਇਸ ਪਿਆਰੀ ਰੁੱਤੇ ਜੇ ਪਿਆਰੇ ਦਾ ਮਿਲਾਪ ਨਸੀਬ ਹੋ ਜਾਵੇ ਤਾਂ ਕਿਆ ਵੱਡ-ਭਾਗ! ਐਸੀ ਰੁੱਤ ਦਾ ਮਿਲਾਪ ਤਾਂ ਅਨਾਦੀ ਅਨੰਦ ਦੇਣ ਵਾਲਾ ਸਾਬਤ ਹੋ ਜਾਵੇਗਾ। ਪਰਮਾਤਮਾ ਦੀਆਂ ਨਿਆਮਤਾਂ ਨਾਲ ਭਰਪੂਰ ਇਸ ਮਹੀਨੇ ਵਿਚ ਜੇ ਵਸਲ ਦੀ ਰਹਿਮਤ ਹੋ ਜਾਵੇ ਤਾਂ ਜੀਵਨ ਦੇ ਸਮਝੋ ਸਾਰੇ ਸੁੱਖ ਨਸੀਬ ਹੋ ਗਏ।
ਚੇਤਰ ਮਹੀਨੇ ਸਾਰੀ ਕਾਇਨਾਤ ਖੇੜੇ ਵਿਚ ਹੁੰਦੀ ਹੈ। ਪੰਛੀ ਵੀ ਅਕਾਸ਼ ਵਿਚ ਚੁੰਘੀਆਂ ਭਰਨ ਲੱਗਦੇ ਹਨ। ਸ਼ਾਮ ਸਮੇਂ ਡਾਰਾਂ ਦੀਆਂ ਡਾਰਾਂ ਅਕਾਸ਼ ਵਿਚ ਰਲ ਕੇ ਮਸਤੀਆਂ ਕਰਦੀਆਂ ਸਾਨੂੰ ਕੁਦਰਤ ਦੇ ਨਜ਼ਦੀਕ ਲੈ ਆਉਂਦੀਆਂ ਹਨ। ਜੀ ਕਰਦੈ, ਇਨ੍ਹਾਂ ਦੇ ਅੰਗ-ਸੰਗ ਅਕਾਸ਼ੀਂ ਉਡਾਣਾਂ ਭਰੀਏ। ਸਵੇਰ ਸਮੇਂ ਪੰਛੀ ਜੋੜਿਆਂ ਵਿਚ ਵਿਚਰਦੇ ਹਨ ਜਦੋਂ ਕਿ ਸ਼ਾਮ ਨੂੰ ਰੁੱਖਾਂ ਉਤੇ ਜਾਂ ਅਕਾਸ਼ ਵਿਚ ਡਾਰਾਂ ਬੰਨੀਂ ਚਹਿਕਦੇ-ਟਹਿਕਦੇ ਅਤੇ ਕੁਦਰਤ ਸੰਗ ਮੌਲਦੇ ਹਨ।
ਜਿਉਂ ਜਿਉਂ ਦਿਨ ਨਿਕਲਦੇ ਹਨ, ਨਿੱਘ ਵਧਣ ਲੱਗਦਾ ਹੈ। ਧਰੇਕਾਂ, ਜੋ ਚਿੱਟੇ-ਜਾਮਨੀ ਫੁੱਲਾਂ ਨਾਲ ਲੱਦੀਆਂ ਪਈਆਂ ਸਨ, ਵਧਦੀ ਗਰਮੀ ਨਾਲ ਮੁਰਝਾਉਂਦੀਆਂ ਨਹੀਂ, ਸਗੋਂ ਜੋਬਨ ਵਿਚ ਆਉਂਦੀਆਂ ਹਨ। ਫੁੱਲ ਹੌਲੀ ਹੌਲੀ ਨਿੱਕੀਆਂ ਨਿੱਕੀਆਂ ਡਕੋਣੀਆਂ ਵਿਚ ਬਦਲਣ ਲੱਗਦੇ ਹਨ। ਇਹੋ ਡਕੋਣੀਆਂ ਹੌਲੀ ਹੌਲੀ ਡਕੋਣੇ ਜਾਂ ਧਕੋਣੇ ਬਣਨ ਲੱਗਦੇ ਹਨ ਅਤੇ ਪੀਲੇ ਰੰਗ ਵਿਚ ਬਦਲ ਕੇ ਪੱਕ ਪੱਕ ਥੱਲੇ ਡਿੱਗੀ ਜਾਂਦੇ ਹਨ ਤੇ ਅੱਗੋਂ ਹੋਰ ਪੈਦਾਵਾਰ ਦਾ ਸਬੱਬ ਬਣਦੇ ਹਨ। ਅੰਬਾਂ ਦੇ ਰੁੱਖਾਂ ‘ਤੇ ਪਿਆ ਨਿੱਕਾ ਨਿੱਕਾ ਬੂਰ ਹੌਲੀ ਹੌਲੀ ਰੂਪ ਬਦਲਦਾ ਹੈ। ਕਮਜ਼ੋਰ ਕਣ ਹਵਾਵਾਂ ਨਾਲ ਥੱਲੇ ਕਿਰੀ ਜਾਂਦੇ ਹਨ ਜਾਂ ਧੁੱਪ ਨਾਲ ਸੁੱਕੀ ਜਾਂਦੇ ਹਨ। ਬਲਵਾਨ ਕਣ ਹੌਲੀ ਹੌਲੀ ਸ਼ਕਲ ਬਦਲਣ ਲੱਗਦੇ ਹਨ ਅਤੇ ਅੰਬੀਆਂ ਦਾ ਰੂਪ ਧਾਰਨ ਲੱਗਦੇ ਹਨ। ਹਰੀਆਂ ਕਚੂਰ ਅੰਬੀਆਂ ਰਾਹੇ ਲੰਘਦਿਆਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਇਹੀ ਅੰਬੀਆਂ ਹੌਲੀ ਹੌਲੀ ਗਰਮੀ ਪ੍ਰਾਪਤ ਕਰ ਕੇ ਸੁਨਹਿਰੀ ਰੰਗ ਧਾਰ ਕੇ ਰਸੀਲੇ ਅੰਬ ਬਣ ਜਾਂਦੀਆਂ ਹਨ। ਨਿੱਕੇ ਨਿੱਕੇ ਬੂਰ-ਕਣਾਂ ਤੋਂ ਰੂਪ-ਰੰਗ ਬਦਲ ਕੇ ਸਹਿਜੇ-ਸਹਿਜੇ ਫਲ ਤੱਕ ਪਹੁੰਚਣ ਦਾ ਇਹ ਸਫਰ ਕੁਦਰਤ ਦਾ ਅਸਚਰਜ ਰਹੱਸ ਹੈ।
ਚੇਤਰ ਮਹੀਨੇ ਜੰਮਣ-ਮਰਨ ਦਾ ਖੇਲ ਨਿਰੰਤਰ ਚੱਲਦਾ ਹੈ। ਬਗੀਚੀਆਂ ਵਿਚ ਸਰਦੀਆਂ ਦੇ ਫੁੱਲਾਂ ਦਾ ਅਖੀਰਲਾ ਪਰਾਗਾ ਹੁਣ ਛੇਤੀ ਹੀ ਮੁਰਝਾਉਣ ਲੱਗਦਾ ਹੈ। ਡੇਲੀਏ ਦੇ ਸੋਹਣੇ ਸੋਹਣੇ ਫੁੱਲ ਭਰਪੂਰ ਨਿੱਘ ਸਦਕਾ ਛੇਤੀ ਛੇਤੀ ਖਿੜ ਪੈਂਦੇ ਹਨ, ਪਰ ਛੇਤੀ ਹੀ ਮੁਰਝਾ ਕੇ ਕਿਆਰੀਆਂ ਵਿਚ ਖਿਲਰ ਜਾਂਦੇ ਹਨ। ਦੂਜੇ ਪਾਸੇ ਗਰਮੀ ਨਾਲ ਰੁੱਖਾਂ ‘ਤੇ ਆਇਆ ਕੋਮਲ ਪੱਤੀਆਂ ਦਾ ਪੁੰਗਾਰਾ ਪਕਿਆਈ ਵੱਲ ਤੁਰੀ ਜਾਂਦਾ ਹੈ। ਨਰਮ ਨਰਮ ਨਾਜ਼ੁਕ ਪੱਤੀਆਂ ਜੜ੍ਹਾਂ ‘ਚੋਂ ਅੰਦਰੂਨੀ ਤਾਕਤ ਪ੍ਰਾਪਤ ਕਰਦੀਆਂ ਬਾਹਰਲੀ ਦੁਨੀਆਂ ਦਾ ਡਟ ਕੇ ਮੁਕਾਬਲਾ ਕਰਦੀਆਂ ਹਨ। ਜਿਉਂ ਜਿਉਂ ਧੁੱਪ ਵਧਦੀ ਹੈ, ਇਹ ਕਾਇਮ ਤੇ ਪੱਕੀਆਂ ਹੋਈ ਜਾਂਦੀਆਂ ਹਨ, ਤਾਂ ਕਿ ਆਉਣ ਵਾਲੇ ਮਹੀਨਿਆਂ ਵਿਚ ਮਨੁੱਖਾਂ ਅਤੇ ਪਸੂ-ਪੰਛੀਆਂ ਨੂੰ ਛਾਂ ਬਖਸ਼ ਕੇ ਗਰਮੀ ਤੋਂ ਬਚਾਅ ਕਰ ਸਕਣ। ਬੱਸ, ਕੁਦਰਤ ਦਾ ਇਹ ਅਸੂਲ ਸਮਝਣ ਦੀ ਲੋੜ ਹੈ, ਜੇ ਉਹ ਧੁੱਪਾਂ ਲੈ ਕੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਸਹਿ ਸਕਣ ਦਾ ਪ੍ਰਬੰਧ ਵੀ ਅਗਾਊਂ ਹੀ ਕਰਨ ਲੱਗਦੀ ਹੈ।
ਚੇਤਰ ਦਾ ਮਹੀਨਾ ਹੋਰ ਮਹੀਨਿਆਂ ਵਾਂਗ ਪਿਛਲੇ ਮਹੀਨੇ ਨਾਲ ਜੋੜ ਕੇ ਵੀ ਜੋਟਾ ਬਣ ਜਾਂਦਾ ਹੈ ਅਤੇ ਅਗਲੇ ਨਾਲ ਵੀ: ਫੱਗਣ-ਚੇਤਰ ਜਾਂ ਚੇਤ-ਵਿਸਾਖ। ਗੁਰੂ ਅਰਜਨ ਦੇਵ ਇਸ ਨੂੰ ਵਿਸਾਖ ਨਾਲ ਜੋੜ ਕੇ ਛੇ-ਰੁੱਤੀ ਦਾ ਬਸੰਤ ਹਿੱਸਾ ਕਹਿੰਦੇ ਹਨ:
ਰੁੱਤ ਸਰਸ ਬਸੰਤ ਮਾਹ
ਚੇਤ ਵੈਸਾਖ ਸੁਖ ਮਾਸ ਜੀਓ॥
ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਨਾਲ ਚੇਤ ਦਾ ਮਹੀਨਾ 13-14 ਮਾਰਚ ਤੋਂ ਸ਼ੁਰੂ ਹੋ ਕੇ 12-13 ਅਪਰੈਲ ਤੱਕ ਚੱਲਦਾ ਹੈ। ਚੇਤਰ ਦੀ ਸੰਗਰਾਂਦ ਨੂੰ ਦਿਨ-ਰਾਤ ਤਕਰੀਬਨ ਬਰਾਬਰ ਹੁੰਦੇ ਹਨ। ਸੂਰਜ 6:42 ਦੇ ਕਰੀਬ ਚੜ੍ਹਦਾ ਹੈ ਅਤੇ 6:30 ਦੇ ਕਰੀਬ ਡੁੱਬ ਜਾਂਦਾ ਹੈ। ਚੇਤਰ ਭਾਵੇਂ ਪੰਜਾਬ ਦੇ ਦੇਸੀ ਕੈਲੰਡਰ ਦਾ ਪਹਿਲਾ ਮਹੀਨਾ ਹੈ, ਪਰ ਇਸ ਨਾਲ ਕੋਈ ਤਿਉਹਾਰ ਜਾਂ ਵਿਹਾਰ ਜੁੜਿਆ ਨਜ਼ਰ ਨਹੀਂ ਆਉਂਦਾ। ਇਸ ਤੋਂ ਅਗਲੇ ਮਹੀਨੇ ਨਾਲ ਵਿਸਾਖੀ ਦਾ ਤਿਉਹਾਰ ਜੁੜਿਆ ਹੋਣ ਕਰ ਕੇ ਅਤੇ ਕਈ ਅਹਿਮ ਇਤਿਹਾਸਕ ਘਟਨਾਵਾਂ ਦੇ ਜੁੜਨ ਕਰ ਕੇ ਬਹੁਤੀ ਵਾਰ ਭੁਲੇਖਾ ਇਹੀ ਪੈਂਦਾ ਹੈ ਕਿ ਸਾਲ ਦਾ ਪਹਿਲਾ ਮਹੀਨਾ ਜਿਵੇਂ ਵਿਸਾਖ ਹੋਵੇ, ਚੇਤਰ ਨਹੀਂ; ਉਂਜ, ਸਾਡੇ ਦੇਸੀ ਸਾਲ ਦਾ ਪਹਿਲਾ ਮਹੀਨਾ ਚੇਤ ਹੋਵੇ, ਜਾਂ ਵਿਸਾਖ; ਇਸ ਦੇ ਆਗਮਨ ‘ਤੇ ਕੋਈ ਖਾਸ ਅਡੰਬਰ ਨਹੀਂ ਰਚਿਆ ਜਾਂਦਾ। ਕਾਰਡਾਂ ਰਾਹੀ ਜਾਂ ਅਜੋਕੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਸ਼ੁਭ ਇਛਾਵਾਂ ਦੇਣ-ਲੈਣ ਦਾ ਕੋਈ ਰਿਵਾਜ਼ ਨਹੀਂ। ਚੇਤ ਮਹੀਨੇ ਦੀ ਪਹਿਲੀ ਤਾਰੀਖ ਸਹਿਜ-ਭਾ ਆਉਂਦੀ ਹੈ ਅਤੇ ਹੋਰ ਦਿਨਾਂ ਵਾਂਗ ਨਿਕਲ ਜਾਂਦੀ ਹੈ। ਗੁਰਦੁਆਰਿਆਂ ਵਿਚ ਆਮ ਵਾਂਗ ਸੰਗਰਾਂਦ ਮਨਾਈ ਜਾਂਦੀ ਹੈ, ਜਿਸ ਮੌਕੇ ਬਾਰਹ ਮਾਹ ਮਾਂਝ ਵਿਚੋਂ ਗੁਰੂ ਅਰਜਨ ਦੇਵ ਰਚਿਤ ਮਹੀਨੇ ਦਾ ਪਾਠ ਕੰਨੀਂ ਪੈਣਾ ਜ਼ਰੂਰੀ ਸਮਝਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਦਾ ਰਚਿਤ ਬਾਰਹਮਾਹ ਤੁਖਾਰੀ ਵੀ ਸ਼ਾਮਲ ਹੈ, ਪਰ ਪਰੰਪਰਾ ਗੁਰੂ ਅਰਜਨ ਦੇਵ ਦਾ ਰਚਿਤ ਮਹੀਨਾ ਸੁਣਨ ਦੀ ਹੈ, ਹਾਲਾਂਕਿ ਕੁਦਰਤ ਚਿਤਰਨ ਪੱਖੋਂ ਬਾਰਹ ਮਾਹ ਤੁਖਾਰੀ ਜ਼ਿਆਦਾ ਉਤਮ ਰਚਨਾ ਹੈ। ਚੇਤ ਮਹੀਨਾ (ਗੁਰੂ ਨਾਨਕ ਦੇਵ) ਇਸ ਪੱਖੋਂ ਹੋਰ ਵੀ ਵਿਸ਼ੇਸ਼ ਹੈ:
ਚੇਤੁ ਬਸੰਤ ਭਲਾ
ਭਵਰ ਸੁਹਾਵੜੇ॥
ਬਨ ਫੂਲੇ ਮੰਝਿ ਬਾਰਿ
ਮੈਂ ਪਿਰੁ ਘਰਿ ਬਾਹੜੈ॥
ਪਿਰੁ ਘਰਿ ਨਹੀ ਆਵੈ
ਧਨ ਕਿਉਂ ਸੁਖੁ ਪਾਵੈ
ਬਿਰਹਿ ਬਿਰੋਧ ਤਨੁ ਛੀਜੈ॥
ਕੋਕਿਲ ਅੰਬ ਸੁਹਾਵੀ ਬੋਲੇ
ਕਿਉ ਦੁੱਖ ਅੰਕਿ ਸਹੀਜੈ॥
ਭਵਰ ਭਵੰਤਾ ਫੂਲੀ ਡਾਲੀ
ਕਿਉਂ ਜੀਵਾ ਮਰੁ ਮਾਏ॥
ਨਾਨਕ ਚੇਤਿ ਸਹਿਜ ਸੁਖੁ ਪਾਵੈ
ਜੇ ਹਰਿ ਵਰੁ ਘਰਿ ਧਨੁ ਪਾਏ॥
ਚੇਤ ਮਹੀਨੇ ਦੇ ਇਸ ਚਿਤਰਨ ਵਿਚ Ḕਬਨ ਫੂਲੇ ਮੰਝਿ ਬਾਰਿḔ ਦੇ ਇਹ ਅਰਥ ਕੀਤੇ ਜਾਂਦੇ ਹਨ ਕਿ ਪਿਛਲੀ ਉਮਰ ਵਿਚ ਰਚੇ ਇਸ ਬਾਰਹ ਮਾਹ ਵਿਚ ਗੁਰੂ ਜੀ ਆਪਣੀ ਜਨਮ ਭੂਮੀ ਬਾਰ ਨੂੰ ਯਾਦ ਕਰਦੇ ਹਨ (ਬਾਰ ਜਿਹਲਮ ਤੇ ਝਨਾਂ ਵਿਚਲਾ ਇਲਾਕਾ ਸੀ)। ਪਹਿਲਾਂ ਬਾਰ ਉਸ ਭੋਇੰ ਨੂੰ ਕਹਿੰਦੇ ਸਨ ਜਿਥੇ ਜਮੀਨ ਅਣਵਾਹੀ ਸੀ ਅਤੇ ਜਿਥੇ ਨਿਰੇ ਜੰਗਲ ਸਨ। ਚੇਤ ਮਹੀਨੇ ਵਿਚ ਜੰਗਲ ਵਿਚਲੇ ਸਭ ਰੁੱਖ-ਬੂਟੇ-ਝਾੜੀਆਂ ਵੀ ਖਿੜ ਉਠਦੇ ਹਨ ਅਤੇ ਉਨ੍ਹਾਂ ਉਤੇ ਵੀ ਰੰਗ-ਬਰੰਗੇ ਫੁੱਲ ਰੌਣਕਾਂ ਲਾ ਦਿੰਦੇ ਹਨ। ਬਹੁਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਥੇ ḔਬਾਰਿḔ ਦਾ ਮਤਲਬ ਦਰਵਾਜਾ, ਬਰੂਹਾਂ, ਸਰਦਲ ਹੈ। ਸੋ ਭਾਵ ਇਹ ਹੋਇਆ ਕਿ ਘਰੋਂ ਬਾਹਰ ਸਭ ਪਾਸੇ ਫੁੱਲ ਹੀ ਫੁੱਲ ਹਨ, ਰੁੱਖਾਂ-ਬੂਟਿਆਂ ‘ਤੇ ਪੂਰੀਆਂ ਰੌਣਕਾਂ ਹਨ।
ਗੁਰੂ ਜੀ ਨੇ ਇਸ ਛੰਦ ਵਿਚ ਕਮਾਲ ਦਾ ਕੁਦਰਤ ਚਿਤਰਣ ਕੀਤਾ ਹੈ। ਬਹੁਤਾ ਖਲਾਰਾ ਪਾਏ ਬਿਨਾ ਥੋੜ੍ਹੇ ਹੀ ਸ਼ਬਦਾਂ ਵਿਚ ਆਪਣੇ ਹਾਵਾਂ-ਭਾਵਾਂ ਦਾ ਨਿਭਾ ਕੀਤਾ ਹੈ। ਭੰਵਰ ਦਾ ਜ਼ਿਕਰ ਦੋ ਵਾਰ ਆਇਆ ਹੈ:
ਚੇਤ ਬਸੰਤ ਭਲਾ ਭਵਰ ਸੁਹਾਵੜੇ…॥
ਭਵਰ ਭਵੰਤਾ ਫੂਲੀ ਡਾਲੀ…॥
ਫੁੱਲ ਜਦੋਂ ਸੁਗੰਧੀਆਂ ਛੱਡਦੇ ਹਨ ਤਾਂ ਉਨ੍ਹਾਂ ਉਤੇ ਤਿਤਲੀਆਂ, ਭੰਵਰੇ, ਮਧੂ-ਮੱਖੀਆਂ ਅਤੇ ਹੋਰ ਕਈ ਕੀੜੇ-ਮਕੌੜੇ ਆ ਬੈਠਦੇ ਹਨ, ਪਰ ਇਥੇ ਗੁਰੂ ਜੀ ਕੇਵਲ ਭੰਵਰੇ ਦੀ ਗੱਲ ਕਰਦੇ ਹਨ, ਕਿਉਂਕਿ ਭੰਵਰਾ ਸੱਚੀ-ਸੁੱਚੀ ਮੁਹੱਬਤ ਦਾ ਪ੍ਰਤੀਕ ਹੈ। ਉਹ ਵਾਸ਼ਨਾ ਦਾ ਸ਼ੈਦਾਈ ਹੈ। ਜਿਥੇ ਭੰਵਰਾ ਫੁੱਲਾਂ ਦੀ ਖੁਸ਼ਬੂ ਦਾ ਦੀਵਾਨਾ ਹੈ, ਉਥੇ ਕੋਇਲ ਅੰਬਾਂ ਦੇ ਬੂਟਿਆਂ ਉਤੇ ਬੂਰ ਪੈਣ ‘ਤੇ ਨੌਸ਼ਾਦ ਹੈ।
ਪੰਜਾਬੀ ਵਿਚ ਅਨੇਕਾਂ ਬਾਰਹ ਮਾਹ ਰਚੇ ਗਏ ਹਨ। ਇਨ੍ਹਾਂ ਸਭਨਾਂ ‘ਚ ਵਿਯੋਗਣ ਦਾ ਵਿਛੋੜਾ ਚੜ੍ਹਦੇ ਮਹੀਨੇ ਚੇਤ ਤੋਂ ਸ਼ੁਰੂ ਹੋ ਕੇ ਗਿਆਰਵੇਂ ਮਹੀਨੇ, ਭਾਵ ਮਾਘ ਤੱਕ ਚੱਲਦਾ ਹੈ, ਅਖੀਰ ਬਾਹਰਵੇਂ ਮਹੀਨੇ ਫੱਗਣ ਵਿਚ ਜਾ ਕੇ ਮਾਹੀ ਮਿਲ ਜਾਂਦਾ ਹੈ, ਮਿਲਾਪ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਨੇ ਬਾਰਹ ਮਾਹ ਦੇ ਇਸ ਦੁਨਿਆਵੀ ਪਿਆਰ ਦੇ ਵਿਸ਼ੇ ਨੂੰ ਰੱਬੀ ਮਿਲਾਪ ਅਤੇ ਮਹਾਂ-ਮਿਲਣ ਨਾਲ ਜੋੜ ਕੇ ਬਾਰਹ ਮਾਹ ਸਾਹਿਤ ਵਿਚ ਵਿਲੱਖਣ ਮੋੜ ਲੈ ਆਂਦਾ, ਜਿਸ ਨੂੰ ਗੁਰੂ ਅਰਜਨ ਦੇਵ ਨੇ ਅੱਗੇ ਤੋਰਿਆ। ਉਨ੍ਹਾਂ ਦੀਆਂ ਲਿਖਤਾਂ ਵਿਚ ਭਾਵੇਂ ਅਧਿਆਤਮਕ ਪੱਖ ਭਾਰੂ ਹੈ, ਪਰ ਕਈ ਮਹੀਨਿਆਂ ਵਿਚ ਉਨ੍ਹਾਂ ਨੇ ਕਮਾਲ ਦਾ ਕੁਦਰਤ ਚਿਤਰਣ ਕੀਤਾ ਹੈ; ਥੋੜ੍ਹੇ ਅੱਖਰਾਂ ਵਿਚ ਬੇਅੰਤ ਰੰਗ ਭਰੇ ਹਨ।
ਅਜੋਕੇ ਸਮੇਂ ਦੇ ਕਵੀਆਂ ਵਿਚ ਭਾਵੇਂ ਬਾਰਹ ਮਾਹ ਤਾਂ ਕੀ, ਉਨ੍ਹਾਂ ਦੀ ਕਵਿਤਾ ਵਿਚ ਦੇਸੀ ਮਹੀਨਿਆਂ ਦਾ ਜ਼ਿਕਰ ਵੀ ਘੱਟ ਹੀ ਆਉਂਦਾ ਹੈ, ਪਰ ਵੀਹਵੀਂ ਸਦੀ ਵਿਚ ਪੰਜਾਬ ਦੇ ਦੇਸੀ ਮਹੀਨੇ, ਉਨ੍ਹਾਂ ਨਾਲ ਸਬੰਧਤ ਸੰਸਕਾਰ, ਕੁਦਰਤ ਚਿਤਰਣ, ਉਨ੍ਹਾਂ ਦਾ ਸੁਭਾਅ ਤੇ ਹਾਵ-ਭਾਵ ਪੰਜਾਬੀ ਕਵੀਆਂ ਦਾ ਹਮੇਸ਼ਾ ਧਿਆਨ ਖਿੱਚਦੇ ਰਹੇ ਹਨ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ḔਚੇਤਰḔ ਪੜ੍ਹਨ ਤੋਂ ਬਾਅਦ ਸਾਫ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਮੁਕਾਬਲੇ ਅਜੋਕੇ ਕਵੀ ਪੰਜਾਬ ਦੇ ਕੁਦਰਤ ਚਿਤਰਣ ਤੋਂ ਕਾਫੀ ਦੂਰ ਖਿਸਕ ਗਏ ਹਨ:
ਅੱਜ ਬੇਲੇ ਵਗਦੀ ਪੌਣ ਵੇ
ਖੂਹ ਦੀਆਂ ਟਿੰਡਾਂ ਵਾਕਰਾਂ
ਪਏ ਸਾਲ ਮਹੀਨੇ ਭੌਣ ਵੇ
ਅੱਜ ਚੇਤਰ ਚੜ੍ਹਿਆ।

ਅੱਜ ਪੌਣਾਂ ਵਿਚ ਸੁਗੰਧ ਵੇ!
ਫੱਗਣ ਮੁੱਕਾ, ਫੱਗਣ ਦਾ
ਪਰ ਅਜੇ ਨਾ ਮੁੱਕਾ ਪੰਧ ਵੇ
ਅੱਜ ਚੇਤਰ ਚੜ੍ਹਿਆ।

ਅੱਜ ਬੂਰੀ ਹੋ ਗਈ ਦਾਖ ਵੇ
ਜੋ ਫੱਗਣ ਅੱਜ ਚੇਤਰ ਬਣਿਆ
ਕੱਲ੍ਹ ਨੂੰ ਬਣੇ ਵਸਾਖ ਵੇ
ਅੱਜ ਚੇਤਰ ਚੜ੍ਹਿਆ।

ਅੱਜ ਰੁੱਖੀਂ ਪੈ ਗਿਆ ਬੂਰ ਵੇ
ਕੱਲ੍ਹ ਦਾ ਫੱਗਣ, ਚੇਤਰ ਕੋਲੋਂ
ਬਾਰਾਂ ਕੋਹ ਅੱਜ ਦੂਰ ਵੇ
ਅੱਜ ਚੇਤਰ ਚੜ੍ਹਿਆ।

ਅੱਜ ਮੌਲੇ ਪੱਤਰ ਟਾਹਣ ਵੇ
ਉਮਰਾਂ ਦੀ ਇਸ ਚਰਖੀ ਉਤੇ
ਗੇੜੇ ਗਿੜਦੇ ਜਾਣ ਵੇ
ਅੱਜ ਚੇਤਰ ਚੜ੍ਹਿਆ।
ਸਾਰੀ ਦੁਨੀਆਂ ਵਿਚ ਪ੍ਰਚਲਿਤ ਜਾਰਜੀਅਨ ਕੈਲੰਡਰ ਦਾ ਪਹਿਲਾ ਮਹੀਨਾ ਜਨਵਰੀ ਹੈ। ਕਿਹਾ ਜਾਂਦਾ ਹੈ ਕਿ ਕਿਸੇ ਜ਼ਮਾਨੇ ਵਿਚ ਸਾਲ ਦਾ ਪਹਿਲਾ ਮਹੀਨਾ ਮਾਰਚ ਹੁੰਦਾ ਸੀ, ਬਾਅਦ ਵਿਚ ਇਕ ਯੂਨਾਨੀ ਰਾਜੇ ਨੇ ਮਾਰਚ ਦੀ ਥਾਂ ਜਨਵਰੀ ਤੋਂ ਸਾਲ ਸ਼ੁਰੂ ਕਰਨ ਦਾ ਹੁਕਮ ਫੁਰਮਾ ਦਿੱਤਾ। ਉਸ ਦਾ ਵੀ ਇਕ ਕਾਰਨ ਸੀ; ਜਨਵਰੀ ਮਹੀਨੇ ਦਾ ਨਾਂ ਜੈਨੁਸ ਨਾਂ ਦੇ ਦੇਵਤੇ ‘ਤੇ ਆਧਾਰਿਤ ਹੈ ਜਿਸ ਦੇ ਦੋ ਸਿਰ ਹੁੰਦੇ ਹਨ, ਇਕ ਅੱਗੇ ਨੂੰ ਅਤੇ ਇਕ ਪਿੱਛੇ ਨੂੰ। ਇਸ ਤਰ੍ਹਾਂ ਸਾਲ ਦਾ ਪਹਿਲਾ ਮਹੀਨਾ ਅਜਿਹਾ ਹੁੰਦਾ ਹੈ ਜਿਸ ਦਾ ਪਿਛਲੇ ਅਤੇ ਅਗਲੇ ਸਾਲ ਨਾਲ ਅਗੇਤਰ-ਪਿਛੇਤਰ ਦਾ ਸਬੰਧ ਹੁੰਦਾ ਹੈ। ਜਿਉਂ ਜਿਉਂ ਦਿਨ ਅੱਗੇ ਚਲਦੇ ਹਨ, ਅਗਲੇ ਸਾਲ ਨਾਲ ਸਬੰਧ ਵਡੇਰਾ ਹੋਈ ਜਾਂਦਾ ਹੈ ਅਤੇ ਪਿਛਲੇ ਸਾਲ ਨਾਲੋਂ ਘਟਦਾ ਜਾਂਦਾ ਹੈ। ਚੇਤਰ ਮਹੀਨੇ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ। ਚੇਤਰ ਬਸੰਤ ਦਾ ਮਹੀਨਾ ਹੈ ਜਦੋਂ ਕਿ ਵਿਸਾਖ ਗਰਮੀ ਦੀ ਸ਼ੁਰੂਆਤ ਦਾ। ਹੌਲੀ ਹੌਲੀ ਬਸੰਤ ਪਿੱਛੇ ਰਹੀ ਜਾਂਦੀ ਹੈ ਅਤੇ ਨਿੱਘ ਗਰਮੀ ਦਾ ਰੂਪ ਧਾਰਨ ਲੱਗਦਾ ਹੈ।